ਭੀਮਾ ਕੋਰੇਗਾਂਵ: ਮਰਾਠਿਆਂ ਖਿਲਾਫ਼ ਦਲਿਤਾਂ ਦੀ ਲੜਾਈ ਬਾਰੇ ਪੂਰਾ ਸੱਚ

    • ਲੇਖਕ, ਰਾਮ ਪੁਨੀਆਨੀ
    • ਰੋਲ, ਬੀਬੀਸੀ ਲਈ

ਪੁਣੇ-ਮੁੰਬਈ ਵਿੱਚ ਹੋਈ ਹਿੰਸਾ ਭੀਮਾ ਕੋਰੇਗਾਂਓ ਵਿੱਚ ਦਲਿਤਾਂ ਦੀ ਰੈਲੀ ਤੋਂ ਬਾਅਦ ਦਾ ਨਤੀਜਾ ਸੀ।

ਹਰ ਸਾਲ ਵੱਡੀ ਗਿਣਤੀ ਵਿੱਚ ਦਲਿਤ ਭੀਮਾ ਕੋਰੇਗਾਂਓ ਵਿੱਚ ਇਕੱਠੇ ਹੁੰਦੇ ਹਨ ਤੇ 1817 ਵਿੱਚ ਪੇਸ਼ਵਾ ਫੌਜ ਦੇ ਖਿਲਾਫ਼ ਲੜਦੇ ਹੋਏ ਮਾਰੇ ਗਏ ਦਲਿਤਾਂ ਨੂੰ ਸ਼ਰਧਾਂਜਲੀ ਦਿੰਦੇ ਹਨ।

ਇਹ ਮੰਨਿਆ ਜਾਂਦਾ ਹੈ ਕਿ ਦਲਿਤਾਂ ਨੇ ਬਰਤਾਨਵੀ ਫੌਜ ਦਾ ਹਿੱਸਾ ਰਹਿੰਦੇ ਹੋਏ ਬ੍ਰਾਹਮਨ ਪੇਸ਼ਵਾ ਦੇ ਖਿਲਾਫ਼ ਜੰਗ ਲੜੀ ਸੀ। ਬਾਬਾ ਸਾਹਿਬ ਅੰਬੇਡਕਰ ਨੇ ਖੁਦ 1927 ਵਿੱਚ ਸ਼ਰਧਾਂਜਲੀ ਦੇਣ ਲਈ ਇਸ ਥਾਂ ਦਾ ਦੌਰਾ ਕੀਤਾ ਸੀ।

ਇਸ ਸਾਲ ਜੰਗ ਦੀ 200ਵੀਂ ਵਰ੍ਹੇਗੰਢ ਹੋਣ ਕਰਕੇ ਵੱਡੇ ਪੱਧਰ ਉੱਤੇ ਸ਼ਰਧਾਂਜਲੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ।

ਖਬਰਾਂ ਹਨ ਕਿ ਭਗਵੇਂ ਰੰਗ ਦੇ ਝੰਡੇ ਫੜ੍ਹੇ ਹੋਏ ਕਾਰਕੁੰਨਾਂ (ਸਮਸਤ ਹਿੰਦੂ ਅਗਾਧੀ) ਨੇ ਹਿੰਸਾ ਦੀ ਸ਼ੁਰੂਆਤ ਕੀਤੀ।

ਇਸ ਦੌਰਾਨ ਇੱਕ ਸ਼ਖ਼ਸ ਦੀ ਮੌਤ ਵੀ ਹੋ ਗਈ ਅਤੇ ਕਈ ਗੱਡੀਆਂ ਸਾੜੀਆਂ ਗਈਆਂ।

'ਆਧੁਨਿਕ ਪੇਸ਼ਵਾ' ਖਿਲਾਫ਼ ਲੜਾਈ!

ਉਸੇ ਵੇਲੇ ਦਲਿਤ ਆਗੂ ਜਿਗਨੇਸ਼ ਮੇਵਾਣੀ ਨੇ ਪੁਣੇ ਦੇ ਸ਼ਨਵਰਵਾਡਾ ਵਿੱਚ ਇੱਕ ਰੈਲੀ ਦੌਰਾਨ 'ਆਧੁਨਿਕ ਪੇਸ਼ਵਾ' ਭਾਜਪਾ-ਆਰਐੱਸਐੱਸ ਦੇ ਖਿਲਾਫ਼ ਲੜਨ ਦਾ ਨਾਅਰਾ ਦਿੱਤਾ। ਸ਼ਨਵਰਵਾਡਾ, ਪੇਸ਼ਵਾ ਰਾਜ ਦਾ ਹੈੱਡਕਵਾਟਰ ਹੁੰਦਾ ਸੀ।

