ਟਰੰਪ ਦਾ ਸੈਕਸ ਸਕੈਂਡਲ ਕਿਉਂ ਹੈ ਮੱਠਾ?

    • ਲੇਖਕ, ਐਂਥਨੀ ਜ਼ਰਕਰ
    • ਰੋਲ, ਉੱਤਰੀ ਅਮਰੀਕਾ 'ਚ ਬੀਬੀਸੀ ਪੱਤਰਕਾਰ

ਅਕਤੂਬਰ ਦਾ ਖੁਲਾਸਾ ਜੋ ਚਰਚਾ ਦਾ ਵਿਸ਼ਾ ਨਹੀਂ ਬਣਿਆ - ਰਾਸ਼ਟਰਪਤੀ ਦਾ ਸਕੈਂਡਲ ਜਿਸ ਵੱਲ ਲੋਕਾਂ ਨੇ ਧਿਆਨ ਨਹੀਂ ਦਿੱਤਾ।

ਵਾਲ ਸਟਰੀਟ ਜਰਨਲ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਾਬਕਾ ਨਿੱਜੀ ਵਕੀਲ ਨੇ ਇੱਕ ਨਿੱਜੀ ਕੰਪਨੀ ਖੋਲ੍ਹੀ।

ਕੰਪਨੀ ਵੱਲੋਂ 130,000 ਡਾਲਰ ਦਾ ਭੁਗਤਾਨ ਪੋਰਨ ਫ਼ਿਲਮਾਂ ਦੀ ਅਦਾਕਾਰਾ ਸਟੋਰਮੀ ਡੇਨੀਅਲਜ਼ ਨੂੰ ਕੀਤਾ।

ਇਹ ਪੈਸੇ ਉਸ ਨੂੰ ਇਸ ਲਈ ਦਿੱਤੇ ਗਏ ਤਾਂ ਕਿ ਉਹ ਰਾਸ਼ਟਰਪਤੀ ਨਾਲ 2006 ਵਿੱਚ ਸ਼ੁਰੂ ਹੋਏ ਵਿਆਹ ਬਾਹਰਲੇ ਰਿਸ਼ਤੇ ਬਾਰੇ ਆਪਣਾ ਮੂੰਹ ਬੰਦ ਰੱਖੇ।

ਇਹ ਰਿਸ਼ਤਾ ਇੱਕ ਸਾਲ ਤੱਕ ਚੱਲਿਆ।

ਰਿਪੋਰਟਾਂ ਮੁਤਾਬਕ ਪੈਸਾ 17 ਅਕਤੂਬਰ 2016 ਨੂੰ ਦਿੱਤਾ ਗਿਆ। ਟਰੰਪ ਦੇ ਰਾਸ਼ਟਰਪਤੀ ਦੀਆਂ ਚੋਣਾਂ ਜਿੱਤਣ ਦੇ ਮਹਿਜ਼ ਕੁੱਝ ਹਫ਼ਤੇ ਪਹਿਲਾਂ।

ਸਟੋਰਮੀ ਡੇਨੀਅਲਜ਼ ਦਾ ਅਸਲੀ ਨਾਮ ਸਟੈਫ਼ਨੀ ਕਲਿਫੋਰਡ ਹੈ।

ਟਰੰਪ ਦੇ ਸਾਬਕਾ ਨਿੱਜੀ ਵਕੀਲ 'ਤੇ ਵ੍ਹਾਈਟ ਹਾਊਸ ਕੀ ਕਹਿੰਦੇ ਹਨ

ਸਾਬਕਾ ਵਕੀਲ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਨੇ ਅਜਿਹੇ ਕਿਸੇ ਵੀ ਭੁਗਤਾਨ ਤੋਂ ਇਨਕਾਰ ਕੀਤਾ ਹੈ।

