ਹਾਫ਼ਿਜ਼ ਸਈਦ ਤੇ ਹੱਕਾਨੀ ਨੈੱਟਵਰਕ ਬੋਝ: ਪਾਕਿਸਤਾਨ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ਼ ਨੇ ਕਿਹਾ ਹੈ ਕਿ ਹੱਕਾਨੀ ਨੈੱਟਵਰਕ ਅਤੇ ਹਾਫ਼ੀਜ਼ ਸਈਦ ਵਰਗੇ ਤੱਤ ਪਾਕਿਸਤਾਨ ਲਈ ਬੋਝ ਹਨ ਪਰ ਇਨ੍ਹਾਂ ਤੋਂ ਜਾਨ ਛੁਡਾਉਣ ਲਈ ਵਕਤ ਚਾਹੀਦਾ ਹੈ।

ਨਿਊਯਾਰਕ 'ਚ ਏਸ਼ੀਆ ਸੁਸਾਇਟੀ ਦੇ ਇੱਕ ਪ੍ਰੋਗਰਾਮ 'ਚ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਅਜਿਹੇ ਲੋਕ ਹਨ ਜੋ ਪਾਕਿਸਤਾਨ ਲਈ ਸੰਕਟ ਬਣ ਸਕਦੇ ਹਨ।

ਅਮਰੀਕੀ ਪੱਤਰਕਾਰ ਸਟੀਵ ਕੋਲ ਦੇ ਸਵਾਲ ਦਾ ਜਵਾਬ ਦਿੰਦਿਆਂ ਖਵਾਜ਼ਾ ਆਸਿਫ਼ ਨੇ ਕਿਹਾ ਕਿ ਪਾਕਿਸਤਾਨ ਨੂੰ ਕੱਟੜਪੰਥੀਆਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਹਨ।

ਸਰੋਤਾਂ ਦੀ ਘਾਟ

ਉਨ੍ਹਾਂ ਕਿਹਾ ਕਿ, "ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਦੇ ਸੰਗਠਨ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਇਸ ਤੋਂ ਕਿਨਾਰਾ ਕਰ ਲਿਆ ਗਿਆ ਹੈ ਪਰ ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ ਪਾਕਿਸਤਾਨ ਨੂੰ ਇਸ ਪਾਸੇ ਹੋਰ ਕਦਮ ਚੁੱਕਣ ਦੀ ਲੋੜ ਹੈ।"

ਪਾਕਿਸਤਾਨ ਨੇ ਇਸ ਸਾਲ ਦੇ ਸ਼ੁਰੂਆਤ 'ਚ ਹਾਫ਼ਿਜ਼ ਸਈਦ ਨੂੰ ਨਜ਼ਰਬੰਦ ਕੀਤਾ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਨੇ ਪਾਕਿਸਤਾਨ ਨੂੰ ਹਾਫ਼ਿਜ਼ ਸਈਦ ਅਤੇ ਹੱਕਾਨੀ ਨੈੱਟਵਰਕ 'ਤੇ ਕਾਰਵਾਈ ਕਰਨ ਲਈ ਦਬਾਅ ਬਣਾਇਆ ਵੀ ਹੈ।

ਉਨ੍ਹਾਂ ਕਿਹਾ, "ਇਹ ਕਹਿਣਾ ਬਹੁਤ ਸੌਖਾ ਹੈ ਕਿ ਪਾਕਿਸਤਾਨ ਹੱਕਾਨੀ ਨੈੱਟਵਰਕ, ਹਾਫ਼ਿਜ਼ ਸਈਦ ਅਤੇ ਲਸ਼ਕਰ-ਏ-ਤਇਬਾ ਦੀ ਮਦਦ ਕਰ ਰਿਹਾ ਹੈ। ਇਹ ਸਾਰੇ ਬੋਝ ਹਨ ਅਤੇ ਉਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਸਮਾਂ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਖ਼ਤਮ ਕਰਨ ਲਈ ਸਾਡੇ ਕੋਲ ਸਾਧਨ ਨਹੀਂ ਹਨ।"

