ਡੌਨਲਡ ਟਰੰਪ ਬਾਰੇ ਨਵੀਂ ਕਿਤਾਬ 'ਚ 10 ਧਮਾਕੇਦਾਰ ਦਾਅਵੇ

ਪੱਤਰਕਾਰ ਮਾਈਕਲ ਵੁਲਫ ਦਾ ਦਾਅਵਾ ਹੈ ਕਿ ਇਹ ਕਿਤਾਬ ਦੋ ਸੌ ਤੋਂ ਵੱਧ ਇੰਟਰਵਿਊਜ਼ ਦੇ ਅਧਾਰ'ਤੇ ਲਿਖੀ ਹੈ ਜਦ ਕਿ ਟਰੰਪ ਨੇ ਕਿਤਾਬ ਵਿੱਚ ਕੀਤੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ।

ਡੌਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਜਿੱਤਣ ਤੋਂ ਬਾਅਦ ਹੈਰਾਨ ਸਨ ਅਤੇ ਉਨ੍ਹਾਂ ਨੂੰ ਆਪਣੀ ਜਿੱਤ 'ਤੇ ਵਿਸ਼ਵਾਸ਼ ਹੀ ਨਹੀਂ ਸੀ ਹੋ ਰਿਹਾ।

ਇਸ ਤੋਂ ਇਲਾਵਾ ਉਹ ਵ੍ਹਾਈਟ ਹਾਊਸ 'ਚ ਆਪਣੇ ਸਹੁੰ-ਚੁੱਕ ਸਮਾਗਮ ਦੌਰਾਨ ਵੀ ਡਰਿਆ- ਡਰਿਆ ਮਹਿਸੂਸ ਕਰ ਰਹੇ ਸਨ।

ਡੌਨਲਡ ਟਰੰਪ ਬਾਰੇ ਇਹ ਦਾਅਵੇ ਤੇ ਦਿਲਚਸਪ ਖੁਲਾਸੇ ਇੱਕ ਨਵੀਂ ਕਿਤਾਬ 'ਚ ਕੀਤੇ ਗਏ ਹਨ।

ਪੱਤਰਕਾਰ ਮਾਈਕਲ ਵੁਲਫ ਨੇ ਆਪਣੀ ਪੁਸਤਕ 'ਫ਼ਾਇਰ ਐਂਡ ਫਿਊਰੀ꞉ ਇਨ ਸਾਈਡ ਦਿ ਟਰੰਪ ਵ੍ਹਾਈਟ ਹਾਊਸ' ਵਿੱਚ ਲਿਖਿਆ ਹੈ ਕਿ ਡੋਨਲਡ ਟਰੰਪ ਦੀ ਬੇਟੀ ਇਵਾਂਕਾ ਵੀ ਅਮਰੀਕਾ ਦੀ ਰਾਸ਼ਟਰਪਤੀ ਬਣਨ ਦੀ ਖਾਹਿਸ਼ ਰੱਖਦੀ ਹੈ।

ਹਾਲਾਂਕਿ ਵ੍ਹਾਈਟ ਹਾਊਸ ਨੇ ਇਸ ਕਿਤਾਬ 'ਚ ਪੇਸ਼ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ।

ਮਾਈਕਲ ਵੁਲਫ ਨੇ ਦੱਸਿਆ ਕਿ ਉਨ੍ਹਾਂ ਦੀ ਕਿਤਾਬ 200 ਤੋਂ ਵੱਧ ਇੰਟਰਵਿਊਜ਼ 'ਤੇ ਅਧਾਰਿਤ ਹੈ। ਇਹ ਕਿਤਾਬ ਸ਼ੁਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਕਿਤਾਬ 'ਚ ਡੌਨਲਡ ਟਰੰਪ ਬਾਰੇ ਪੇਸ਼ ਦਸ ਵੱਡੇ ਦਾਅਵੇ

1. 'ਆਪਣੀ ਜਿੱਤ ਤੋਂ ਹੈਰਾਨ ਸਨ ਟਰੰਪ'