ਇਸ ਦੇ ਇਲਾਵਾ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਇਹ ਕਹਾਣੀ ਪੁਰਾਣੀਆਂ ਰਿਪੋਰਟਾਂ ਦੀ ਮੁੜ ਵਰਤੋਂ ਕਰਕੇ ਬਣਾਈ ਗਈ ਹੈ।

ਇਹ ਰਿਪੋਰਟਾਂ ਚੋਣਾਂ ਤੋਂ ਪਹਿਲਾਂ ਵੀ ਛਪੀਆਂ ਸਨ ਤੇ ਰਾਸ਼ਟਰਪਤੀ ਨੇ ਇਨ੍ਹਾਂ ਦਾ ਖੰਡਨ ਵੀ ਕੀਤਾ ਸੀ।

ਕੀ ਰਾਸ਼ਟਰਪਤੀ ਦੇ ਇੱਕ ਪੋਰਨ ਕਲਾਕਾਰ ਨਾਲ ਰਿਸ਼ਤਿਆਂ ਨੇ ਚੋਣਾਂ ਵਿੱਚ ਕੋਈ ਉਲਟ-ਫੇਰ ਕੀਤੀ?

ਇਸ ਤੋਂ ਵੱਧ ਦਿਲਚਸਪ ਗੱਲ ਤਾਂ ਇਹ ਹੈ ਕਿ ਵਾਲ ਸਟਰੀਟ ਦੀ ਕਹਾਣੀ ਨੇ ਹੁਣ ਵੀ ਅਮਰੀਕੀ ਮੀਡੀਆ ਵਿੱਚ ਕੋਈ ਹਲਚਲ ਕਿਉਂ ਨਹੀਂ ਪੈਦਾ ਕੀਤੀ।

ਕਿਸੇ ਸੈਕਸ ਸਕੈਂਡਲ ਨੂੰ ਅੱਗ ਫ਼ੜਨ ਲਈ ਅੰਤਰੰਗ ਵੇਰਵੇ ਚਾਹੀਦੇ ਹੁੰਦੇ ਹਨ। ਉਹ ਵੀ ਇਸ ਵਿੱਚ ਵਾਧੂ ਹਨ।

ਇਹ ਵੇਰਵੇ ਪੋਰਨ ਸਟਾਰ ਵੱਲੋਂ ਇਨ ਟੱਚ ਮੈਗਜ਼ੀਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪਿਛਲੇ ਸ਼ੁੱਕਰਵਾਰ ਛਪੇ ਸਨ।

ਰਿਪੋਰਟ ਮੁਤਾਬਕ ਸਟੋਰਮੀ ਨੇ ਦੱਸਿਆ ਕਿ ਉਹ ਟਰੰਪ ਨੂੰ ਇੱਕ ਗੌਲਫ਼ ਮੈਚ ਦੌਰਾਨ ਮਿਲੀ।

ਆਪਣੇ ਰਿਸ਼ਤੇ ਬਾਰੇ ਗੱਲ ਕਰਦਿਆਂ ਉਸਨੇ ਟਰੰਪ ਨੂੰ ਇੱਕ ਹੋਟਲ ਵਿੱਚ ਮਿਲਣ ਬਾਰੇ, ਟਰੰਪ ਦੀਆਂ ਟੈਲੀਵਿਜ਼ਨ ਦੇਖਣ ਦੀਆਂ ਆਦਤਾਂ ਬਾਰੇ ਤੇ ਸ਼ਾਰਕਾਂ ਲਈ ਟਰੰਪ ਦੇ ਬੇਤਹਾਸ਼ਾ ਡਰ ਬਾਰੇ ਦੱਸਿਆ।

ਮੀਡੀਆ ਵੱਲੋਂ ਇਸ ਮਾਮਲੇ ਦੀ ਪੜਤਾਲ ਦੀ ਕੋਸ਼ਿਸ਼

2016 ਵਿੱਚ ਮੀਡੀਆ ਘਰਾਣੇ ਇਸ ਮਾਮਲੇ ਨੂੰ ਪੜਤਾਲ ਰਹੇ ਸਨ ਪਰ ਵਾਲ ਸਟਰੀਟ ਵੱਲੋਂ ਪੈਸੇ ਮਿਲਣ ਦੇ ਸਮੇਂ ਮਗਰੋਂ ਸਟੋਰਮੀ ਨੇ ਸਾਰੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ।

