ਪਾਕਿਸਤਾਨ ਪ੍ਰਤੀ ਬਦਲੇ ਅਮਰੀਕੀ ਰੁਖ਼ ਦਾ ਭਾਰਤ ਨੂੰ ਕੀ ਫਾਇਦਾ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਾਕਿਸਤਾਨ ਨੂੰ ਧੋਖੇਬਾਜ਼ ਅਤੇ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 15 ਸਾਲਾਂ ਵਿੱਚ ਪਾਕਿਸਤਾਨ ਨੂੰ ਅਰਬਾਂ ਦੀ ਮਦਦ ਦੇਣਾ ਬੇਵਕੂਫ਼ੀ ਸੀ।

ਟਰੰਪ ਨੇ ਟਵੀਟ ਕੀਤਾ, "ਅਮਰੀਕਾ ਵੱਲੋਂ ਪਿਛਲੇ 15 ਸਾਲਾਂ ਵਿੱਚ ਪਾਕਿਸਾਤਾਨ ਨੂੰ 33 ਅਰਬ ਡਾਲਰ ਤੋਂ ਵੱਧ ਦੀ ਮਦਦ ਕੀਤੀ ਜਾ ਚੁੱਕੀ ਹੈ ਅਤੇ ਉਸਨੇ ਬਦਲੇ ਵਿੱਚ ਝੂਠ ਅਤੇ ਧੋਖੇ ਤੋਂ ਇਲਾਵਾ ਕੁਝ ਨਹੀਂ ਦਿੱਤਾ।"

ਟਰੰਪ ਦੇ ਇਸ ਨਵੇਂ ਬਿਆਨ ਨੇ ਪਾਕਿਸਤਾਨ ਵਿੱਚ ਤਹਿਲਕਾ ਮਚਾ ਦਿੱਤਾ ਹੈ।

ਉੱਥੇ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਸੱਦੀ ਗਈ। ਪਾਕਿਸਤਾਨ ਦੀ ਸੁਰੱਖਿਆ ਸਮਿਤੀ ਦੀ ਵੀ ਮੀਟਿੰਗ ਹੋਈ।

ਪਾਕਿਸਤਾਨ ਦੇ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਖ਼ਾਸੀ ਨਾਰਾਜ਼ਗੀ ਜਤਾ ਰਹੇ ਹਨ।

ਟਰੰਪ ਦੇ ਬਿਆਨ ਦੇ ਕੀ ਮਾਅਨੇ?

ਨਿਊਯਾਰਕ ਵਿੱਚ ਮੌਜੂਦ ਸੀਨੀਅਰ ਪੱਤਰਕਾਰ ਸਲੀਮ ਰਿਜ਼ਵੀ ਨੇ ਦੱਸਿਆ ਕਿ ਡੌਨਲਡ ਟਰੰਪ ਨੇ ਪਾਕਿਸਤਾਨ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਮਾਲੀ ਮਦਦ ਦਾ ਸਿਲਸਿਲਾ ਹੁਣ ਜਾਰੀ ਨਹੀਂ ਰਹੇਗਾ।

ਮੰਨਿਆ ਜਾ ਰਿਹਾ ਹੈ ਕਿ ਇਸ ਟਵੀਟ ਵਿੱਚ ਉਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਫੌਜੀਆਂ 'ਤੇ ਹਮਲੇ ਕਰਵਾਉਣ ਵਾਲੇ ਪਾਕਿਸਾਤਾਨੀ ਸਮਰਥਨ ਹਾਸਲ ਕਰਨ ਵਾਲੇ ਹੱਕਾਨੀ ਨੈਟਵਰਕ ਵੱਲ ਇਸ਼ਾਰਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਮਰੀਕਾ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਅਫ਼ਗਾਨ ਤਾਲਿਬਾਨ ਅਤੇ ਦੂਜੇ ਅਜਿਹੇ ਗਰੁੱਪਾਂ ਨੂੰ ਆਪਣੀ ਜ਼ਮੀਨ 'ਤੇ ਪਨਾਹ ਦਿੱਤੀ ਹੋਈ ਹੈ।