ਭੀਮਾ ਕੋਰੇਗਾਂਓ ਦੀ ਲੜਾਈ ਨੇ ਕਈ ਧਾਰਨਾਵਾਂ ਤੋੜੀਆਂ ਹਨ। ਇਹ ਬਰਤਾਨਵੀਆਂ ਦੀ ਜੰਗ ਸੀ, ਆਪਣਾ ਸਾਮਰਾਜ ਵਧਾਉਣ ਲਈ ਅਤੇ ਪੇਸ਼ਵਾ ਨੇ ਆਪਣੇ ਰਾਜ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।

ਦਲਿਤਾਂ ਦੀ ਬਰਤਾਨਵੀ ਫੌਜ 'ਚ ਭਰਤੀ ਕਿਉਂ?

ਇਸ ਦੌਰਾਨ ਬਰਤਾਨਵੀਆਂ ਨੇ ਵੱਡੀ ਗਿਣਤੀ ਵਿੱਚ ਦਲਿਤਾਂ ਨੂੰ ਫੌਜ ਵਿੱਚ ਭਰਤੀ ਕਰ ਲਿਆ ਸੀ। ਇੰਨ੍ਹਾਂ ਵਿੱਚ ਸ਼ਾਮਿਲ ਸਨ ਮਹਾਰ, ਪਰਿਆਸ ਤੇ ਨਾਮਸ਼ੂਦਰ।

ਇਸ ਵਰਗ ਦੇ ਲੋਕਾਂ ਨੂੰ ਇਮਾਨਦਾਰ ਹੋਣ ਤੇ ਅਸਾਨੀ ਨਾਲ ਮਿਲ ਜਾਣ ਕਰਕੇ ਭਰਤੀ ਕੀਤਾ ਗਿਆ ਸੀ।

ਪੇਸ਼ਵਾ ਫੌਜ ਵਿੱਚ ਅਰਬ ਲੜਾਕੇ ਤੇ ਗੋਸਾਈਂ ਸਨ। ਇਸ ਤਰ੍ਹਾਂ ਇਹ ਭਰਮ ਤਾਂ ਦੂਰ ਹੋ ਗਿਆ ਹੈ ਕਿ ਇਹ ਲੜਾਈ ਹਿੰਦੂਆਂ ਤੇ ਮੁਸਲਮਾਨਾਂ ਦੀ ਲੜਾਈ ਨਹੀਂ ਸੀ।

ਇਬਰਾਹਿਮ ਖਾਨ ਲੋਧੀ ਸ਼ਿਵਾਜੀ ਫੌਜ ਦਾ ਹਿੱਸਾ ਸੀ ਅਤੇ ਅਰਬ ਲੜਾਕੇ ਬਾਜੀਰਾਓ ਦੀ ਫੌਜ ਦੇ।

ਬੜੇ ਦੁਖ ਦੀ ਗੱਲ਼ ਹੈ ਕਿ ਅੱਜ ਪੁਰਾਤਨ ਘਟਨਾਕ੍ਰਮ ਨੂੰ ਜਾਤੀਗਤ ਨਜ਼ਰੀਏ ਤੋਂ ਦੇਖਣਾ ਪੈ ਰਿਹਾ ਹੈ ਅਤੇ ਅਸੀਂ ਸ਼ਾਸਕਾਂ ਦੇ ਉਸ ਰਾਜ ਨੂੰ ਅਣਗੌਲਿਆਂ ਕਰ ਰਹੇ ਹਾਂ ਜੋ ਕਿ ਤਾਕਤ ਤੇ ਧਨ-ਦੌਲਤ ਦਾ ਪ੍ਰਤੀਕ ਸਨ।

ਦਲਿਤਾਂ ਦੀ ਫੌਜ 'ਚ ਭਰਤੀ ਕਿਉਂ ਬੰਦ ਹੋਈ?

ਬਾਅਦ ਵਿੱਚ ਬਰਤਾਨਵੀਆਂ ਨੇ ਦਲਿਤਾਂ/ਮਹਾਰਾਂ ਨੂੰ ਫੌਜ ਵਿੱਚ ਭਰਤੀ ਕਰਨਾ ਬੰਦ ਕਰ ਦਿੱਤਾ ਕਿਉਂਕਿ ਛੋਟੇ ਰੈਂਕ ਵਾਲੇ ਉੱਚ ਜਾਤੀ ਦੇ ਫੌਜੀਆਂ ਨੇ ਵੱਡੇ ਰੈਂਕ ਵਾਲੇ ਹੇਠਲੀ ਜਾਤੀ ਦੇ ਫੌਜੀਆਂ ਨੂੰ ਸਲਾਮ ਕਰਨਾ ਤੇ ਦਲਿਤਾਂ ਦੇ ਹੁਕਮ ਮੰਨਣਾ ਬੰਦ ਕਰ ਦਿੱਤਾ ਸੀ।

