ਬਿਟ-ਕੁਆਇਨ ਦਾ ਹਾਲ ਟਿਊਲਿਪ ਦੇ ਫੁੱਲਾਂ ਵਰਗਾ ਨਾ ਹੋ ਜਾਵੇ!

ਵਰਚੁਅਲ ਮੁਦਰਾ ਬਿਟ-ਕੁਆਇਨ ਦੀ ਕੀਮਤ ਪਹਿਲੀ ਵਾਰ 10 ਹਜ਼ਾਰ ਡਾਲਰ ਨੂੰ ਛੂਹ ਗਈ ਹੈ। ਭਾਰਤੀ ਕਰੰਸੀ ਵਿੱਚ ਇਸ ਦੀ ਕੀਮਤ ਦੇਖੀਏ, ਤਾਂ ਇਹ ਲਗਭਗ ਸਾਢੇ 6 ਲੱਖ ਬੈਠਦੀ ਹੈ।

ਸੋਮਵਾਰ ਨੂੰ ਇਸਦੀ ਕੀਮਤ ਵਿੱਚ ਅਚਾਨਕ ਸਾਢੇ 4 ਫ਼ੀਸਦ ਦਾ ਉਛਾਲ ਆਇਆ ਅਤੇ ਭਾਰਤੀ ਮੁਦਰਾ ਵਿੱਚ ਇਸਦੀ ਕੀਮਤ ਕਰੀਬ ਸਾਢੇ 6 ਲੱਖ ਹੋ ਗਈ।

ਲਕਜ਼ਮਬਰਗ ਅਧਾਰਿਤ ਬਿਟ-ਕੁਆਇਨ ਐਕਸਚੇਂਜ ਦੇ ਮੁਤਾਬਿਕ ਬਿਟ-ਕੁਆਇਨ ਨੇ ਇਸ ਸਾਲ ਅਪਣਾ ਸਫ਼ਰ 1000 ਡਾਲਰ ਤੋਂ ਸ਼ੁਰੂ ਕੀਤਾ ਸੀ ਯਾਨਿ ਕਿ ਜਨਵਰੀ ਦੀ ਸ਼ੁਰੂਆਤ ਵਿੱਚ ਇੱਕ ਬਿਟ-ਕੁਆਇਨ ਦੇ ਬਦਲੇ 1000 ਡਾਲਰ ਮਿਲਦੇ ਸੀ।

2009 ਵਿੱਚ ਲਾਂਚ ਹੋਣ ਤੋਂ ਬਾਅਦ ਤੋਂ ਇਸ ਵਰਚੁਅਲ ਕਰੰਸੀ ਦੀਆਂ ਕੀਮਤਾਂ ਵਿੱਚ ਭਾਰੀ ਉਤਾਰ-ਚੜਾਅ ਆਉਂਦਾ ਰਿਹਾ ਹੈ।

ਭਵਿੱਖ 'ਤੇ ਸਵਾਲ

ਕਈ ਮਾਹਰਾਂ ਨੇ ਇਸ ਵਰਚੁਅਲ ਕਰੰਸੀ ਦੇ ਭਵਿੱਖ 'ਤੇ ਸਵਾਲ ਵੀ ਚੁੱਕੇ ਹਨ। ਅਮਰੀਕਾ ਦੇ ਸਭ ਤੋਂ ਵੱਡੇ ਬੈਂਕ ਜੇਪੀ ਮੌਰਗਨ ਚੇਜ਼ ਦੇ ਮੁੱਖ ਅਧਿਕਾਰੀ(ਸੀਈਓ) ਜੇਮੀ ਡਿਮੌਨ ਨੇ ਵੀ ਇਸ ਨੂੰ ਲੈ ਕੇ ਸਵਾਲ ਚੁੱਕੇ ਹਨ।

ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਬਿਟਕੁਆਇਨ ਦਾ ਹਾਲ ਕਿਤੇ ਸਤੱਰਵੀਂ ਸਦੀ ਦੀ ਸ਼ੁਰੂਆਤ ਵਿੱਚ ਟਿਊਲਿਪ ਦੇ ਫੁੱਲਾਂ ਦੀਆਂ ਕੀਮਤਾਂ ਵਿੱਚ ਆਏ ਅਚਾਨਕ ਉਛਾਲ ਵਰਗਾ ਨਾ ਹੋ ਜਾਵੇ।

