ਡੋਨਾਲਡ ਟਰੰਪ ਦੀ ਬ੍ਰਿਟੇਨ ਦੀ ਪ੍ਰਧਾਨਮੰਤਰੀ ਨੂੰ ਅੱਤਵਾਦ 'ਤੇ ਨਸੀਹਤ

ਡੋਨਾਲਡ ਟਰੰਪ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੇਰੀਜ਼ਾ ਮੇ ਨੂੰ ਬ੍ਰਿਟੇਨ ਵਿੱਚ 'ਅਤਿਵਾਦ' ਉੱਤੇ ਧਿਆਨ ਦੇਣ ਲਈ ਕਿਹਾ ਹੈ। ਟਰੰਪ ਵੱਲੋਂ ਸੱਜੇ-ਪੱਖੀ ਵੀਡੀਓਜ਼ ਸ਼ੇਅਰ ਕਰਨ 'ਤੇ ਟੇਰੀਜ਼ਾ ਮੇ ਵੱਲੋਂ ਨਿੰਦਾ ਕਰਨ ਤੋਂ ਬਾਅਦ ਇਹ ਬਿਆਨ ਸਾਹਮਣੇ ਆਇਆ ਹੈ।

ਟਰੰਪ ਨੇ ਟਵੀਟ ਕੀਤਾ, "ਮੇਰੇ 'ਤੇ ਧਿਆਨ ਨਾ ਦਿਓ, ਵਿਨਾਸ਼ਕਾਰੀ ਕੱਟੜਪੰਥੀ ਇਸਲਾਮਿਕ ਅੱਤਵਾਦ 'ਤੇ ਧਿਆਨ ਦਿਓ ਜੋ ਕਿ ਯੂਕੇ ਵਿੱਚ ਸਰਗਰਮ ਹੈ।"

ਅਮਰੀਕੀ ਰਾਸ਼ਟਰਪਤੀ ਨੇ ਪਹਿਲਾਂ ਤਿੰਨ ਭੜਕਾਊ ਵੀਡੀਓਜ਼ ਦੁਬਾਰਾ ਟਵੀਟ ਕੀਤੀਆਂ ਸਨ। ਇਹ ਵੀਡੀਓਜ਼ ਇੱਕ ਬ੍ਰਿਟਿਸ਼ ਸੱਜੇ-ਪੱਖੀ ਗਰੁਪ ਵੱਲੋਂ ਪੋਸਟ ਕੀਤੀਆਂ ਗਈਆਂ ਸਨ।

ਟੇਰੀਜ਼ਾ ਮੇ ਦੇ ਬੁਲਾਰੇ ਨੇ ਕਿਹਾ, "ਰਾਸ਼ਟਰਪਤੀ ਵੱਲੋਂ ਅਜਿਹਾ ਕਰਨਾ ਗਲਤ ਹੈ।"

ਕਿਹੜੇ ਸੰਗਠਨ ਦੇ ਵੀਡੀਓ ਕੀਤੇ ਰੀ-ਟਵੀਟ?

ਅਮਰੀਕਾ ਤੇ ਬ੍ਰਿਟੇਨ ਗਹਿਰੇ ਦੋਸਤ ਹਨ ਤੇ ਮੰਨਿਆ ਜਾਂਦਾ ਹੈ ਕਿ ਦੋਹਾਂ 'ਚ ਇੱਕ 'ਖਾਸ ਰਿਸ਼ਤਾ' ਹੈ। ਟਰੰਪ ਦੇ ਵਾਈਟ ਹਾਊਸ ਜਾਣ ਵਾਲੀ ਟੇਰੀਜ਼ਾ ਮੇ ਪਹਿਲੀ ਵਿਦੇਸ਼ੀ ਆਗੂ ਸੀ।

ਟਰੰਪ ਵੱਲੋਂ ਸ਼ੇਅਰ ਕੀਤੇ ਵੀਡੀਓ 'ਬ੍ਰਿਟੇਨ ਫਰਸਟ' ਗਰੁੱਪ ਦੀ ਡਿਪਟੀ ਆਗੂ ਜੇਅਡਾ ਫ੍ਰੈਨਸਨ ਵੱਲੋਂ ਪੋਸਟ ਕੀਤੇ ਗਏ ਸੀ। ਇਹ ਸੰਗਠਨ ਸੱਜੇ ਪੱਖੀ ਬ੍ਰਿਟਿਸ਼ ਨੈਸ਼ਨਲ ਪਾਰਟੀ ਦੇ ਸਾਬਕਾ ਮੈਂਬਰਾਂ ਵੱਲੋਂ ਸਥਾਪਤ ਕੀਤਾ ਗਿਆ ਸੀ।

31 ਸਾਲਾ ਫ੍ਰੈਨਸਨ 'ਤੇ ਇੰਗਲੈਂਡ ਵਿੱਚ ਬੇਲਫਾਸਟ ਵਿੱਚ ਇੱਕ ਰੈਲੀ ਦੌਰਾਨ 'ਧਮਕਾਉਣ ਤੇ ਬਦਸਲੂਕੀ ਵਾਲੇ ਸ਼ਬਦਾਂ ਦਾ ਇਸਤੇਮਾਲ' ਕਰਨ ਦੇ ਇਲਜ਼ਾਮ ਲੱਗੇ ਹਨ।

