ਅਮਰੀਕਾ ਨੇ ਰੋਕੀ ਪਾਕਿਸਤਾਨ ਦੀ ਫੌਜੀ ਮਦਦ

ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਫੌਜੀ ਮਦਦ ਰੋਕਣ ਦਾ ਐਲਾਨ ਕੀਤਾ ਹੈ।

ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਆਪਣੀ ਜ਼ਮੀਨ ਤੋਂ 'ਕੱਟੜਪੰਥ ਨੂੰ ਖ਼ਤਮ ਕਰਨ ਲਈ ਨਾਕਾਮ ਰਹਿਣ' ਕਾਰਨ ਅਜਿਹਾ ਕੀਤਾ ਗਿਆ ਹੈ।

ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਫੌਜੀ ਮਦਦ ਉਦੋਂ ਤੱਕ ਰੁਕੀ ਰਹੇਗੀ ਜਦੋਂ ਤੱਕ ਪਾਕਿਸਤਾਨ ਹੱਕਾਨੀ ਨੈੱਟਵਰਕ ਅਤੇ ਅਫ਼ਗਾਨ ਤਾਲਿਬਾਨ ਖ਼ਿਲਾਫ਼ ਕਾਰਵਾਈ ਨਹੀਂ ਕਰਦਾ।

ਇਸੇ ਹਫਤੇ ਨਵੇਂ ਸਾਲ ਦੇ ਪਹਿਲੇ ਦਿਨ ਕੀਤੇ ਗਏ ਇੱਕ ਟਵੀਟ 'ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ 'ਤੇ ਝੂਠ ਬੋਲਣ ਅਤੇ ਕੱਟੜਪੰਥੀਆਂ ਨੂੰ ਪਨਾਹ ਦੇਣ ਦਾ ਇਲਜ਼ਾਮ ਲਗਾਇਆ ਸੀ।

ਟਰੰਪ ਨੇ ਕਿਹਾ ਸੀ ਕਿ ਪਾਕਿਸਤਾਨ ਅਮਰੀਕਾ ਕੋਲੋਂ 'ਅਰਬਾਂ ਡਾਲਰ ਦੀ ਮਦਦ ਲੈਣ ਦੇ ਬਾਵਜੂਦ ਕੱਟੜਪੰਥੀਆਂ ਨੂੰ ਪਾਲ ਰਿਹਾ ਹੈ'।

ਫ਼ੈਸਲਾਕੁਨ ਕਦਮ ਲਾਜ਼ਮੀ

ਇਹੀ ਨਹੀਂ ਟਰੰਪ ਪ੍ਰਸਾਸ਼ਨ ਨੇ ਵਿਦੇਸ਼ ਵਿਭਾਗ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 255 ਮਿਲੀਅਨ ਡਾਲਰ ਦੀ ਮਦਦ ਵੀ ਰੋਕ ਦਿੱਤੀ ਹੈ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਹੈਦਰ ਨਾਵਰਟ ਨੇ ਕਿਹਾ, "ਅੱਜ ਮੈਂ ਇਸ ਗੱਲ ਦੀ ਪੁਸ਼ਟੀ ਕਰ ਰਹੀ ਹਾਂ ਕਿ ਅਸੀਂ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਫੌਜੀ ਮਦਦ ਰੋਕ ਰਹੇ ਹਾਂ।"

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੱਕ ਪਾਕਿਸਤਾਨੀ ਸਰਕਾਰ ਹੱਕਾਨੀ ਨੈੱਟਵਰਕ ਅਤੇ ਅਫ਼਼ਗਾਨ ਤਾਲਿਬਾਨ ਸਣੇ ਹੋਰਨਾਂ ਕੱਟੜਪੰਥੀ ਸਮੂਹਾਂ ਖ਼ਿਲਾਫ਼ ਫੈਸਲਾਕੁਨ ਕਦਮ ਨਹੀਂ ਚੁੱਕਦੀ।"

ਉਨ੍ਹਾਂ ਨੇ ਕਿਹਾ, ''ਅਸੀਂ ਮੰਨਦੇ ਹਾਂ ਕਿ ਇਹ ਗੁੱਟ ਖੇਤਰ ਨੂੰ ਅਸਥਿਰ ਕਰ ਰਹੇ ਹਨ ਅਤੇ ਅਮਰੀਕੀ ਫੌਜੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਤੇ ਇਸ ਲਈ ਅਮਰੀਕਾ ਪਾਕਿਸਤਾਨ ਲਈ ਫੌਜੀ ਮਦਦ ਰੋਕਣ ਜਾ ਰਿਹਾ ਹੈ।"