ਇਸਦਾ ਅੰਦਾਜ਼ਾ 1623 ਦੀ ਇੱਕ ਘਟਨਾ ਤੋਂ ਲਗਾ ਸਕਦੇ ਹਾਂ ਜਦੋਂ ਏਮਸਟਰਡਮ ਸ਼ਹਿਰ ਵਿੱਚ ਅੱਜ ਦੇ ਟਾਊਨ ਹਾਊਸ ਦੇ ਬਰਾਬਰ ਦੀ ਕੀਮਤ ਵਿੱਚ ਉਸ ਵੇਲੇ ਟਿਊਲਿਪ ਦੀ ਇੱਕ ਖ਼ਾਸ ਕਿਸਮ ਦੀਆਂ ਦਸ ਗੰਢਾਂ ਖ਼ਰੀਦੀਆਂ ਗਈਆਂ ਸੀ।

ਉਸ ਪੈਸੇ 'ਤੇ ਵੀ ਟਿਊਲਿਪ ਦੀਆਂ ਗੰਢਾਂ ਦੇ ਮਾਲਕ ਨੇ ਸੌਦਾ ਨਹੀਂ ਕੀਤਾ ਸੀ। ਜਦੋਂ ਸੱਤਰਵੀਂ ਸਦੀ ਵਿੱਚ ਸੌਦੇ ਦੀ ਚਰਚਾ ਦੂਰ-ਦੁਰਾਡੇ ਤੱਕ ਫੈਲੀ ਤਾਂ ਬਜ਼ਾਰ ਵਿੱਚ ਨਵੀਂ-ਨਵੀਂ ਖੂਬੀਆਂ ਵਾਲੇ ਟਿਊਲਿਪਸ ਦੀਆਂ ਹੋਰ ਗੰਢਾਂ ਵੀ ਆਉਣ ਲੱਗੀਆਂ।

ਇਸ ਕਿੱਸੇ ਨੂੰ 1999 ਵਿੱਚ ਆਈ ਮਾਈਕ ਡੈਸ਼ ਦੀ ਕਿਤਾਬ ''ਟਿਊਲਿਪੋਮੈਨਿਆ' ਵਿੱਚ ਚੰਗੀ ਤਰ੍ਹਾਂ ਬਿਆਨ ਕੀਤਾ ਗਿਆ ਹੈ।

ਟਿਊਲਿਪ ਦੇ ਕਿੱਸੇ

ਸੱਤਾਰਵੀਂ ਸਦੀ ਵਿੱਚ ਟਿਊਲਿਪ ਦੇ ਕਾਰੋਬਾਰ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਲੋਕ ਉਸ ਵੇਲੇ ਫੁੱਲਾਂ ਦਾ ਨਹੀਂ ਇਸ ਦੀਆਂ ਗੰਢਾਂ ਦਾ ਕਾਰੋਬਾਰ ਕਰਦੇ ਸੀ। ਯਾਨਿ ਟਿਊਲਿਪ ਨੂੰ ਪੈਸੇ ਦੀ ਤਰ੍ਹਾਂ ਲੈਣ ਦੇਣ ਵਿੱਚ ਵਰਤਿਆ ਜਾਂਦਾ ਸੀ।

ਸੰਪਤੀ ਨੂੰ ਟਿਊਲਿਪ ਦੀਆਂ ਗੰਢਾਂ ਦੇ ਬਦਲੇ 'ਚ ਵੇਚੇ ਜਾਣ ਦੇ ਕਈ ਕਿੱਸੇ ਸੁਣੇ ਗਏ ਸੀ। 1633 ਦੇ ਆਉਂਦੇ-ਆਉਂਦੇ ਇਸਦੀ ਮੰਗ ਐਨੀ ਵੱਧ ਗਈ ਕਿ ਟਿਊਲਿਪ ਦੀ ਇੱਕ ਕਿਸਮ, ਸੇਂਪਰ ਔਗਸਟਨ ਦੀ ਇੱਕ ਗੰਢ 5500 ਗਿਲਡਰ ਵਿੱਚ ਵਿਕੀ।

