ਕੀ ਹੈ ਅਮਰੀਕਾ ਦੀ ਗ੍ਰੀਨ ਕਾਰਡ ਲਾਟਰੀ ਜਿਸ ਨੂੰ ਟਰੰਪ ਕਰਨਾ ਚਾਹੁੰਦੇ ਖ਼ਤਮ?

ਨਿਊਯਾਰਕ ਹਮਲੇ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ੍ਰੀਨ ਕਾਰਡ ਲਾਟਰੀ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿਊਯਾਰਕ ਵਿੱਚ ਹੋਏ ਟਰੱਕ ਹਮਲੇ ਮਾਮਲੇ ਵਿੱਚ ਸ਼ਾਮਲ ਹਮਲਾਵਰ ਇਸ ਦੀ ਵਜ੍ਹਾ ਨਾਲ ਅਮਰੀਕਾ ਦਾਖਲ ਹੋਇਆ ਸੀ।

ਟਰੰਪ ਨੇ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਤੇ ਲਿਖਿਆ ਕਿ ਪਰਵਾਸੀਆਂ ਦੇ ਲਈ ਬਣੇ ਇਸ ਪ੍ਰੋਗਰਾਮ ਨੂੰ ਬੰਦ ਕਰਕੇ ਇਸ ਦੀ ਥਾਂ ਯੋਗਤਾ ਦੇ ਅਧਾਰ 'ਤੇ ਇੱਕ ਵੱਖਰਾ ਪ੍ਰਬੰਧ ਹੋਣਾ ਚਾਹੀਦਾ ਹੈ।

ਟਰੰਪ ਨੇ ਇਸ ਪ੍ਰੋਗਰਾਮ ਲਈ ਸੀਨੇਟਰ ਚਕ ਸ਼ੂਮਰ ਨੂੰ ਜ਼ਿੰਮੇਵਾਰ ਠਹਿਰਾਇਆ।

ਅਧਿਕਾਰੀ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਪਾਏ ਹਨ ਕਿ ਮੰਗਲਵਾਰ ਨੂੰ ਹੋਏ ਇਸ ਹਮਲੇ ਵਿੱਚ ਮੁੱਖ ਮੁਲਜ਼ਮ ਸੈਫੁੱਲਾ ਸਾਈਪੋਵ ਅਮਰੀਕਾ ਵਿੱਚ ਕਿਵੇਂ ਦਾਖਲ ਹੋਇਆ ਸੀ।

ਬੁੱਧਵਾਰ ਸਵੇਰੇ ਟਰੰਪ ਨੇ ਟਵੀਟ ਕੀਤਾ, "ਇਹ ਕੱਟੜਪੰਥੀ 'ਡਾਇਵਰਸਿਟੀ ਵੀਜ਼ਾ ਲਾਟਰੀ ਪ੍ਰੋਗਰਾਮ' ਜ਼ਰੀਏ ਦੇਸ਼ ਆਇਆ ਸੀ ਜੋ ਚਕ ਸ਼ੂਮਰ ਦੀ ਦੇਣ ਹੈ। ਮੈਂ ਚਾਹੁੰਦਾ ਹਾਂ ਕਿ ਯੋਗਤਾ ਦੇ ਅਧਾਰ 'ਤੇ ਪ੍ਰਬੰਧ ਹੋਵੇ।"

ਟਰੰਪ ਨੇ ਨਿਊਯਾਰਕ ਦੇ ਡੈਮੋਕ੍ਰੇਟਿਕ ਪਾਰਟੀ ਦੇ ਸੀਨੇਟਰ ਚਕ ਸ਼ੂਮਰ 'ਤੇ ਇਲਜ਼ਾਮ ਲਾਇਆ ਕਿ 'ਉਹ ਯੂਰਪ ਦੀਆਂ ਮੁਸ਼ਕਿਲਾਂ ਦਰਾਮਦ ਕਰ ਰਹੇ ਹਨ।'

ਟਰੰਪ ਨੇ ਲਿਖਿਆ ਕਿ "ਉਹ ਇਸ ਪਾਗਲਪਨ ਨੂੰ ਖ਼ਤਮ ਕਰਨੇਗੇ!"

