You’re viewing a text-only version of this website that uses less data. View the main version of the website including all images and videos.
ਕਿਵੇਂ ਜਿੱਤੀ ਗਈ ਦੁਨੀਆਂ ਭਰ 'ਚ ਧਾਰਮਿਕ ਚਿੰਨ੍ਹ ਪਾਉਣ ਦੀ ਲੜਾਈ
- ਲੇਖਕ, ਗਗਨਦੀਪ ਸਿੰਘ
- ਰੋਲ, ਬੀਬੀਸੀ ਪੰਜਾਬੀ
ਕੈਨੇਡਾ ਦੇ ਟਰਾਂਸਪੋਰਟ ਮਹਿਕਮੇ ਵੱਲੋਂ ਕੁਝ ਦਿਨ ਪਹਿਲਾਂ ਸਿੱਖਾਂ ਨੂੰ 6 ਸੈਂਟੀਮੀਟਰ ਲੰਬੀ ਕਿਰਪਾਨ ਪਾ ਕੇ ਘਰੇਲੂ ਅਤੇ ਕੌਮਾਂਤਰੀ ਪੱਧਰ ਤੇ ਹਵਾਈ ਸਫ਼ਰ ਕਰਨ ਦੀ ਇਜਾਜ਼ਤ ਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਨੇ ਇਸ ਦਾ ਸਵਾਗਤ ਕੀਤਾ ਹੈ।
ਕੌਮਾਂਤਰੀ ਸਿੱਖ ਸੰਸਥਾ (WHO) ਕੈਨੇਡਾ, ਜਿਸ ਨੇ ਸਿੱਖਾਂ ਦੇ ਇਸ ਹੱਕ ਲਈ ਯਤਨ ਕੀਤੇ, ਨੇ ਵੀ ਇਸ ਫ਼ੈਸਲੇ ਲਈ ਕੈਨੇਡਾ ਦੇ ਟਰਾਂਸਪੋਰਟ ਮਹਿਕਮੇ ਦਾ ਧੰਨਵਾਦ ਕੀਤਾ ਹੈ।
ਇਹ ਕੋਈ ਇਕੱਲੀ ਉਦਾਹਰਨ ਨਹੀਂ ਹੈ ਕਿ ਕਿਸੇ ਮੁਲਕ ਦੀ ਸਰਕਾਰ ਨੇ ਧਾਰਮਿਕ ਮਸਲੇ ਤੇ ਆਪਣੀ ਰਾਏ ਬਦਲੀ ਹੋਵੇ।
ਇਸ ਤੋਂ ਪਹਿਲਾਂ ਵੀ ਕਈ ਮੁਲਕਾਂ ਦੀਆਂ ਸਰਕਾਰਾਂ ਜਾਂ ਅਦਾਲਤਾਂ ਨੇ ਆਪਣੇ ਫ਼ੈਸਲੇ ਬਦਲ ਕੇ ਧਾਰਮਿਕ ਘੱਟ ਗਿਣਤੀਆਂ ਨੂੰ ਉਨ੍ਹਾਂ ਦੇ ਧਰਮ ਮੁਤਾਬਿਕ ਜ਼ਿੰਦਗੀ ਜਿਊਣ ਦਾ ਹੱਕ ਦਿੱਤਾ ਹੈ।
ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ 'ਚ ਮਿਲੀ ਪੱਗ ਦੀ ਆਗਿਆ
ਬਲਤੇਜ ਸਿੰਘ ਢਿੱਲੋਂ 1983 'ਚ ਮਲੇਸ਼ੀਆ ਛੱਡ ਕੇ ਕੈਨੇਡਾ ਜਾ ਵਸੇ। ਉੱਥੇ ਜਾ ਕੇ ਜਦੋਂ ਬਲਤੇਜ ਨੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ 'ਚ ਜਾਣਾ ਚਾਹਿਆ ਤਾਂ ਉਨ੍ਹਾਂ ਨੂੰ ਆਪਣੀ ਪੱਗ ਕਰ ਕੇ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪਿਆ।
