ਅਮਰੀਕਾ: ਤਾਲਾਬੰਦੀ ’ਤੇ ਹੁਣ ਸਿਆਸੀ ਦੂਸ਼ਣਬਾਜੀ ਸ਼ੁਰੂ

ਅਮਰੀਕਾ 'ਚ ਬਜਟ ਪਾਸ ਨਾਂ ਪਾਸ ਹੋਣ ਤੋਂ ਬਾਅਦ ਸ਼ੁਰੂ ਹੋਈ ਤਾਲਾਬੰਦੀ 'ਤੇ ਹੁਣ ਸਿਆਸੀ ਦੂਸ਼ਣਬਾਜੀ ਸ਼ੁਰੂ ਹੋ ਗਈ ਹੈ।

ਉਹ ਬਿੱਲ ਜਿਸ ਨੇ ਸਰਕਾਰ ਨੂੰ 16 ਫਰਵਰੀ ਤੱਕ ਫ਼ੰਡ ਕਰਨਾ ਸੀ, ਨੂੰ ਲੋੜੀਂਦੀਆਂ 60 ਵੋਟਾਂ ਨਹੀਂ ਪਈਆਂ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਡੈਮੋਕਰੈਟਿਕ ਪਾਰਟੀ 'ਤੇ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਇਹ ਪਾਰਟੀ ਅਮਰੀਕੀ ਲੋਕਾਂ ਦੇ ਹਿਤ ਛੱਡ ਕੇ ਸਿਆਸਤ ਖੇਡ ਰਹੀ ਹੈ।

ਓਧਰ ਡੈਮੋਕਰੈਟਿਕ ਪਾਰਟੀ ਦਾ ਕਹਿਣਾ ਹੈ ਕਿ ਟਰੰਪ ਨੇ ਦੁਪੱਖੀ ਮੀਟਿੰਗ 'ਚ ਹੋਏ ਸਮਝੌਤੇ ਦੀ ਪੇਸ਼ਕਸ਼ ਨੂੰ ਨਕਾਰਿਆ ਹੈ।

ਦੋਵੇਂ ਪੱਖ ਸਹਿਮਤ ਕਿਉਂ ਨਹੀਂ ਹਨ?

ਇਹ ਅਮਰੀਕੀ ਇਤਿਹਾਸ ਦਾ ਇਸ ਤਰ੍ਹਾਂ ਦਾ ਪਹਿਲਾ ਮੌਕਾ ਹੈ ਜਦੋਂ ਇੱਕੋ ਪਾਰਟੀ, ਰਿਪਬਲੀਕਨ, ਵਾਈਟ ਹਾਊਸ ਅਤੇ ਕਾਂਗਰਸ ਦੇ ਦੋਵੇਂ ਚੈਂਬਰਾਂ ਉੱਤੇ ਕਾਬਜ਼ ਹੈ।

ਰਿਪਬਲੀਕਨ ਚਾਹੁੰਦੀ ਹੈ ਕਿ ਬਾਰਡਰ ਨੂੰ ਮਜ਼ਬੂਤ ਕੀਤਾ ਜਾਵੇ, ਫ਼ੌਜ ਦਾ ਬਜਟ ਵਧਾਇਆ ਜਾਵੇ ਅਤੇ ਬਿਨਾਂ ਕਾਗ਼ਜ਼ਾਂ ਦੇ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇ।

ਜਦਕਿ ਡੈਮੋਕਰੈਟਿਕ ਪਾਰਟੀ ਮੰਗ ਕਰ ਰਹੀ ਹੈ ਕਿ 700,000 ਤੋਂ ਵੱਧ ਬਿਨਾਂ ਕਾਗ਼ਜ਼ਾਂ ਦੇ ਪਰਵਾਸੀ, ਜੋ ਅਮਰੀਕਾ 'ਚ ਉਸ ਵੇਲੇ ਆਏ ਜਦੋਂ ਉਹ ਬੱਚੇ ਸਨ, ਨੂੰ ਵਾਪਸ ਨਾ ਭੇਜਿਆ ਜਾਵੇ।

ਰਿਪਬਲੀਕਨ ਪਾਰਟੀ ਬੱਚਿਆਂ ਅਤੇ ਘੱਟ ਆਮਦਨੀ ਵਾਲੇ ਪਰਿਵਾਰਾਂ ਲਈ ਸਹਿਤ ਬੀਮਾ ਪ੍ਰੋਗਰਾਮ ਵਿੱਚ ਛੇ ਸਾਲ ਦਾ ਵਾਧਾ ਕਰਦੀ ਹੈ, ਜਦਕਿ ਡੈਮੋਕਰੈਟਿਕ ਪਾਰਟੀ ਮੰਗ ਕਰਦੀ ਹੈ ਕਿ ਇਸ ਵਿੱਚ ਹਮੇਸ਼ਾ ਲਈ ਵਾਧਾ ਕੀਤਾ ਜਾਵੇ।

ਕੀ ਹੈ ਮਾਮਲਾ?

