You’re viewing a text-only version of this website that uses less data. View the main version of the website including all images and videos.
ਕੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਕੋਲ ਸੱਚੀਂ 'ਪਰਮਾਣੂ ਬਟਨ' ਹੈ?
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਦੀ ਧਮਕੀ ਮਗਰੋਂ ਅਮਰੀਕੀ ਰਾਸ਼ਟਰਪਤੀ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਕੋਲ ਵੀ 'ਪਰਮਾਣੂ ਬਟਨ' ਹੈ ਅਤੇ 'ਇਹ ਕੰਮ ਵੀ ਕਰਦਾ ਹੈ'। ਸਵਾਲ ਇਹ ਹੈ ਕਿ ਕੀ ਉਨ੍ਹਾਂ ਕੋਲ ਅਸਲ ਵਿੱਚ 'ਪਰਮਾਣੂ ਬਟਨ' ਹੈ ਕਿ ਨਹੀਂ?
ਪਰਮਾਣੂ ਹਥਿਆਰ ਨੂੰ ਲਾਂਚ ਕਰਨਾ ਰਿਮੋਟ ਉੱਤੇ ਬਟਨ ਦੱਬ ਕੇ ਚੈਨਲ ਬਦਲਣ ਵਰਗਾ ਕੰਮ ਨਹੀਂ ਹੈ। ਇਹ ਕਾਫ਼ੀ ਗੁੰਝਲਦਾਰ ਪ੍ਰਕਿਰਿਆ ਹੈ।
ਮਜ਼ੇਦਾਰ ਗੱਲ ਇਹ ਹੈ ਕਿ ਇਸ ਵਿੱਚ 'ਬਿਸਕੁਟ' ਅਤੇ 'ਫੁੱਟਬਾਲ' ਵਰਗੀਆਂ ਚੀਜ਼ਾਂ ਸ਼ਾਮਿਲ ਹਨ।
ਯਾਨਿਕਿ 'ਪਰਮਾਣੂ ਬਟਨ' ਭਾਵੇਂ ਹੀ ਚਰਚਿਤ ਸ਼ਬਦ ਹੈ, ਪਰ ਇਹ ਵੀ ਸੱਚ ਹੈ ਕਿ ਟਰੰਪ ਮਹਿਜ਼ ਇੱਕ 'ਬਟਨ' ਦੱਬ ਕੇ ਪਰਮਾਣੂ ਹਥਿਆਰ ਨਹੀਂ ਚਲਾ ਸਕਦੇ।
ਫਿਰ ਉਨ੍ਹਾਂ ਕੋਲ ਕੀ ਹੈ?
ਪਿਛਲੇ ਸਾਲ 20 ਜਨਵਰੀ ਨੂੰ ਡੋਨਲਡ ਟਰੰਪ ਦੇ ਸਹੁੰ-ਚੁੱਕ ਸਮਾਗਮ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਫੌਜ ਦੇ ਇੱਕ ਅਧਿਕਾਰੀ ਕੋਲ ਚਮੜੇ ਦਾ ਇੱਕ ਬ੍ਰੀਫਕੇਸ ਸੀ।
ਸਹੁੰ ਚੁੱਕਦਿਆਂ ਹੀ ਉਹ ਫੌਜੀ ਅਧਿਕਾਰੀ ਆਪਣੇ ਬ੍ਰੀਫ਼ਕੇਸ ਦੇ ਨਾਲ ਟਰੰਪ ਕੋਲ ਪਹੁੰਚ ਗਿਆ।
ਉਸ ਬ੍ਰੀਫ਼ਕੇਸ ਨੂੰ 'ਨਿਊਕਲੀਅਰ ਫੁੱਟਬਾਲ' ਕਿਹਾ ਜਾਂਦਾ ਹੈ। ਪਰਮਾਣੂ ਹਥਿਆਰ ਨੂੰ ਲਾਂਚ ਕਰਨ ਲਈ ਇਸ 'ਫੁੱਟਬਾਲ' ਦੀ ਲੋੜ ਹੁੰਦੀ ਹੈ।
ਇਹ 'ਨਿਊਕਲੀਅਰ ਫੁੱਟਬਾਲ' ਹਰ ਵੇਲੇ ਰਾਸ਼ਟਰਪਤੀ ਦੇ ਕੋਲ ਰਹਿੰਦੀ ਹੈ।
ਬੀਤੇ ਸਾਲ ਅਗਸਤ ਵਿੱਚ ਇੱਕ ਮਾਹਿਰ ਨੇ ਅਮਰੀਕਾ ਦੇ ਚੈਨਲ ਸੀਐੱਨਐੱਨ ਨੂੰ ਦੱਸਿਆ ਸੀ, "ਟਰੰਪ ਜਦੋਂ ਗੋਲਫ਼ ਖੋਡਦੇ ਸੀ ਤਾਂ ਵੀ ਇਹ 'ਫੁੱਟਬਾਲ' ਇੱਕ ਛੋਟੀ ਗੱਡੀ ਵਿੱਚ ਉਨ੍ਹਾਂ ਦੇ ਪਿੱਛੇ ਚੱਲਦੀ ਹੈ।"
'ਨਿਊਕਲੀਅਰ ਫੁੱਟਬਾਲ' ਹੈ ਕੀ?
