ਨਿਊਯਾਰਕ ਹਮਲਾ: ਹੁਣ ਤਕ ਕੀ ਹੋਇਆ

ਅਮਰੀਕਾ ਵਿੱਚ ਨਿਊਯਾਰਕ ਦੇ ਲੋਅਰ ਮੈਨਹੈਟਨ ਵਿੱਚ ਇੱਕ ਟਰੱਕ ਡਰਾਈਵਰ ਨੇ ਸਾਈਕਲ ਲੇਨ ਵਿੱਚ ਟਰੱਕ ਚੜ੍ਹਾ ਦਿਤਾ। ਇਸ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਖ਼ਮੀ ਹੋ ਗਏ।

ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਨੂੰ ਦਹਿਸ਼ਤਗਰਦੀ ਹਮਲੇ ਦੇ ਤੌਰ 'ਤੇ ਦੇਖ ਰਹੇ ਹਨ। ਸ਼ੱਕੀ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਟਰੱਕ ਡਰਾਈਵਰ ਜਾਣਬੁੱਝ ਕੇ ਸਾਈਕਲ ਸਵਾਰ ਲੋਕਾਂ ਨੂੰ ਟੱਕਰ ਮਾਰਨ ਲੱਗਾ। ਇਸ ਟਰੱਕ ਡਰਾਈਵਰ ਨੂੰ ਪੁਲਿਸ ਨੇ ਜਲਦੀ ਹੀ ਕਾਬੂ ਕਰ ਲਿਆ।

ਅਮਰੀਕੀ ਮੀਡੀਆ ਮੁਤਾਬਕ 29 ਸਾਲ ਦੇ ਇਸ ਡਰਾਈਵਰ ਦਾ ਨਾਮ ਸੇਫੁਲੋ ਸਾਈਪੋਵ ਹੈ ਤੇ ਪ੍ਰਵਾਸੀ ਦੱਸਿਆ ਜਾ ਰਿਹਾ ਹੈ, ਜੋ 2010 ਵਿੱਚ ਅਮਰੀਕਾ ਆਇਆ ਸੀ।

ਨਿਊਯੋਰਕ ਪੁਲਿਸ ਮਹਿਕਮੇ ਦੇ ਕਮਿਸ਼ਨਰ ਜੇਮਸ ਓ ਨੇਲ ਨੇ ਦੱਸਿਆ ਕਿ ਜ਼ਖਮੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਪਰ ਜਾਨ ਨੂੰ ਖ਼ਤਰਾ ਨਹੀਂ ਹੈ।

ਨਿਊਯਾਰਕ ਪੁਲਿਸ ਕਮਿਸ਼ਨਰ ਨੇ ਦੱਸਿਆ:

  • ਦੁਪਿਹਰ ਤਿੰਨ ਵਜੇ ਤੋਂ ਬਾਅਦ, ਰਿਟੇਲਰ ਹੋਮ ਡਿਪੋ ਤੋਂ ਕਿਰਾਏ 'ਤੇ ਲਿਆਂਦੇ ਇੱਕ ਟਰੱਕ ਨੇ ਸਾਈਕਲ ਸਵਾਰਾਂ ਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਟੱਕਰ ਮਾਰੀ। ਡਰਾਈਵਰ ਟਰੱਕ ਨੂੰ ਪੱਛਮੀ ਸੇਂਟ-ਹਾਊਸਟਨ ਸੇਂਟ ਰਾਹ ਦੇ ਕਈ ਬਲਾਕਾਂ ਤੱਕ ਚਲਾਉਂਦਾ ਰਿਹਾ।
  • ਫਿਰ ਉਸ ਨੇ ਇੱਕ ਸਕੂਲ ਬਸ ਨੂੰ ਟੱਕਰ ਮਾਰੀ ਜਿਸ ਵਿੱਚ ਦੋ ਲੋਕ ਤੇ ਦੋ ਬੱਚੇ ਜ਼ਖਮੀ ਹੋ ਗਏ।
  • ਡਰਾਈਵਰ ਕੋਲ ਦੋ ਬੰਦੂਕਾਂ ਸਨ ਤੇ ਉਸ ਨੇ ਬਿਆਨ ਦਿਤਾ ਜੋ ਇੱਕ 'ਦਹਿਸ਼ਤਗਰਦੀ ਹਮਲੇ ਨਾਲ ਮੇਲ ਖਾਂਦਾ ਸੀ'।
  • ਮੌਕੇ 'ਤੇ ਮੌਜੂਦ ਇੱਕ ਪੁਲਿਸ ਅਫ਼ਸਰ ਨੇ ਉਸ ਦੇ ਢਿੱਡ ਵਿੱਚ ਗੋਲੀ ਮਾਰੀ।
  • ਇੱਕ ਪੇਂਟਬਾਲ ਬੰਦੂਕ ਤੇ ਇੱਕ ਪੈਲੇਟ ਗੰਨ ਮੌਕੇ ਤੋਂ ਬਰਾਮਦ ਕੀਤੇ ਗਏ।