ਵੁਲਫ ਨੇ ਆਪਣੀ ਕਿਤਾਬ ਵਿੱਚ ਦਾਅਵਾ ਕੀਤਾ ਹੈ ਕਿ ਨਵੰਬਰ 2016 'ਚ ਡੌਨਲਡ ਟਰੰਪ ਅਮਰੀਕੀ ਰਾਸ਼ਟਪਤੀ ਵਜੋਂ ਚੁਣੇ ਜਾਣ 'ਤੇ ਹੈਰਾਨ ਸਨ।

ਵੁਲਫ ਨੇ ਲਿਖਿਆ ਹੈ-

"ਨਤੀਜਿਆਂ ਦੀ ਰਾਤ ਅੱਠ ਵਜੇ ਜਦੋਂ ਟਰੰਪ ਦੀ ਜਿੱਤ ਦੇ ਅਣਕਿਆਸੇ ਰੁਝਾਨ ਆਉਣੇ ਸ਼ੁਰੂ ਹੋਏ ਅਤੇ ਉਨ੍ਹਾਂ ਮੁਤਾਬਕ ਲੱਗਾ ਕਿ ਇਹ ਅੰਦਾਜ਼ਾ ਲਾਇਆ ਜਾਣ ਲੱਗਾ ਕਿ ਸ਼ਾਇਦ ਟਰੰਪ ਰਾਸ਼ਟਰਪਤੀ ਚੋਣਾਂ ਜਿੱਤ ਸਕਦੇ ਹਨ।

ਇਸਤੋਂ ਬਾਅਦ ਟਰੰਪ ਦੇ ਬੇਟੇ ਟਰੰਪ ਜੂਨੀਅਰ ਨੇ ਆਪਣੇ ਇੱਕ ਦੋਸਤ ਨੂੰ ਦੱਸਿਆ ਕਿ ਸ਼ਾਇਦ ਉਨ੍ਹਾਂ ਦੇ ਪਿਤਾ ਅਗਲੇ ਰਾਸ਼ਟਰਪਤੀ ਬਣਨ ਵਾਲੇ ਹਨ।

ਇਸ ਨਾਲ ਟਰੰਪ ਦੀ ਪਤਨੀ ਮੈਲੇਨੀਆ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਕਰੀਬ ਇੱਕ ਘੰਟੇ ਬਾਅਦ ਸਟੀਵ ਬੈਨਨ ਦਾ ਅੰਦਾਜ਼ਾ ਸਹੀ ਸਾਬਿਤ ਹੁੰਦਾ ਨਜ਼ਰ ਆਉਣ ਲੱਗਾ।

ਟਰੰਪ ਨੂੰ ਇਸ ਗੱਲ 'ਤੇ ਵਿਸ਼ਵਾਸ਼ ਨਹੀਂ ਹੋ ਰਿਹਾ ਸੀ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਬਣ ਚੁੱਕੇ ਹਨ।"

2. 'ਸਹੁੰ-ਚੁੱਕ ਸਮਾਗਮ ਦੇ ਆਨੰਦ ਨਹੀਂ ਮਾਣ ਰਹੇ ਸਨ'

ਲੇਖਕ ਵੁਲਫ ਲਿਖਦੇ ਹਨ꞉ "ਟਰੰਪ ਆਪਣੇ ਸਹੁੰ-ਚੁੱਕ ਸਮਾਗਮ ਦਾ ਲੁਤਫ਼ ਨਹੀਂ ਲੈ ਰਹੇ ਸਨ। ਉਹ ਇਸ ਗੱਲ ਤੋਂ ਨਾਰਾਜ਼ ਸਨ ਕਿ ਅਮਰੀਕਾ ਦੀਆਂ ਅਹਿਮ ਸ਼ਖਸ਼ੀਅਤਾਂ ਇਸ ਸਮਾਗਮ 'ਚ ਕਿਉਂ ਨਹੀਂ ਪਹੁੰਚੀਆਂ।

ਉਨ੍ਹਾਂ ਨੂੰ ਬਲੇਅਰ ਹਾਊਸ ਵੀ ਕੁਝ ਖ਼ਾਸ ਪਸੰਦ ਨਹੀਂ ਆ ਰਿਹਾ ਸੀ ਅਤੇ ਟਰੰਪ ਆਪਣੀ ਪਤਨੀ ਨਾਲ ਵੀ ਖਹਿਬੜ ਰਹੇ ਸਨ। ਅਜਿਹਾ ਲੱਗਾ ਕਿ ਮੈਲੇਨੀਆ ਦੇ ਹੰਝੂ ਬਸ ਵੱਗਣ ਹੀ ਵਾਲੇ ਹਨ।"