ਜੇ ਕਿਸੇ ਨੂੰ ਵੀ ਕਦੇ ਇਸ 'ਫੁੱਟਬਾਲ' ਨੂੰ ਖੋਲ੍ਹ ਕੇ ਦੇਖਣ ਦਾ ਮੌਕਾ ਮਿਲੇ ਤਾਂ ਉਸ ਨੂੰ ਵੱਡੀ ਨਿਰਾਸ਼ਾ ਹੋਵੇਗੀ।
'ਫੁੱਟਬਾਲ' ਵਿੱਚ ਨਾ ਤਾਂ ਕੋਈ ਬਟਨ ਹੈ ਤੇ ਨਾ ਹੀ ਇਸ ਵਿੱਚ ਹਾਲੀਵੁੱਡ ਦੀ ਫ਼ਿਲਮ 'ਆਰਮਾਗੇਡਨ' ਦੀ ਤਰ੍ਹਾਂ ਕੋਈ ਘੜੀ ਲੱਗੀ ਹੋਈ ਹੈ।
ਇਸ 'ਫੁੱਟਬਾਲ' ਅੰਦਰ 'ਕਮਿਊਨੀਕੇਸ਼ਨ ਟੂਲਜ਼' (ਗੱਲਬਾਤ ਕਰਨ ਵਾਲੀ ਤਕਨੀਕ) ਅਤੇ ਕੁੱਝ ਕਿਤਾਬਾਂ ਹਨ ਜਿੰਨ੍ਹਾਂ ਵਿੱਚ ਜੰਗ ਦੀਆਂ ਤਿਆਰ ਯੋਜਨਾਵਾਂ ਹਨ।
ਇਨ੍ਹਾਂ ਯੋਜਨਾਵਾਂ ਦੀ ਮਦਦ ਨਾਲ ਤੁਰੰਤ ਕੋਈ ਫੈਸਲਾ ਲਿਆ ਜਾ ਸਕਦਾ ਹੈ।
ਇਹ 'ਬਿਸਕੁਟ' ਕੀ ਹੈ?
'ਬਿਸਕੁਟ' ਇੱਕ ਕਾਰਡ ਹੁੰਦਾ ਹੈ ਜਿਸ ਵਿੱਚ ਕੁਝ ਕੋਡ ਹੁੰਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਨੂੰ ਇਹ ਕੋਡ ਹਮੇਸ਼ਾਂ ਆਪਣੇ ਕੋਲ ਰੱਖਣਾ ਪੈਂਦਾ ਹੈ। ਇਹ 'ਫੁੱਟਬਾਲ' ਤੋਂ ਵੱਖਰਾ ਹੁੰਦਾ ਹੈ।
ਜੇ ਰਾਸ਼ਟਰਪਤੀ ਨੂੰ ਪਰਮਾਣੂ ਹਮਲਾ ਕਰਨ ਦਾ ਹੁਕਮ ਦੇਣਾ ਹੈ ਤਾਂ ਉਹ ਇਸੇ ਕੋਡ ਦਾ ਇਸਤੇਮਾਲ ਕਰਕੇ ਫੌਜ ਨੂੰ ਆਪਣੀ ਪਛਾਣ ਦੱਸਦੇ ਹਨ।
ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਏਬੀਸੀ ਨਿਊਜ਼ ਨੇ ਡੋਨਲਡ ਟਰੰਪ ਤੋਂ ਪੁੱਛਿਆ ਸੀ, "ਬਿਸਕੁਟ ਮਿਲਣ ਤੋਂ ਬਾਅਦ ਕਿਵੇਂ ਮਹਿਸੂਸ ਹੁੰਦਾ ਹੈ?"
