ਗਰਾਊਂਡ ਰਿਪੋਰਟ: ਕਿਵੇਂ ਫੈਲੀ ਕੋਰੇਗਾਂਓ ਭੀਮਾ ਨੂੰ ਲੈ ਕੇ ਹਿੰਸਾ?

ਮਹਾਰਾਸ਼ਟਰ ਵਿੱਚ ਰਾਜ ਪੱਧਰੀ ਬੰਦ ਕਾਰਨ ਸੂਬੇ ਦੇ ਕਈ ਹਿੱਸਿਆਂ ਵਿੱਚ ਹਿੰਸਾ ਦੀਆਂ ਖਬਰਾਂ ਹਨ। ਸੂਬੇ ਦੀਆਂ ਕਈ ਦਲਿਤ ਜੱਥੇਬੰਦੀਆਂ ਨੇ ਪੁਣੇ ਦੇ ਕੋਰੇਗਾਂਓ ਭੀਮਾ ਦੀਆਂ ਪੱਥਰਬਾਜੀ ਤੇ ਅੱਗਜ਼ਨੀ ਦੀਆਂ ਘਟਨਾਵਾਂ ਅਤੇ ਇੱਕ ਨੌਜਵਾਨ ਦੀ ਮੌਤ ਮਗਰੋਂ 1 ਜਨਵਰੀ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਸੀ।

ਸੂਬੇ ਵਿੱਚ ਜਨਤਕ ਸੰਪਤੀ ਦੇ ਨੁਕਸਾਨੇ ਜਾਣ ਦੀਆਂ ਖ਼ਬਰਾਂ ਹਰ ਪਾਸਿਓਂ ਆ ਰਹੀਆਂ ਹਨ।

ਕੋਰੇਗਾਂਓ ਭੀਮਾ ਦੀ ਜੰਗੀ ਯਾਦਗਾਰ

ਡਾ. ਬੀ.ਆਰ. ਅੰਬੇਡਕਰ ਦੇ ਹਜ਼ਾਰਾਂ ਪੈਰੋਕਾਰ ਹਰ ਸਾਲ ਕੋਰੇਗਾਂਓ ਭੀਮਾ ਦੀ ਜੰਗੀ ਯਾਦਗਾਰ ਵਿੱਚ ਸਾਲ ਦੇ ਪਹਿਲੇ ਦਿਨ ਆਉਂਦੇ ਹਨ।

ਦਲਿਤ ਨੇਤਾ ਬ੍ਰਿਟਿਸ਼ ਫੌਜ ਦੀ ਇਸ ਜਿੱਤ ਦਾ ਜਸ਼ਨ ਮਨਾਉਂਦੇ ਹਨ।

ਅਜਿਹਾ ਮੰਨਿਆਂ ਜਾਂਦਾ ਹੈ ਕਿ 1 ਜਨਵਰੀ 1818 ਨੂੰ ਜਿੱਤਣ ਵਾਲੀ ਈਸਟ ਇੰਡਿਆ ਕੰਪਨੀ ਨਾਲ ਜੁੜੀ ਟੁਕੜੀ 'ਚ ਜ਼ਿਆਦਾਤਰ ਮਹਾਰ ਭਾਈਚਾਰੇ ਦੇ ਲੋਕ ਸਨ ਜਿਨ੍ਹਾਂ ਨੂੰ ਹਿੰਦੂ ਸਮਾਜ ਅਛੂਤ ਵੀ ਮੰਨਦਾ ਸੀ।

ਭਾਈਚਾਰੇ ਵਿੱਚ ਇਸ ਲੜਾਈ ਨੂੰ ਉੱਚ ਜਾਤੀ ਪੇਸ਼ਵਿਆਂ ਦੇ ਦਮਨ ਖਿਲਫ਼ ਜਿੱਤ ਮੰਨਦੇ ਹਨ। 1927 ਵਿੱਚ ਡਾ. ਬੀ. ਆਰ ਅੰਬੇਡਕਰ ਵੀ ਇਸ ਜੰਗੀ ਯਾਦਗਾਰ ਵਿੱਚ ਆਏ ਸਨ।

ਹਰ ਸਾਲ ਹਜ਼ਾਰਾਂ ਲੋਕ ਇੱਥੇ ਆਉਂਦੇ ਹਨ ਪਰ ਇਸ ਸਾਲ ਲੜਾਈ ਦੀ ਦੋ ਸੌਵੀਂ ਸਾਲ ਗਿਰ੍ਹਾ ਹੋਣ ਕਰਕੇ ਇਹ ਇੱਕ ਅਹਿਮ ਮੌਕਾ ਸੀ।

ਜਦੋਂ ਭੀਮਾ ਨਦੀ ਦੇ ਕੰਢਿਆਂ 'ਤੇ ਸ਼ਰਧਾਂਜਲੀ ਦੇਣ ਲਈ ਭੀੜ ਇੱਕਠੀ ਹੋਈ ਤਾਂ, ਜੰਗੀ ਯਾਦਗਾਰ ਤੋਂ ਤਿੰਨ ਕਿਲੋਮੀਟਰ ਦੂਰ ਕੋਰੇਗਾਂਓ ਵਿੱਚ ਹਿੰਸਾ ਫੁੱਟ ਪਈ।

