ਅਮਰੀਕਾ: ਡੌਨਲਡ ਟਰੰਪ ਬਾਰੇ ਨਵੀਂ ਕਿਤਾਬ ਵਿੱਚ ਧਮਾਕੇਦਾਰ ਖੁਲਾਸੇ

ਇੱਕ ਨਵੀਂ ਕਿਤਾਬ ਮੁਤਾਬਕ ਚੋਣਾਂ ਵਿੱਚ ਜਿੱਤ ਤੋਂ ਟਰੰਪ ਘਬਰਾ ਗਏ ਸਨ ਉਨ੍ਹਾਂ ਨੇ ਜਿੱਤ ਦਾ ਅਨੰਦ ਨਹੀਂ ਮਾਣਿਆ ਤੇ ਉਹ ਵ੍ਹਾਈਟ ਹਾਊਸ ਤੋਂ ਡਰਦੇ ਸਨ।

ਪੱਤਰਕਾਰ ਮਾਈਕਲ ਵੁਲਫ਼ ਦੀ ਕਿਤਾਬ 'ਫ਼ਾਇਰ ਐਂਡ ਫਿਊਰੀ꞉ ਇਨ ਸਾਈਡ ਦ ਟਰੰਪ ਵ੍ਹਾਈਟ ਹਾਊਸ' ਇਵਾਂਕਾ ਟਰੰਪ ਬਾਰੇ ਵੀ ਕਈ ਭੇਤ ਖੋਲ੍ਹੇਗੀ।

ਕਿਹਾ ਜਾ ਰਿਹਾ ਹੈ ਕਿ ਮਾਈਕਲ ਵੁਲਫ਼ ਦੀ ਇਹ ਕਿਤਾਬ 200 ਤੋਂ ਵਧੇਰੇ ਇੰਟਰਵਿਊਆਂ ਉੱਪਰ ਅਧਾਰਿਤ ਹੈ।

ਲੇਖਕ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਦੇ ਕਾਰਜ ਭਾਰ ਸੰਭਾਲਣ ਮਗਰੋਂ ਉਸਨੂੰ ਕੁੱਝ ਦੇਰ ਪ੍ਰਸ਼ਾਸ਼ਨ ਨੂੰ ਨਜ਼ਦੀਕ ਤੋਂ ਵੇਖਣ ਦਾ ਮੌਕਾ ਮਿਲਿਆ।

ਡੌਨਲਡ ਟਰੰਪ ਦੇ ਵਕੀਲਾਂ ਨੇ ਉਨ੍ਹਾਂ ਦੇ ਸਾਬਕਾ ਰਣਨੀਤੀਕਾਰ ਸਟੀਵ ਬੈਨਨ ਨੂੰ ਮੁੱਕਦਮੇਬਾਜ਼ੀ ਲਈ ਧਮਕਾਇਆ ਹੈ।

ਇਲਜ਼ਾਮ ਹੈ ਕਿ ਉਨ੍ਹਾਂ ਨੇ ਰਾਸ਼ਟਰਪਤੀ ਬਾਰੇ ਕਿਤਾਬ ਦੇ ਲੇਖਕ ਨਾਲ ਗੱਲਬਾਤ ਕਰਕੇ ਇੱਕ ਗੈਰ-ਲਿਖਤੀ ਸਮਝੌਤਾ ਤੋੜਿਆ ਹੈ।

ਕਿਤਾਬ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਟਰੰਪ ਦੇ ਪੁੱਤਰ ਦੀ ਮੁਲਾਕਾਤ ਰੂਸ ਨਾਲ ਕਰਵਾਈ ਜਿਸਨੂੰ ਦੇਸ ਵਿਰੋਧੀ ਕਿਹਾ ਜਾ ਰਿਹਾ ਹੈ।

ਇਹ ਹਨ ਇਸ ਕਿਤਾਬ ਦੇ ਕੁਝ ਧਮਾਕੇਦਾਰ ਖੁਲਾਸੇ ਬੀਬੀਸੀ ਦੇ ਐਂਥਨੀ ਜ਼ੁਰਕਰ ਦੀਆਂ ਪ੍ਰਤਿਕਿਰਿਆਵਾਂ ਨਾਲ।