ਅਮਰੀਕਾ ਦਾ ਸਾਥੀ ਬਣਨ 'ਤੇ ਪਛਤਾਵਾ

ਖਵਾਜ਼ਾ ਆਸਿਫ਼ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਹੈ ਕਿ 80 ਦੇ ਦਹਾਕਿਆਂ 'ਚ ਪਾਕਿਸਤਾਨ ਅਫ਼ਗਾਨਿਸਤਾਨ 'ਚ ਅਮਰੀਕਾ ਦਾ ਸਹਿਯੋਗੀ ਬਣਿਆ।

ਉਨ੍ਹਾਂ ਕਿਹਾ ਕਿ ਪਾਕਿਸਤਾਨ 'ਤੇ ਦੋਸ਼ ਲਾਉਣ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਪਾਕਿਸਤਾਨ ਦੀਆਂ ਪਰੇਸ਼ਾਨੀਆਂ ਸੋਵੀਅਤ ਰੂਸ ਖ਼ਿਲਾਫ਼ ਸ਼ੀਤ ਯੁੱਧ ਤੋਂ ਬਾਅਦ ਪੈਦਾ ਹੋਈਆਂ, ਜਦ ਅਮਰੀਕਾ ਨੇ ਪਾਕਿਸਤਾਨ ਦੀ ਵਰਤੋਂ ਕੀਤੀ।

ਉਨ੍ਹਾਂ ਨੇ ਕਿਹਾ, "ਸੋਵੀਅਤ ਯੂਨੀਅਨ ਦੇ ਖਿਲਾਫ਼ ਲੜਾਈ ਦਾ ਹਿੱਸਾ ਬਣਨਾ ਪਾਕਿਸਤਾਨ ਦਾ ਗ਼ਲਤ ਫ਼ੈਸਲਾ ਸੀ, ਵਾਰ-ਵਾਰ ਪਾਕਿਸਤਾਨ ਦਾ ਇਸਤੇਮਾਲ ਹੋਇਆ।"

ਉਨ੍ਹਾਂ ਨੇ ਅੱਗੇ ਕਿਹਾ ਕਿ ਗ਼ਲਤੀ ਸਿਰਫ਼ ਪਾਕਿਸਤਾਨ ਦੀ ਹੀ ਨਹੀਂ ਹੈ ਅਤੇ ਪਾਕਿਸਤਾਨ 'ਤੇ ਇਲਜ਼ਾਮ ਲਾਉਣਾ ਗ਼ਲਤ ਹੋਵੇਗਾ।

ਬੀਬੀਸੀ ਪੱਤਰਕਾਰ ਹਾਰੂਨ ਰਸ਼ੀਦ ਦਾ ਵਿਸ਼ਲੇਸ਼ਣ

ਹੱਕਾਨੀ ਨੈੱਟਵਰਕ ਅਤੇ ਹਾਫਿਜ਼ ਸਈਦ ਨੂੰ ਲੈ ਕੇ ਅਕਸਰ ਪਾਕਿਸਤਾਨ 'ਤੇ ਸਵਾਲ ਚੁੱਕੇ ਜਾਂਦੇ ਹਨ।

ਖਵਾਜ਼ਾ ਆਸਿਫ਼ ਨੇ ਅਮਰੀਕਾ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ 70 ਤੇ 80 ਦੇ ਦਹਾਕਿਆਂ 'ਚ ਇਹ ਲੋਕ ਅਮਰੀਕਾ ਦੇ ਵੀ ਹੀਰੋ ਸਨ। ਵਾਈਟ ਹਾਊਸ 'ਚ ਵੀ ਉਨ੍ਹਾਂ ਨੂੰ ਖਵਾਇਆ-ਪਿਆਇਆ ਗਿਆ।