ਗਿਲਡਰ ਉਸ ਵੇਲੇ ਹੌਲੈਂਡ ਦੀ ਕਰੰਸੀ ਸੀ। ਅਗਲੇ ਚਾਰਾਂ ਸਾਲਾਂ ਵਿੱਚ ਇਸਦੀ ਕੀਮਤ ਦੁੱਗਣੀ ਹੋ ਗਈ। ਇਹ ਐਨੀ ਰਕਮ ਸੀ ਕਿ ਉਸ ਵੇਲੇ ਇੱਕ ਪਰਿਵਾਰ ਦੀ ਅੱਧੀ ਜ਼ਿੰਦਗੀ ਦੇ ਖਾਣ-ਪੀਣ ਤੇ ਕੱਪੜਿਆਂ ਦਾ ਖ਼ਰਚਾ ਨਿਕਲ ਆਉਂਦਾ।

1637 ਦੇ ਆਉਂਦੇ-ਆਉਂਦੇ ਇਹ ਕਾਰੋਬਾਰ ਬੁਲੰਦੀ 'ਤੇ ਪਹੁੰਚ ਗਿਆ। ਉਸ ਵੇਲੇ ਵੱਡੇ ਕਾਰੋਬਾਰੀ ਹੀ ਨਹੀਂ, ਮੋਚੀ, ਤਰਖ਼ਾਣ ਅਤੇ ਦਰਜੀ ਤੱਕ ਟਿਊਲਿਪ ਦੇ ਧੰਦੇ ਵਿੱਚ ਲੱਗ ਗਏ ਸੀ।

ਟਿਊਲਿਪ ਦੀਆਂ ਕਈ ਗੰਢਾਂ ਤਾਂ ਇੱਕ ਦਿਨ ਵਿੱਚ ਦਸ ਵਾਰ ਵਿੱਕ ਜਾਂਦੀਆਂ ਸੀ। ਤਾਂ ਇਸਦੇ ਕਾਰੋਬਾਰ ਵਿੱਚ ਮੰਦੀ ਆਉਣੀ ਹੀ ਸੀ। 1637 ਵਿੱਚ ਇੱਕ ਦਿਨ ਅਚਾਨਕ ਟਿਊਲਿਪ ਦਾ ਬਜ਼ਾਰ ਢਹਿ ਗਿਆ। ਕਾਰਨ ਸਾਫ਼ ਸੀ।ਅਮੀਰ ਤੋਂ ਅਮੀਰ ਲੋਕ, ਸਸਤੇ ਤੋਂ ਸਸਤਾ ਟਿਊਲਿਪ ਨਹੀਂ ਖ਼ਰੀਦ ਪਾ ਰਹੇ ਸੀ।

ਕਾਰੋਬਾਰ ਬੈਠਿਆ ਤਾਂ ਤਮਾਮ ਦਿੱਕਤਾਂ ਸ਼ੁਰੂ ਹੋ ਗਈਆਂ। ਕਰਜ਼ਾ ਲੈ ਕੇ ਕਾਰੋਬਾਰ ਕਰਨ ਵਾਲਿਆਂ ਲਈ ਸਭ ਤੋਂ ਵੱਧ ਮੁਸੀਬਤ ਖੜ੍ਹੀ ਹੋ ਗਈ।

ਦਿਲਚਸਪ ਗੱਲ ਇਹ ਰਹੀ ਕਿ ਟਿਊਲਿਪ ਤਾਂ ਠੱਪ ਹੋਇਆ ਹੀ, ਪਰ ਹੌਲੈਂਡ ਦੇ ਲੋਕਾਂ ਵਿੱਚ ਫੁੱਲਾਂ ਦਾ ਸ਼ੌਕ ਘੱਟ ਨਹੀਂ ਹੋਇਆ। ਅਸਲੀ ਫੁੱਲ ਗਾਇਬ ਹੋਏ ਤਾਂ ਫੁੱਲਾਂ ਦੀ ਪੇਟਿੰਗ ਦਾ ਕਾਰੋਬਾਰ ਸ਼ੁਰੂ ਹੋ ਗਿਆ।