ਅੰਬੇਡਕਰ ਦੀ ਕੋਸ਼ਿਸ਼ ਸੀ ਕਿ ਦਲਿਤਾਂ ਦੀ ਫੌਜ ਵਿੱਚ ਮੁੜ ਤੋਂ ਭਰਤੀ ਹੋਵੇ। ਇਸ ਲਈ ਉਨ੍ਹਾਂ ਨੇ ਫੌਜ ਵਿੱਚ ਮਹਾਰ ਰੈਜੀਮੈਂਟ ਬਣਾਉਣ ਦਾ ਸੁਝਾਅ ਦਿੱਤਾ।

ਮਹਾਰ ਫੌਜੀਆਂ ਦਾ ਮੁੱਦਾ ਉਨ੍ਹਾਂ ਨੇ ਇਸ ਲਈ ਚੁੱਕਿਆਂ ਤਾਕੀ ਦਲਿਤਾਂ ਨੂੰ ਸਮਾਜ ਵਿੱਚ ਬਰਾਬਰ ਦੀ ਥਾਂ ਦਿੱਤੀ ਜਾ ਸਕੇ।

ਭੀਮਾ ਕੋਰੇਗਾਂਓ ਜੰਗ ਕਿਉਂ ਲੜੀ ਗਈ?

ਕੀ ਭੀਮਾ ਕੋਰੇਗਾਂਓ ਜੰਗ ਉਸ ਵੇਲੇ ਦਲਿਤਾਂ ਵੱਲੋਂ ਪੇਸ਼ਵਾ ਨੂੰ ਹਰਾਉਣ ਲਈ ਲੜੀ ਗਈ ਸੀ?

ਇਹ ਸੱਚ ਹੈ ਕਿ ਪੇਸ਼ਵਾ ਰਾਜ ਦੀਆਂ ਨੀਤੀਆਂ ਵਿੱਚ ਜ਼ਿਆਦਾਤਰ ਬ੍ਰਾਹਮਨਵਾਦ ਸੀ। ਸ਼ੂਦਰਾਂ ਨੂੰ ਗਲੇ ਵਿੱਚ ਇੱਕ ਘੜਾ ਬੰਨ੍ਹਣਾ ਪੈਂਦਾ ਸੀ ਤਾਕਿ ਹਵਾ ਗੰਦੀ ਨਾ ਹੋਵੇ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਲੱਕ ਉੱਤੇ ਝਾੜੂ ਵੀ ਬੰਨ੍ਹਣਾ ਪੈਂਦਾ ਸੀ ਤਾਕਿ ਜਿੱਥੇ-ਜਿੱਥੇ ਉਹ ਤੁਰਦੇ ਹਨ ਉਸ ਥਾਂ ਨੂੰ ਸਾਫ਼ ਕਰਦੇ ਜਾਣ। ਇਹ ਜਾਤੀ ਤਸ਼ਦੱਦ ਦੀ ਗਵਾਹੀ ਦਿੰਦਾ ਹੈ।

ਕੀ ਬਰਤਾਨਵੀਆਂ ਨੇ ਬ੍ਰਾਹਮਨਵਾਦ ਨੂੰ ਖ਼ਤਮ ਕਰਨ ਲਈ ਬਾਜੀਰਾਓ ਦੇ ਖਿਲਾਫ਼ ਜੰਗ ਲੜੀ?

ਬਿਲਕੁੱਲ ਵੀ ਨਹੀਂ। ਉਹ ਸਿਰਫ਼ ਵਪਾਰ ਅਤੇ ਲੁੱਟਮਾਰ ਦੇ ਲਈ ਆਪਣੇ ਰਾਜ ਦਾ ਵਿਸਥਾਰ ਕਰ ਰਹੇ ਸਨ।

ਇਸੇ ਤਰ੍ਹਾਂ ਮਹਾਰ ਵੀ ਬਰਤਾਨਵੀ ਫੌਜ ਦਾ ਹਿੱਸਾ ਹੁੰਦੇ ਹੋਏ ਆਪਣੇ ਰੋਜ਼ਗਾਰਦਾਤਾ ਦੇ ਹੁਕਮ ਦਾ ਪਾਲਣ ਕਰ ਰਹੇ ਸਨ।