ਟਰੰਪ ਨੇ ਜਵਾਬ ਦਿੱਤਾ, "ਜਦੋਂ ਉਹ ਦੱਸਦੇ ਹਨ ਕਿ ਬਿਸਕੁਟ ਕੀ ਹੈ ਅਤੇ ਇਸ ਨਾਲ ਕਿਵੇਂ ਦੀ ਤਬਾਹੀ ਹੋ ਸਕਦੀ ਹੈ, ਤਾਂ ਤੁਹਾਨੂੰ ਇਸ ਦੀ ਗੰਭੀਰਤਾ ਸਮਝ ਆ ਜਾਂਦੀ ਹੈ। ਇਹ ਬੇਹੱਦ ਡਰਾਉਣਾ ਹੈ।"
ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਸਾਬਕਾ ਸਹਿਯੋਗੀ 'ਬਜ਼' ਪੈਟਰਸਨ ਨੇ ਦੱਸਿਆ ਸੀ ਕਿ 'ਕਲਿੰਟਨ ਨੇ ਇੱਕ ਵਾਰੀ ਕੋਡ ਗੁਆ ਦਿੱਤੇ ਸੀ।'
ਪੈਟਰਸਨ ਮੁਤਾਬਕ ਕਲਿੰਟਨ ਬਿਸਕੁਟ ਨੂੰ ਆਪਣੇ ਕ੍ਰੈਡਿਟ ਕਾਰਡ ਨਾਲ ਰਬਰਬੈਂਡ ਲਾ ਕੇ ਪੈਂਟ ਦੀ ਜੇਬ ਵਿੱਚ ਰੱਖਦੇ ਸਨ।
ਪੈਟਰਸਨ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਸਵੇਰੇ ਮੋਨਿਕਾ ਲੇਵਿੰਸਕੀ ਮਾਮਲਾ ਖੁੱਲ੍ਹਿਆ, ਕਲਿੰਟਨ ਨੇ ਦੱਸਿਆ ਕਿ ਉਨ੍ਹਾਂ ਨੂੰ ਧਿਆਨ ਨਹੀਂ ਹੈ ਕਿ ਕੋਡ ਕਿੱਥੇ ਰੱਖੇ ਗਏ।
ਫੌਜ ਦੇ ਇੱਕ ਹੋਰ ਅਧਿਕਾਰੀ ਹਿਊ ਸ਼ੇਲਟਨ ਨੇ ਵੀ ਦੱਸਿਆ ਕਿ ਰਾਸ਼ਟਰਪਤੀ ਕਲਿੰਟਨ 'ਮਹੀਨਿਆਂ' ਤੱਕ ਆਪਣੇ ਕੋਡ ਭੁੱਲ ਜਾਂਦੇ ਸੀ।
ਰਾਸ਼ਟਰਪਤੀ ਪਰਮਾਣੂ ਹਮਲਾ ਲਾਂਚ ਕਿਵੇਂ ਕਰਦੇ ਹਨ?
ਸਿਰਫ਼ ਰਾਸ਼ਟਰਪਤੀ ਪਰਮਾਣੂ ਹਥਿਆਰ ਲਾਂਚ ਕਰ ਸਕਦਾ ਹੈ।
ਕੋਡ ਰਾਹੀਂ ਫੌਜ ਨੂੰ ਆਪਣੀ ਪਛਾਣ ਦੱਸਣ ਤੋਂ ਬਾਅਦ ਰਾਸ਼ਟਰਪਤੀ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਨੂੰ ਹੁਕਮ ਦਿੰਦੇ ਹਨ।
ਉਸ ਤੋਂ ਬਾਅਦ ਇਹ ਹੁਕਮ ਨੇਬ੍ਰਾਸਕਾ ਦੇ ਆਫ਼ਟ ਏਅਰਬੇਸ ਵਿੱਚ ਬਣੇ ਸਟ੍ਰੈਟਜਿਕ ਕਮਾਂਡ ਦੇ ਮੁੱਖ ਦਫ਼ਤਰ ਕੋਲ ਚਲਿਆ ਜਾਂਦਾ ਹੈ।
ਉੱਥੋਂ ਇਹ ਹੁਕਮ ਗ੍ਰਾਊਂਡ ਟੀਮਾਂ ਨੂੰ ਭੇਜਿਆ ਜਾਂਦਾ ਹੈ। (ਇਹ ਸਮੁੰਦਰ ਜਾਂ ਪਾਣੀ ਅੰਦਰ ਵੀ ਹੋ ਸਕਦੇ ਹਨ)
ਪਰਮਾਣੂ ਹਥਿਆਰ ਨੂੰ ਫਾਇਰ ਕਰਨ ਦਾ ਹੁਕਮ ਕੋਡ ਜ਼ਰੀਏ ਭੇਜਿਆ ਜਾਂਦਾ ਹੈ। ਇਹ ਕੋਡ ਲਾਂਚ ਟੀਮ ਕੋਲ ਸੁਰੱਖਿਅਤ ਰੱਖੇ ਕੋਡ ਨਾਲ ਮਿਲਣਾ ਚਾਹੀਦਾ ਹੈ।
ਕੀ ਰਾਸ਼ਟਰਪਤੀ ਦੇ ਹੁਕਮ ਦੀ ਹੋ ਸਕਦੀ ਹੈਉਲੰਘਣਾ?