ਸਰਕਾਰ ਨਾਲ ਇੱਕ ਲੜਾਈ ਲੜਨ ਤੋਂ ਬਾਅਦ ਉਨ੍ਹਾਂ ਨੂੰ 1990 'ਚ ਪੱਗ ਬੰਨ੍ਹ ਕੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ 'ਚ ਜਾਣ ਦੀ ਇਜਾਜ਼ਤ ਮਿਲ ਗਈ।
ਫੁੱਟਬਾਲ ਮੈਦਾਨ 'ਚ ਪੱਗ ਦਾ ਮੁੱਦਾ
ਸਾਲ 2013 'ਚ ਕੁਇਬੇਕ ਸੌਕਰ ਫੈਡਰੇਸ਼ਨ ਨੇ ਪੱਗ ਅਤੇ ਹੋਰ ਧਾਰਮਿਕ ਚਿੰਨ੍ਹ ਬੰਨ੍ਹ ਕੇ ਫੁੱਟਬਾਲ ਦੇ ਮੈਦਾਨ 'ਚ ਆਉਣ 'ਤੇ ਪਾਬੰਦੀ ਲਾ ਦਿੱਤੀ ਸੀ।
ਇਸ ਪਾਬੰਦੀ ਦਾ ਕਾਰਨ ਫੈਡਰੇਸ਼ਨ ਨੇ 'ਸੁਰੱਖਿਆ ਲਈ ਯਤਨ' ਦੱਸਿਆ ਸੀ।
ਕੈਨੇਡੀਅਨ ਸੌਕਰ ਐਸੋਸੀਏਸ਼ਨ ਦੇ ਇਹ ਕਹਿਣ ਦੇ ਬਾਵਜੂਦ ਕੇ ਪੱਗ ਬੰਨ੍ਹ ਕੇ ਫੁੱਟਬਾਲ ਦੇ ਮੈਦਾਨ 'ਚ ਆਉਣਾ ਠੀਕ ਹੈ, ਪਾਬੰਦੀ ਨਹੀਂ ਹਟਾਈ ਗਈ।
ਆਖ਼ਰਕਾਰ ਫੀਫਾ (FIFA) ਨੇ ਇਸ ਮਾਮਲੇ 'ਚ ਦਖ਼ਲ ਦਿੱਤਾ 'ਤੇ ਪਾਬੰਦੀ ਹਟਾਈ ਗਈ।
ਮੂੰਹ ਢੱਕ ਨਾਗਰਿਕਤਾ ਦੀ ਸਹੁੰ ਚੁੱਕਣ ਤੇ ਪਾਬੰਦੀ
ਸਾਲ 2011 'ਚ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਜੇਸਨ ਕੇਨੀ ਨੇ ਮੂੰਹ ਢੱਕ ਕੇ ਕੈਨੇਡਾ ਦੀ ਨਾਗਰਿਕਤਾ ਦੀ ਸਹੁੰ ਚੁੱਕਣ 'ਤੇ ਪਾਬੰਦੀ ਲਾ ਦਿੱਤੀ ਸੀ। ਇਸ ਕਾਨੂੰਨ ਨੂੰ ਪਾਕਿਸਤਾਨੀ ਮੂਲ ਦੀ ਜ਼ੁਨੈਰਾ ਇਸ਼ਾਕ਼ ਨੇ ਅਦਾਲਤ 'ਚ ਚੁਣੌਤੀ ਦਿੱਤੀ।
ਉਨ੍ਹਾਂ ਬਹਿਸ 'ਚ ਕਿਹਾ ਇਹ ਪਾਬੰਦੀ ਕੈਨੇਡਾ ਨੇ ਕਾਨੂੰਨਾਂ ਮੁਤਾਬਿਕ ਉਨ੍ਹਾਂ ਦੇ ਹੱਕਾਂ ਦਾ ਘਾਣ ਹੈ। ਸਾਲ 2015 'ਚ ਅਦਾਲਤ ਇਹ ਫ਼ੈਸਲਾ ਸੁਣਾਇਆ ਕੇ ਨਿਕਾਬ ਪਾ ਸਹੁੰ ਚੁੱਕੀ ਜਾ ਸਕਦੀ ਹੈ।
ਫਰਾਂਸ 'ਚ ਪੱਗ ਦਾ ਮੁੱਦਾ
2004 ਵਿੱਚ ਫਰਾਂਸ ਦੇ ਸਕੂਲਾਂ ਵਿੱਚ ਸਿੱਖਾਂ ਬੱਚਿਆ ਦੇ ਪੱਗ ਬੰਨ੍ਹਣ ਅਤੇ ਕਈ ਹੋਰ ਧਰਮਾਂ ਦੇ ਧਾਰਮਿਕ ਚਿੰਨ੍ਹਾਂ ਉੱਤੇ ਪਾਬੰਦੀ ਲਾਈ ਗਈ। ਦੁਨੀਆ ਭਰ ਦੇ ਸਿੱਖਾਂ ਨੇ ਅਤੇ ਹੋਰ ਧਰਮਾਂ ਦੇ ਆਗੂਆਂ ਨੇ ਇਸ ਪਾਬੰਦੀ ਨੂੰ ਲੈ ਕੇ ਵਿਰੋਧ ਕੀਤਾ ਅਤੇ ਕਾਨੂੰਨੀ ਲੜਾਈਆਂ ਵੀ ਲੜੀਆਂ।
