SOCIAL: 'ਕਹੋ ਤੇ ਸੁਣੋ' ਕਾਲਾ ਪੋਚਾ ਮੁਹਿੰਮ 'ਤੇ ਲੋਕਾ ਦੀ ਰਾਏ

ਪਿਛਲੇ ਕੋਈ ਇੱਕ ਮਹੀਨੇ ਤੋਂ ਪੰਜਾਬ ਵਿੱਚ ਪੰਜਾਬੀ ਨੂੰ ਛੱਡ ਕੇ ਹਿੰਦੀ ਤੇ ਅੰਗਰੇਜ਼ੀ ਵਿੱਚ ਲਿਖੇ ਸਾਈਨ ਬੋਰਡਾਂ ਉੱਤੇ ਕਾਲਾ ਰੰਗ ਫੇਰਿਆ ਜਾ ਰਿਹਾ ਹੈ

ਸ਼ਾਹ ਰਾਹਾਂ ਉੱਤੇ ਲੱਗੇ ਬੋਰਡਾਂ ਤੋਂ ਦੂਜੀਆਂ ਭਾਸ਼ਾਵਾਂ ਵਿੱਚ ਲਿਖੇ ਪਿੰਡਾਂ ਸ਼ਹਿਰਾਂ ਦੇ ਨਾਂ ਕਾਲੇ ਕੀਤੇ ਜਾ ਰਹੇ ਹਨ।

ਬੀਬੀਸੀ ਪੰਜਾਬੀ ਨੇ ਅੱਜ ਪਾਠਕਾਂ ਨੂੰ ਇਸੇ 'ਕਾਲੇ ਪੋਚੇ' ਬਾਰੇ ਵਿਚਾਰ ਦੇਣ ਲਈ ਕਿਹਾ।

'ਕਹੋ ਤੇ ਸੁਣੋ' ਸ਼ਿਰਲੇਖ ਹੇਠ ਅਸੀਂ ਪੁੱਛਿਆ ਕਿ 'ਕੀ ਹਿੰਦੀ ਤੇ ਅੰਗਰੇਜ਼ੀ ਦੇ ਬੋਰਡਾਂ ਉੱਤੇ ਕੂਚੀ ਫੇਰਨ ਨਾਲ ਹੀ ਪੰਜਾਬੀ ਦਾ ਭਲਾ ਹੋ ਜਾਵੇਗਾ?'

ਇਸ ਮਸਲੇ ਉੱਪਰ ਪਾਠਕਾਂ ਦੇ ਭਰਵੇਂ ਵਿਚਾਰ ਹਾਸਲ ਹੋਏ।

ਵੱਖੋ-ਵੱਖਰੇ ਵਿਚਾਰ

ਫੇਸਬੁੱਕ 'ਤੇ ਵਿਚਾਰਾਂ ਨੂੰ ਦੋ ਵਰਗਾਂ ਵਿੱਚ ਵੰਡਕੇ ਵੇਖਿਆ ਜਾ ਸਕਦਾ ਹੈ꞉

'ਕਾਲੇ ਪੋਚੇ' ਦੇ ਪੱਖ ਵਿੱਚ ਅਤੇ ਵਿਰੋਧ ਵਿੱਚ ।

ਪੱਖ ਵਿੱਚ ਲਿਖਣ ਵਾਲਿਆਂ ਨੇ ਇਸ ਮੁਹਿੰਮ ਨੂੰ ਮਾਂ ਬੋਲੀ ਤੇ ਉਸਦੀ ਹੋਂਦ ਨੂੰ ਬਚਾਉਣ ਦਾ ਤਰੀਕਾ ਦੱਸਿਆ।

ਜਦ ਕਿ ਵਿਰੋਧੀਆਂ ਨੇ ਇਸ ਨੂੰ ਸਰਕਾਰੀ ਸਕੂਲਾਂ ਨਾਲ ਜੋੜਿਆ ਅਤੇ ਜਨਤਕ ਜਾਇਦਾਦ ਦੇ ਖਰਾਬੇ ਵਜੋਂ ਪੇਸ਼ ਕੀਤਾ।

ਜਗਜੀਤ ਸਿੰਘ ਖਾਲਸਾ, ਪ੍ਰਿੰਸ ਘੁੰਮਣ ਅਤੇ ਰਾਜੀਵ ਸ਼ਰਮਾ ਜਰਨਲਿਸਟ ਨੇ ਇਸ ਮੁਹਿੰਮ ਨੂੰ ਸਿਰਫ ਸੜਕਾਂ ਦੇ ਬੋਰਡਾਂ ਤੱਕ ਸੀਮਤ ਨਾ ਰੱਖਣ ਦੀ ਸਲਾਹ ਦਿੱਤੀ।