ਇਸ ਤੋਂ ਪਹਿਲਾਂ ਵੀ ਕਈ ਵਾਰ ਪਾਕਿਸਤਾਨ ਨੂੰ ਆਪਣੀ ਜ਼ਮੀਨ 'ਤੇ ਅੱਤਵਾਦੀ ਗਰੁੱਪਾਂ ਨੂੰ ਪਨਾਹ ਦੇਣਾ ਬੰਦ ਕਰਨ ਲਈ ਕਿਹਾ ਗਿਆ ਹੈ।

ਪਰ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਟਰੰਪ ਨੇ ਪਾਕਿਸਤਾਨ ਦੀ ਅਲੋਚਨਾ ਕੀਤੀ ਹੈ।

ਹਾਲ ਵਿੱਚ ਜਾਰੀ ਅਮਰੀਕਾ ਦੀ ਕੌਮੀ ਸੁਰੱਖਿਆ ਨੀਤੀ ਵਿੱਚ ਕਿਹਾ ਗਿਆ ਹੈ, "ਅਸੀਂ ਪਾਕਿਸਤਾਨ ਵਿੱਚ ਅੱਤਵਾਦੀ ਸਮੂਹਾਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਤੇਜ਼ੀ ਲਿਆਉਣ ਲਈ ਦਬਾਅ ਪਾਵਾਂਗੇ ਕਿਉਂਕਿ ਕੋਈ ਵੀ ਦੇਸ ਅੱਤਵਾਦੀਆਂ ਨੂੰ ਹਮਾਇਤ ਨਹੀਂ ਦੇ ਸਕਦਾ।"

ਨੋਟਿਸ 'ਤੇ ਸੀ ਪਾਕਿਸਤਾਨ?

ਇਸ ਤੋਂ ਇਲਾਵਾ ਪਿਛਲੇ ਸਾਲ ਅਗਸਤ ਵਿੱਚ ਦੱਖਣੀ ਏਸ਼ੀਆ ਨੂੰ ਲੈ ਕੇ ਜਾਰੀ ਆਪਣੀ ਨੀਤੀ ਵਿੱਚ ਵੀ ਟਰੰਪ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਆਪਣੇ ਦੇਸ ਤੋਂ ਅੱਤਵਾਦੀ ਜਥੇਬੰਦੀਆਂ ਨੂੰ ਬਾਹਰ ਕੱਢੇ।

ਰਿਜ਼ਵੀ ਨੇ ਕਿਹਾ ਕਿ ਨਵੇਂ ਸਾਲ 'ਤੇ ਆਇਆ ਟਰੰਪ ਦਾ ਇਹ ਟਵੀਟ ਇਸ ਲਈ ਵੀ ਪਾਕਿਸਤਾਨ ਦੇ ਲਈ ਸਖ਼ਤ ਚੇਤਾਵਨੀ ਹੈ ਕਿ 22 ਦਸੰਬਰ ਨੂੰ ਮਾਈਕ ਪੇਂਸ ਨੇ ਅਫ਼ਗਾਨਿਸਤਾਨ ਦੌਰੇ 'ਤੇ ਬਗਰਾਮ ਫੌਜੀ ਅੱਡੇ 'ਤੇ ਅਮਰੀਕੀ ਫੌਜੀਆਂ ਨੂੰ ਸੰਬੋਧਿਤ ਕਰਦਿਆਂ ਹੋਇਆਂ ਕਿਹਾ ਸੀ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਨੋਟਿਸ 'ਤੇ ਰੱਖਿਆ ਹੋਇਆ ਹੈ।