ਬ੍ਰਿਟੇਨ ਦੇ ਕਈ ਸਿਆਸਤਦਾਨਾਂ ਨੇ ਟਰੰਪ ਵੱਲੋਂ ਇਹ ਟਵੀਟ ਦੁਬਾਰਾ ਸ਼ੇਅਰ ਕਰਨ ਦੀ ਨਿੰਦਾ ਕੀਤੀ ਹੈ।

ਟੇਰੀਜ਼ਾ ਮੇ 'ਤੇ ਨਿਸ਼ਾਨਾ ਲਾਉਂਦਿਆਂ ਟਰੰਪ ਨੇ ਪਹਿਲਾਂ ਗਲਤ ਟਵਿੱਟਰ ਅਕਾਉਂਟ ਟੈਗ ਕਰ ਦਿੱਤਾ ਸੀ, ਜਿਸ ਦੇ ਸਿਰਫ਼ 6 ਹੀ ਫੋਲੋਅਰ ਸਨ।

ਫਿਰ ਉਨ੍ਹਾਂ ਨੇ ਉਹ ਟਵੀਟ ਹਟਾਇਆ ਤੇ ਦੁਬਾਰਾ ਪੋਸਟ ਕੀਤਾ ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਦੇ ਅਧਿਕਾਰਤ ਅਕਾਉਂਟ ਨੂੰ ਟੈਗ ਕੀਤਾ।

ਟਰੰਪ ਨੇ ਦੁਬਾਰਾ ਕੀ ਟਵੀਟ ਕੀਤਾ ਸੀ?

ਪਹਿਲੇ ਵੀਡੀਓ ਵਿੱਚ ਕਥਿਤ ਤੌਰ 'ਤੇ 'ਮੁਸਲਮਾਨ ਪਰਵਾਸੀ' ਇੱਕ ਨੌਜਵਾਨ ਡਚ 'ਤੇ ਹਮਲਾ ਕਰਦਾ ਦੇਖਿਆ ਜਾ ਰਿਹਾ ਹੈ। ਹਾਲਾਂਕਿ ਇਸ ਦਾਅਵੇ ਦੇ ਕੋਈ ਸਬੂਤ ਨਹੀਂ।

ਡਚ ਪਬਲਿਕ ਪ੍ਰੋਸੀਕਿਊਸ਼ਨ ਸਰਵਿਸ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਹਮਲਾਵਰ ਨੀਦਰਲੈਂਡ ਦਾ ਹੀ ਜੰਮਪਲ ਹੈ ਤੇ ਪਰਵਾਸੀ ਨਹੀਂ ਹੈ।

ਵਾਸ਼ਿੰਗਟਨ ਡੀਸੀ ਵਿੱਚ ਡਚ ਐਂਬਸੀ ਨੇ ਟਵਿੱਟਰ 'ਤੇ ਇਸ ਦੀ ਪੁਸ਼ਟੀ ਕੀਤੀ।

ਦੂਜਾ ਵੀਡੀਓ ਜੋ ਕਿ ਟਰੰਪ ਵੱਲੋਂ ਸ਼ੇਅਰ ਕੀਤਾ ਗਿਆ ਸੀ ਉਸ ਵਿੱਚ ਇੱਕ ਸ਼ਖ਼ਸ ਵਰਜਨ ਮੈਰੀ ਦੀ ਮੂਰਤੀ ਦੀ ਭੰਨ-ਤੋੜ ਕਰਦਾ ਨਜ਼ਰ ਆ ਰਿਹਾ ਹੈ।

ਇਹ ਵੀਡੀਓ 2013 ਵਿੱਚ ਯੂਟਿਊਬ 'ਤੇ ਅਪਲੋਡ ਕੀਤੀ ਗਈ ਸੀ।

ਤੀਜਾ ਵੀਡੀਓ ਇਜਿਪਟ ਵਿੱਚ 2013 ਵਿੱਚ ਹੋਏ ਦੰਗਿਆਂ ਦਾ ਹੈ। ਇਸ ਵੀਡੀਓ ਵਿੱਚ ਇੱਕ ਸ਼ਖ਼ਸ ਨੂੰ ਅਲੈਗਜ਼ੈਂਡਰੀਆ ਵਿੱਚ ਇੱਕ ਇਮਾਰਤ ਤੋਂ ਧੱਕਾ ਦਿੱਤਾ ਜਾ ਰਿਹਾ ਹੈ।

2015 ਵਿੱਚ ਇਸ ਮਾਮਲੇ ਵਿੱਚ ਮੁਲਜ਼ਮਾਂ 'ਤੇ ਮੁਕਦਮਾ ਚੱਲਿਆ ਤੇ ਇੱਕ ਸ਼ਖ਼ਸ ਨੂੰ ਫਾਂਸੀ ਦੀ ਸਜ਼ਾ ਹੋਈ।

ਟਰੰਪ ਵੱਲੋਂ ਇਹ ਵੀਡੀਓਜ਼ ਸ਼ੇਅਰ ਕਰਨ 'ਤੇ ਡੈਮੋਕ੍ਰੈਟਸ ਤੇ ਰਿਪਬਲਿਕਨਸ ਨੇ ਨਿੰਦਾ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)