You’re viewing a text-only version of this website that uses less data. View the main version of the website including all images and videos.
ਬ੍ਰਤਾਨਵੀ ਮੰਤਰੀ ਪ੍ਰੀਤੀ ਪਟੇਲ ਦਾ ਅਸਤੀਫ਼ਾ, ਗਲਤੀ ਕਿੱਥੇ ਹੋਈ?
ਭਾਰਤੀ ਮੂਲ ਦੀ ਬ੍ਰਤਾਨਵੀ ਮੰਤਰੀ ਪ੍ਰੀਤੀ ਪਟੇਲ ਨੇ ਆਪਣੀ ਨਿੱਜੀ ਇਜ਼ਰਾਈਲ ਫ਼ੇਰੀ 'ਤੇ ਵਿਵਾਦ ਖੜ੍ਹਾ ਹੋਣ ਤੋਂ ਮਗਰੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਅਗਸਤ ਵਿੱਚ ਆਪਣੀ ਇਸ ਨਿੱਜੀ ਪਰਵਾਰਿਕ ਫ਼ੇਰੀ ਦੌਰਾਨ ਉਹ ਪ੍ਰਧਾਨ ਮੰਤਰੀ ਬੇਨਯਾਮਿਨ ਨੇਤਨਯਾਹੂ ਅਤੇ ਹੋਰ ਇਜ਼ਰਾਈਲੀ ਅਧਿਕਾਰੀਆਂ ਨੂੰ ਮਿਲੇ ਸਨ।
ਇਸ ਬਾਰੇ ਉਨ੍ਹਾਂ ਨੇ ਬ੍ਰਤਾਨਵੀ ਸਰਕਾਰ ਜਾਂ ਇਜ਼ਰਾਈਲ ਵਿੱਚ ਬ੍ਰਿਟੇਨ ਦੇ ਸਫ਼ਾਰਤਖਾਨੇ ਨੂੰ ਨਹੀਂ ਸੀ ਦੱਸਿਆ।
ਉਨ੍ਹਾਂ ਨੇ ਵਿਵਾਦ ਹੋਣ ਮਗਰੋਂ ਮਾਫ਼ੀ ਵੀ ਮੰਗ ਲਈ ਸੀ, ਜੋ ਨਾਕਾਫੀ ਸਾਬਤ ਹੋਈ ਅਤੇ ਉਨ੍ਹਾਂ ਨੂੰ ਅਫ਼ਰੀਕਾ ਦੌਰਾ ਵਿੱਚਲੇ ਛੱਡ ਕੇ ਦੇਸ ਵਾਪਸ ਆਉਣਾ ਪਿਆ ਸੀ।
ਬੁੱਧਵਾਰ ਨੂੰ ਦਿੱਤੇ ਅਸਤੀਫ਼ੇ ਵਿੱਚ ਪਟੇਲ ਨੇ ਕਿਹਾ ਕਿ "ਉਨ੍ਹਾਂ ਤੋਂ ਜਿਹੜੇ ਉੱਚ ਮਾਨਕਾਂ ਦੀ ਉਮੀਦ ਕੀਤੀ ਜਾਂਦੀ ਹੈ ਉਨ੍ਹਾਂ ਦੇ ਕੰਮ ਉਸ ਤੋਂ ਥੱਲੇ ਰਹੇ ਹਨ।"
ਕੌਣ ਹਨ ਪ੍ਰੀਤੀ ਪਟੇਲ?
45 ਵਰ੍ਹਿਆਂ ਦੀ ਪਟੇਲ ਸੱਤਾਧਾਰੀ ਕਨਜ਼ਰਵੇਟਿਵ ਪਾਰਟੀ ਦੀ ਆਗੂ ਹਨ।
ਉਨ੍ਹਾਂ ਸਰਕਾਰ ਵਿੱਚ ਕਈ ਭੂਮਿਕਾਵਾਂ ਨਿਭਾਈਆਂ ਹਨ ਜੂਨ 2016 ਵਿਚ ਉਨ੍ਹਾਂ ਨੂੰ ਕੌਮਾਂਤਰੀ ਵਿਕਾਸ ਮੰਤਰੀ ਬਣਾਇਆ ਗਿਆ ਸੀ।
ਉਹ ਇੰਗਲੈਂਡ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਵੇਖ ਰਹੇ ਸਨ।
2010 ਵਿੱਚ ਉਹ ਸਾਂਸਦ ਚੁਣੇ ਗਏ। 2014 ਵਿੱਚ ਖਜਾਨਾ ਮੰਤਰੀ ਅਤੇ 2015 ਦੀਆਂ ਆਮ ਚੋਣਾਂ ਤੋਂ ਬਾਅਦ ਰੁਜ਼ਗਾਰ ਮੰਤਰੀ ਰਹੇ।
ਉਹ ਯੂਗਾਂਡਾ ਤੋਂ ਲੰਡਨ ਭੱਜ ਕੇ ਆਏ ਇੱਕ ਗੁਜਰਾਤੀ ਪਰਿਵਾਰ ਵਿੱਚ ਪੈਦਾ ਹੋਏ।
ਉਨ੍ਹਾਂ ਨੇ ਵੈਟਫੋਰਡ ਗਰਾਮਰ ਸਕੂਲ ਫੌਰ ਗਰਲਜ਼ ਤੋਂ ਅਤੇ ਉੱਚ ਸਿੱਖਿਆ, ਕੀਲ ਅਤੇ ਏਸੇਕਸ ਯੂਨੀਵਰਸਟੀ ਤੋਂ ਹਾਸਲ ਕੀਤੀ ਹੈ।
ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਨੌਕਰੀ ਵੀ ਕੀਤੀ ਹੈ।
ਪ੍ਰੀਤੀ ਪਟੇਲ ਬ੍ਰਿਟਿਨ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਆਪਣਾ ਆਦਰਸ਼ ਮੰਨਦੇ ਹਨ।
ਮਸਲਾ ਬੀਬੀਸੀ ਨੇ ਉਜਾਗਰ ਕੀਤਾ ਸੀ
ਨਿੱਜੀ ਪਰਵਾਰਿਕ ਫ਼ੇਰੀ ਦੌਰਾਨ ਉਨ੍ਹਾਂ ਦੀਆਂ ਗੁਪਤ ਮੁਲਾਕਾਤਾਂ ਨੂੰ ਬੀਬੀਸੀ ਨੇ ਹੀ ਉਜਾਗਰ ਕੀਤਾ ਸੀ।
ਉਹ ਇਜ਼ਰਾਈਲ ਦੀ ਮੁੱਖ ਵਿਰੋਧੀ ਪਾਰਟੀ ਦੇ ਨੇਤਾ ਨੂੰ ਮਿਲਣ ਦੇ ਨਾਲ-ਨਾਲ ਕਈ ਸੰਸਥਾਵਾਂ ਵਿੱਚ ਵੀ ਗਏ।
ਇਹ ਸਾਧਾਰਣ ਨਹੀਂ ਸੀ ਕਿਉਂਕਿ ਸਰਕਾਰੀ ਮੰਤਰੀਆਂ ਦੇ ਅਹੁਦੇਦਾਰਾਂ ਨੇ ਆਪਣੇ ਕੰਮ ਬਾਰੇ ਸਰਕਾਰ ਨੂੰ ਦੱਸਣਾ ਹੁੰਦਾ ਹੈ।
ਅਸਤੀਫ਼ਾ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਇਸ ਬਾਰੇ ਮੁਆਫ਼ੀ ਮੰਗੀ ਸੀ। ਉਨ੍ਹਾਂ ਨੇ ਸੰਕੇਤ ਦਿੱਤੇ ਕਿ ਵਿਦੇਸ਼ ਮੰਤਰੀ ਬੋਰਿਸ ਜੈਸਨਨ ਨੂੰ ਇਸ ਬਾਰੇ ਪਤਾ ਸੀ।
ਸਰਕਾਰ ਨੇ ਸ਼ੁਰੂ ਵਿੱਚ ਪ੍ਰੀਤ ਪਟੇਲ ਦੀ ਮੁਆਫ਼ੀ ਮੰਨ ਵੀ ਲਈ ਸੀ।
ਆਖ਼ਿਰਕਾਰ ਹੋਇਆ ਕੀ?
ਬੁੱਧਵਾਰ ਨੂੰ ਪ੍ਰੀਤੀ ਪਟੇਲ ਅਤੇ ਸਰਕਾਰ ਦੀਆਂ ਮੁਸ਼ਕਲਾਂ ਵਧ ਗਈਆਂ। ਇਹ ਗੱਲ ਸਾਹਮਣੇ ਆਈ ਕਿ ਸਤੰਬਰ ਵਿੱਚ ਵੀ ਪ੍ਰੀਤੀ ਪਟੇਲ ਨੇ ਅਧਿਕਾਰੀਆਂ ਦੇ ਗੈਰ ਮੌਜੂਦਗੀ ਵਿੱਚ ਦੋ ਮੁਲਾਕਾਤਾਂ ਕੀਤੀਆਂ ਸਨ।
ਉਹ ਇਜ਼ਰਾਈਲ ਦੇ ਜਨਸੁਰੱਖਿਆ ਮੰਤਰੀ ਵੈਸਟਮਿੰਸਟਰ ਅਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੂੰ ਨਿਊ ਯਾਰਕ ਵਿੱਚ ਮਿਲੇ ਸਨ।
ਪ੍ਰੀਤੀ ਲਈ ਹਾਲਾਤ ਹੋਰ ਗੁੰਝਲਦਾਰ ਹੋ ਗਏ ਜਦੋਂ ਜੂਏਸ਼ ਕ੍ਰੋਨਿਕਲ ਨੇ ਕਿਹਾ ਕਿ ਸਰਕਾਰ ਨੂੰ ਨਿਊ ਯਾਰਕ ਵਿੱਚ ਮੁਲਾਕਾਤ ਬਾਰੇ ਪਤਾ ਸੀ ਅਤੇ ਪਟੇਲ ਨੇ ਕਿਹਾ ਸੀ ਕਿ ਇਸ ਗੱਲ ਨੂੰ ਜਨਤਕ ਨਾ ਕਰੋ। ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ।
ਇਨ੍ਹਾਂ ਨਵੀਆਂ ਜਾਣਕਾਰੀਆਂ ਮਗਰੋਂ ਪ੍ਰਧਾਨ ਮੰਤਰੀ ਟੇਰੀਜ਼ਾ ਮੇ ਉੱਪਰ ਪ੍ਰੀਤੀ ਪਟੇਲ ਦੀ ਬਰਖ਼ਾਸਤਗੀ ਲਈ ਦਬਾਅ ਵਧਿਆ।
ਇਸ ਵਜ੍ਹਾ ਕਰਕੇ ਉਹ ਯੂਗਾਂਡਾ ਦੌਰਾ ਵਿਚਾਲੇ ਹੀ ਛੱਡ ਕੇ ਮੁੜ ਆਏ ਤੇ ਪ੍ਰਧਾਨ ਮੰਤਰੀ ਨੂੰ ਮਿਲਣ ਮਗਰੋਂ ਅਸਤੀਫ਼ਾ ਦੇ ਦਿੱਤਾ।