ਉਨ੍ਹਾਂ ਨੇ ਕਿਹਾ ਸੀ, "ਪਾਕਿਸਤਾਨ ਨੇ ਤਾਲੀਬਾਨ ਅਤੇ ਦੂਜੇ ਕੱਟੜਪੰਥੀ ਸੰਗਠਨਾਂ ਨੂੰ ਪਾਕਿਸਤਾਨ ਵਿੱਚ ਸੁਰੱਖਿਅਤ ਠਿਕਾਣੇ ਮੁਹੱਈਆ ਕਰਵਾਏ ਹਨ। ਹੁਣ ਉਹ ਸਮਾਂ ਲੰਘ ਚੁੱਕਿਆ ਹੈ। ਅਮਰੀਕਾ ਨੇ ਹੁਣ ਪਾਕਿਸਤਾਨ ਨੂੰ ਨੋਟਿਸ ਉੱਤੇ ਰੱਖਿਆ ਹੈ।"

ਪਾਕਿਸਤਾਨ ਦੇ ਰੱਖਿਆ ਮੰਤਰੀ ਖੁੱਰਮ ਦਸਤਗੀਰ ਨੇ ਟਰੰਪ ਦੇ ਇਸ ਟਵੀਟ ਦੇ ਜਵਾਬ ਵਿੱਚ ਰਸਮੀ ਬਿਆਨ ਦਿੰਦੇ ਹੋਏ ਕਿਹਾ, "ਅਸੀਂ ਆਪਣੀ ਮਾਤ-ਭੂਮੀ ਦੀ ਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਕਾਬਿਲ ਹਾਂ। ਪਾਕਿਸਤਾਨੀ ਫੌਜ ਅਤੇ ਨਾਗਰਿਕਾਂ ਨੇ ਦਹਿਸ਼ਤਗਰਦਾਂ ਖਿਲਾਫ਼ ਜੰਗ ਵਿੱਚ ਵੱਡੀ ਕੁਰਬਾਨੀ ਦਿੱਤੀ ਹੈ।"

ਉੱਥੇ ਹੀ ਪਾਕਿਸਤਾਨ ਦੇ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ, "ਅਸੀਂ ਜਲਦੀ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਟਵੀਟ ਦਾ ਜਵਾਬ ਦੇਵਾਂਗੇ। ਅਸੀਂ ਦੁਨੀਆਂ ਨੂੰ ਸੱਚ ਦੱਸਾਂਗੇ। ਤੱਥਾਂ ਅਤੇ ਕਲਪਨਾ ਵਿੱਚ ਫ਼ਰਕ ਦੱਸ ਦੇਵਾਂਗੇ।"

ਪਾਕਿਸਤਾਨ ਵਿੱਚ ਹਲਚੱਲ?

ਟਰੰਪ ਦੇ ਇਸ ਟਵੀਟ ਤੋਂ ਬਾਅਦ ਪਾਕਿਸਤਾਨ ਨੇ ਕੈਬੀਨੇਟ ਦੀ ਐਮਰਜੈਂਸੀ ਬੈਠਕ ਬੁਲਾਈ ਅਤੇ ਬੁੱਧਵਾਰ ਨੂੰ ਕੌਮੀ ਸੁਰੱਖਿਆ ਸਮਿਤੀ ਦੀ ਮੀਟਿੰਗ ਵੀ ਹੋਈ।

ਪਾਕਿਸਤਾਨ ਇਹ ਕਹਿੰਦਾ ਰਿਹਾ ਹੈ ਕਿ ਜੋ ਰਕਮ ਅਮਰੀਕਾ ਉਸ ਨੂੰ ਦਿੰਦਾ ਹੈ, ਉਹ ਕੋਈ ਵਿੱਤੀ ਮਦਦ ਨਹੀਂ ਸਗੋਂ ਦਹਿਸ਼ਤਗਰਦੀ ਦੇ ਖਿਲਾਫ਼ ਜਾਰੀ ਜੰਗ ਵਿੱਚ ਹੋਣ ਵਾਲੇ ਪਾਕਿਸਤਾਨ ਦੇ ਖਰਚੇ ਦੀ ਭਰਪਾਈ ਹੈ।