ਸਲੇਟ ਦੇ ਸੰਪਾਦਕ ਜੈਕਬ ਵੀਸਬਰਗ ਨੇ ਸਟੋਰਮੀ ਡੇਨੀਅਲਜ਼ ਨਾਲ ਆਪਣੀ ਪੁਰਾਣੀ ਗੱਲਬਾਤ ਯਾਦ ਕਰਦਿਆਂ ਦੱਸਿਆ꞉

ਵੀਸਬਰਗ ਨੇ ਲਿਖਿਆ, "ਡੇਨੀਅਲਜ਼ ਨੇ ਕਿਹਾ ਸੀ ਉਸ ਕੋਲ ਇਸ ਦੇ ਸਬੂਤ ਹਨ। ਇਨ੍ਹਾਂ ਸਬੂਤਾਂ ਵਿੱਚ ਟਰੰਪ ਦੇ ਲੰਮਾ ਸਮਾਂ ਨਿੱਜੀ ਸਹਾਇਕ ਰਹੇ ਰੋਨਾ ਗ੍ਰਾਫ ਤੇ ਉਨ੍ਹਾਂ ਦੇ ਬਾਡੀ ਗਾਰਡ ਕੀਥ ਸ਼ਿਲਰ ਦੇ ਫੋਨ ਨੰਬਰ ਸ਼ਾਮਲ ਸਨ। ਜਿਨ੍ਹਾਂ ਨਾਲ ਉਸਨੇ ਮੁਲਾਕਾਤ ਕਰਵਾ ਸਕਣ ਦਾ ਵੀ ਦਾਅਵਾ ਕੀਤਾ ਸੀ।"

"ਜਦੋਂ ਉਸਨੇ ਉਹ ਨੰਬਰ ਨਹੀਂ ਦਿੱਤੇ। ਮੈਂ ਡੇਨੀਅਲਜ਼ ਦੇ ਤਿੰਨ ਦੋਸਤਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਉਸ ਵਖ਼ਤ ਇਸ ਰਿਸ਼ਤੇ ਬਾਰੇ ਜਾਣਦੇ ਸਨ। ਉਨ੍ਹਾਂ ਦੋਸਤਾਂ ਨੇ ਉਸਦੀ ਕਹਾਣੀ ਦੀ ਰੂਪ ਰੇਖਾ ਦੀ ਵੀ ਪੁਸ਼ਟੀ ਕੀਤੀ ਸੀ।"

ਸੀਐਨਐਨ ਨੇ ਵੀ ਖ਼ਬਰ ਦਿੱਤੀ ਕਿ ਅਕਤੂਬਰ 2016 ਵਿੱਚ ਫੋਕਸ ਨਿਊਜ਼ ਇਸ ਰਿਸ਼ਤੇ ਦੀ ਪੜਤਾਲ ਕਰ ਰਿਹਾ ਸੀ।