ਬੈਨਨ: ਟਰੰਪ ਦੇ ਪੁੱਤਰ ਦੀ ਰੂਸੀਆਂ ਨਾਲ ਮੁਲਾਕਾਤ ਦੇਸ ਵਿਰੋਧੀ

ਕਿਤਾਬ ਮੁਤਾਬਕ ਵ੍ਹਾਈਟ ਹਾਊਸ ਦੇ ਸਾਬਕਾ ਰਣਨੀਤੀਕਾਰ ਸਟੀਵ ਬੈਨਨ ਦਾ ਵਿਚਾਰ ਸੀ ਕਿ ਟਰੰਪ ਜੂਨੀਅਰ ਦੀ ਰੂਸੀਆਂ ਦੇ ਇੱਕ ਸਮੂਹ ਨਾਲ ਮੁਲਾਕਾਤ ਦੇਸ ਵਿਰੋਧੀ ਸੀ ਤੇ ਰੂਸੀਆਂ ਨੇ ਉਨ੍ਹਾਂ ਨੂੰ ਜੂਨ 2016 ਦੀ ਇਸ ਬੈਠਕ ਵਿੱਚ ਹਿਲੇਰੀ ਖਿਲਾਫ਼ ਵੀ ਕੁੱਝ ਜਾਣਕਾਰੀਆਂ ਦਿੱਤੀਆਂ।

ਵੁਲਫ਼ ਲਿਖਦੇ ਹਨ ਕਿ ਬੈਨਨ ਨੇ ਉਨ੍ਹਾਂ ਨੂੰ ਬੈਠਕ ਬਾਰੇ ਦੱਸਿਆ꞉

"ਚੋਣ ਮੁਹਿੰਮ ਦੇ ਤਿੰਨ ਜ਼ਿੰਮੇਂਵਾਰ ਵਿਅਕਤੀਆਂ ਨੇ ਸੋਚਿਆ ਕਿ ਟਰੰਪ ਟਾਵਰ ਦੀ 25ਵੀਂ ਮੰਜ਼ਿਲ ਉੱਤੇ ਕਾਨਫਰੰਸ ਹਾਲ ਵਿੱਚ ਵਕੀਲਾਂ ਦੀ ਗੈਰ-ਮੌਜੂਦਗੀ ਵਿੱਚ ਵਿਦੇਸ਼ੀ ਸਰਕਾਰ ਦੇ ਨੁਮਾਂਇੰਦਿਆਂ ਨੂੰ ਮਿਲਣਾ ਵਧੀਆ ਰਹੇਗਾ। ਉਨ੍ਹਾਂ ਨਾਲ ਕੋਈ ਵਕੀਲ ਨਹੀਂ ਸੀ। ਭਾਵੇਂ ਤੁਹਾਨੂੰ ਇਸ ਵਿੱਚ ਕੁੱਝ ਗਲਤ ਨਾ ਲੱਗੇ ਪਰ ਜੇ ਮੈਨੂੰ ਅਜਿਹਾ ਲੱਗੇ ਤਾਂ, ਤੁਰੰਤ ਐਫਬੀਆਈ ਬੁਲਾਉਣੀ ਚਾਹੀਦੀ ਹੈ।"