ਹਾਲਾਂਕਿ ਮੈਲੇਨੀਆ ਟਰੰਪ ਦੇ ਦਫ਼ਤਰ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਸੰਚਾਰ ਨਿਰਦੇਸ਼ਕ ਸਟੀਫਨ ਗ੍ਰਿਸ਼ਮ ਨੇ ਆਪਣੇ ਇੱਕ ਬਿਆਨ 'ਚ ਕਿਹਾ, "ਸ਼੍ਰੀਮਤੀ ਟਰੰਪ ਨੇ ਆਪਣੇ ਪਤੀ ਦੇ ਰਾਸ਼ਟਰਪਤੀ ਅਹੁਦੇ ਦਾ ਚੋਣਾਂ ਲੜਣ ਦੇ ਫ਼ੈਸਲੇ ਦਾ ਹਮੇਸ਼ਾ ਸਮਰਥਨ ਕੀਤਾ।

ਉਨ੍ਹਾਂ ਨੇ ਹਮੇਸ਼ਾ ਉਨ੍ਹਾਂ ਦਾ ਹੌਸਲਾ ਵਧਾਇਆ। ਉਨ੍ਹਾਂ ਨੂੰ ਆਪਣੇ ਪਤੀ ਦੀ ਜਿੱਤ ਦਾ ਭਰੋਸਾ ਸੀ ਅਤੇ ਉਹ ਜਿੱਤ ਤੋਂ ਬਾਅਦ ਬੇਹੱਦ ਖੁਸ਼ ਸੀ।"

3. 'ਟਰੰਪ ਨੂੰ ਦੋਸਤਾਂ ਦੀਆਂ ਪਤਨੀਆਂ ਪਸੰਦ'

ਕਿਤਾਬ ਦੇ ਇੱਕ ਅਧਿਆਏ 'ਚ ਲਿਖਿਆ ਗਿਆ ਹੈ ਕਿ ਡੌਨਲਡ ਟਰੰਪ ਆਪਣੇ ਦੋਸਤਾਂ ਦੀਆਂ ਪਤਨੀਆਂ ਨਾਲ ਹਮਬਿਸਤਰ ਹੋਣਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਜ਼ਿੰਦਗੀ ਜੀਵਨਦਾਇਕ ਬਣ ਜਾਂਦੀ ਹੈ।

"ਉਹ ਆਪਣੇ ਮਿੱਤਰਾਂ ਦੀਆਂ ਪਤਨੀਆਂ ਦਾ ਪਿੱਛਾ ਕਰਦੇ ਹਨ। ਉਹ ਕੋਸ਼ਿਸ਼ ਕਰਦੇ ਹਨ ਕਿ ਉਹ ਉਨ੍ਹਾਂ ਦੋਸਤਾਂ ਦੀਆਂ ਪਤਨੀਆਂ ਦੇ ਨੇੜੇ ਹੋ ਸਕਣ ਜੋ ਆਪਣੇ ਪਤੀਆਂ ਤੋਂ ਨਾਖੁਸ਼ ਹਨ।"

4. 'ਵੱਖ-ਵੱਖ ਕਮਰਿਆਂ 'ਚ ਸੌਂਦੇ ਹਨ ਟਰੰਪ ਤੇ ਮੈਲੇਨੀਆ'

ਵੁਲਫ ਇਹ ਵੀ ਲਿਖਦੇ ਹਨ ਕਿ ਟਰੰਪ ਨੂੰ ਇੱਕ ਵਾਰ ਤਾਂ ਵ੍ਹਾਈਟ ਹਾਊਸ ਡਰਾਉਣਾ ਲੱਗਿਆ ਸੀ।

"ਟਰੰਪ ਨੂੰ ਵ੍ਹਾਈਟ ਹਾਊਸ ਕੁਝ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੂੰ ਉਹ ਥੋੜ੍ਹਾ ਡਰਾਉਣਾ ਵੀ ਲੱਗਿਆ। ਉਨ੍ਹਾਂ ਨੇ ਆਪਣੇ ਬੈੱਡਰੂਮ 'ਚ ਕੁੱਝ ਤਬਦੀਲੀਆਂ ਕੀਤੀਆਂ।

