ਉੱਤਰੀ ਕੋਰੀਆ ‘ਤੇ ਸਿਰਫ ਇੱਕੋ ਚੀਜ਼ ਕੰਮ ਕਰੇਗੀ: ਡੋਨਾਲਡ ਟਰੰਪ

ਉੱਤਰੀ ਕੋਰੀਆ ਨਾਲ ਗੱਲਬਾਤ ਤੋਂ ਬਾਅਦ ਵੀ ਨਤੀਜੇ ਨਾ ਨਿਕਲਣ 'ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਸਿਰਫ 'ਇੱਕ ਹੀ ਚੀਜ਼ ਉਸ 'ਤੇ ਕੰਮ ਕਰੇਗੀ।'

ਟਰੰਪ ਨੇ ਟਵੀਟ ਕੀਤਾ, ''ਰਾਸ਼ਟਰਪਤੀ ਅਤੇ ਉਨ੍ਹਾਂ ਦੀਆਂ ਸਰਕਾਰਾਂ ਪਿਛਲੇ 25 ਸਾਲਾਂ ਤੋਂ ਉੱਤਰ ਕੋਰੀਆ ਨਾਲ ਗੱਲ ਕਰ ਰਹੀਆਂ ਹਨ, ਪਰ ਇਸ ਨਾਲ ਕੋਈ ਨਤੀਜੇ ਨਹੀਂ ਨਿਕਲੇ ਹਨ।''

ਹਾਲਾਂਕਿ ਟਰੰਪ ਨੇ ਇਹ ਨਹੀਂ ਦੱਸਿਆ ਕਿ ਉਹ ਕਿਹੜੀ ਇੱਕ ਚੀਜ਼ ਹੈ।

ਅਮਰੀਕਾ ਅਤੇ ਉੱਤਰੀ ਕੋਰੀਆ ਵਿਚਾਲੇ ਕਾਫੀ ਸਮੇਂ ਤੋਂ ਭੜਕਾਊ ਜ਼ੁਬਾਨੀ ਜੰਗ ਚੱਲ ਰਹੀ ਹੈ। ਅਮਰੀਕਾ ਚਾਹੁੰਦਾ ਹੈ ਕਿ ਉੱਤਰੀ ਕੋਰੀਆ ਮਿਜ਼ਾਈਲ ਪ੍ਰੋਗਰਾਮ ਰੋਕ ਦੇਵੇ।

ਉੱਤਰੀ ਕੋਰੀਆ ਦਾ ਦਾਅਵਾ ਹੈ ਕਿ ਲੰਮੀ ਦੂਰੀ ਦੀ ਮਿਜ਼ਾਈਲ 'ਤੇ ਲੱਗਣ ਵਾਲੇ ਛੋਟੇ ਪਰਮਾਣੂ ਹਥਿਆਰ ਉਨ੍ਹਾਂ ਨੇ ਬਣਾ ਲਏ ਹਨ।

ਟਰੰਪ ਇਸ ਤੋਂ ਪਹਿਲਾਂ ਵੀ ਧਮਕੀ ਦੇ ਚੁਕੇ ਹਨ ਕਿ ਉਹ ਉੱਤਰ ਕੋਰੀਆ ਨੂੰ ਬਰਬਾਦ ਕਰ ਦੇਣਗੇ, ਜੇਕਰ ਅਮਰੀਕਾ ਦੇ ਰਾਸ਼ਟਰੀ ਹਿੱਤਾਂ ਜਾਂ ਫਿਰ ਉਸਦੇ ਸਾਥੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।

'ਟਰੰਪ ਦਾ ਸੰਕੇਤਕ ਐਲਾਨ'

ਵਾਸ਼ਿੰਗਟਨ ਵਿੱਚ ਬੀਬੀਸੀ ਪੱਤਰਕਾਰ ਲੌਰਾ ਬਿਕਰ ਮੁਤਾਬਕ ਸ਼ਨੀਵਾਰ ਨੂੰ ਕੀਤਾ ਗਿਆ ਇਹ ਟਵੀਟ ਟਰੰਪ ਦੇ ਸੰਕੇਤਕ ਐਲਾਨਾਂ 'ਚੋਂ ਇੱਕ ਹੈ।