ਬੈਨਨ ਨੇ ਕਿਹਾ ਕਿ ਇਸ ਬਾਰੇ ਨਿਆਂ ਵਿਭਾਗ ਦੀ ਜਾਂਚ ਮਨੀ ਲਾਂਡਰਿੰਗ 'ਤੇ ਕੇਂਦਰਿਤ ਰਹੇਗੀ।

ਐਂਥਨੀ ਜ਼ੁਰਕਰ꞉ ਕੁੱਝ ਕੁ ਹੀ ਵਾਕਾਂ ਵਿੱਚ ਵ੍ਹਾਈਟ ਹਾਊਸ ਹੇਠਾਂ (ਟਰੰਪ ਟਾਵਰ ਵਿੱਚ ਜੂਨ ਵਿੱਚ ਹੋਈ ਉਸ ਬੈਠਕ ਵਾਲੇ) ਉਸ ਬੰਬ ਦੇ ਪਲੀਤੇ ਨੂੰ ਅੱਗ ਵਿਖਾ ਦਿੱਤੀ ਹੈ ਜਿਸ ਨੂੰ ਟਰੰਪ ਸਰਕਾਰ ਦੱਬੀ ਰੱਖਣਾ ਚਾਹੁੰਦੀ ਹੈ। ਸਰਕਾਰ ਰੋਬਰਟ ਮੁਲਰ ਦੀ ਜਾਂਚ ਪੜਤਾਲ ਨੂੰ ਵੀ ਪਾਰਟੀ ਬਾਜ਼ੀ ਦੱਸ ਕੇ ਠੰਡੇ ਬਸਤੇ ਵਿੱਚ ਪਾਉਣੀ ਚਾਹੁੰਦੀ ਹੈ। ਬੈਨਨ ਦਾ ਮੰਨਣਾ ਹੈ ਕਿ ਇਹ ਮੰਦਾ ਹੈ ਤੇ ਉਸ ਤੋਂ ਵੀ ਵਧ ਕੇ ਇਹ ਬੇਵਕੂਫ਼ਾਨਾ ਸੀ। ਇਹ ਟਿੱਪਣੀ ਟਰੰਪ ਦੇ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਹੋਣ ਕਰਕੇ ਜ਼ਿਆਦਾ ਚੁੱਭਵੀਂ ਹੈ।

ਆਪਣੀ ਜਿੱਤ ਤੋਂ ਘਬਰਾਏ ਟਰੰਪ

ਨਿਊ ਯਾਰਕ ਮੈਗਜ਼ੀਨ ਲਈ ਲਿਖੇ ਇੱਕ ਲੇਖ ਵਿੱਚ ਲੇਖਕ ਵੁਲਫ਼ ਨੇ ਨਵੰਬਰ 2016 ਦੀਆਂ ਚੋਣਾਂ ਵਿੱਚ ਜਿੱਤਣ ਮਗਰੋਂ ਟਰੰਪ ਖੇਮੇ ਦੀ ਹੈਰਾਨੀ ਤੇ ਫਿਕਰ ਦਾ ਜ਼ਿਕਰ ਕੀਤਾ ਹੈ।

"ਚੋਣਾਂ ਦੀ ਰਾਤ ਅੱਠ ਵਜੇ ਜਦੋਂ ਟਰੰਪ ਦੀ ਜਿੱਤ ਦੇ ਅਣਕਿਆਸੇ ਰੁਝਾਨ ਆਉਣ ਲੱਗੇ ਤਾਂ ਟਰੰਪ ਦੇ ਪੁੱਤਰ ਨੇ ਆਪਣੇ ਇੱਕ ਮਿੱਤਰ ਨੂੰ ਦੱਸਿਆ ਕਿ ਇੰਝ ਲਗਦਾ ਹੈ ਕਿ ਜਿਵੇਂ ਉਸਦੇ ਪਿਤਾ ਨੇ ਕੋਈ ਭੂਤ ਵੇਖ ਲਿਆ ਹੋਵੇ। ਮੈਲੇਨੀਆ ਰੋ ਰਹੀ ਸੀ। ਅੱਧੇ ਘੰਟੇ ਵਿੱਚ ਇੱਕ ਬੇਯਕੀਨ ਟਰੰਪ, ਇੱਕ ਸਹਿਮੇ ਹੋਏ ਟਰੰਪ ਵਿੱਚ ਬਦਲ ਗਏ। ਆਖਰੀ ਘੜੀ ਤਾਂ ਹਾਲੇ ਆਉਣੀ ਸੀ ਜਦੋਂ ਅਚਾਨਕ ਡੌਨਲਡ ਟਰੰਪ ਇੱਕ ਅਜਿਹੇ ਵਿਅਕਤੀ ਬਣ ਗਏ ਜਿਸ ਨੂੰ ਇਹ ਯਕੀਨ ਸੀ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਹੱਕਦਾਰ ਤੇ ਪੂਰੀ ਤਰ੍ਹਾਂ ਯੋਗ ਹਨ।"