ਕੈਨੇਡੀ ਤੋਂ ਬਾਅਦ ਅਜਿਹਾ ਪਹਿਲੀ ਵਾਰ ਸੀ ਜਦੋਂ ਕੋਈ ਜੋੜਾ ਵ੍ਹਾਈਟ ਹਾਊਸ ਅੰਦਰ ਵੱਖ ਵੱਖ ਕਮਰਿਆਂ ਵਿੱਚ ਸੋਂ ਰਿਹਾ ਸੀ।

ਟਰੰਪ ਦੇ ਕਮਰੇ ਵਿੱਚ ਪਹਿਲਾਂ ਟੀਵੀ ਸੀ ਪਰ ਫਿਰ ਵੀ ਉਨ੍ਹਾਂ ਨੇ ਪਹਿਲੇ ਦਿਨ ਹੀ ਦੋ ਹੋਰ ਟੀਵੀ ਲਗਾਉਣ ਦੇ ਆਰਡਰ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦਰਵਾਜ਼ੇ ਲਈ ਨਵਾਂ ਜਿੰਦਰਾ ਵੀ ਮੰਗਵਾਇਆ ਹੈ।"

5. 'ਇਵਾਂਕਾ ਬਣਨਾ ਚਾਹੁੰਦੀ ਹੈ ਰਾਸ਼ਟਰਪਤੀ'

"ਟਰੰਪ ਦੀ ਬੇਟੀ ਇਵਾਂਕਾ ਵੀ ਆਉਣ ਵਾਲੇ ਸਮੇਂ ਵਿੱਚ ਰਾਸ਼ਟਰਪਤੀ ਚੋਣਾਂ ਲੜ ਸਕਦੀ ਹੈ।

ਵੁਲਫ ਮੁਤਾਬਕ ਇਵਾਂਕਾ ਅਤੇ ਉਨ੍ਹਾਂ ਦੇ ਪਤੀ ਜੈਰੇਡ ਕੁਸ਼ਨਰ ਨੇ ਇਸ ਸਬੰਧੀ ਕਥਿਤ ਤੌਰ 'ਤੇ ਇੱਕ ਸਮਝੌਤਾ ਵੀ ਕੀਤਾ ਹੈ।

"ਜੈਰੇਡ ਅਤੇ ਇਵਾਂਕਾ ਨੇ ਕਾਫੀ ਸੋਚ ਸਮਝ ਕੇ ਇਹ ਫੈਸਲਾ ਲਿਆ ਹੈ ਕਿ ਉਹ ਪੱਛਮੀ ਵਿੰਗ ਦੇ ਕੰਮ ਸੰਭਾਲਣਗੇ।

ਦੋਵਾਂ ਨੇ ਮਿਲ ਕੇ ਇਹ ਸੋਚਿਆ ਹੈ ਕਿ ਆਉਣ ਵਾਲੇ ਸਮੇਂ 'ਚ ਮੌਕਾ ਮਿਲਿਆ ਤਾਂ ਇਵਾਂਕਾ ਰਾਸ਼ਟਰਪਤੀ ਚੋਣਾਂ ਲੜ ਸਕਦੀ ਹੈ। ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਇਵਾਂਕਾ ਟਰੰਪ ਹੋ ਸਕਦੀ ਹੈ।"

6. 'ਟਰੰਪ ਦੇ ਵਾਲਾਂ ਦਾ ਮਜ਼ਾਕ ਉਡਾਉਂਦੀ ਹੈ ਇਵਾਂਕਾ'

ਕਿਤਾਬ 'ਚ ਲਿਖਿਆ ਹੈ ਕਿ ਇਵਾਂਕਾ ਆਪਣੇ ਪਿਤਾ ਡੌਨਲਡ ਟਰੰਪ ਦੇ ਵਾਲਾਂ ਦਾ ਅਕਸਰ ਮਜ਼ਾਕ ਉਡਾਉਂਦੀ ਹੈ।