ਇਸ ਤੋਂ ਬਾਅਦ, ਫਰਵਰੀ 2016 ਦਿੱਲੀ 'ਚ ਫਰਾਂਸ ਦੀ ਐੱਮਬੈਸੀ ਨੇ ਸਪੱਸ਼ਟ ਕੀਤਾ ਕੇ ਫਰਾਂਸ 'ਚ ਜਨਤਕ ਥਾਵਾਂ 'ਤੇ ਪੱਗ ਬੰਨ੍ਹਣ 'ਤੇ ਕੋਈ ਪਾਬੰਦੀ ਨਹੀਂ ਹੈ, ਪਰ ਸੁਰੱਖਿਆ ਕਾਰਨਾਂ ਕਰ ਕੇ ਬੁਰਕਾ ਪਾ ਕੇ ਜਨਤਕ ਥਾਵਾਂ 'ਤੇ ਜਾਣ ਤੇ ਪਾਬੰਦੀ ਬਰਕਰਾਰ ਹੈ। ਨਾਲ ਹੀ ਫਰਾਂਸ ਦੀ ਐੱਮਬੈਸੀ ਨੇ ਕਿਹਾ ਕਿ ਪਬਲਿਕ ਸਕੂਲਾਂ 'ਚ ਪੱਗ ਬੰਨ੍ਹ ਕੇ ਜਾਣ ਪਾਬੰਦੀ ਹੈ।
ਬਰਤਾਨੀਆ 'ਚ ਪੱਗ ਦਾ ਮਸਲਾ
ਮਾਰਚ 2015 'ਚ ਰੁਜ਼ਗਾਰ ਕਾਨੂੰਨ 1989 'ਚ ਸੋਧ ਕਰਕੇ ਬਰਤਾਨੀਆ ਸਰਕਾਰ ਨੇ ਸਿੱਖਾਂ ਨੂੰ ਕੰਮ ਵਾਲਿਆਂ ਥਾਵਾਂ ਤੇ ਪੱਗ ਬੰਨ੍ਹਣ ਦੀ ਆਗਿਆ ਦੇ ਦਿੱਤੀ।
ਇਸ ਤੋਂ ਪਹਿਲਾਂ ਵੀ ਰੁਜ਼ਗਾਰ ਕਾਨੂੰਨ 1989 ਮੁਤਾਬਿਕ ਸਿੱਖ ਕੰਮ ਦੀਆਂ ਥਾਵਾਂ ਤੇ ਪੱਗ ਬੰਨ੍ਹ ਕੇ ਜਾਣ ਦੀ ਇਜਾਜ਼ਤ ਸੀ ਪਰ ਇਸ ਵਿਚ ਕਈ ਬਾਰੀਕੀਆਂ ਸਨ ਜਿਨ੍ਹਾਂ ਕਰ ਕੇ ਸਿੱਖਾਂ ਨੂੰ ਕਈ ਵਾਰ ਪੱਗ ਦੀ ਹੈਲਮਟ ਪਾਉਣ ਲਈ ਕਿਹਾ ਜਾਂਦਾ ਸੀ।
ਹੁਣ ਇਸ ਸੋਧ ਨਾਲ ਬਰਤਾਨੀਆ ਦੇ ਸਿੱਖ ਪੱਗ ਬੰਨ੍ਹ ਕੇ ਕੰਮ ਉੱਤੇ ਜਾ ਸਕਦੇ ਹਨ। ਇਸੇ ਤਰ੍ਹਾਂ ਸਿੱਖਾਂ ਨੂੰ ਪੱਗ ਬੰਨ੍ਹ ਕੇ ਮੋਟਰ ਸਾਈਕਲ ਚਲਾਉਣ ਦੀ ਵੀ ਇਜਾਜ਼ਤ ਮਿਲੀ ਹੋਈ ਹੈ।
ਅਮਰੀਕਾ ਫ਼ੌਜ 'ਚ ਧਾਰਮਿਕ ਚਿਨ੍ਹਾਂ ਦੀ ਆਜ਼ਾਦੀ
ਹੁਣ ਅਮਰੀਕਾ 'ਚ ਮਰਦ ਅਤੇ ਔਰਤਾਂ ਇਸ ਚੀਜ਼ ਦੀ ਇਜਾਜ਼ਤ ਲੈ ਸਕਦੇ ਹਨ ਕੇ ਉਹ ਫ਼ੌਜ ਵਿਚ ਦਾੜ੍ਹੀ ਰੱਖ ਸਕਣ, ਪੱਗ ਤੇ ਪਟਕਾ ਬੰਨ੍ਹ ਸਕਣ ਅਤੇ ਹਿਜਾਬ ਪਾ ਸਕਣ।
ਇਹ ਕਾਨੂੰਨ ਧਾਰਮਿਕ ਘੱਟ ਗਿਣਤੀਆਂ ਨੂੰ ਫ਼ੌਜ ਵਿੱਚ ਮੌਕੇ ਦੇਣ ਲਈ ਬਣਾਇਆ ਗਿਆ ਹੈ।