ਪੋਰਨ ਸਟਾਰ ਸਟੋਰਮੀ ਨੇ ਡੋਨਲਡ ਟਰੰਪ ਨਾਲ ਸਰੀਰਕ ਸਬੰਧ ਬਾਰੇ ਕੀ ਕਿਹਾ ਸੀ?

ਅਮਰੀਕਾ ਦੀ ਪੋਰਨ ਸਟਾਰ ਸਟੋਰਮੀ ਡੇਨੀਅਲਜ਼ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਅਫ਼ੇਅਰ ਰਿਹਾ ਹੈ।

ਇਸ ਦਾਅਵੇ ਦੀ ਸੱਚਾਈ ਸਾਬਤ ਕਰਨ ਲਈ 2011 ਵਿੱਚ ਸਟੋਰਮੀ ਨੇ ਇੱਕ ਪੌਲੀਗ੍ਰਾਫ ਟੈਸਟ ਕਰਵਾਈਆ ਸੀ। ਜਿਸ ਤੋਂ ਇਹ ਸਿੱਧ ਹੋਇਆ ਕਿ ਉਹ 'ਸੱਚ' ਕਹਿ ਰਹੀ ਸੀ।

ਲਾਈ ਡਿਟੈਕਟਰ ਟੈਸਟ ਬਾਰੇ ਸੀਬੀਐੱਸ ਨਿਊਜ਼ ਨੂੰ ਜਾਣਕਾਰੀ ਹਾਸਲ ਹੋਈ ਹੈ ਅਤੇ ਉਸ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਸਟੋਰਮੀ ਨੇ ਟੈਸਟ ਦੌਰਾਨ ਦੱਸਿਆ ਕਿ 2006 ਵਿੱਚ ਡੌਨਲਡ ਟਰੰਪ ਨਾਲ ਅਸੁਰੱਖਿਅਤ ਸੈਕਸ ਕੀਤਾ ਸੀ।

ਟਰੰਪ ਨੇ 2005 ਵਿਚ ਮੇਲਾਨੀਆ ਨਾਲ ਵਿਆਹ ਕਰਵਾਇਆ ਸੀ ਅਤੇ ਸਟੋਰਮੀ ਡੇਨੀਅਲਜ਼ ਦਾ ਦਾਅਵਾ ਹੈ ਕਿ ਉਸ ਨੇ ਟਰੰਪ ਨਾਲ 2006 ਵਿੱਚ ਸਬੰਧ ਬਣਾਏ ਸਨ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਟੋਰਮੀ ਦੇ ਇਨ੍ਹਾਂ ਸਬੰਧਾਂ ਦੇ ਦਾਅਵਿਆਂ ਨੂੰ ਰੱਦ ਕੀਤਾ ਸੀ।

ਰਾਸ਼ਟਰਪਤੀ ਟਰੰਪ ਦੇ ਵਕੀਲ ਨੇ ਅਦਾਕਾਰਾ ਸਟੋਰਮੀ ਉੱਤੇ ਦੋ ਕਰੋੜ ਡਾਲਰ ਦਾ ਮੁਕੱਦਮਾ ਕੀਤਾ ਹੈ। ਦਾਅਵਾ ਹੈ ਕਿ ਉਸਨੇ ਗੁਪਤ ਡੀਲ ਨੂੰ ਤੋੜਿਆ ਹੈ।

ਭਾਵੇਂ ਸਟੋਰਮੀ ਦੱਸਦੀ ਹੈ ਕਿ ਇਸ ਡੀਲ ਦੀ ਹੁਣ ਕੋਈ ਕਾਨੂੰਨੀ ਮਾਨਤਾ ਨਹੀਂ ਹੈ।

ਗੁਪਤ ਰਿਪੋਰਟ

ਸਟੋਰਮੀ ਡੇਨੀਅਲਜ਼ ਨੇ 2011 ਵਿਚ ਇਨਟੱਚ ਰਸਾਲੇ ਨੂੰ ਦਿੱਤੀ ਇੰਟਰਵਿਊ ਵਿੱਚ ਪਹਿਲੀ ਵਾਰ ਇਹ ਦਾਅਵਾ ਕੀਤਾ ਸੀ ਕਿ ਉਸਦੇ ਡੌਨਲਡ ਟਰੰਪ ਨਾਲ ਸੈਕਸ ਸਬੰਧ ਸਨ।