ਟਰੰਪ ਨੇ ਸਕੈਲਪ ਰਿਡਕਸ਼ਨ ਸਰਜਰੀ ਕਰਵਾਈ ਹੈ। ਇਵਾਂਕਾ ਇਸ ਸਬੰਧੀ ਆਪਣੇ ਦੋਸਤਾਂ ਵਿੱਚ ਮਜ਼ਾਕ ਕਰਦੀ ਹੈ।

7. 'ਟਰੰਪ ਦੀਆਂ ਪ੍ਰਾਥਮਿਕਤਾਵਾਂ ਨੂੰ ਨਹੀਂ ਸਮਝ ਸਕਿਆ ਵ੍ਹਾਇਟ ਹਾਊਸ'

ਵ੍ਹਾਈਟ ਹਾਊਸ ਸਟਾਫ ਦੀ ਡਿਪਟੀ ਚੀਫ਼ ਕੈਟੀ ਵਾਲਸ਼ ਨੇ ਰਾਸ਼ਟਰਪਤੀ ਦੇ ਸੀਨੀਅਰ ਸਲਾਹਕਾਰ ਕੁਸ਼ਨਰ ਕੋਲੋਂ ਪੁੱਛਿਆ ਸੀ ਕਿ ਪ੍ਰਸ਼ਾਸਨ ਦੀਆਂ ਪ੍ਰਾਥਮਿਕਤਾਵਾਂ ਕੀ ਹਨ।

ਕਿਤਾਬ ਮੁਤਾਬਕ ਇਸ ਸਵਾਲ ਦਾ ਕੁਸ਼ਨਰ ਕੋਲ ਜਵਾਬ ਨਹੀਂ ਸੀ

ਕੈਟਾ ਵਾਲਸ਼ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਤਿੰਨ ਚੀਜ਼ਾਂ ਦੱਸੀਆਂ ਜਾਣ ਜਿਨਾਂ 'ਤੇ ਰਾਸ਼ਟਰਪਤੀ ਦਾ ਫੋਕਸ ਹੈ।

ਇਸ ਵ੍ਹਾਈਟ ਹਾਊਸ ਦੀਆਂ ਪ੍ਰਾਥਮਿਕਤਾਵਾਂ ਦੀ ਹਨ? ਆਮ ਤੌਰ 'ਤੇ ਰਾਸ਼ਟਰਪਤੀ ਕੋਲ ਇਸ ਦਾ ਲੰਬਾ ਚੌੜਾ ਜਵਾਬ ਹੁੰਦਾ ਹੈ ਪਰ 6 ਹਫਤੇ ਲੰਘਣ ਤੋਂ ਬਾਅਦ ਵੀ ਕੁਸ਼ਨਰ ਕੋਲ ਕੋਈ ਜਵਾਬ ਨਹੀਂ ਸੀ।

8. 'ਮਰਡੋਕ ਤੋਂ ਪ੍ਰਭਾਵਿਤ ਸਨ ਟਰੰਪ'

ਕਿਤਾਬ 'ਚ ਇਹ ਵੀ ਲਿਖਿਆ ਹੈ ਕਿ ਡੋਨਲਡ ਟਰੰਪ ਮੀਡੀਆ ਟਾਈਕੂਨ ਰੂਪਰਟ ਮਰਡੋਕ ਦਾ ਕਾਫੀ ਸਨਮਾਨ ਕਰਦੇ ਸਨ।

ਵੁਲਫ ਇਸ ਤੋਂ ਪਹਿਲਾਂ ਰੂਪਰਟ ਮਰਡੋਕ ਦੀ ਜੀਵਨੀ ਵੀ ਲਿਖ ਚੁੱਕੇ ਸਨ।

ਟਰੰਪ ਨੇ ਇੱਕ ਪਾਰਟੀ ਦੌਰਾਨ ਮਰਡੋਕ ਬਾਰੇ ਕਿਹਾ ਸੀ, "ਉਹ ਮਹਾਨ ਲੋਕਾਂ 'ਚੋਂ ਇੱਕ ਹਨ, ਕੁਝ ਮਹਾਨ ਲੋਕਾਂ 'ਚੋਂ ਇੱਕ।"