ਡਾਇਵਰਸਿਟੀ ਵੀਜ਼ਾ ਲਾਟਰੀ

ਡਾਇਵਰਸਿਟੀ ਵੀਜ਼ਾ ਲਾਟਰੀ ਪ੍ਰੋਗਰਾਮ ਨੂੰ ਗ੍ਰੀਨ ਕਾਰਡ ਲਾਟਰੀ ਪ੍ਰੋਗਰਾਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਇਸ ਪ੍ਰੋਗਰਾਮ ਦੇ ਤਹਿਤ ਅਮਰੀਕਾ 50 ਹਜ਼ਾਰ ਪਰਵਾਸੀਆਂ ਨੂੰ ਪੱਕੀ ਨਾਗਰਿਕਤਾ ਦਿੰਦਾ ਹੈ।

ਸਾਲ 1990 ਵਿੱਚ ਜਦੋਂ ਇਹ ਕਨੂੰਨ ਬਣਿਆ ਸੀ, ਉਸ ਵੇਲੇ ਚਕ ਸ਼ੂਮਰ ਨੇ ਇਸ ਨੂੰ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ।

ਰਿਪਬਲਿਕਨ ਪਾਰਟੀ ਦੇ ਸੀਨੇਟਰ ਜੈੱਫ਼ ਫਲੇਕ ਨੇ ਕਿਹਾ ਹੈ ਕਿ ਸ਼ੂਮਰ ਨੇ ਸਾਲ 2013 ਵਿੱਚ ਇੱਕ ਪਰਵਾਸੀ ਬਿੱਲ ਦਾ ਮਤਾ ਦਿੱਤਾ ਸੀ ਤੇ ਗ੍ਰੀਨ ਕਾਰਡ ਲਾਟਰੀ ਨੂੰ ਖ਼ਤਮ ਕਰਨ ਦੀ ਗੱਲ ਕਹੀ ਸੀ।

ਇਸ ਕਨੂੰਨ ਦੇ ਤਹਿਤ ਪੱਕੀ ਨਾਗਰਿਕਤਾ ਦਾ ਕੋਟਾ ਜੋ ਫਿਲਹਾਲ ਗ੍ਰੀਨ ਕਾਰਡ ਲਾਟਰੀ ਜ਼ਰੀਏ ਪਰਵਾਸੀਆਂ ਨੂੰ ਮਿਲਦਾ ਹੈ, ਉਹ ਵਧੀਆ ਹੁਨਰ ਵਾਲੇ ਪਰਵਾਸੀਆਂ ਨੂੰ ਦਿੱਤਾ ਜਾਣਾ ਸੀ।

ਪਰਵਾਸੀਆਂ ਲਈ ਇਹ ਬਿਲ ਸੀਨੇਟ ਤੋਂ ਪਾਸ ਹੋ ਗਿਆ, ਪਰ ਕਨੂੰਨ ਦੀ ਸ਼ਕਲ ਨਹੀਂ ਲੈ ਪਾਇਆ ਕਿਉਂਕਿ ਪ੍ਰਤਿਨਿਧੀ ਸਭਾ ਤੋਂ ਮੰਜ਼ੂਰੀ ਨਹੀਂ ਮਿਲ ਸਕੀ ਸੀ।

ਸਾਲ 1990 ਵਿੱਚ ਜਦੋਂ ਇਹ ਕਨੂੰਨ ਬਣਿਆ ਸੀ, ਉਸ ਵੇਲੇ ਚਕ ਸ਼ੂਮਰ ਨੇ ਇਸ ਨੂੰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਰਿਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਜਾਰਜ ਐੱਚ. ਡਬਲਿਊ. ਬੁਸ਼ ਦੇ ਕਾਰਜਕਾਲ ਦੌਰਾਨ ਇਹ ਕਨੂੰਨ ਪਾਸ ਹੋਇਆ ਸੀ ਤੇ ਇਸ ਨੂੰ ਵਿਰੋਧੀ ਪਾਰਟੀਆਂ ਦੇ ਮੈਂਬਰ ਦੇ ਵੋਟ ਵੀ ਮਿਲੇ ਸੀ।