ਇਸ ਦੀ ਪੁਸ਼ਟੀ ਲਈ ਲਾਈਫ ਸਟਾਇਲ ਰਸਾਲੇ ਨੇ ਉਸਦਾ ਲਾਈ ਡਿਟੈਕਟਰ ਟੈਸਟ ਕਰਵਾਇਆ ਸੀ ਜਿਸ ਦੇ ਨਤੀਜੇ ਨੂੰ ਇਸ ਤੋਂ ਪਹਿਲਾਂ ਜਨਤਕ ਨਹੀਂ ਕੀਤਾ ਗਿਆ।

ਅਮਰੀਕਾ ਦੇ ਕਈ ਰਾਜਾਂ ਵਿਚ ਪੌਲੀਗ੍ਰਾਫ ਟੈਸਟਾਂ ਦੇ ਨਤੀਜੇ ਸਬੂਤ ਵਜੋਂ ਸਵੀਕਾਰ ਨਹੀਂ ਕੀਤੇ ਜਾਂਦੇ ਹਨ।

ਇੱਕ ਗੁਪਤ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਸਟੈਫ਼ਨੀ ਕਿਲਫੋਰਡ (ਸਟੋਰਮੀ ਡੇਨੀਅਲਜ਼ ਦਾ ਕਾਨੂੰਨੀ ਨਾਂ) ਨੇ 19 ਮਈ 2011 ਨੂੰ ਪੌਲੀਗ੍ਰਾਫ਼ ਟੈਸਟ ਕਰਵਾਇਆ ਸੀ।

ਇਹ ਟੈਸਟ ਦਾ ਵਿਸ਼ਲੇਸ਼ਣ ਇੱਕ ਕੰਪਿਊਟਰ ਐਲਗੋਰਿਦਮ ਦੀ ਮਦਦ ਨਾਲ ਕੀਤਾ ਗਿਆ ਸੀ, ਜੋ ਕਿ ਜੋਨਜ਼ ਹਾਪਕਿੰਸ ਯੂਨੀਵਰਸਿਟੀ ਦੀ ਭੌਤਿਕ ਵਿਗਿਆਨ ਦੀ ਪ੍ਰਯੋਗਸ਼ਾਲਾ ਵਿੱਚ ਵਿਕਸਿਤ ਕੀਤਾ ਗਿਆ ਸੀ।

ਪੌਲੀਗ੍ਰਾਫ ਵਿਸ਼ਲੇਸ਼ਣ ਦੇ ਅਨੁਸਾਰ ਕਿਲਫੋਰਡ ਨੇ ਹੇਠਾਂ ਦਿੱਤੇ ਸਵਾਲਾਂ ਦਾ 'ਹਾਂ' ਵਿੱਚ ਜਵਾਬ ਦਿੱਤਾ:

  • 2006 ਦੇ ਆਸਪਾਸ, ਕੀ ਤੁਸੀਂ ਡੌਨਲਡ ਟਰੰਪ ਨਾਲ ਸਰੀਰਕ ਸਬੰਧ ਬਣਾਏ ਸੀ?
  • 2006 ਦੇ ਆਸਪਾਸ ਕੀ ਤੁਸੀਂ ਡੌਨਲਡ ਟਰੰਪ ਨਾਲ ਅਸੁਰੱਖਿਅਤ ਸੈਕਸ ਕੀਤਾ ਸੀ?
  • ਕੀ ਡੌਨਲਡ ਟਰੰਪ ਨੇ ਕਿਹਾ ਸੀ ਕਿ ਉਹ ਤੁਹਾਨੂੰ ਆਪਣੇ ਟੈਲੀਵਿਜ਼ਨ ਸ਼ੋਅ 'ਦ ਅਪ੍ਰੈਟਸ' ਵਿੱਚ ਥਾਂ ਦੇਣਗੇ?
  • ਇਸ ਟੈਸਟ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਕਿਲਫੋਰਡ ਨੇ ਸੱਚ ਕਿਹਾ ਸੀ ਕਿ ਉਸ ਨੇ ਜੁਲਾਈ 2006 ਵਿਚ ਡੌਨਲਡ ਟਰੰਪ ਨਾਲ ਅਸੁਰੱਖਿਅਤ ਸੈਕਸ ਕੀਤਾ ਸੀ।

ਟਰੰਪ ਦਾ 'ਦ ਅਪ੍ਰੈਟਸ'

ਕਿਲਫੋਰਡ ਨੇ ਪੋਲੀਗ੍ਰਾਫ ਟੈਸਟ ਤੋਂ ਪਹਿਲਾਂ ਜਾਂਚਕਰਤਾ ਰੌਨਲਡ ਡੀ ਸਲੇ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਉਸਨੇ ਅਤੇ ਟਰੰਪ ਨੇ ਕੈਲੀਫੋਰਨੀਆ ਵਿੱਚ ਲੇਕ ਟੈਹੋ ਵਿੱਚ ਹੋਏ ਗੋਲਫ ਈਵੈਂਟ ਦੌਰਾਨ ਸਰੀਰਕ ਸਬੰਧ ਬਣਾਏ ਸਨ।

ਹਾਲਾਂਕਿ ਇਹ ਇਸ ਟੈਸਟ ਤੋਂ ਸਪੱਸ਼ਟ ਨਹੀਂ ਹੋਇਆ ਕਿ ਡੌਨਲਡ ਟਰੰਪ ਨੇ 'ਦ ਅਪ੍ਰੈਟਸ' ਸ਼ੋਅ 'ਚ ਕਿਲਫੋਰਡ ਨੂੰ ਸਥਾਨ ਦੇਣ ਦਾ ਵਾਅਦਾ ਕੀਤਾ ਸੀ।

ਅਸਲ ਵਿੱਚ ਰਾਸ਼ਟਰਪਤੀ ਚੋਣ ਲਈ ਸ਼ਾਮਲ ਹੋਣ ਤੋਂ ਪਹਿਲਾਂ ਟਰੰਪ ਸ਼ੌਅ ਦੀ ਮੇਜ਼ਬਾਨੀ ਕਰਦੇ ਸਨ।

ਟੈਸਟ ਕਰਨ ਵਾਲੇ ਨੇ ਕਿਲਫੋਰਡ ਦੇ ਬਾਰੇ ਲਿਖਿਆ ਹੈ ਕਿ, "ਉਸਦਾ ਇਰਾਦਾ ਕਿਸੇ ਵੀ ਚੀਜ਼ ਨੂੰ ਲੁਕਾਉਣਾ ਨਹੀਂ ਸੀ।"

ਕਿਲਫੋਰਡ ਨੇ ਇਸ ਵੇਲੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉਸ ਦੇ ਵਕੀਲ ਮਾਈਕਲ ਕੋਹੇਨ ਦੇ ਖਿਲਾਫ਼ ਕੇਸ ਕੀਤਾ ਹੈ.

ਕੋਹੇਨ ਨੇ ਕਿਹਾ ਹੈ ਕਿ ਉਸਨੇ ਕਿਲਫੋਰਡ ਨੂੰ ਮੂੰਹ ਬੰਦ ਰੱਖਣ ਲਈ ਇੱਕ ਲੱਖ ਤੀਹ ਹਜ਼ਾਰ ਡਾਲਰ ਦਿੱਤੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)