ਅਮਰੀਕਾ ਦਾ ਮੰਨਣਾ ਹੈ ਕਿ ਪਾਕਿਸਤਾਨ ਕੁਝ ਕੱਟੜਪੰਥੀਆਂ ਉੱਤੇ ਤਾਂ ਕਾਰਵਾਈ ਕਰਦਾ ਹੈ, ਪਰ ਅਫ਼ਗਾਨਿਸਤਾਨ ਵਿੱਚ ਅਮਰੀਕੀ ਅਤੇ ਭਾਰਤੀਆਂ ਉੱਤੇ ਹਮਲਾ ਕਰਨ ਵਾਲੇ ਦਹਿਸ਼ਤਗਰਦਾਂ ਖਿਲਾਫ਼ ਕੋਈ ਕਦਮ ਨਹੀਂ ਚੁੱਕਦਾ।

ਭਾਰਤ ਦਾ ਵੀ ਇਹੀ ਇਲਜ਼ਾਮ ਹੈ ਕਿ ਪਾਕਿਸਤਾਨ ਅਜਿਹੇ ਤੱਤਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਔਜ਼ਾਰ ਦੇ ਰੂਪ ਵਿੱਚ ਇਸਤੇਮਾਲ ਕਰਦਾ ਹੈ।

ਅਮਰੀਕਾ ਵਿੱਚ ਰਿਪਬਲੀਕਨ ਸੀਨੇਟਰ ਗ੍ਰੈਂਡ ਪਾਲ ਨੇ ਵੀ ਟਰੰਪ ਦੇ ਸਖ਼ਤ ਰਵੱਈਏ ਦਾ ਸਵਾਗਤ ਕੀਤਾ ਹੈ।

ਅਮਰੀਕਾ ਦੇ ਰੁਖ ਵਿੱਚ ਇਸ ਤਲਖ਼ੀ ਦੇ ਮਾਇਨੇ ਕੀ ਹਨ? ਕੀ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਖ਼ਤਮ ਹੋ ਚੁੱਕੇ ਹਨ?

ਕੀ 'ਮਜਬੂਰੀ ਦੀ ਇਹ ਦੋਸਤੀ' ਹੁਣ ਦਮ ਤੋੜ ਰਹੀ ਹੈ? ਕੀ ਵਾਕਈ ਟਰੰਪ ਦੇ ਇਸ ਬਿਆਨ ਦੀ ਵਜ੍ਹਾ ਭਾਰਤ ਦੀ ਕੂਟਨੀਤਿਕ ਕੋਸ਼ਿਸ਼ਾਂ ਹਨ?

ਟਰੰਪ ਨੂੰ ਰਕਮ ਦਾ ਪਤਾ ਨਹੀਂ ਸੀ?

ਇਸ ਬਾਰੇ ਬੀਬੀਸੀ ਪੱਤਰਕਾਰ ਵਾਤਸਲਿਆ ਰਾਏ ਨੇ ਡੇਲਾਵੇਅਰ ਯੂਨੀਵਰਸਿਟੀ (ਅਮਰੀਕਾ) ਦੇ ਪ੍ਰੋਫੈੱਸਰ ਮੁਕਤਦਰ ਖ਼ਾਨ ਨਾਲ ਗੱਲਬਾਤ ਕੀਤੀ।

ਖ਼ਾਨ ਨੇ ਕਿਹਾ ਕਿ ਹਾਲੇ ਤੱਕ ਸਾਨੂੰ ਲੋਕਾਂ ਨੂੰ ਇਹ ਸਬਕ ਸਿੱਖ ਲੈਣਾ ਚਾਹੀਦਾ ਹੈ ਕਿ ਡੌਨਲਡ ਟਰੰਟ ਦੇ ਟਵੀਟ ਅਤੇ ਬਿਆਨ ਪਿੱਛੇ ਕੋਈ ਗਹਿਰੀ ਸੋਚ ਜਾਂ ਰਣਨੀਤੀ ਨਹੀਂ ਹੈ।