ਐਂਥਨੀ ਜ਼ੁਰਕਰ꞉ ਇਹ ਵਰਨਣ ਤਾਂ ਟਰੰਰ ਖੇਮੇ ਦੇ ਦਾਅਵਿਆਂ ਤੋਂ ਬਿਲਕੁਲ ਵੱਖਰਾ ਹੈ ਜੋ ਡੌਨਲਡ ਟਰੰਪ ਦੀ ਜਿੱਤ ਬਾਰੇ ਹਮੇਸ਼ਾ ਤੋਂ ਹੀ ਭਰੋਸੇਮੰਦ ਹੋਣ ਬਾਰੇ ਕਹਿ ਰਹੇ ਸਨ। ਇੱਕ ਡੌਰ-ਭੌਰਿਆ ਟਰੰਪ ਤਾਂ ਉਨ੍ਹਾਂ ਦੀ ਕਹਾਣੀ ਵਿੱਚ ਕਿਤੇ ਹੈ ਕੀ ਨਹੀਂ ਸੀ।

ਕਾਰਜ ਭਾਰ ਸੰਭਾਲਣ ਮੌਕੇ ਟਰੰਪ ਦਾ ਗੁੱਸਾ

ਲੇਖਕ ਵੁਲਫ਼ ਲਿਖਦੇ ਹਨ꞉

"ਟਰੰਪ ਨੇ ਆਪਣੇ ਸਹੁੰ ਚੁੱਕ ਸਮਾਗਮ ਦਾ ਲੁਤਫ਼ ਨਹੀਂ ਲਿਆ। ਉਹ ਗੁੱਸੇ ਸਨ ਕਿ ਚਰਚਿਤ ਲੋਕਾਂ ਨੇ ਸਮਾਗਮ ਨੂੰ ਨਜ਼ਰਅੰਦਜ਼ ਕਰ ਦਿੱਤਾ ਹੈ। ਉਹ ਬਲੇਅਰ ਹਾਊਸ ਦੇ ਪ੍ਰਬੰਧਾਂ ਤੋਂ ਵੀ ਨਾਖੁਸ਼ ਸਨ ਅਤੇ ਸਭ ਦੇ ਸਾਹਮਣੇ ਹੀ ਆਪਣੀ ਰੋਣ-ਹਾਕੀ ਹੋਈ ਪਤਨੀ ਨਾਲ ਖਹਿਬੜ ਰਹੇ ਸਨ। ਉਨ੍ਹਾਂ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਉਹ ਸਾਰਾ ਦਿਨ ਬੁਝੇ- ਬੁਝੇ ਅਤੇ ਗੁੱਸੇ ਵਿੱਚ ਦਿਖਾਈ ਦੇ ਰਹੇ ਸਨ।"

ਉਧਰ ਉਨ੍ਹਾਂ ਦੀ ਪਤਨੀ ਨੇ ਉਪਰੋਕਤ ਗੱਲਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ।

ਉਨ੍ਹਾਂ ਦੀ ਸੂਚਨਾ ਅਧਿਕਾਰੀ ਸਟੈਫਨੀ ਗਰਿਸ਼ਮ ਨੇ ਇੱਕ ਬਿਆਨ ਵਿੱਚ ਕਿਹਾ, "ਸ਼੍ਰਮਤੀ ਟਰੰਪ ਨੇ ਆਪਣੇ ਪਤੀ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਖੜ੍ਹਨ ਦੇ ਫ਼ੈਸਲੇ ਵਿੱਚ ਸਾਥ ਦਿੱਤਾ ਤੇ ਉਤਸ਼ਾਹਿਤ ਕੀਤਾ। ਉਨ੍ਹਾਂ ਨੂੰ ਜਿੱਤ ਦਾ ਭਰੋਸਾ ਸੀ ਤੇ ਜਦੋਂ ਉਹ ਜਿੱਤ ਗਏ ਤਾਂ ਉਹ ਵਾਕਈ ਖੁਸ਼ ਸਨ।"