ਹੁਣ ਜਦ ਉਹ ਦੁਸ਼ਮਣ ਬਣ ਗਏ ਹਨ ਤਾਂ ਸਿਰਫ਼ ਅਮਰੀਕਾ ਲਈ ਹੀ ਨਹੀਂ ਬਲਕਿ ਪਾਕਿਸਤਾਨ ਲਈ ਵੀ ਬੋਝ ਬਣ ਗਏ ਹਨ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਪਰ ਇਸ ਲਈ ਸਮਾਂ ਲੱਗੇਗਾ, ਕਿਉਂਕਿ ਪਾਕਿਸਤਾਨ ਕੋਲ ਇੰਨੇ ਸਾਧਨ ਨਹੀਂ ਹਨ।

ਅਮਰੀਕਾ ਵੱਲੋਂ ਮਾਲੀ ਮਦਦ ਬੰਦ

ਹੱਕਾਨੀ ਨੈੱਟਵਰਕ ਅਤੇ ਹਾਫ਼ਿਜ਼ ਸਈਦ 'ਤੇ ਕਾਰਵਾਈ ਅਤੇ ਅਮਰੀਕਾ ਵੱਲੋਂ ਅਰਬਾਂ ਡਾਲਰਾਂ ਦੀ ਸਹਾਇਤਾ ਬੰਦ ਕਰਨ ਨਾਲ ਪਾਕਿਸਤਾਨ 'ਤੇ ਦਬਾਅ ਵਧਿਆ ਹੈ।

ਇਸ 'ਤੇ ਖਵਾਜ਼ਾ ਆਸਿਫ਼ ਨੇ ਕਿਹਾ ਕਿ ਅਮਰੀਕਾ ਜੋ ਕਿ ਪਾਕਿਸਤਾਨ ਨੂੰ ਅਰਬਾਂ ਡਾਲਰ ਦੇ ਰਿਹਾ ਹੈ। ਉਹ ਅਮਰੀਕਾ ਨੂੰ ਦਿੱਤੀ ਜਾਣ ਵਾਲੀ ਮਦਦ ਦੇ ਏਵਜ਼ ਵਜੋਂ ਮਿਲਦੇ ਹਨ। ਜਿਸ ਦਾ ਪੂਰਾ ਲੇਖਾ-ਜੋਖਾ ਹੁੰਦਾ ਹੈ।

ਪਾਕਿਸਤਾਨ 'ਚ ਪਿਛਲੇ ਚਾਰ ਸਾਲਾ ਤੋਂ ਵਿਦੇਸ਼ ਮੰਤਰੀ ਨਹੀਂ ਸਨ ਪਰ ਹੁਣ ਵਿਦੇਸ਼ ਮੰਤਰੀ ਨੂੰ ਸਾਹਮਣੇ ਲਿਆਂਦਾ ਗਿਆ ਹੈ।

ਇਸ ਨਾਲ ਲੱਗਦਾ ਹੈ ਕਿ ਪਾਕਿਸਤਾਨ ਵਿਦੇਸ਼ ਨੀਤੀ 'ਤੇ ਖੁੱਲ੍ਹ ਕੇ ਆਪਣਾ ਪੱਖ ਰੱਖਣਾ ਚਾਹੁੰਦਾ ਹੈ।

ਜਦੋਂ ਸ਼ਾਹਿਦ ਖ਼ਕ਼ਾਨ ਅੱਬਾਸੀ ਪ੍ਰਧਾਨ ਮੰਤਰੀ ਬਣੇ

ਨਵਾਜ਼ ਸ਼ਰੀਫ਼ ਨੂੰ ਹਟਾਏ ਜਾਣ ਤੋਂ ਬਾਅਦ ਸ਼ਾਹਿਦ ਖ਼ਕ਼ਾਨ ਅੱਬਾਸੀ ਪ੍ਰਧਾਨ ਮੰਤਰੀ ਬਣੇ।

ਪਾਕਿਸਤਾਨ ਵਿੱਚ ਪ੍ਰਧਾਨ ਮੰਤਰੀ ਬਦਲਣ ਤੋਂ ਬਾਅਦ ਸਰਕਾਰੀ ਪੱਧਰ 'ਤੇ ਮੁੜ ਵਿਚਾਰ ਕਰਦਿਆਂ ਉਸ ਦੀ ਵਿਦੇਸ਼ ਨੀਤੀ ਬਾਰੇ ਸੋਚਿਆ ਗਿਆ।

