BBC SPECIAL: ਅਮਰੀਕਾ ਨਹੀਂ ਸਾਡਾ ਮਸਲਾ ਭਾਰਤ ਨਾਲ-ਹਾਫਿਜ਼ ਸਈਦ

ਜਮਾਤ ਉਦ ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਮੁਤਾਬਕ ਉਨ੍ਹਾਂ ਦੀ ਪਾਰਟੀ ਦੇ ਖਿਲਾਫ਼ ਮੌਜੂਦਾ ਕਾਰਵਾਈਆਂ ਅਮਰੀਕਾ ਤੇ ਭਾਰਤ ਦੇ ਦਬਾਅ ਹੇਠ ਹੋ ਰਹੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਸਿਆਸੀ ਲੋਕ ਉਨ੍ਹਾਂ ਦੇ ਖਿਲਾਫ਼ ਪ੍ਰਚਾਰ ਦੀ ਮੁਹਿੰਮ ਚਲਾ ਰਹੇ ਹਨ।

ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ੁਰਰਮ ਦਸਤਗੀਰ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਹਾਫ਼ਿਜ਼ ਸਈਦ ਦੇ ਖਿਲਾਫ਼ ਕਾਰਵਾਈ "ਆਪਰੇਸ਼ਨ ਰੱਦ ਉਲ ਫਸਾਦ" ਦਾ ਹਿੱਸਾ ਹੈ।

ਬੀਬੀਸੀ ਉਰਦੂ ਦੇ ਪੱਤਰਕਾਰ ਸ਼ਫ਼ੀ ਨਕੀ ਜਾਮਈ ਨੇ ਹਾਫਿਜ਼ ਸਈਦ ਤੋਂ ਪ੍ਰਸ਼ਨ ਕੀਤਾ ਕਿ ਆਪਰੇਸ਼ਨ ਰੱਦ ਉਲ ਫਸਾਦ ਤਾਂ ਅਤਿਵਾਦੀਆਂ ਦੇ ਖਿਲਾਫ਼ ਹੈ ਫੇਰ ਕੀ ਇਸ ਸਰਕਾਰ ਨੇ ਜਮਾਤ ਉਦ ਦਾਵਾ ਨੂੰ ਕੱਟੜਪੰਥੀ ਸੰਗਠਨ ਕਰਾਰ ਦੇ ਦਿੱਤਾ ਹੈ?

ਇਸ ਸਵਾਲ ਦੇ ਜਵਾਬ ਵਿੱਚ ਹਾਫ਼ਿਜ਼ ਸਈਦ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਅਜਿਹਾ ਕੋਈ ਨੋਟਿਸ ਨਹੀਂ ਆਇਆ ਹੈ, ਨਾ ਹੀ ਇਸਦਾ ਕੋਈ ਆਧਾਰ ਹੈ।

'ਪਾਕਿਸਤਾਨ ਦਬਾਅ ਹੇਠ ਹੈ'

ਹਾਫ਼ਿਜ਼ ਸਈਦ ਨੇ ਕਿਹਾ, "ਮੈਂ ਤਾਂ ਸਾਫ ਕਹਿੰਦਾ ਹਾਂ ਕਿ ਇਹ ਅਮਰੀਕੀ ਦਬਾਅ ਹੈ ਅਤੇ ਨਾਲ ਹੀ ਭਾਰਤ ਵੱਲੋਂ ਇਹ ਸਾਰੀਆਂ ਗੱਲਾਂ ਹੋ ਰਹੀਆਂ ਹਨ ਅਤੇ ਰੱਖਿਆ ਮੰਤਰੀ ਉਨ੍ਹਾਂ ਦੀ ਹੀ ਬੋਲੀ ਬੋਲ ਰਹੇ ਹਨ।"

ਉਨ੍ਹਾਂ ਨੇ ਕਿਹਾ ਉਹ ਅਦਾਲਤਾਂ ਤੋਂ ਹਮੇਸ਼ਾ ਬਾਇੱਜ਼ਤ ਬਰੀ ਹੋਏ ਹਨ ਪਰ ਕੁਝ ਸਿਆਸੀ ਲੋਕ ਕਿਸੇ ਹੋਰ ਦੇ ਏਜੰਡੇ 'ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਖ਼ਿਲਾਫ਼ ਮੁਹਿੰਮ ਚਲਾ ਰਹੇ ਹਨ।