ਪੱਥਰ ਮਾਰੀ ਸ਼ੁਰੂ ਹੋ ਗਈ, ਭੀੜ੍ਹ ਨੇ ਖੜ੍ਹੀਆਂ ਗੱਡੀਆਂ ਨੂੰ ਵੀ ਅੱਗ ਲਾ ਦਿੱਤੀ।

ਸਥਾਨਕ ਪੱਤਰਕਾਰ, ਦਇਆਨੇਸ਼ਵਰ ਮੇਗੁਲੇ ਨੇ ਦੱਸਿਆ, "ਕੁੱਝ ਸਮੇਂ ਲਈ ਤਾਂ ਹਾਲਾਤ ਬੇਕਾਬੂ ਸਨ। ਇਲਕੇ ਵਿੱਚ ਲੱਖਾਂ ਲੋਕ ਸਨ ਤੇ ਭੀੜ ਪੁਲਿਸ ਨਾਲੋਂ ਵੱਧ ਗਈ।"

ਪੁਣੇ ਦਿਹਾਤੀ ਪੁਲਿਸ ਦੇ ਐਸਪੀ ਸਵੇਜ ਹੱਕ ਨੇ ਦੱਸਿਆ, "ਦੋ ਸਮੂਹ ਆਹਮੋਂ-ਸਾਹਮਣੇ ਆਏ ਤੇ ਪੱਥਰ ਮਾਰੀ ਸ਼ੁਰੂ ਹੋ ਗਈ। ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀ ਚਾਰਜ ਕੀਤਾ ਤੇ ਅਥਰੂ ਗੈਸ ਵਰਤੀ ਤੇ ਹਾਲਾਤ 'ਤੇ ਕਾਬੂ ਕੀਤਾ। ਸਾਡੀ ਪੜਤਾਲ ਵਿੱਚ ਸਾਹਮਣੇ ਆਇਆ ਆਇਆ ਹੈ ਕਿ ਇੱਕ ਵਿਆਕਤੀ ਨੇ ਜਾਨ ਗੁਆ ਲਈ ਹੈ ਤੇ 80 ਤੋਂ ਵੱਧ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਅਸੀਂ ਹਿੰਸਾ ਭੜਕਾਉਣ ਵਾਲਿਆਂ ਦੀ ਪਛਾਣ ਕਰਨ ਲਈ ਸੀਸੀਟੀਵੀ ਤਸਵੀਰਾਂ ਦੀ ਵਰਤੋਂ ਕਰ ਰਹੇ ਹਾਂ। ਅਸੀਂ ਕੁੱਝ ਲੋਕਾਂ ਨੂੰ ਹੋਰ ਪੁੱਛ ਗਿੱਛ ਕਰਨ ਲਈ ਫੜ੍ਹਿਆ ਹੈ।"

"ਹਾਲਾਤ ਕਾਬੂ ਵਿੱਚ ਹਨ ਤੇ ਸਮਾਗਮ ਦੇਰ ਰਾਤ ਤੱਕ ਜਾਰੀ ਰਹੇ। ਅਫ਼ਵਾਹਾਂ ਫੈਲਣ ਤੋਂ ਰੋਕਣ ਲਈ ਮੋਬਾਈਲ ਨੈਟਵਰਕ ਸੁਸਤ ਕਰ ਦਿੱਤੇ ਗਏ।"

ਮਰਨ ਵਾਲੇ ਦਾ ਨਾਮ ਰਾਹੁਲ ਫਤੇਨਗਲ ਦੱਸਿਆ ਗਿਆ ਹੈ। ਸਰਕਾਰ ਨੇ ਸੀਬੀਆਈ ਜਾਂਚ ਦੇ ਨਾਲ ਪਰਿਵਾਰ ਲਈ 10 ਲੱਖ ਦੇ ਮੁਆਵਜੇ ਦਾ ਐਲਾਨ ਕੀਤਾ ਹੈ।

ਮੁਖ ਮੰਤਰੀ ਦੇਵੇੰਦਰ ਫਡਨਵੀਸ ਨੇ ਵੀ ਇਸ ਮਾਮਲੇ ਵਿੱਚ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ।

ਹਿੰਸਾ ਦੇ ਕਾਰਨਾਂ 'ਤੇ ਵੱਖੋ-ਵੱਖ ਵਿਚਾਰ

ਹਿੰਸਾ ਦੇ ਕਾਰਨਾਂ ਬਾਰੇ ਕਈ ਵਿਚਾਰ ਸਾਹਮਣੇ ਆਏ ਹਨ। ਭਾਰਿਪ ਬਹੁਜਨ ਮਹਾਸੰਘ ਦੇ ਆਗੂ ਪ੍ਰਕਾਸ਼ ਅੰਬੇਡਕਰ ਨੇ ਮੁੰਬਈ ਪ੍ਰੈਸ ਕਾਨਫਰੰਸ ਵਿੱਚ ਛੱਤਰਪਤੀ ਸਮਭਾਜੀ ਮਹਾਰਾਜ ਦੀ ਯਾਦਗਾਰ ਕੋਲ ਹੋਈ ਹਿੰਸਾ ਦਾ ਹਵਾਲਾ ਦੇ ਕੇ ਕੋਰੇਗਾਂਓ ਭੀਮਾ ਦੀ ਹਿੰਸਾ ਦੀ ਜਾਂਚ ਦੀ ਮੰਗ ਕੀਤੀ।