ਸੈਨੇਟ ਵੱਲੋਂ ਨਵੇਂ ਬਜਟ 'ਤੇ ਅਸਹਿਮਤੀ ਕਰ ਕੇ ਅਮਰੀਕਾ 'ਚ ਸਰਕਾਰੀ ਦਫ਼ਤਰ ਬੰਦ ਹੋਣੇ ਸ਼ੁਰੂ ਹੋ ਗਏ ਹਨ।

ਵੋਟ ਪੈਣ ਦੀ ਡੈੱਡਲਾਈਨ ਅੱਧੀ ਰਾਤ ਤੱਕ ਇਹ ਸਪਸ਼ਟ ਨਹੀਂ ਸੀ ਕਿ ਕੀ ਹੋਵੇਗਾ ਕਿਉਂਕਿ ਰਿਪਬਲਿਕਨ ਅਤੇ ਡੈਮੋਕਰੈਟ ਦੀ ਮੁੱਖ ਮੁੱਦਿਆਂ 'ਤੇ ਅਸਹਿਮਤੀ ਸੀ।

ਆਖ਼ਰੀ ਮਿੰਟ ਦੀ ਦੁਪੱਖੀ ਮੀਟਿੰਗ ਦੇ ਬਾਵਜੂਦ, ਉਹ ਬਿੱਲ ਜਿਸ ਨੇ ਸਰਕਾਰ ਨੂੰ 16 ਫਰਵਰੀ ਤੱਕ ਫ਼ੰਡ ਕਰਨਾ ਸੀ, ਨੂੰ ਲੋੜੀਂਦੀਆਂ 60 ਵੋਟਾਂ ਨਹੀਂ ਪਈਆਂ।

ਇਸ ਦਾ ਮਤਲਬ ਇਹ ਹੈ ਕਿ ਕਈ ਸਰਕਾਰੀ ਸੇਵਾਵਾਂ ਬਜਟ ਪਾਸ ਹੋਣ ਤੱਕ ਬੰਦ ਹੋ ਜਾਣਗੀਆਂ।

ਇਹ ਅਮਰੀਕੀ ਇਤਿਹਾਸ ਦਾ ਇਸ ਤਰ੍ਹਾਂ ਦਾ ਪਹਿਲਾ ਮੌਕਾ ਹੈ ਜਦੋਂ ਇੱਕੋ ਪਾਰਟੀ ਵਾਈਟ ਹਾਊਸ ਅਤੇ ਕਾਂਗਰਸ ਦੇ ਦੋਵੇਂ ਚੈਂਬਰਾਂ ਉੱਤੇ ਕਾਬਜ਼ ਹੈ।

ਇਸ ਤੋਂ ਪਹਿਲਾਂ ਅਮਰੀਕਾ 'ਚ 2013 ਵਿੱਚ ਸ਼ੱਟਡਾਉਨ ਹੋਇਆ ਸੀ, ਜੋ ਕਿ 16 ਦਿਨਾਂ ਤੱਕ ਚੱਲਿਆ ਸੀ। ਇਸ ਦੌਰਾਨ ਕਈ ਸਰਕਾਰੀ ਮੁਲਾਜ਼ਮ ਜ਼ਬਰਦਸਤੀ ਛੁੱਟੀ 'ਤੇ ਭੇਜ ਦਿੱਤੇ ਗਏ ਸਨ।

ਤਾਲਾਬੰਦੀ ਦਾ ਅਸਰ

  • ਹੁਣ ਕਈ ਸਰਕਾਰੀ ਦਫ਼ਤਰ ਬੰਦ ਹੋ ਜਾਣਗੇ ਕਿਉਂਕਿ ਫੈਡਰਲ ਕਾਨੂੰਨ ਮੁਤਾਬਕ ਜੇ ਫ਼ੰਡ ਨਹੀਂ ਮਿਲਦੇ ਤਾਂ ਇਨ੍ਹਾਂ ਨੂੰ ਬੰਦ ਕਰਨਾ ਪਵੇਗਾ।
  • ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਮੁਤਾਬਕ ਉਸ ਦੇ ਦਾਇਰੇ ਵਿੱਚ ਆਉਂਦੇ ਕਰੀਬ 50 ਫ਼ੀਸਦੀ ਵਿਭਾਗ ਕੰਮ ਨਹੀਂ ਕਰਨਗੇ।
  • ਨੈਸ਼ਨਲ ਪਾਰਕਾਂ ਅਤੇ ਸਮਾਰਕ ਵੀ ਬੰਦ ਹੋ ਸਕਦੇ ਹਨ।