ਆਧੁਨਿਕ ਸਿੱਖਿਆ ਕਰਕੇ ਆਇਆ ਸਮਾਜਿਕ ਬਦਲਾਅ

ਸਮਾਜਿਕ ਬਦਲਾਅ ਕਾਫ਼ੀ ਦੇਰ ਬਾਅਦ ਆਧੁਨਿਕ ਸਿੱਖਿਆ ਕਰਕੇ ਆਇਆ। ਆਧੁਨਿਕ ਸਿੱਖਿਆ ਅਧੀਨ ਲੋਕਾਂ ਨੂੰ ਬਰਤਾਨਵੀ ਪ੍ਰਸ਼ਾਸਨ ਦਾ ਕੰਮਕਾਜ ਸੰਭਾਲਣ ਲਈ ਦਿੱਤੀ ਗਈ ਸੀ।

ਸਮਾਜਿਕ ਬਦਲਾਅ ਤਾਂ ਬਰਤਾਨਵੀਆਂ ਦੀ ਲੁਟਮਾਰ ਨੀਤੀ ਦੀ ਉਪਜ ਹੈ। ਉਨ੍ਹਾਂ ਦੀਆਂ ਨੀਤੀਆਂ ਦਾ ਸਮਾਜ ਉੱਤੇ ਅਸਰ ਅਨਜਾਣੇ ਵਿੱਚ ਹੀ ਸੀ।

ਜੋਤੀਰਾਓ ਫੂਲੇ ਵੱਲੋਂ ਇਹ ਮੁੱਦਾ ਚੁੱਕਣ ਤੋਂ ਬਾਅਦ ਜਾਤੀ ਸ਼ੋਸ਼ਣ ਬਾਰੇ ਸਭ ਸੁਚੇਤ ਹੋਏ।

ਇਹ ਸੋਚਣਾ ਕਿ ਪੇਸ਼ਵਾ ਦੇਸ ਲਈ ਲੜ ਰਹੇ ਸਨ ਅਤੇ ਦਲਿਤ ਬਰਤਾਨਵੀਆਂ ਦੀ ਮਦਦ ਕਰ ਰਹੇ ਸਨ ਅਧਾਰਹੀਣ ਹੈ।

ਰਾਸ਼ਟਰਵਾਦ ਦੀ ਉਪਜ

ਰਾਸ਼ਟਰਵਾਦ ਦੀ ਧਾਰਨਾ ਅੰਗਰੇਜ਼ਾਂ ਦੇ ਰਾਜ ਦੇ ਵੇਲੇ ਚਰਚਾ ਵਿੱਚ ਆਈ। ਰਾਸ਼ਟਰਵਾਦ ਦੋ ਤਰ੍ਹਾਂ ਦਾ ਹੈ।

ਇੱਕ ਭਾਰਤੀ ਰਾਸ਼ਟਰਵਾਦ ਸਨਅਤਕਾਰਾਂ, ਵਪਾਰੀਆਂ ਤੇ ਸਮਾਜ ਦੇ ਪੜ੍ਹੇ-ਲਿਖੇ ਵਰਗ ਤੋਂ ਆਉਂਦਾ ਹੈ।

ਦੂਜਾ ਰਾਸ਼ਟਰਵਾਦ ਧਰਮ ਦੇ ਨਾਂ ਉੱਤੇ ਮੁਸਲਿਮ-ਹਿੰਦੂ ਦਾ ਹੈ ਜੋ ਕਿ ਜ਼ਿੰਮੀਦਾਰਾਂ ਤੇ ਰਾਜਿਆਂ ਤੋਂ ਸ਼ੁਰੂ ਹੋਇਆ।

ਦਲਿਤਾਂ ਵਿੱਚ ਪਿਛਲੇ ਕੁਝ ਸਾਲਾਂ ਤੋਂ ਅਸੰਤੁਸ਼ਟੀ ਵਧੀ ਹੈ ਅਤੇ ਇਸ ਦੀ ਵਜ੍ਹਾ ਹੈ ਮੌਜੂਦਾ ਸਰਕਾਰ ਦੀਆਂ ਨੀਤੀਆਂ।

ਇਸ ਦੌਰਾਨ ਰੋਹਿਤ ਵੇਮੁੱਲਾ ਦੀ ਮੌਤ, ਊਨਾ ਵਿੱਚ ਦਲਿਤਾਂ ਦੀ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ।

ਦਲਿਤਾਂ ਦਾ ਕੋਰੇਗਾਂਓ ਵਿੱਚ ਵੱਡਾ ਇਕੱਠ ਦਰਸਾਉਂਦਾ ਹੈ ਕਿ ਉਹ ਅਤੀਤ ਤੋਂ ਆਪਣੀ ਪਛਾਣ ਲੱਭ ਰਹੇ ਹਨ।

ਦਲਿਤਾਂ ਉੱਤੇ ਕੀਤਾ ਗਿਆ ਇਹ ਹਮਲਾ ਇਸ ਦਾ ਪ੍ਰਤੀਕ ਹੈ ਕਿ ਉਨ੍ਹਾਂ ਦੀਆਂ ਇੱਛਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)