ਨਵਾਜ਼ ਸ਼ਰੀਫ਼ ਦੇ ਜਾਣ ਤੋਂ ਬਾਅਦ ਨਵੀਂ ਕੈਬਨਿਟ 'ਚ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਖ਼ਵਾਜ਼ਾ ਆਸਿਫ਼ ਨੂੰ ਸੌਂਪੀ ਗਈ।

ਉਹ ਪਹਿਲਾ ਵੀ ਬਿਆਨ ਦੇ ਚੁੱਕੇ ਹਨ ਕਿ ਪਹਿਲਾ ਪਾਕਿਸਤਾਨ ਨੂੰ ਆਪਣਾ ਘਰ ਠੀਕ ਕਰਨਾ ਹੋਵੇਗਾ ਅਤੇ ਵਿਦੇਸ਼ ਨੀਤੀ 'ਚ ਵੀ ਸੁਧਾਰ ਕਰਨ ਦੀ ਲੋੜ ਹੈ।

ਘਰ ਵਿੱਚ ਸੁਧਾਰ ਦੀ ਲੋੜ

ਪਾਕਿਸਤਾਨ 'ਚ ਸਰਕਾਰੀ ਪੱਧਰ 'ਤੇ ਕਾਫ਼ੀ ਬਦਲਾਅ ਆਏ ਹਨ। ਜਿਵੇਂ ਕਿ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਆਪਣੇ ਘਰ ਵਿੱਚ ਸੁਧਾਰ ਦੀ ਗੱਲ ਕੀਤੀ ਹੈ। ਉਸ ਨਾਲ ਲੱਗਦਾ ਹੈ ਕਿ ਹਾਲ 'ਚ ਦਿੱਤਾ ਗਿਆ ਬਿਆਨ ਵੀ ਉਸੇ ਦੀ ਲੜੀ ਹੈ।

ਪਾਕਿਸਤਾਨੀ ਸੱਤਾ ਦੇ ਗਲਿਆਰਿਆਂ 'ਚ ਵੀ ਇਸ ਗੱਲ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੇ 15-16 ਸਾਲਾਂ ਵਿੱਚ ਪਾਕਿਸਤਾਨ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਹੈ।

ਤਾਲਿਬਾਨ ਅਤੇ ਅਲ ਕਾਇਦਾ ਦੇ ਮਾਮਲਿਆਂ ਤੋਂ ਬਾਅਦ ਹੁਣ ਦਾਏਸ਼ (ਕਥਿਤ ਇਸਲਾਮਿਕ ਸਟੇਟ) ਦੇ ਮੁੱਦੇ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਅਤੇ ਜੇਕਰ ਅਜਿਹੇ 'ਚ ਆਪਣੇ ਘਰ ਅਤੇ ਖੇਤਰ ਨੂੰ ਠੀਕ ਨਹੀਂ ਕੀਤਾ ਤਾਂ ਸ਼ਾਇਦ ਪਾਕਿਸਤਾਨ ਲਈ ਮੁੜਨਾ ਮੁਸ਼ਕਲ ਹੋ ਜਾਵੇਗਾ ਜਾਂ ਉਸਦੀਆਂ ਨੀਤੀਆਂ 'ਚ ਬਦਲਾਅ ਲਈ ਬਹੁਤ ਦੇਰ ਹੋ ਜਾਵੇਗੀ। ਜਿਸ ਕਾਰਨ ਨਵੀਂ ਸਰਕਾਰ ਨਵੇਂ ਅੰਦਾਜ਼ ਵਿੱਚ ਸਾਹਮਣੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)