9. 'ਮਰਡੋਕ ਨੇ ਟਰੰਪ ਨੂੰ ਦੱਸਿਆ ਸੀ 'ਇਡੀਅਟ'

ਡੌਨਲਡ ਟਰੰਪ ਬੇਸ਼ੱਕ ਮਰਡੋਕ ਕੋਲੋਂ ਕਿੰਨੇ ਵੀ ਪ੍ਰਭਾਵਿਤ ਹੋਣ ਪਰ ਮਰਡੋਕ ਵੱਲੋਂ ਇਸ ਤਰ੍ਹਾਂ ਦਾ ਕੋਈ ਸਨਮਾਨ ਟਰੰਪ ਨੂੰ ਨਹੀਂ ਮਿਲਿਆ।

ਐੱਚ 1 ਬੀ ਵੀਜ਼ਾ ਸਬੰਧੀ ਮਰਡੋਕ ਅਤੇ ਟਰੰਪ ਦੇ ਵਿਚਾਰ ਵੀ ਵੱਖ ਹਨ ਅਤੇ ਇਸੇ ਸਿਲਸਿਲੇ ਵਿੱਚ ਮਰਡੋਕ ਨੇ ਟਰੰਪ ਨੂੰ ਇਡੀਅਟ (ਮੂਰਖ) ਵੀ ਕਿਹਾ ਸੀ।

10. 'ਫਿਲਨ ਜਾਣਦੇ ਸਨ ਰੂਸੀ ਸਬੰਧ ਪਰੇਸ਼ਾਨੀ ਵਧਾਉਣਗੇ'

ਅਮਰੀਕਾ ਦੇ ਸਾਬਕਾ ਸੁਰੱਖਿਆ ਸਲਾਹਕਾਰ ਮਾਈਕ ਫਿਲਨ ਜਾਣਦੇ ਸਨ ਕਿ ਮਾਸਕੋ ਕੋਲੋਂ ਮਦਦ ਲੈਣ 'ਤੇ ਆਉਣ ਵਾਲੇ ਸਮੇਂ ਵਿੱਚ ਪਰੇਸ਼ਾਨੀਆਂ ਵੱਧ ਸਕਦੀਆਂ ਹਨ।

ਕਿਤਾਬ ਮੁਤਾਬਕ ਚੋਣਾਂ ਤੋਂ ਪਹਿਲਾਂ ਫਿਲਨ ਨੂੰ ਉਨ੍ਹਾਂ ਦੇ ਕੁਝ ਦੋਸਤਾਂ ਨੇ ਕਿਹਾ ਸੀ ਟਰੰਪ ਦੇ ਭਾਸ਼ਣਾਂ ਲਈ ਰੂਸ ਤੋਂ 45 ਹਜ਼ਾਰ ਡਾਲਰ ਲੈਣਾ ਕੋਈ ਚੰਗਾ ਵਿਚਾਰ ਨਹੀਂ ਹੈ।

ਕਿਤਾਬ ਬਾਰੇ ਟਰੰਪ ਦੀ ਪ੍ਰਤੀਕਿਰਿਆ

ਟਰੰਪ ਨੇ ਕਿਹਾ ਹੈ ਕਿ ਨਾ ਤਾਂ ਉਨ੍ਹਾਂ ਨੇ ਲੇਖਕ ਵੁਲਫ ਨਾਲ ਕਦੇ ਕਿਤਾਬ ਬਾਰੇ ਕੋਈ ਗੱਲ ਕੀਤੀ ਹੈ ਤੇ ਨਾ ਹੀ ਵ੍ਹਾਈਟ ਹਾਊਸ ਬਾਰੇ ਕੋਈ ਭੇਤ ਦਿੱਤਾ ਹੈ।

ਕਿਤਾਬ ਝੂਠ ਦਾ ਪੁਲੰਦਾ ਹੈ ਤੇ ਅਫ਼ਵਾਹਾਂ ਫੈਲਾਉਂਦੀ ਹੈ ਤੇ ਉਨ੍ਹਾਂ ਸਰੋਤਾਂ ਤੇ ਅਧਾਰਿਤ ਹੈ ਜਿਨ੍ਹਾਂ ਦੀ ਹੋਂਦ ਹੀ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)