ਉਨ੍ਹਾਂ ਨੂੰ ਜਦੋਂ ਕੋਈ ਖ਼ਬਰ ਮਿਲਦੀ ਹੈ ਤਾਂ ਉਹ ਉਸ ਰਾਤ ਤੁਰੰਤ ਪ੍ਰਤੀਕਰਮ ਦਿੰਦੇ ਹਨ।

ਉਨ੍ਹਾਂ ਨੇ ਕਿਹਾ, "ਮੇਰਾ ਅੰਦਾਜ਼ਾ ਇਹ ਹੈ ਕਿ 9/11 ਹਮਲਿਆਂ ਤੋਂ ਬਾਅਦ ਪਿਛਲੇ 10 ਸਾਲਾਂ ਵਿੱਚ ਪਾਕਿਸਤਾਨ ਨੂੰ ਅਮਰੀਕਾ ਵੱਲੋਂ 33 ਅਰਬ ਡਾਲਰ ਦੀ ਜੋ ਵਿੱਤੀ ਮਦਦ ਦਿੱਤੀ ਗਈ, ਉਸ ਦੀ ਰਕਮ ਬਾਰੇ ਟਰੰਪ ਨੂੰ ਅੰਦਾਜ਼ਾ ਨਹੀਂ ਸੀ। ਜਿਵੇਂ ਹੀ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ ਕਿ ਇੰਨੀ ਵੱਡੀ ਰਕਮ ਦਿੱਤੀ ਗਈ ਹੈ ਅਤੇ ਇਸ ਦੌਰਾਨ ਪਾਕਿਸਤਾਨ ਦੇ ਐਬਟਾਬਾਦ ਵਿੱਚ ਫੌਜੀ ਠਿਕਾਨਿਆਂ ਤੋਂ ਕੁਝ ਮੀਲ ਦੂਰ ਹੀ ਓਸਾਮਾ ਬਿਨ ਲਾਦੇਨ ਲੁਕੇ ਹੋਏ ਸੀ, ਤਾਂ ਉਨ੍ਹਾਂ ਨੂੰ ਗੁੱਸਾ ਆਇਆ ਤੇ ਉਨ੍ਹਾਂ ਨੇ ਟਵੀਟ ਕਰ ਦਿੱਤਾ।"

"ਪਰ ਇੱਕ ਗੱਲ ਤਾਂ ਸਹੀ ਹੈ ਕਿ ਚੋਣਾਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਾਕਿਸਤਾਨ ਨੂੰ ਲੈ ਕੇ ਡੌਨਲਡ ਟਰੰਪ ਦਾ ਰਵੱਈਆ ਬਦਲਿਆ ਨਹੀਂ ਹੈ। ਟਰੰਪ ਪ੍ਰਸ਼ਾਸਨ ਵਿੱਚ ਕੁਝ ਲੋਕ ਮੰਨਦੇ ਹਨ ਕਿ ਪਾਕਿਸਤਾਨ ਵੱਲੋਂ ਜੋ ਥੋੜਾ-ਬਹੁਤ ਸਮਰਥਨ ਮਿਲਦਾ ਹੈ, ਉਹ ਅਮਰੀਕਾ ਦੀ ਵਿਦੇਸ਼ ਨੀਤੀ ਲਈ ਅਹਿਮ ਹੈ। ਸ਼ਾਇਦ ਟਰੰਪ ਇਸ ਤਰ੍ਹਾਂ ਨਹੀਂ ਸੋਚਦੇ। ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਇੰਨੀ ਭਾਰੀ ਰਕਮ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੀ ਗਈ ਹੈ ਅਤੇ ਕੁਝ ਖ਼ਾਸ ਫਾਇਦਾ ਉਸ ਨੂੰ ਨਹੀਂ ਹੋ ਰਿਹਾ ਹੈ ਤਾਂ ਉਨ੍ਹਾਂ ਨੇ ਇਹ ਸਖ਼ਤ ਬਿਆਨ ਦੇ ਦਿੱਤਾ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਹਨ, ਪਰ ਇਹ ਵਾਲਾ ਸਿੱਧਾ ਟਵੀਟ ਸੀ।"

ਅਮਰੀਕਾ ਦੀ ਪਾਕਿਸਤਾਨ ਨੀਤੀ ਬਦਲੀ?