ਰਾਸ਼ਟਰਪਤੀ ਅਮਰੀਕੀ ਫੌਜਾਂ ਦੇ ਕਮਾਂਡਰ-ਇਨ-ਚੀਫ਼ ਹੁੰਦੇ ਹਨ। ਯਾਨਿਕਿ ਫੌਜ ਨੂੰ ਉਨ੍ਹਾਂ ਦਾ ਹਰ ਹੁਕਮ ਮੰਨਣਾ ਹੁੰਦਾ ਹੈ।
ਪਰ ਇਸ ਵਿੱਚ ਕੁਝ ਛੋਟ ਵੀ ਹੋ ਸਕਦੀ ਹੈ।
40 ਸਾਲਾਂ ਵਿੱਚ ਪਹਿਲੀ ਵਾਰ ਪਿਛਲੇ ਸਾਲ ਨਵੰਬਰ ਵਿੱਚ ਕਾਂਗਰਸ ਨੇ ਰਾਸ਼ਟਰਪਤੀ ਦੇ ਪਰਮਾਣੂ ਹਥਿਆਰ ਲਾਂਚ ਕਰਨ ਦੇ ਅਧਿਕਾਰ ਦੀ ਜਾਂਚ ਕੀਤੀ।
ਇੰਨ੍ਹਾਂ ਵਿੱਚ 2011-13 ਵਿੱਚ ਅਮਰੀਕੀ ਸਟ੍ਰੈਟਜਿਕ ਕਮਾਂਡ ਦੇ ਕਮਾਂਡਰ ਰਹੇ ਸੀ ਰੌਬਰਟ ਕੇਹਲਰ ਵੀ ਸ਼ਾਮਿਲ ਸਨ।
ਉਨ੍ਹਾਂ ਨੇ ਜਾਂਚ ਕਮੇਟੀ ਨੂੰ ਕਿਹਾ ਸੀ ਕਿ ਉਹ ਸਿਖਲਾਈ ਦੇ ਮੁਤਾਬਕ ਰਾਸ਼ਟਰਪਤੀ ਦਾ ਪਰਮਾਣੂ ਹਥਿਆਰ ਛੱਡਣ ਦਾ ਹੁਕਮ ਮੰਨਦੇ ਹਨ, ਪਰ ਉਦੋਂ ਜਦੋਂ ਉਹ ਕਨੂੰਨ ਮੁਤਾਬਕ ਹੋਵੇ।
ਉਨ੍ਹਾਂ ਨੇ ਕਿਹਾ, "ਕੁਝ ਹਾਲਤਾਂ ਵਿੱਚ ਮੈਂ ਕਹਿ ਸਕਦਾ ਸੀ ਕਿ ਮੈਂ ਤਿਆਰ ਨਹੀਂ ਹਾਂ।"
ਇੱਕ ਸੈਨੇਟਰ ਨੇ ਪੁੱਛਿਆ, "ਉਸ ਤੋਂ ਬਾਅਦ ਕੀ ਹੁੰਦਾ?" ਉਦੋਂ ਕੇਹਲਕਰ ਨੇ ਕਿਹਾ, "ਪਤਾ ਨਹੀਂ।"
ਇਸ ਦੇ ਜਵਾਬ ਵਿੱਚ ਕਮੇਟੀ ਮੈਂਬਰ ਹੱਸਣ ਲਗ ਪਏ।