ਕੀ ਹੈ ਟਰੰਪ ਦਾ ਪਰਵਾਸੀ ਸੁਧਾਰ ਪ੍ਰੋਗਰਾਮ

ਮੰਗਲਵਾਰ ਨੂੰ ਹੋਏ ਹਮਲੇ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਅੰਦਰੂਨੀ ਸੁਰੱਖਿਆ ਮਹਿਕਮੇ ਨੂੰ 'ਦੇਸ਼ ਦੇ ਪਰਵਾਸੀਆਂ ਦੀ ਜਾਂਚ ਕਰਨ ਦੇ ਪ੍ਰੋਗਰਾਮ ਨੂੰ ਹੋਰ ਸਖ਼ਤ ਕਰਨ' ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਬੀਤੇ ਸਾਲ ਅਗਸਤ ਵਿੱਚ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਉਹ ਚਾਹੁੰਦੇ ਸੀ ਕਿ ਅਮਰੀਕਾ ਆਉਣ ਵਾਲਿਆਂ ਦੀ ਸਖ਼ਤ ਜਾਂਚ ਹੋਵੇ।

ਇਸ ਤੋਂ ਪਹਿਲਾਂ ਟਰੰਪ ਨੇ ਮੁਸਲਿਮ ਦੇਸ਼ਾਂ ਤੋਂ ਆਉਣ ਵਾਲੇ ਪਰਵਾਸੀਆਂ ਦੇ ਅਮਰੀਕਾ ਆਉਣ 'ਤੇ ਪਾਬੰਦੀ ਲਾ ਦਿੱਤੀ ਸੀ।

ਉਨ੍ਹਾਂ ਦੇ ਇਸ ਕਦਮ ਨੂੰ ਚੁਣੌਤੀ ਦਿੱਤੀ ਗਈ ਸੀ ਅਤੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਕੁਝ ਹਫ਼ਤਿਆਂ ਵਿੱਚ ਸੁਣਵਾਈ ਕਰਨ ਵਾਲਾ ਹੈ।

ਅਮਰੀਕੀ ਸਿਵਲ ਲਿਬਰਟੀਜ਼ ਰਾਈਟਸ ਗਰੁੱਪ ਦਾ ਕਹਿਣਾ ਹੈ ਕਿ ਸਖ਼ਤ ਜਾਂਚ "ਮੁਸਲਮਾਨਾਂ ਖਿਲਾਫ਼ ਵਿਤਕਰਾ ਕਰਨ ਦਾ ਇੱਕ ਤਰੀਕਾ ਹੀ ਹੈ।"

ਟਰੰਪ ਨੇ ਰਿਪਬਲੀਕਨ ਪਾਰਟੀ ਦੇ ਦੋ ਸੀਨੇਟਰਾਂ ਦੇ ਪੇਸ਼ ਕੀਤੇ ਬਿਲ ਨੂੰ ਵੀ ਹਿਮਾਇਤ ਦਿੱਤੀ ਹੈ, ਜਿਸ ਦੇ ਲਾਗੂ ਹੋਣ ਨਾਲ ਲਾਟਰੀ ਦੇ ਅਧਾਰ 'ਤੇ ਚੱਲਣ ਵਾਲੇ ਪਰਵਾਸੀ ਪ੍ਰੋਗਰਾਮ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

'ਦ ਰਿਫਾਰਮਿੰਗ ਅਮਰੀਕਨ ਇਮੀਗ੍ਰੇਸ਼ਨ ਫਾਰ ਸਟਰਾਂਗ ਇੰਪਲਾਇਮੈਂਟ ਐਕਟ' ਨੂੰ ਫਰਵਰੀ ਵਿੱਚ ਪੇਸ਼ ਕੀਤਾ ਗਿਆ ਸੀ, ਪਰ ਇਸ ਨੂੰ ਜ਼ਰੂਰੀ ਵੋਟ ਨਹੀਂ ਮਿਲ ਸਕੇ, ਜਿਸ ਕਰਕੇ ਇਹ ਬਿਲ ਸੀਨੇਟ ਵਿੱਚ ਪਾਸ ਨਹੀਂ ਹੋ ਸਕਿਆ।

ਇਸ ਬਿਲ ਕਰਕੇ ਕਨੂੰਨੀ ਤਰੀਕੇ ਨਾਲ ਅਮਰੀਕਾ ਆਉਣ ਵਾਲਿਆਂ ਦੀ ਗਿਣਤੀ ਅੱਧੀ ਹੋ ਜਾਂਦੀ ਹੈ ਤੇ ਇੱਥੇ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ 'ਚ ਵੀ ਕਮੀ ਆਉਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)