ਟਰੰਪ ਨੂੰ ਵ੍ਹਾਈਟ ਹਾਊਸ ਡਰਾਵਣਾ ਲੱਗਿਆ

ਲੇਖਕ ਵੁਲਫ਼ ਲਿਖਦੇ ਹਨ꞉

"ਟਰੰਪ ਨੂੰ ਅਸਲ ਵਿੱਚ ਵ੍ਹਾਈਟ ਹਾਊਸ ਤੋਂ ਭੈਅ ਆਇਆ। ਉਹ ਆਪਣੇ ਬੈਡ ਰੂਮ ਵਿੱਚ ਵਾਪਸ ਆ ਗਏ। ਕੈਨਅਡੀ ਤੋਂ ਬਾਅਦ ਪਹਿਲੀ ਵਾਰ ਰਾਸ਼ਟਰਪਤੀ ਜੋੜੇ ਨੇ ਵੱਖਰੇ ਕਮਰੇ ਲਏ। ਸ਼ੁਰੂਆਤੀ ਦਿਨਾਂ ਵਿੱਚ ਇੱਕ ਹੋਰ ਟੈਲੀਵਿਜ਼ਨ ਸੈੱਟ ਦੀ ਮੰਗ ਕੀਤੀ ਜਦ ਕਿ ਇੱਕ ਪਹਿਲਾਂ ਹੀ ਲੱਗਿਆ ਹੋਇਆ ਸੀ। ਕਮਰੇ ਦੇ ਬਾਹਰ ਇੱਕ ਜਿੰਦੇ ਦੀ ਵੀ ਮੰਗ ਕੀਤੀ ਜਿਸ ਕਰਕੇ ਉਨ੍ਹਾਂ ਦੀ ਸੁਰਖਿਆ ਅਧਿਕਾਰੀਆਂ ਨਾਲ ਤਲਖ਼ੀ ਵੀ ਹੋਈ ਜੋ ਕਮਰੇ ਤੱਕ ਆਪਣੀ ਪਹੁੰਚ ਰੱਖਣੀ ਚਾਹੁੰਦੇ ਸਨ।"

ਐਂਥਨੀ ਜ਼ੁਰਕਰ꞉ ਟਰੰਪ ਨੇ ਆਪਣਾ ਬਹੁਤਾ ਬਾਲਗ ਜੀਵਨ, ਇੱਕ ਰੀਅਲ ਇਸਟੇਟ ਏਜੰਟ ਵਜੋਂ ਆਪਣੀਆਂ ਸ਼ਰਤਾਂ ਮੁਤਾਬਕ ਹੀ ਬਿਤਾਇਆ ਹੈ। ਉਸ ਜਿੰਦਗੀ ਵਿੱਚ ਉਨ੍ਹਾਂ ਦੀਆਂ ਮਨ ਮਰਜੀਆਂ ਦੀ ਥਾਂ ਸੀ। ਉਨ੍ਹਾਂ ਲਈ ਵ੍ਹਾਈਟ ਹਾਊਸ ਜਿਸਨੂੰ ਬਿਲ ਕਲਿੰਟਨ ਨੇ "ਅਮਰੀਕੀ ਜੇਲ੍ਹ ਪ੍ਰਣਾਲੀ ਦਾ ਇੱਕ ਨਗ" ਤੇ ਹੈਰਾ ਟਰੂਮੈਨ ਨੇ "ਚਿੱਟੀ ਜੇਲ੍ਹ" ਕਿਹਾ ਸੀ ਦੇ ਜੀਵਨ ਵਿੱਚ ਢਲਣਾ ਮੁਸ਼ਕਿਲ ਹੀ ਰਿਹਾ ਹੋਵੇਗਾ।

ਇਵਾਂਕਾ ਟਰੰਪ ਦੀ ਰਾਸ਼ਟਰਪਤੀ ਬਣਨ ਦੀ ਚਾਹ

ਟਰੰਪ ਦੀ ਪੁੱਤਰੀ ਇਵਾਂਕਾ ਅਤੇ ਉਨ੍ਹਾਂ ਦੇ ਪਤੀ ਵਿੱਚ ਇੱਕ ਕਥਿਤ ਸਮਝੌਤਾ ਹੈ ਕਿ ਇਵਾਂਕਾ ਭਵਿੱਖ ਵਿੱਚ ਰਾਸ਼ਟਰਪਤੀ ਦੀ ਚੋਣ ਲੜ ਸਕਦੇ ਹਨ।

