ਟਰੰਪ ਨੇ ਬੇਹਿੱਸ ਲਹਿਜੇ ਵਿੱਚ ਗੱਲ ਕਰਕੇ ਮੈਨੂੰ ਰੁਆ ਦਿੱਤਾ

ਇੱਕ ਅਮਰੀਕੀ ਫ਼ੌਜੀ ਦੀ ਵਿਧਵਾ ਦਾ ਕਹਿਣਾ ਹੈ ਕਿ ਜਦੋਂ ਟਰੰਪ ਨੇ ਉਸ ਨੂੰ ਅਫ਼ਸੋਸ ਕਰਨ ਲਈ ਫ਼ੋਨ ਕੀਤਾ ਤਾਂ ਉਨ੍ਹਾਂ ਨੂੰ ਮੇਰੇ ਸ਼ਹੀਦ ਪਤੀ ਦਾ ਨਾਂ ਵੀ ਯਾਦ ਨਹੀਂ ਸੀ।

ਸਾਰਜੈਂਟ ਲਾ ਡੇਵਿਡ ਜੋਹਨਸਨ ਦੀ ਵਿਧਵਾ ਮਾਇਸੀਆ ਜੋਹਨਸਨ ਨੇ ਕਿਹਾ ਕਿ ਰਾਸ਼ਟਰਪਤੀ ਦੀ ਲੜਖੜਾਹਟ ਨੇ ਉਨ੍ਹਾਂ ਦੇ ਦਿਲ ਨੂੰ ਸਭ ਤੋਂ ਵੱਧ ਦੁਖਾਇਆ ਹੈ।

ਉਨ੍ਹਾਂ ਅੱਗੇ ਕਿਹਾ, "ਜੇ ਮੇਰਾ ਘਰ ਵਾਲ਼ਾ ਆਪਣੇ ਦੇਸ ਲਈ ਲੜ ਰਿਹਾ ਹੈ ਅਤੇ ਆਪਣੀ ਜਾਨ ਖਤਰੇ ਵਿੱਚ ਪਾਉਂਦਾ ਹੈ ਤਾਂ ਤੁਸੀਂ ਉਸਦਾ ਨਾਮ ਕਿਉਂ ਯਾਦ ਨਹੀਂ ਰੱਖ ਸਕਦੇ?"

ਸਾਂਸਦ ਮੈਂਬਰ ਫਰੈਡਰਿਕਾ ਵਿਲਸਨ ਨੇ ਇਹ ਫ਼ੋਨ ਪਰਿਵਾਰ ਦੇ ਨਾਲ ਹੀ ਸੁਣਿਆ ਸੀ।

ਉਨ੍ਹਾਂ ਨੇ ਟਵੀਟ ਰਾਹੀਂ ਟਰੰਪ ਉੱਪਰ ਗੈਰ ਸੰਜੀਦਾ ਹੋਣ ਦਾ ਇਲਜ਼ਾਮ ਲਾਇਆ।

ਮਾਇਸੀਆ ਜੋਹਨਸਨ ਨੇ ਵੀ ਵਿਲਸਨ ਦੀ ਤਾਈਦ ਕੀਤੀ।

ਸਾਰਜੈਂਟ ਲਾ ਡੇਵਿਡ ਜੋਹਨਸਨ ਨੂੰ ਇਸਲਾਮਿਕ ਅੱਤਵਾਦੀਆਂ ਨੇ ਮਾਰ ਦਿੱਤਾ ਸੀ।

ਮਾਇਸੀਆ ਜੋਹਨਸਨ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਸਾਹਮਣੇ ਉਨ੍ਹਾਂ ਦੇ ਪਤੀ ਦੀ ਰਿਪੋਰਟ ਪਈ ਸੀ।

ਬੋਲਦੇ ਹੋਏ ਟਰੰਪ ਦੀ ਸੁਰ ਨੇ ਸਭ ਤੋਂ ਵੱਧ ਦੁਖੀ ਕੀਤਾ।

ਨਾਮ ਯਾਦ ਕਰਦਿਆਂ ਰਾਸ਼ਟਰਪਤੀ ਥਿੜਕ ਗਏ।

ਟਰੰਪ ਨੇ ਮਾਇਸੀਆ ਜੋਹਨਸਨ ਦੁਆਰਾ ਦਿੱਤੇ ਗਏ ਗੱਲਬਾਤ ਦੇ ਵੇਰਵਿਆਂ ਦਾ ਖੰਡਨ ਕੀਤਾ ਅਤੇ ਆਪਣਾ ਬਚਾਅ ਵੀ ਕੀਤਾ।

ਰਾਸ਼ਟਰਪਤੀ ਨੇ ਲਿਖਿਆ, " ਮੇਰੀ ਸਾਰਜੈਂਟ ਲਾ ਡੇਵਿਡ ਜੋਹਨਸਨ ਦੀ ਵਿਧਵਾ ਨਾਲ ਬਹੁਤ ਸਨਮਾਨਪੂਰਨ ਗੱਲਬਾਤ ਹੋਈ ਹੈ ਅਤੇ ਸ਼ੁਰੂ ਤੋਂ ਹੀ ਉਨ੍ਹਾਂ ਦਾ ਨਾਂ ਬਿਨਾਂ ਹਿਚਕਿਚਾਏ ਬੋਲਿਆ ਸੀ।"

ਸਾਰਜੈਂਟ ਲਾ ਡੇਵਿਡ ਜੋਹਨਸਨ ਨੂੰ ਚਾਰ ਹੋਰ ਸਾਥੀਆਂ ਸਮੇਤ 4 ਅਕਤੂਬਰ ਘਾਤ ਲਾ ਕੇ ਮਾਰ ਦਿੱਤਾ ਗਿਆ ਸੀ।

ਟਰੰਪ ਦੀ ਇਸ ਗੱਲ ਲਈ ਵੀ ਨਿੰਦਾ ਹੋਈ ਕਿ ਉਨ੍ਹਾਂ ਨੇ ਮਾਰੇ ਗਏ ਫ਼ੌਜੀਆਂ ਦੇ ਪਰਿਵਾਰਾਂ ਨਾਲ ਮੌਤ ਦੇ ਤੁਰੰਤ ਬਾਅਦ ਕਿਉਂ ਨਹੀਂ ਰਾਬਤਾ ਕੀਤਾ।

ਟਰੰਪ ਨੇ ਆਪਣਾ ਬਚਾਅ ਇਹ ਕਹਿ ਕੇ ਕੀਤਾ ਕਿ ਉਨ੍ਹਾਂ ਤੋਂ ਪਹਿਲੇ ਰਾਸ਼ਟਰਪਤੀ ਤਾਂ ਮਾਰੇ ਗਏ ਸਿਪਾਹੀਆਂ ਦੇ ਸੰਬੰਧੀਆਂ ਨੂੰ ਫ਼ੋਨ ਵੀ ਨਹੀਂ ਕਰਦੇ ਸਨ।

ਵਾਈਟ ਹਾਊਸ ਅਨੁਸਾਰ ਫ਼ੌਜੀਆਂ ਦੇ ਪਰਿਵਾਰਾਂ ਨਾਲ ਹੋਈ ਇਹ ਗੱਲਬਾਤ ਇਕਾਂਤ ਵਿੱਚ ਹੋਈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)