ਕੀ ਹੈ ਬਿਟ-ਕੁਆਇਨ

  • ਬਿਟ-ਕੁਆਇਨ ਇੱਕ ਵਰਚੁਅਲ ਮੁਦਰਾ ਹੈ ਜਿਸ 'ਤੇ ਕੋਈ ਸਰਕਾਰੀ ਕੰਟਰੋਲ ਨਹੀਂ ਹੈ।
  • ਇਸ ਮੁਦਰਾ ਨੂੰ ਕਿਸੇ ਬੈਂਕ ਨੇ ਜਾਰੀ ਨਹੀਂ ਕੀਤਾ। ਇਹ ਕਿਸੇ ਦੇਸ਼ ਦੀ ਮੁਦਰਾ ਨਹੀਂ ਹੈ ਇਸ ਲਈ ਇਸ 'ਤੇ ਕੋਈ ਟੈਕਸ ਨਹੀਂ ਲਗਾਉਂਦਾ।
  • ਬਿਟ-ਕੁਆਇਨ ਪੂਰੀ ਤਰ੍ਹਾਂ ਗੁਪਤ ਕਰੰਸੀ ਹੈ ਅਤੇ ਇਸਨੂੰ ਸਰਕਾਰ ਤੋਂ ਲੁਕਾ ਕੇ ਰੱਖਿਆ ਜਾਂਦਾ ਹੈ।
  • ਇਸ ਨੂੰ ਦੁਨੀਆਂ ਵਿੱਚ ਕਿਤੇ ਵੀ ਸਿੱਧਾ ਖ਼ਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ।
  • ਸ਼ੁਰੂਆਤ ਵਿੱਚ ਕੰਪਿਊਟਰ 'ਤੇ ਬਹੁਤ ਔਖੇ ਕੰਮਾਂ ਦੇ ਬਦਲੇ ਇਹ ਕ੍ਰਿਪਟੋ ਕਰੰਸੀ ਕਮਾਈ ਜਾਂਦੀ ਸੀ।

ਇੱਕ ਅਨੁਮਾਨ ਮੁਤਾਬਿਕ ਮੌਜੂਦਾ ਸਮੇਂ ਵਿੱਚ ਕਰੀਬ ਡੇਢ ਕਰੋੜ ਬਿਟ-ਕੁਆਇਨ ਦਾ ਲੈਣ-ਦੇਣ ਹੋ ਰਿਹਾ ਹੈ।

ਬਿਟ-ਕੁਆਇਨ ਖ਼ਰੀਦਣ ਲਈ ਯੂਜ਼ਰ ਨੂੰ ਪਤਾ ਰਜਿਸਟਰ ਕਰਵਾਉਣਾ ਹੁੰਦਾ ਹੈ। ਇਹ ਪਤਾ 27 ਤੋਂ 34 ਅੱਖਰਾਂ ਜਾਂ ਅੰਕਾਂ ਦੇ ਕੋਡ ਵਿੱਚ ਹੁੰਦਾ ਹੈ ਅਤੇ ਵਰਚੁਅਲ ਪਤੇ ਦੀ ਤਰ੍ਹਾਂ ਕੰਮ ਕਰਦਾ ਹੈ। ਇਸੇ ਤਰ੍ਹਾਂ ਬਿਟ-ਕੁਆਇਨ ਭੇਜੇ ਜਾਂਦੇ ਹਨ।

ਇਨ੍ਹਾਂ ਵਰਚੁਅਲ ਪਤਿਆਂ ਨੂੰ ਰਜਿਸਟਰ ਨਹੀਂ ਕੀਤਾ ਜਾਂਦਾ ਅਜਿਹੇ ਵਿੱਚ ਬਿਟ-ਕੁਆਇਨ ਰੱਖਣ ਵਾਲੇ ਲੋਕ ਆਪਣੀ ਪਹਿਚਾਣ ਗੁਪਤ ਰੱਖ ਸਕਦੇ ਹਨ।

ਇਹ ਪਤਾ ਬਿਟ-ਕੁਆਇਨ ਵੌਲੇਟ ਵਿੱਚ ਸਟੋਰ ਕੀਤਾ ਜਾਂਦਾ ਹੈ ਜਿਸ ਵਿੱਚ ਬਿਟ-ਕੁਆਇਨ ਰੱਖੇ ਜਾਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)