ਲੇਖਕ ਵੁਲਫ਼ ਮੁਤਾਬਕ꞉

"ਇਨਾਮ ਤੇ ਖਤਰੇ ਦਾ ਸਮਤੋਲ਼ ਰੱਖਣ ਲਈ ਆਪਣੇ ਨਜ਼ਦੀਕੀਆਂ ਦੀ ਸਲਾਹ ਤੇ ਇਵਾਂਕਾ ਜੋੜੇ ਨੇ ਵੈਸਟ ਵਿੰਗ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਸਵੀਕਾਰ ਕਰ ਲਈਆਂ ਹਨ। ਇਹ ਜੋੜੇ ਦਾ ਸਾਂਝਾ ਫੈਸਲਾ ਤੇ ਕੁੱਝ ਅਰਥਾਂ ਵਿੱਚ ਸਾਂਝਾ ਕੰਮ ਸੀ। ਆਪਸ ਵਿੱਚ ਉਨ੍ਹਾਂ ਦਾ ਇੱਕ ਸਮਝੌਤਾ ਸੀ ਕਿ ਭਵਿੱਖ ਵਿੱਚ ਜੇ ਕਦੇ ਵੀ ਮੌਕਾ ਹੋਇਆ ਤਾਂ ਇਵਾਂਕਾ ਰਾਸ਼ਟਰਪਤੀ ਚੋਣਾਂ ਲੜੇਗੀ।"

ਐਂਥਨੀ ਜ਼ੁਰਕਰ꞉ ਬੈਨਨ ਤੇ ਇਵਾਂਕਾ-ਜਰੇਡ ਜੋੜੇ ਵਿਚਲੀ ਤਲਖੀ ਕੋਈ ਗੁੱਝਾ ਭੇਤ ਸੀ ਤੇ ਨਾ ਹੀ ਹੈਰਾਨ ਕਰਨ ਵਾਲੀ ਸੀ।

ਟਰੰਪ ਦੀ ਮਰਡੋਕ ਪ੍ਰਤੀ ਦਿਆਨਤਦਾਰੀ

ਲੇਖਕ ਵੁਲਫ ਨੇ ਹੀ ਕਦੇ ਮਰਡੋਕ ਦੀ ਜੀਵਨੀ ਲਿਖੀ ਸੀ।

ਚੋਣ ਪ੍ਰਚਾਰ ਦੌਰਾਨ ਟਰੰਪ ਦਾ ਕਈ ਵਾਰ ਮਰਡੋਕ ਦੇ ਫ਼ੋਕਸ ਨਿਊਜ਼ ਨਾਲ ਤਲਖੀ ਵਾਲਾ ਨਾਤਾ ਰਿਹਾ ਸੀ- ਉਨ੍ਹਾਂ ਨੇ ਪੇਸ਼ਕਾਰ ਮਾਰਗਰੈਟ ਕੈਲੀ ਨਾਲ ਤਕਰਾਰ ਕੀਤੀ, ਇੱਕ ਬਹਿਸ ਵਿੱਚ ਹਿੱਸਾ ਨਹੀਂ ਲਿਆ।

ਇਸ ਸਭ ਦੇ ਬਾਵਜੂਦ ਰਾਸ਼ਟਰਪਤੀ ਫ਼ੋਕਸ ਨਿਊਜ਼ ਦੇ ਵੱਡੇ ਪ੍ਰਸ਼ੰਸ਼ਕ ਹਨ ਤੇ ਕਾਰਜ ਭਾਰ ਸੰਭਾਲਣ ਮਗਰੋਂ ਨੈਟਵਰਕ ਉਨ੍ਹਾਂ ਦਾ ਹਮਾਇਤੀ ਹੋ ਗਿਆ।

ਕਿਹਾ ਜਾਂਦਾ ਹੈ ਕਿ ਟਰੰਪ ਦੀ ਮਰਡੋਕ ਨਾਲ ਫ਼ੌਨ 'ਤੇ ਨਿਰੰਤਰ ਗੱਲਬਾਤ ਹੁੰਦੀ ਰਹਿੰਦੀ ਹੈ।

ਮਰਡੋਕ ਨੇ ਟਰੰਪ ਨੂੰ 'ਇਡੀਅਟ' ਕਿਹਾ

ਸਿਲੀਕੌਨ ਵੈਲੀ ਦੇ ਨੁਮਾਂਇੰਦਿਆਂ ਬਾਰੇ ਲੇਖਕ ਵੁਲਫ਼ ਵੱਲੋਂ ਦਿੱਤੇ ਰਾਸ਼ਟਰਪਤੀ ਟਰੰਪ ਅਤੇ ਮਰਡੋਕ ਦਰਮਿਆਨ ਹੋਈ ਇੱਕ ਫ਼ੋਨ ਕਾਲ ਦੇ ਜ਼ਿਕਰ ਮੁਤਾਬਕ ਇਹ ਦਿਆਨਤਦਾਰੀ ਦੁਵੱਲੀ ਨਹੀਂ ਸੀ।