ਸੁਰੱਖਿਆ ਨੀਤੀ 'ਚ ਚਿਤਾਵਨੀ

ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਵੱਲੋਂ ਜਾਰੀ ਕੀਤੀ ਜਾਣ ਵਾਲੀ ਰਾਸ਼ਟਰੀ ਸੁਰੱਖਿਆ ਨੀਤੀ 'ਚ ਕਿਹਾ ਗਿਆ ਸੀ, "ਅਸੀਂ ਪਾਕਿਸਤਾਨ 'ਤੇ ਅੱਤਵਾਦੀਆਂ ਦੇ ਖ਼ਾਤਮੇ ਲਈ ਜਾਰੀ ਕੋਸ਼ਿਸ਼ਾਂ 'ਚ ਤੇਜ਼ੀ ਲਿਆਉਣ ਦਾ ਦਬਾਅ ਪਾਵਾਂਗੇ ਕਿਉਂਕਿ ਕਿਸੇ ਵੀ ਦੇਸ ਦੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਲਈ ਕੋਈ ਭੂਮਿਕਾ ਨਹੀਂ ਹੋ ਸਕਦੀ।"

ਅਮਰੀਕੀ ਰਾਸ਼ਟਰਪਤੀ ਵੱਲੋਂ ਕਿਹਾ ਗਿਆ, "ਪਾਕਿਸਤਾਨ ਵਿੱਚ ਸਰਗਰਮ ਅੱਤਵਾਦੀਆਂ ਅਤੇ ਕੱਟੜਪੰਥੀਆਂ ਕੋਲੋਂ ਅਮਰੀਕਾ ਨੂੰ ਖ਼ਤਰਾ ਹੈ।"

ਅਮਰੀਕਾ ਦੀ ਇਸੇ ਸੁਰੱਖਿਆ ਨੀਤੀ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕੀ ਉੱਪ ਰਾਸ਼ਟਰਪਤੀ ਮਾਇਕ ਪੇਂਸ ਨੇ ਆਪਣੇ ਅਫ਼ਗਾਨਿਸਤਾਨ ਦੌਰੇ ਦੌਰਾਨ ਪਾਕਿਤਸਤਾਨ ਨੂੰ ਇੱਕ ਵਾਰ ਫਿਰ ਕਿਹਾ ਸੀ ਕਿ ਉਹ ਅਫ਼ਗਾਨੀ ਸਰਕਾਰ ਦੇ ਖ਼ਿਲਾਫ਼ ਲੜਨ ਵਾਲੇ ਗੁੱਟਾਂ ਨੂੰ ਸੁਰੱਖਿਅਤ ਥਾਂ ਮੁਹੱਈਆ ਨਾ ਕਰਾਏ।

ਉਨ੍ਹਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਇੱਕ ਲੰਬੇ ਸਮੇਂ ਤੱਕ ਤਾਲਿਬਾਨ ਅਤੇ ਹੋਰ ਕੱਟੜਪੰਥੀ ਜਥੇਬੰਦੀਆਂ ਨੂੰ ਸੁਰੱਖਿਅਤ ਥਾਵਾਂ ਮੁਹੱਈਆਂ ਕਰਾਉਂਦੀ ਆਇਆ ਹੈ ਅਤੇ ਹੁਣ ਉਹ ਵੇਲਾ ਲੰਘ ਗਿਆ ਹੈ।

ਅਮਰੀਕੀ ਉੱਪ ਰਾਸ਼ਟਰਪਤੀ ਦੇ ਇਸ ਬਿਆਨ 'ਤੇ ਪਾਕਿਸਤਾਨ ਨੇ ਸਖ਼ਤ ਪ੍ਰਤਿਕਿਰਿਆ ਵੀ ਦਿੱਤੀ ਸੀ।

ਪਾਕਿਸਤਾਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ਉੱਪ ਰਾਸ਼ਟਰਪਤੀ ਦਾ ਇਹ ਬਿਆਨ ਅਮਰੀਕੀ ਪ੍ਰਸ਼ਾਸਨ ਨਾਲ ਹੋਣ ਵਾਲੀ ਡੂੰਘੀ ਗੱਲਬਾਤ ਦੇ ਖ਼ਿਲਾਫ਼ ਹੈ ਅਤੇ ਸਹਿਯੋਗੀ ਦਲ ਇੱਕ-ਦੂਜੇ ਨੂੰ ਚਿਤਾਵਨੀ ਨਹੀਂ ਦਿੰਦੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)