ਇਨ੍ਹਾਂ ਹਲਾਤਾਂ ਵਿੱਚ ਜ਼ਰੂਰੀ ਸੇਵਾਵਾਂ, ਜਿਵੇਂ ਕੌਮੀ ਸੁਰੱਖਿਆ, ਡਾਕ ਸੇਵਾ, ਹਵਾਈ ਸੇਵਾ, ਐਮਰਜੈਂਸੀ ਮੈਡੀਕਲ ਸੇਵਾ, ਅਣਸੁਖਾਵੀਆਂ ਘਟਨਾਵਾਂ ਲਈ ਸੇਵਾਵਾਂ, ਜੇਲ੍ਹਾਂ, ਟੈਕਸ ਵਿਭਾਗ ਅਤੇ ਬਿਜਲੀ ਪੈਦਾਵਾਰ ਬੰਦ ਨਹੀਂ ਹੋਣਗੀਆਂ।

ਵੋਟਾਂ ਤੋਂ ਇੱਕ ਘੰਟਾ ਪਹਿਲਾਂ ਤੱਕ ਰਾਸ਼ਟਰਪਤੀ ਡੌਨਲਡ ਟਰੰਪ ਨਿਰਾਸ਼ ਲੱਗ ਰਹੇ ਸਨ। ਉਨ੍ਹਾਂ ਇੱਕ ਟਵੀਟ ਕਰ ਕੇ ਕਿਹਾ ਕਿ ਇਹ ਸਾਡੀ ਮਹਾਨ ਫ਼ੌਜ ਅਤੇ ਸੁਰੱਖਿਆ ਲਈ ਸਹੀ ਨਹੀਂ ਹੈ।

ਉਨ੍ਹਾਂ ਇਸ ਮਸਲੇ 'ਤੇ ਵਿਚਾਰ ਕਰਨ ਲਈ ਡੈਮੋਕਰੈਟਿਕ ਪਾਰਟੀ ਆਗੂ ਚੱਕ ਸ਼ੂਮਰ ਨੂੰ ਵਾਈਟ ਹਾਊਸ ਆਉਣ ਲਈ ਸੱਦਾ ਵੀ ਦਿੱਤਾ।

ਬਾਅਦ ਵਿੱਚ ਚੱਕ ਸ਼ੂਮਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਮਲਾ ਥੋੜ੍ਹਾ ਅੱਗੇ ਵਧਿਆ ਹੈ ਪਰ ਅਜੇ ਕੁਝ ਮੁੱਦਿਆਂ 'ਤੇ ਅਸਹਿਮਤੀ ਹੈ।

ਤਾਲਾਬੰਦੀ ਦੇ ਕਾਰਨ

  • ਡੈਮੋਕਰੈਟਿਕ ਪਾਰਟੀ ਮੰਗ ਕਰ ਰਹੀ ਹੈ ਕਿ 700,000 ਬਿਨਾਂ ਕਾਗ਼ਜ਼ਾਂ ਦੇ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਵਾਪਸ ਨਾ ਭੇਜਿਆ ਜਾਵੇ।
  • ਟਰੰਪ ਚਾਹੁੰਦੇ ਹਨ ਕਿ ਸਰਹੱਦ ਨੂੰ ਮਜ਼ਬੂਤ ਬਣਾਇਆ ਜਾਵੇ ਅਤੇ ਮੈਕਸੀਕੋ ਦੀ ਕੰਧ ਉਸਾਰੀ ਜਾਵੇ।
  • ਰਿਪਬਲੀਕਨ ਪਾਰਟੀ ਬੱਚਿਆਂ ਅਤੇ ਘੱਟ ਆਮਦਨੀ ਵਾਲੇ ਪਰਿਵਾਰਾਂ ਲਈ ਸਹਿਤ ਬੀਮਾ ਪ੍ਰੋਗਰਾਮ ਵਿੱਚ ਛੇ ਸਾਲ ਦਾ ਵਾਧਾ ਕਰ ਰਹੀ ਹੈ ਜਦਕਿ ਡੈਮੋਕਰੈਟਿਕ ਪਾਰਟੀ ਮੰਗ ਕਰਦੀ ਹੈ ਕਿ ਇਸ ਵਿੱਚ ਹਮੇਸ਼ਾ ਲਈ ਵਾਧਾ ਕੀਤਾ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)