ਕੌਣ ਹੈ ਨਿਊਯਾਰਕ ਟਰੱਕ ਹਮਲੇ ਦਾ ਮੁੱਖ ਸ਼ੱਕੀ?

ਮੰਗਲਵਾਰ ਦੇ ਨਿਊਯਾਰਕ ਟਰੱਕ ਹਮਲੇ ਵਿੱਚ ਮੁੱਖ ਸ਼ੱਕੀ ਵਜੋਂ ਸਵਾਫਲੋ ਸਾਈਪੋਵ ਦਾ ਨਾਂ ਅਮਰੀਕੀ ਮੀਡੀਆ ਵਿੱਚ ਸਾਹਮਣੇ ਆਇਆ ਹੈ।

ਇਹ ਵਿਅਕਤੀ 2010 ਵਿੱਚ ਉਜ਼ਬੇਕਿਸਤਾਨ ਤੋਂ ਅਮਰੀਕਾ ਆਇਆ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਹ ਕਨੂੰਨੀ ਤੌਰ 'ਤੇ ਇੱਥੋਂ ਦਾ ਨਾਗਰਿਕ ਹੈ।

ਫ਼ਰਵਰੀ 1988 ਵਿੱਚ ਪੈਦਾ ਹੋਏ ਸਵਾਫਲੋ ਸਾਈਪੋਵ ਨੇ ਫਲੋਰਿਡਾ ਅਤੇ ਨਿਊਜਰਸੀ ਵਿੱਚ ਰਹਿ ਕੇ ਗ੍ਰੀਨ ਕਾਰਡ ਹਾਸਲ ਕੀਤਾ ਸੀ।

ਉਹ ਕਨੂੰਨੀ ਤੌਰ 'ਤੇ ਅਮਰੀਕਾ ਵਿੱਚ ਕੰਮ ਕਰਨ ਦੇ ਯੋਗ ਹੈ।

ਅਮਰੀਕੀ ਅਧਾਰਤ ਉਜ਼ਬੇਕ ਧਾਰਮਿਕ ਕਾਰਕੁੰਨ ਅਤੇ ਬਲਾਗਰ ਮੀਰਖਮਤ ਮਿਮਿਨੋਵ ਨੇ ਬੀਬੀਸੀ ਨੂੰ ਦੱਸਿਆ ਕਿ ਅਮਰੀਕਾ ਆਉਣ ਤੋਂ ਬਾਅਦ ਉਹ ਇੰਟਰਨੈੱਟ 'ਤੇ ਹੁੰਦੇ ਪ੍ਰਾਪੇਗੰਡੇ ਕਾਰਨ ਕੱਟੜਪੰਥੀ ਹੋ ਗਿਆ।

ਉਹ ਤਿੰਨ ਬੱਚਿਆਂ ਦਾ ਬਾਪ ਹੈ।

ਉਨ੍ਹਾਂ ਕਿਹਾ ਕਿ ਉਹ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਸੀ ਅਤੇ ਅਮਰੀਕਾ ਆਉਣ ਤੋਂ ਪਹਿਲਾਂ ਉਸ ਨੂੰ ਕੁਰਾਨ ਦੀ ਜਾਣਕਾਰੀ ਨਹੀਂ ਸੀ।

ਮਿਮਿਨੋਵ ਨੇ ਕਿਹ, "ਸ਼ੁਰੂਆਤ ਵਿੱਚ ਉਹ ਇਕ ਆਮ ਸਧਾਰਨ ਜਿਹਾ ਇਨਸਾਨ ਸੀ।"

ਉਜ਼ਬੇਕਿਸਤਾਨ ਤੋਂ ਅਮਰੀਕਾ ਆਏ ਕੋਬਿਲਜੋਨ ਮਾਤਕਰੋਵ ਨੇ ਦੱਸਿਆ ਕਿ ਜਦੋਂ ਉਹ ਸਾਈਪੋਵ ਨੂੰ ਜਾਣਦਾ ਸੀ ਉਹ ਇੱਕ ਚੰਗਾ ਇੰਸਾਨ ਸੀ। ਉਸ ਨੂੰ ਅਮਰੀਕਾ ਪਸੰਦ ਸੀ ਅਤੇ ਉਹ ਹਮੇਸ਼ਾ ਖ਼ੁਸ਼ ਰਹਿੰਦਾ ਸੀ।

ਉਨ੍ਹਾਂ ਦੱਸਿਆ ਕਿ ਸਾਈਪੋਵ ਅੱਤਵਾਦੀ ਨਹੀਂ ਲਗਦਾ ਸੀ, ਪਰ ਉਹ ਉਸ ਨੂੰ ਅੰਦਰੋਂ ਨਹੀਂ ਜਾਣਦੇ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)