ਪਾਕਿਸਤਾਨ ਨੇ ਇਸ ਟਵੀਟ ਨੂੰ ਗੰਭੀਰਤਾ ਨਾਲ ਲਿਆ ਹੈ।

ਇਸ ਦਾ ਸੰਕੇਤ ਉੱਥੇ ਹੋਣ ਵਾਲੀਆਂ ਬੈਠਕਾਂ ਤੋਂ ਮਿਲ ਰਿਹਾ ਹੈ। ਕੀ ਇਹ ਮੰਨਿਆ ਜਾ ਸਕਦਾ ਹੈ ਕਿ ਪਾਕਿਸਤਾਨ ਨੂੰ ਲੈ ਕੇ ਅਮਰੀਕਾ ਦੀ ਨੀਤੀ ਬਦਲ ਰਹੀ ਹੈ?

ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, "ਦੇਖੋ, ਪਾਕਿਸਤਾਨ ਨੂੰ ਲੈ ਕੇ ਅਮਰੀਕਾ ਦੇ ਰੁਖ ਵਿੱਚ ਬਦਲਾਅ ਆਇਆ ਹੈ। ਭਾਰਤ ਅਤੇ ਪਾਕਸਿਤਾਨ ਨੂੰ ਲੈ ਕੇ ਅਮਰੀਕਾ ਦੀ ਨੀਤੀ ਸਾਫ਼ ਨਜ਼ਰ ਆ ਰਹੀ ਹੈ। ਭਾਰਤ ਅਤੇ ਅਮਰੀਕਾ ਆਪਣੇ ਰਿਸ਼ਤੇ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਅਤੇ ਬਿਹਤਰ ਬਣਾਉਣ ਦੇ ਬਹਾਨੇ ਲੱਭ ਰਹੇ ਹਨ। ਪਾਕਿਸਤਾਨ ਅਤੇ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਬਹਾਨੇ ਲੱਭ ਰਿਹਾ ਹੈ ਉਸ ਨਾਲ ਆਪਣੇ ਰਿਸ਼ਤੇ ਖ਼ਤਮ ਕਰਨ ਦੇ।"

"ਜੇ ਤੁਸੀਂ ਪਾਕਿਸਤਾਨ ਦੀ ਵਿਦੇਸ਼ ਅਤੇ ਵਿੱਤੀ ਨੀਤੀ ਨੂੰ ਗੌਰ ਨਾਲ ਦੇਖ ਰਹੇ ਹੋ ਤਾਂ ਅੰਦਾਜ਼ਾ ਹੋਵੇਗਾ ਕਿ ਉਹ ਅਮਰੀਕਾ ਸੁਰੱਖਿਆ ਮਦਦ ਉੱਤੇ ਆਪਣੇ ਨਿਵੇਸ਼ ਅਤੇ ਹਿੱਤ ਦੀ ਨਿਰਭਰਤਾ ਘੱਟ ਕਰਦੇ ਹੋਏ ਚੀਨ ਵੱਲ ਮੁੜ ਰਿਹਾ ਹੈ।''

ਕੀ ਮੋਦੀ ਨੀਤੀ ਦਾ ਅਸਰ ਹੈ?

ਖਾਨ ਮੁਤਾਬਕ ਜਦੋਂ ਓਸਾਮਾ ਬਿਨ ਲਾਦੇਨ ਨੂੰ ਮਾਰਿਆ ਗਿਆ ਸੀ ਤਾਂ ਅਮਰੀਕਾ ਨੇ ਇਸ ਬਾਰੇ ਕੋਈ ਜਾਣਕਾਰੀ ਪਾਕਿਸਤਾਨ ਨਾਲ ਸਾਂਝਾ ਨਹੀਂ ਕੀਤੀ ਸੀ।