ਵਧੂ ਦੀ ਸਥਾਨਕ ਕਾਊਂਸਲ ਦੇ ਮੈਂਬਰ ਰਮਾਕਾਂਤ ਸ਼ਿਵਲੇ ਨੇ ਕਿਹਾ ਕਿ ਵਧੂ ਪਿੰਡ ਵਿੱਚ ਵੀ ਦਲਿਤ ਆਗੂ ਗਾਇਕਵਾੜ ਦਾ ਯਾਦ ਵਿੱਚ ਬੋਰਡ ਲਾਏ ਜਾਣ ਕਰਕੇ ਤਣਾਉ ਵਧ ਗਿਆ।

ਅਸਲ ਵਿੱਚ ਲੋਕ ਛੱਤਰਪਤੀ ਸ਼ੰਭਾ ਤੇ ਗੋਵਿੰਦ ਗਾਇਕਵਾੜ ਨੂੰ ਇਤਿਹਾਸਕ ਰੂਪ ਤੋਂ ਜੋੜੇ ਜਾਣ ਕਰਕੇ ਭੜਕੇ ਹੋਏ ਸਨ। ਫਸਾਦ ਯਾਦਗਾਰ ਬਾਰੇ ਨਹੀਂ ਬਲਕਿ ਬੋਰਡ ਕਰਕੇ ਸੀ।

ਸਾਰੇ ਲੋਕ ਪੁਲਿਸ ਦੀਆਂ ਸ਼ਾਂਤੀ ਬੈਠਕਾਂ ਵਿੱਚ ਸਹਿਮਤ ਹੋ ਗਏ। ਫੇਰ ਵੀ ਕੁੱਝ ਸੰਗਠਨਾਂ ਦੇ ਆਉਣ ਨਾਲ ਗਲਤ ਫ਼ਹਿਮੀਆਂ ਹੋਈਆਂ ਤੇ ਪਰਚੇ ਦਰਜ ਕੀਤੇ ਗਏ।

ਪੁਣੇ ਦਿਹਾਤੀ ਪੁਲਿਸ ਦੇ ਐਸਪੀ ਸਵੇਜ ਹੱਕ ਨੇ ਦੱਸਿਆ ਕਿ ਪੁਲਿਸ ਨੇ ਪਹਿਲੀ ਜਨਵਰੀ ਨੂੰ ਹੋਈ ਹਿੰਸਾ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਸੀ।

ਸਮਾਗਮ ਬਾਰੇ 2-3 ਦਿਨ ਪਹਿਲਾਂ ਵੀ ਝੜਪਾਂ ਹੋਈਆਂ ਸਨ ਪਰ ਪੁਲਿਸ ਨੇ ਸਮੇਂ ਸਿਰ ਦਖ਼ਲ ਦਿੱਤਾ। ਅਸੀਂ ਦੋਹਾਂ ਸਮੂਹਾਂ ਨੂੰ ਇੱਕਠਾ ਕਰਕੇ ਸੁਲਾਹ ਕਰਵਾਈ।

ਨੈਸ਼ਨਲ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਕੱਲ ਟਵੀਟ ਕੀਤੀ ਕਿ ਲੋਕਾਂ ਨੇ ਕੋਰੇਗਾਂਓ ਭੀਮਾ ਵਿਖੇ ਜੰਗ ਦੀ ਦੋ ਸੌ ਸਾਲਾ ਯਾਦਗਾਰ ਲਈ ਇੱਕਠੇ ਹੋਣਾ ਸੀ।

ਵਧੂ ਪਿੰਡ ਦੇ ਲੋਕ ਹਿੰਦੂ ਸੰਗਠਨਾਂ ਦੇ ਦੋ-ਤਿੰਨ ਦਿਨ ਪਹਿਲਾਂ ਆ ਕੇ ਭੜਕਾਉਣ ਦੀਆਂ ਗੱਲਾਂ ਦੱਸ ਰਹੇ ਹਨ।

ਪੁਣੇ ਦੇ ਪਿੰਪਰੀ ਥਾਣੇ ਵਿੱਚ ਮੰਗਲਵਾਰ ਦੀ ਸ਼ਾਮ ਨੂੰ 'ਸਮਸਤ ਹਿੰਦੂ ਅਗਾਧੀ' ਦੇ ਮਿਲਿੰਦ ਏਕਬੋਟੇ ਅਤੇ 'ਸ਼ਿਵ ਪ੍ਰਤਿਸ਼ਠਾਨ' ਦੇ ਸਾਂਭਾਜੀ ਭਿੰਡੇ ਖਿਲਾਫ਼ ਭੜਕਾਊ ਭਾਸ਼ਣ ਦੇਣ ਤੇ ਦੰਗੇ ਫੈਲਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)