ਨਿਊਯਾਰਕ ਦੇ ਮੇਅਰ ਬਿਲ ਦੇ ਬਲਾਜ਼ਿਓ ਨੇ ਕਿਹਾ, "ਇਹ ਇੱਕ ਕਾਇਰਾਨਾ ਦਹਿਸ਼ਤਗਰਦੀ ਕਾਰਵਾਈ ਹੈ, ਜਿਸ ਵਿੱਚ ਬੇਗੁਨਾਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਉਨ੍ਹਾਂ ਲੋਕਾਂ ਤੇ ਹਮਲਾ ਹੈ, ਜੋ ਆਪਣਾ ਕੰਮ ਕਰ ਰਹੇ ਸਨ ਤੇ ਜਿੰਨ੍ਹਾਂ ਨੂੰ ਨਹੀਂ ਪਤਾ ਸੀ ਕਿ ਅਜਿਹਾ ਕੁਝ ਹੋਣ ਵਾਲਾ ਹੈ।"

ਪ੍ਰਤੱਖਦਰਸ਼ੀ ਫ੍ਰੈਂਕ ਨੇ ਇੱਕ ਸਥਾਨਕ ਚੈਨਲ ਟੀਵੀ ਨੈੱਟਵਰਕ ਐੱਨਵਾਈ1 ਨੂੰ ਦੱਸਿਆ, "ਮੈਂ ਦੇਖਿਆ ਉਸ ਦੇ ਹੱਥ ਵਿੱਚ ਕੁਝ ਸੀ, ਪਰ ਉਹ ਕਹਿੰਦੇ ਹਨ ਕਿ ਬੰਦੂਕ ਸੀ। ਜਦੋਂ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਗੋਲੀ ਮਾਰੀ ਤਾਂ ਹਲਚਲ ਵੱਧ ਗਈ। ਮੈਂ ਦੁਬਾਰਾ ਦੇਖਣ ਦੀ ਕੋਸ਼ਿਸ਼ ਕੀਤੀ, ਉਦੋਂ ਤੱਕ ਉਹ ਹੇਠਾਂ ਪਿਆ ਸੀ।"

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਹਮਲਾ ਇੱਕ ਬਿਮਾਰ ਤੇ ਖ਼ਤਰਨਾਕ ਸ਼ਖ਼ਸ ਨੇ ਕੀਤਾ ਹੈ।

ਉਨ੍ਹਾਂ ਦੁੱਖ ਜ਼ਾਹਿਰ ਕਰਦਿਆਂ ਟਵੀਟ ਕੀਤਾ, "ਮੈਨੂੰ ਨਿਊਯੋਰਕ ਦਹਿਸ਼ਤਗਰਦੀ ਹਮਲੇ ਦੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਅਫ਼ਸੋਸ ਹੈ ਤੇ ਮੈਂ ਉਨ੍ਹਾਂ ਲਈ ਅਰਦਾਸ ਕਰਦਾ ਹਾਂ। ਰੱਬ ਤੇ ਤੁਹਾਡਾ ਦੇਸ਼ ਤੁਹਾਡੇ ਨਾਲ ਹੈ।"

ਕੁਝ ਹੋਰ ਟਵੀਟਸ ਵਿੱਚ ਉਨ੍ਹਾਂ ਕਿਹਾ, "ਸਾਨੂੰ ਮਿਡਲ ਈਸਟ ਤੇ ਹੋਰਨਾਂ ਥਾਵਾਂ 'ਤੇ ਹਰਾਉਣ ਤੋਂ ਬਾਅਦ ਆਈ.ਐੱਸ.ਆਈ.ਐੱਸ. ਨੂੰ ਆਪਣੇ ਦੇਸ਼ ਵਿੱਚ ਦੁਬਾਰਾ ਦਾਖਲ ਨਹੀਂ ਹੋਣ ਦੇਣਾ ਚਾਹੀਦਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)