ਪਿਛਲੇ ਹਫਤੇ ਇਹ ਸੰਕੇਤ ਮਿਲੇ ਸਨ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਉੱਤਰ ਕੋਰੀਆ ਨਾਲ ਸਿੱਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਸ 'ਤੇ ਵੀ ਟਰੰਪ ਨੇ ਟਵੀਟ ਕੀਤਾ ਸੀ, ''ਆਪਣੀ ਊਰਜਾ ਨੂੰ ਬਚਾ ਕੇ ਰੱਖੋ ਰੈਕਸ, ਅਸੀਂ ਕਰਾਂਗੇ ਜੋ ਸਾਨੂੰ ਕਰਨਾ ਹੈ।''

ਟਿਲਰਸਨ ਨਾਲ ਰਿਸ਼ਤਾ

ਸ਼ਨੀਵਾਰ ਨੂੰ ਰਾਸ਼ਟਰਪਤੀ ਟਰੰਪ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਵਿਦੇਸ਼ ਮੰਤਰੀ ਨਾਲ ਉਨ੍ਹਾਂ ਦੇ ਸੰਬੰਧ ਚੰਗੇ ਹਨ। ਹਾਲਾਂਕਿ ਟਰੰਪ ਨੇ ਇਹ ਵੀ ਕਿਹਾ ਸੀ ਰੈਕਸ ਸਖ਼ਤ ਹੋ ਸਕਦੇ ਹਨ।

ਇਸ ਤੋਂ ਪਹਿਲਾਂ ਟਿਲਰਸਨ ਆਪਣੇ ਅਤੇ ਟਰੰਪ ਵਿਚਾਲੇ ਮਤਭੇਦ ਦੀਆਂ ਰਿਪੋਰਟਾਂ ਦਾ ਖੰਡਨ ਕਰ ਚੁਕੇ ਹਨ।

ਰਾਸ਼ਟਰਪਤੀ ਟਰੰਪ ਦੀ ਇਹ ਗੱਲ ਇਕੱਲੀ ਧਮਕੀ ਵੀ ਹੋ ਸਕਦੀ ਹੈ। ਬੀਬੀਸੀ ਪੱਤਰਕਾਰ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਇਸ ਨੂੰ ਖ਼ਤਰਾ ਵੀ ਮੰਨ ਸਕਦਾ ਹੈ।

ਹਾਲਾਂਕਿ ਸਤੰਬਰ ਵਿੱਚ ਉੱਤਰ ਕੋਰੀਆ ਨੇ ਕੌਮਾਂਤਰੀ ਅਲੋਚਨਾ ਨੂੰ ਹਲਕੇ ਵਿੱਚ ਲਿਆ ਸੀ।

ਉੱਤਰੀ ਕੋਰੀਆ ਨੇ ਆਪਣਾ ਛੇਵਾਂ ਪਰਮਾਣੂ ਪ੍ਰੀਖਣ ਕੀਤਾ ਅਤੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਹੋਰ ਪਰੀਖਣ ਦਾ ਵੀ ਐਲਾਨ ਕੀਤਾ ਸੀ।

ਸਤੰਬਰ ਵਿੱਚ ਸੰਯੁਕਤ ਰਾਸ਼ਟਰ 'ਚ ਦਿੱਤੇ ਆਪਣੇ ਭਾਸ਼ਣ 'ਚ ਟਰੰਪ ਨੇ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਦੀ ਧਮਕੀ ਦਿੱਤੀ ਸੀ।

ਟਰੰਪ ਨੇ ਕਿਹਾ ਸੀ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਆਤਮਘਾਤੀ ਮਿਸ਼ਨ 'ਤੇ ਹਨ।

ਇਹਦੇ ਜਵਾਬ 'ਚ ਕਿਮ ਨੇ ਕਿਹਾ ਸੀ ਕਿ ਮਾਨਸਿਕ ਰੂਪ ਤੋਂ ਬੀਮਾਰ ਅੱਗ ਨਾਲ ਖੇਡਣ ਵਾਲੇ ਸ਼ੌਕੀਨ ਅਮਰੀਕੀ ਬੁੱਢੇ ਨੂੰ ਉਹ ਯਕੀਨਨ ਵੱਸ 'ਚ ਕਰਨਗੇ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)