ਸਈਦ ਨੇ ਕਿਹਾ, "ਸਾਡੇ ਕਿਰਦਾਰ ਬਾਰੇ ਸਾਰੀ ਦੁਨੀਆਂ ਜਾਣਦੀ ਹੈ। ਜਦੋਂ ਪੇਸ਼ਾਵਰ ਵਿੱਚ ਬੱਚਿਆਂ 'ਤੇ ਹਮਲਾ ਹੋਇਆ ਸੀ, ਸਭ ਤੋਂ ਪਹਿਲਾਂ ਮਦਦ ਲਈ ਅਸੀਂ ਉੱਥੇ ਪਹੁੰਚੇ ਸੀ।"

"ਇਸੇ ਤਰ੍ਹਾਂ ਪੂਰੇ ਮੁਲਕ ਵਿੱਚ ਅਸੀਂ ਦਹਿਸ਼ਤਗਰਦੀ ਦੇ ਖ਼ਾਤਮੇ ਲਈ ਸਾਹਿਤ ਛਾਪਿਆ। ਥਾਂ ਥਾਂ 'ਤੇ ਕੰਮ ਕੀਤਾ। ਮੈਨੂੰ ਨਹੀਂ ਪਤਾ ਕਿ ਲੋਕ ਕਿਸ ਏਜੰਡੇ 'ਤੇ ਅਮਲ ਕਰ ਰਹੇ ਹਨ।"

'ਅਮਰੀਕਾ ਨਾਲ ਲੜਾਈ ਨਹੀਂ'

ਹਾਫ਼ਿਜ਼ ਸਈਦ ਕੋਲੋਂ ਜਦੋਂ ਕੁਝ ਚਿਰ ਪਹਿਲਾਂ ਆਈਆਂ ਅਜਿਹੀਆਂ ਖ਼ਬਰਾਂ ਬਾਰੇ ਪੁੱਛਿਆ ਗਿਆ, ਜਿਨਾਂ 'ਚ ਕਿਹਾ ਗਿਆ ਸੀ ਕਿ ਅਮਰੀਕਾ ਉਨ੍ਹਾਂ ਨੂੰ ਡਰੋਨ ਹਮਲਿਆਂ ਦਾ ਨਿਸ਼ਾਨਾ ਬਣਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੇ ਇਸ ਖ਼ਬਰ ਨੂੰ ਰੱਦ ਕਰ ਦਿੱਤਾ।

ਹਾਫ਼ਿਜ਼ ਸਈਦ ਨੇ ਕਿਹਾ, "ਨਾ ਅਮਰੀਕਾ ਦਾ ਸਾਡੇ ਨਾਲ ਕੋਈ ਝਗੜਾ ਹੈ ਅਤੇ ਨਾ ਹੀ ਸਾਡਾ ਕੋਈ ਮਸਲਾ ਹੈ। ਅਸੀਂ ਗੱਲ ਕਰਦੇ ਹਾਂ ਕਸ਼ਮੀਰ ਦੀ। ਸਾਡੇ ਖ਼ਿਲਾਫ਼ ਜੋ ਕੁਝ ਵੀ ਹੈ ਉਹ ਭਾਰਤ ਵੱਲੋਂ ਹੈ। ਹਾਲਾਂਕਿ ਇਹ ਹੋ ਸਕਦਾ ਹੈ ਕਿ ਭਾਰਤ ਅਮਰੀਕਾ ਨੂੰ ਭੜਕਾਏ।"

ਜਮਾਤ ਉਦ ਦਾਵਾ ਦੇ ਹੱਕਾਨੀ ਨੈੱਟਵਰਕ ਨਾਲ ਸਬੰਧ ਦੇ ਸਵਾਲ 'ਤੇ ਹਾਫ਼ਿਜ਼ ਸਈਦ ਨੇ ਕਿਹਾ ਕਿ ਜਮਾਤ ਉਦ ਦਾਵਾ ਦਾ ਹੱਕਾਨੀ ਨੈੱਟਵਰਕ ਅਤੇ ਅਫ਼ਗਾਨਿਸਤਾਨ ਦੇ ਹਾਲਾਤ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ।