ਰਾਸ਼ਟਰਪਤੀ ਟਰੰਪ ਅਤੇ ਮਰਡੋਕ ਨੂੰ ਦੱਸਿਆ꞉

"ਇਨ੍ਹਾਂ ਲੋਕਾਂ ਨੂੰ ਵਾਕਈ ਮੇਰੀ ਮਦਦ ਦੀ ਲੋੜ ਹੈ। ਓਬਾਮਾ ਉਨ੍ਹਾਂ ਪ੍ਰਤੀ ਸਖ਼ਤ ਸੀ, ਉਸਨੇ ਬਹੁਤ ਜ਼ਿਆਦਾ ਨਿਯਮ ਬਣਾਏ।' ਮਰਡੋਕ ਨੇ ਕਿਹਾ ਕਿ 'ਡੋਨਲਡ, ਇਨ੍ਹਾਂ ਲੋਕਾਂ ਨੇ ਅੱਠ ਸਾਲਾਂ ਤੱਕ ਓਬਾਮਾ ਨੂੰ ਆਪਣੀ ਜੇਬ ਵਿੱਚ ਰੱਖਿਆ ਹੈ। ਉਨ੍ਹਾਂ ਨੇ ਆਪ ਪ੍ਰਸ਼ਾਸ਼ਨ ਚਲਾਇਆ ਹੈ। ਉਨ੍ਹਾਂ ਨੂੰ ਤੁਹਾਡੀ ਮਦਦ ਦੀ ਲੋੜ ਨਹੀਂ ਹੈ।'

'ਐਚ-1ਬੀ ਵੀਜ਼ੇ ਦਾ ਮੁੱਦਾ ਹੀ ਲਉ। ਉਨ੍ਹਾਂ ਨੂੰ ਇਨ੍ਹਾਂ ਐਚ-1ਬੀ ਵੀਜ਼ਿਆਂ ਦੀ ਲੋੜ ਸੀ। ਮਰਡੋਕ ਨੇ ਸਲਾਹ ਦਿੱਤੀ ਕਿ ਐਚ-1ਬੀ ਵੀਜ਼ਿਆਂ ਬਾਰੇ ਇੱਕ ਫ਼ਰਾਖਦਿਲੀ ਵਾਲੀ ਪਹੁੰਚ ਅਪਨਾਉਣੀ ਜੋ ਅਮਰੀਕਾ ਦੇ ਪ੍ਰਵਾਸੀਆਂ ਲਈ ਰਾਹ ਖੋਲ੍ਹਦੇ ਹਨ ਉਹ ਟਰੰਪ ਦੀ ਅਮਰੀਕਾ ਦੁਆਲੇ ਦੀਵਾਰ ਬਣਾਉਣ ਨਾਲ ਮੇਲ ਨਹੀਂ ਖਾਂਦਾ। ਪਰ ਟਰੰਪ ਪ੍ਰਭਾਵਿਤ ਨਜ਼ਰ ਨਹੀਂ ਆਏ ਤੇ ਕਿਹਾ ਕਿ ਵੇਖ ਲਵਾਂਗੇ। ਕਿਆ ਬੇਵਕੂਫ਼ ਬੰਦਾ ਹੈ ਮਰਡਰੋਕ ਨੇ ਫੌਨ ਕੱਟ ਦਿੱਤਾ।'

ਐਂਥਨੀ ਜ਼ੁਰਕਰ꞉ ਟਰੰਪ ਦੀਆਂ ਪ੍ਰਵਾਸੀ ਭਾਸ਼ਨਾਂ ਤੇ ਇੱਕ ਵਪਾਰੀ ਵਜੋਂ ਕਾਰਜਾਂ ਵਿੱਚ ਤਾਲਮੇਲ ਦੀ ਕਮੀ ਰਹੀ ਹੈ। ਜਦੋਂ ਉਨ੍ਹਾਂ ਦੀਆਂ ਕੰਪਨੀਆਂ ਅਕਸਰ ਪ੍ਰਵਾਸੀ ਮਜ਼ਦੂਰਾਂ 'ਤੇ ਨਿਰਭਰ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)