ਇਸ ਘਟਨਾ ਤੋਂ ਬਾਅਦ ਪਾਕਿਸਤਾਨ ਨੇ ਵੀ ਰੌਲਾ ਪਾਇਆ ਸੀ ਕਿ ਉਸ ਦੀ ਪ੍ਰਭਤਾ ਨਾਲ ਖਿਲਵਾੜ ਕੀਤਾ ਸੀ ਅਤੇ ਇਹ ਬਰਦਾਸ਼ ਨਹੀਂ ਹੋਵੇਗਾ।

ਬਰਾਕ ਓਬਾਮਾ ਉਸ ਵੇਲੇ ਦੂਜੇ ਕਾਰਜਕਾਲ ਵਿੱਚ ਸਨ ਅਤੇ ਇਹ ਸਪਸ਼ਟ ਹੋ ਗਿਆ ਸੀ ਕਿ ਅਮਰੀਕਾ, ਪਾਕਿਸਤਾਨ ਉੱਤੇ ਭਰੋਸਾ ਨਹੀਂ ਕਰ ਰਿਹਾ ਸੀ।

''ਜਦੋਂ ਦੋ ਮੁਲਕਾਂ ਵਿਚਾਲੇ ਭਰੋਸਾ ਹੁੰਦਾ ਹੈ ਤਾਂ ਦਿੱਕਤਾਂ ਹੋਣਾ ਸੁਭਾਵਿਕ ਹੈ। ਜਿਵੇਂ ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਹੈ ਜਾਂ ਅਮਰੀਕਾ ਅਤੇ ਬ੍ਰਿਟੇਨ ਵਿਚਾਲੇ ਹੈ। ਕੁਝ ਹੱਦ ਤੱਕ ਅਮਰੀਕਾ ਅਤੇ ਸਾਊਦੀ ਅਰਬ ਵਿਚਾਲੇ ਹੈ। ਓਬਾਮਾ ਕੂਟਨੀਤੀ ਦੇ ਮੋਰਚੇ ਵਿੱਚ ਮਾਹਿਰ ਸਨ, ਅਹਿਜੇ ਵਿੱਚ ਉਹ ਇਸ ਤਰ੍ਹਾਂ ਦੇ ਬਿਆਨ ਖੁਲ੍ਹ ਕੇ ਨਹੀਂ ਦਿੰਦੇ ਸਨ, ਪਰ ਟਰੰਪ ਖੁਲ੍ਹ ਕੇ ਬੋਲ ਦਿੰਦੇ ਹਨ।''

''ਫਿਲਹਾਲ ਅਮਰੀਕਾ ਅਤੇ ਇਜ਼ਰਾਈਲ, ਯਰੂਸ਼ਲਮ ਮਾਮਲੇ ਵਿੱਚ ਖਿਲਾਫ਼ ਵੋਟ ਦੇਣ ਦੀ ਵਜ੍ਹਾ ਕਰਕੇ ਭਾਰਤ ਤੋਂ ਥੋੜਾ ਖਫ਼ਾ ਹੋਣਗੇ। ਅਜਿਹੇ ਵਿੱਚ ਭਾਜਪਾ ਦਾ ਇਹ ਦਾਅਵਾ ਹੈ ਕਿ ਇਹ ਉਸ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ, ਇਸ ਗੱਲ ਵਿੱਚ ਦਮ ਘੱਟ ਹੈ। ਅਮਰੀਕਾ, ਪਾਕਿਸਤਾਨ ਨੂੰ ਤਾਲੀਬਾਨ ਦੇ ਲੈਂਸ ਨਾਲ ਦੇਖਦਾ ਹੈ ਜਾਂ ਫਿਰ ਅਫ਼ਗਾਨੀਸਤਾਨ ਵਿੱਚ ਜਾਰੀ ਆਪਣੀ ਜੰਗ ਦੇ ਲੈਂਸ ਨਾਲ ਦੇਖਦਾ ਹੈ, ਜਦਕਿ ਭਾਰਤ ਨੂੰ ਉਹ ਚੀਨ ਦੇ ਲੈਂਸ ਨਾਲ ਦੇਖਦਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)