ਹਾਲਾਂਕਿ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਅਮਰੀਕਾ ਨੂੰ ਅਫ਼ਗਾਨਿਸਤਾਨ ਤੋਂ ਬਾਹਰ ਚਲੇ ਚਾਹੀਦਾ ਹੈ।

ਹੱਕਾਨੀ ਨੈੱਟਵਰਕ ਦੇ ਨਾਲ ਨਾਂ ਵੱਜਣ 'ਤੇ ਸਈਦ ਨੇ ਕਿਹਾ, "ਹੱਕਾਨੀਆਂ ਦਾ ਆਪਣਾ ਮਾਮਲਾ ਹੈ। ਉਹ ਅਫ਼ਗਾਨਿਸਤਾਨ ਦੇ ਅੰਦਰ ਆਪਣੀ ਆਜ਼ਾਦੀ ਦੀ ਲੜਾਈ ਲੜ੍ਹ ਰਹੇ ਹਨ। ਜੋ ਕਸ਼ਮੀਰ ਵਿੱਚ ਜੰਗ ਲੜ ਰਹੇ ਹਨ ਅਸੀਂ ਉਨ੍ਹਾਂ ਨੂੰ ਵੀ ਸਹੀ ਮੰਨਦੇ ਹਾਂ।''

"ਜੇਕਰ ਹੱਕਾਨੀ ਇਹ ਕਹਿੰਦੇ ਹਨ ਕਿ ਅਮਰੀਕਾ ਨੂੰ ਇਹ ਕਬਜ਼ੇ ਜਾਂ ਕਤਲ ਨਹੀਂ ਕਰਨੇ ਚਾਹੀਦੇ, ਵਾਪਸ ਚਲੇ ਜਾਣਾ ਚਾਹੀਦਾ ਹੈ ਤਾਂ ਅਸੀਂ ਇਹ ਗੱਲ ਸਮਝਦੇ ਹਾਂ ਪਰ ਸਾਡਾ ਇਸ ਨਾਲ ਕੋਈ ਸਬੰਧ ਨਹੀਂ ਹੈ।"

'ਨਾਕਾਮੀ ਦਾ ਇਲਜ਼ਾਮ ਪਾਕਿਸਤਾਨ ਸਿਰ ਮੜ੍ਹਿਆ'

ਹਾਫ਼ਿਜ਼ ਸਈਦ ਨੇ ਕਿਹਾ, "ਮੈਂ ਇਹ ਸਮਝਦਾ ਹਾਂ ਕਿ ਅਮਰੀਕਾ ਦਾ ਮਸਲਾ ਹੈ ਹੱਕਾਨੀ ਨੈੱਟਵਰਕ ਨਾਲ ਅਤੇ ਭਾਰਤ ਦਾ ਮਸਲਾ ਹੈ ਸਾਡੇ ਨਾਲ। ਭਾਰਤ ਅਤੇ ਅਮਰੀਕਾ ਜਦੋਂ ਵੀ ਘਿਓ-ਖਿਚੜੀ ਹੁੰਦੇ ਹਨ ਉਦੋਂ ਹੀ ਅਜਿਹਾ ਕੁਝ ਵਾਪਰਦਾ ਹੈ।"

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਾਕਿਸਤਾਨ ਦੀ ਮਦਦ ਬੰਦ ਕਰਨ ਦੇ ਐਲਾਨ ਬਾਰੇ ਹਾਫ਼ਿਜ਼ ਸਈਦ ਨੇ ਕਿਹਾ ਕਿ ਮੁਸ਼ਕਲ ਵੇਲੇ ਪਾਕਿਸਤਾਨ ਨੇ ਅਮਰੀਕਾ ਦੀ ਮਦਦ ਕੀਤੀ ਹੈ ਪਰ ਉਹ ਅਫ਼ਗਾਨਿਸਤਾਨ 'ਚ ਆਪਣੀ ਨਾਕਾਮੀ ਦਾ ਦੋਸ਼ ਪਾਕਿਸਤਾਨ 'ਤੇ ਮੜ੍ਹ ਰਿਹਾ ਹੈ।