ਜਗਜੀਤ ਸਿੰਘ ਦਾ ਕਹਿਣਾ ਸੀ ਕਿ ਦੁਕਾਨਾਂ ਦੇ ਨਾਮ ਵੀ ਪੰਜਾਬੀ ਵਿੱਚ ਲਿਖੇ ਜਾਣੇ ਚਾਹੀਦੇ ਹਨ।

ਪ੍ਰਿੰਸ ਘੁੰਮਣ ਨੇ ਇਸ ਮੁਹਿੰਮ ਨੂੰ ਕੱਟੜ ਪੰਥੀਆਂ ਨਾਲ ਜੋੜਨ ਲਈ ਮੀਡੀਆ ਦੀ ਆਲੋਚਨਾ ਕੀਤੀ।

ਰਾਜੀਵ ਸ਼ਰਮਾ ਜਰਨਲਿਸਟ ਨੇ ਬੱਚਿਆਂ ਨੂੰ ਕਾਨਵੈਂਟ ਸਕੂਲਾਂ 'ਚੋਂ ਹਟਾਉਣ ਅਤੇ ਆਇਲੈਟਸ ਕਰਨ ਦੀ ਹੋੜ 'ਚ ਲੱਗੇ ਪੰਜਾਬੀਆਂ ਨੂੰ ਵੀ ਸਮਝਾਉਣ ਦੀ ਗੱਲ ਕਹੀ।

ਅਮਨਦੀਪ ਸਿੰਘ ਸਿੱਧੂ ਤੇ ਹਰਦੀਪ ਸਿੰਘ ਨੇ ਇਸ ਕਾਰਵਾਈ ਦੀ ਤੁਲਨਾ ਭਗਤ ਸਿੰਘ ਵੱਲੋਂ ਅਸੈਂਬਲੀ ਵਿੱਚ ਬੰਬ ਸੁੱਟਣ ਨਾਲ ਕੀਤੀ। ਕਿਉਂਕਿ, ਪਹਿਲਾਂ ਦੇ ਮੰਗ ਪੱਤਰਾਂ ਦਾ ਸਰਕਾਰ ਉੱਪਰ ਕੋਈ ਅਸਰ ਨਹੀਂ ਹੋਇਆ।

ਰੋਬਿਨ ਭਖਾਨ, ਵਿਨੀਤ ਗਰਗ ਅਤੇ ਬੱਬੂ ਭੁੱਲਰ ਨੇ ਇਸ ਦਾ ਵਿਰੋਧ ਕੀਤਾ।

ਰੋਬਿਨ ਭਖਾਨ ਨੇ ਕਿਹਾ ਕਿ ਬੋਰਡ ਤਾਂ ਬਾਹਰੋਂ ਆਉਣ ਵਾਲਿਆਂ ਲਈ ਹੁੰਦੇ ਹਨ ਸੋ ਸਿਰਫ ਪੰਜਾਬੀ ਵਿੱਚ ਹੀ ਲਿਖੇ ਜਾਣ ਇਹ ਕਹਿਣਾ ਗਲਤ ਹੈ।

ਵਿਨੀਤ ਗਰਗ ਨੇ ਇਸ ਕਾਰਵਾਈ ਨੂੰ ਸਰਕਾਰੀ ਜਾਇਦਾਦ ਦੀ ਬਰਬਾਦੀ ਕਿਹਾ।

ਬੱਬੂ ਭੁੱਲਰ ਦੂਜੀਆਂ ਬੋਲੀਆਂ ਪ੍ਰਤੀ ਨਫਰਤ ਫੈਲਾਅ ਕੇ ਪੰਜਾਬੀ ਨੂੰ ਮੂਹਰੇ ਕਰਨ ਦਾ ਵਿਰੋਧ ਕੀਤਾ ਹੈ।

ਰਜਿੰਦਰ ਸਿੰਘ ਨੇ ਕਾਲਾ ਪੋਚਾ ਮੁਹਿੰਮ ਨਾਲ ਜੁੜੇ ਲੋਕਾਂ ਉੱਪਰ ਮੁਕਦਮੇ ਦਰਜ ਕਰਨ ਨੂੰ ਵੀ ਗਲਤ ਦੱਸਿਆ ਅਤੇ ਇਸਦੇ ਉਲਟ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯ ਨਾਥ ਖਿਲਾਫ਼ ਕੇਸ ਬਣਾਉਣ ਦੀ ਗੱਲ ਕਹੀ ਜੋ ਤਾਜ ਮਹਿਲ ਨੂੰ ਵੀ "ਦੇਸ਼ ਦੀ ਸੰਪਤੀ ਹੀ ਨਹੀਂ ਸਮਝਦੇ...?

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)