ਇਸ ਵਿੱਚ ਸਟੋਰਮੀ ਨਾਲ ਇੱਕ ਇੰਟਰਵਿਊ ਲਈ ਵੀ ਸਮਾਂ ਲੈਣ ਦੀ ਕੋਸ਼ਿਸ਼ ਵੀ ਸ਼ਾਮਲ ਸੀ।

ਇੱਕ ਸਾਲ ਤੇ ਕੁੱਝ ਮਹੀਨਿਆਂ ਮਗਰੋਂ ਪੱਤਰਕਾਰਾਂ ਦੀ ਮਿਹਨਤ ਆਖਰਕਾਰ ਸਾਹਮਣੇ ਆਉਣ ਲੱਗੀ ਹੈ।

ਹਾਲੇ ਵੀ ਇਹ ਮਾਮਲਾ ਕਈ ਹੋਰ ਮੁੱਦਿਆਂ ਹੇਠ ਟੁੱਟਵੇਂ ਸਾਹ ਲੈ ਰਿਹਾ ਹੈ।

ਜਿਵੇਂ- ਸਰਕਾਰ ਦਾ ਤਾਲਾਬੰਦੀ ਬਾਰੇ ਫੈਸਲਾ, ਰਾਸ਼ਟਰਪਤੀ ਨੇ ਗਰੀਬ ਦੇਸਾਂ ਬਾਰੇ ਸਟੀਕ ਰੂਪ ਵਿੱਚ ਕੀ ਕਿਹਾ ਹੈ ਤੇ ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਸਿਹਤ, ਆਦਿ।

ਇਹ ਮਾਮਲਾ ਭੜਕ ਕਿਉਂ ਨਹੀਂ ਰਿਹਾ? ਸ਼ਾਇਦ ਲੋਕ ਟਰੰਪ ਬਾਰੇ ਸੁਣ-ਸੁਣ ਅੱਕ ਗਏ ਨੇ, ਥੱਕ ਗਏ ਨੇ।

ਕੀ ਲੋਕ ਟਰੰਪ ਤੋਂ ਅੱਕ ਗਏ ਹਨ?

ਥਿੰਕ ਪ੍ਰੋਗਰੈਸ ਦੇ ਜੁੱਡ ਲੀਗਮ ਦਾ ਕਹਿਣਾ ਹੈ, ਕਲਪਨਾ ਕਰੋ ਅਜਿਹੀ ਕਵਰੇਜ 2013 ਵਿੱਚ ਹੋਈ ਹੁੰਦੀ ਕਿ ਰਾਸ਼ਟਰਪਤੀ ਓਬਾਮਾ ਨੇ ਕਿਸੇ ਪੋਰਨ ਸਟਾਰ ਨੂੰ ਵਿਆਹੋਂ ਬਾਹਰੇ ਸੰਬੰਧਾਂ ਬਾਰੇ ਮੂੰਹ ਬੰਦ ਰੱਖਣ ਲਈ ਇੱਕ ਸੌ ਤੀਹ ਹਜ਼ਾਰ ਡਾਲਰ ਦਿੱਤੇ।

ਵਾਸ਼ਿੰਗਟਨ ਐਕਜ਼ਾਮੀਨਰ ਦੇ ਟਿਮ ਕਾਰਨੀ ਦਾ ਕਹਿਣਾ ਹੈ ਕਿ ਇਹ ਸੰਕੇਤ ਹੈ ਕਿ ਸਾਡਾ ਸਮਾਜ ਬੁਨਿਆਦ ਤੋਂ ਖਿਸਕ ਗਿਆ ਹੈ ਕਿ ਲੋਕ ਟਰੰਪ ਦੀ ਬੇਵਫਾਈ ਦੇ ਨਵੀਨ ਕਿੱਸੇ ਨੂੰ ਲੈ ਕੇ ਮੋਢੇ ਮਾਰ ਰਹੇ ਹਨ।

ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਸ ਨੂੰ ਸਿਰਫ਼ ਵਾਲ ਸਟਰੀਟ ਨੇ ਛਾਪਿਆ ਹੈ ਤੇ ਦੂਜਿਆਂ ਨੇ ਇਸ ਦੇ ਪੱਖ ਵਿੱਚ ਕੋਈ ਬਹੁਤਾ ਨਹੀਂ ਲਿਖਿਆ।

ਇਹ ਮਾਮਲਾ ਵੀ ਕੋਈ ਇੱਕ ਦਹਾਕਾ ਪੁਰਾਣਾ ਹੈ। ਇਹ ਵੀ ਹੋ ਸਕਦਾ ਹੈ ਕਿ ਇਹ ਭੁੱਬਲ ਦੀ ਅੱਗ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)