ਉਨ੍ਹਾਂ ਨੇ ਕਿਹਾ, "ਅਫਸੋਸ ਹੈ ਕਿ ਅਮਰੀਕਾ ਵੀ ਸਾਨੂੰ ਦੋਸ਼ ਦੇ ਰਿਹਾ ਹੈ। ਸਫ਼ਲਤਾ ਤੁਹਾਨੂੰ ਨਹੀਂ ਮਿਲੀ। ਅਫ਼ਗਾਨਿਸਤਾਨ ਦੇ ਅੰਦਰ ਅਸਫ਼ਲ ਤੁਸੀਂ ਹੋਏ ਹੋ ਅਤੇ ਇਲਜ਼ਾਮ ਸਾਰਾ ਪਾਕਿਸਤਾਨ 'ਤੇ ਲਾ ਰਹੇ ਹੋ। ਇਹ ਅਫ਼ਸੋਸ ਵਾਲੀ ਗੱਲ ਹੈ।"

'ਹੱਲ ਹੋਵੇ ਕਸ਼ਮੀਰ ਮੁੱਦਾ'

ਕੀ ਉਹ ਚਾਹੁਣਗੇ ਕਿ ਪਾਕਿਸਤਾਨ ਦੇ ਭਾਰਤ ਨਾਲ ਸਬੰਧ ਬਿਹਤਰ ਹੋਣ, ਇਸ ਸਵਾਲ 'ਤੇ ਹਾਫ਼ਿਜ਼ ਸਈਦ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਜੰਗ ਕਿਸੇ ਸਮੱਸਿਆ ਜਾ ਹੱਲ ਨਹੀਂ।

ਹਾਫ਼ਿਜ਼ ਸਈਦ ਨੇ ਕਿਹਾ, "ਪਾਕਿਸਤਾਨ-ਭਾਰਤ ਦੇ ਸਬੰਧ ਤਾਂ ਦਰੁਸਤ ਹੋਣੇ ਚਾਹੀਦੇ ਹਨ ਪਰ ਜੋ ਬੁਨਿਆਦੀ ਮਸਲਾ ਕਸ਼ਮੀਰ ਹੈ, ਉਸ ਦਾ ਹੱਲ ਹੋਣਾ ਜ਼ਰੂਰੀ ਹੈ।''

"ਬਸ ਇਹੀ ਅਸੀਂ ਕਹਿੰਦੇ ਹਾਂ। ਅਫਸੋਸ ਹੈ ਕਿ ਸਾਡੀ ਇਹ ਗੱਲ ਬਰਦਾਸ਼ਤ ਨਹੀਂ ਕੀਤੀ ਜਾ ਰਹੀ।"

"ਇਸ ਦੌਰ ਵਿੱਚ ਜੰਗ ਮਸਲੇ ਦਾ ਹੱਲ ਨਹੀਂ ਹੁੰਦੀ। ਇਹੀ ਗੱਲ ਅਸੀਂ ਅਮਰੀਕਾ ਨੂੰ ਆਖਦੇ ਹਾਂ। ਇਹੀ ਗੱਲ ਭਾਰਤ ਨੂੰ ਕਹਿੰਦੇ ਹਾਂ ਕਿ ਮਸਲੇ ਗੱਲਬਾਤ ਨਾਲ ਹੱਲ ਕਰੋ।"

"ਹਰੇਕ ਮੁਲਕ ਦਾ ਆਪਣਾ ਮਸਲਾ ਹੈ। ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਜੰਗੀ ਸੂਰਤ-ਏ-ਹਾਲਾਤ ਪੈਦਾ ਹੋਣ। ਪਾਕਿਸਤਾਨ 'ਤੇ ਪਾਬੰਦੀਆਂ ਲੱਗਣ। ਪਾਕਿਸਤਾਨ-ਭਾਰਤ ਦੇ ਸਬੰਧਾਂ ਨੂੰ ਦਰੁਸਤ ਹੋਣਾ ਚਾਹੀਦਾ ਹੈ।"

ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ੁਰਰਮ ਦਸਤਗੀਰ ਖ਼ਾਨ ਨੇ ਬੀਬੀਸੀ ਦੇ ਪੱਤਰਕਾਰ ਫ਼ਰਹਤ ਜਾਵੇਦ ਨਾਲ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਦੇਸ 'ਚ ਜਮਾਤ ਉਦ ਦਾਵਾ ਦੇ ਖ਼ਿਲਾਫ਼ ਹਾਲ ਵਿੱਚ ਹੋਈ ਕਾਰਵਾਈ ਦਾ ਸਬੰਧ ਅਮਰੀਕਾ ਨਾਲ ਨਹੀਂ ਹੈ।

ਉਨ੍ਹਾਂ ਕਿਹਾ ਸੀ ਕਿ ਉਹ ਕਾਰਵਾਈ 'ਆਪਰੇਸ਼ਨ ਰੱਦ-ਉਲ-ਫਸਾਦ' ਦਾ ਹਿੱਸਾ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਹਾਲਾਂਕਿ ਕੌਮਾਂਤਰੀ ਪੱਧਰ 'ਤੇ ਕਈ ਜਥੇਬੰਦੀਆਂ 'ਤੇ ਪਾਬੰਦੀ ਲਗਾਈ ਗਈ ਹੈ ਪਰ ਇਸ ਬਾਰੇ ਪਾਕਿਸਤਾਨ ਸੋਚ ਸਮਝ ਕੇ ਕਦਮ ਚੁੱਕ ਰਿਹਾ ਹੈ।

ਟਰੰਪ ਦੇ ਟਵੀਟ 'ਤੇ ਬਵਾਲ

ਹਾਫ਼ਿਜ਼ ਸਈਦ ਨੇ ਕਿਹਾ ਕਿ ਪਾਕਿਸਤਾਨ ਨੇ ਬੁਰੇ ਵੇਲੇ ਅਮਰੀਕਾ ਦਾ ਸਾਥ ਦਿੱਤਾ ਪਰ ਉਹ ਆਪਣੀ ਅਸਫ਼ਲਤਾ ਲਈ ਉਸ ਨੂੰ ਜ਼ਿੰਮੇਦਾਰ ਦੱਸ ਰਿਹਾ ਹੈ।

ਉਨ੍ਹਾਂ ਨੇ ਕਿਹਾ, "ਨਾਟੋ ਦੇ ਮੁਲਕ ਅਫ਼ਗਾਨਿਸਤਾਨ ਦੇ ਨਾਲ-ਨਾਲ ਪਾਕਿਸਤਾਨ 'ਚ ਵੀ ਆਏ ਅਤੇ ਅਸੀਂ ਉਨ੍ਹਾਂ ਨੂੰ ਆਪਣੇ ਅੱਡੇ ਵੀ ਦਿੱਤੇ। ਕਰਾਚੀ ਤੋਂ ਲੈ ਕੇ ਤੁਰਖ਼ਮ ਤੱਕ ਸਾਰੀਆਂ ਸੜਕਾਂ ਅਤੇ ਸਭ ਕੁਝ ਅਮਰੀਕਾ ਦੇ ਹਵਾਲੇ ਕਰ ਦਿੱਤਾ ਸੀ।"

"ਉਸ ਤੋਂ ਬਾਅਦ ਪਾਕਿਸਤਾਨ ਵਿੱਚ ਜਿੰਨੀ ਦਹਿਸ਼ਤਗਰਦੀ ਹੋ ਰਹੀ ਹੈ ਉਹ ਸਾਰੇ ਖੁਦਕੁਸ਼ ਅਫ਼ਗਾਨਿਸਤਾਨ ਤੋਂ ਆ ਰਹੇ ਹਨ।

ਪਾਕਿਸਤਾਨ ਅਤੇ ਪਾਕਿਸਤਾਨ ਦੇ ਲੋਕਾਂ ਨੇ ਜੋ ਕਿਰਦਾਰ ਨਿਭਾਇਆ ਅੱਜ ਉਹ ਉਸੇ ਦੀ ਸਜ਼ਾ ਅਸੀਂ ਭੁਗਤ ਰਹੇ ਹਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)