ਮਹਾਰਾਸ਼ਟਰ: ਦਲਿਤ ਸੰਗਠਨਾਂ ਵੱਲੋਂ ਅੱਜ ਬੰਦ ਦਾ ਸੱਦਾ

ਡਾ. ਭੀਮ ਰਾਓ ਅੰਬੇਡਕਰ ਦੇ ਪੋਤੇ ਅਤੇ ਸਮਾਜਿਕ ਕਾਰਕੁੰਨ ਪ੍ਰਕਾਸ਼ ਅੰਬੇਡਕਰ ਸਣੇ ਅੱਠ ਜਥੇਬੰਦੀਆਂ ਵੱਲੋਂ ਬੁੱਧਵਾਰ ਨੂੰ ਮਹਾਰਾਸ਼ਟਰ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਜੋ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ, ਉਹ ਵੀ ਉਨ੍ਹਾਂ ਨੂੰ ਮਨਜ਼ੂਰ ਨਹੀਂ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਇਸ ਘਟਨਾ ਦੀ ਜਾਂਚ ਬੌਂਬੇ ਹਾਈਕੋਰਟ ਦੇ ਚੀਫ ਜਸਟਿਸ ਤੋਂ ਅਪੀਲ ਕਰਕੇ ਕਿਸੇ ਸਿਟਿੰਗ ਜੱਜ ਤੋਂ ਕਰਾਏ।

ਉਨ੍ਹਾਂ ਅੱਗੇ ਕਿਹਾ, ''ਇਸਦੇ ਨਾਲ ਹੀ ਘਟਨਾ ਦੀ ਜਾਂਚ ਕਰਨ ਵਾਲੇ ਜੱਜ ਨੂੰ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਅਧਿਕਾਰ ਵੀ ਮਿਲੇ।''

ਆਵਾਜਾਈ ਹੋਈ ਬੰਦ

ਪੁਣੇ ਕੋਲ ਭੀਮਾ ਕੋਰੇਗਾਂਵ ਪਿੰਡ ਵਿੱਚ ਹਿੰਸਾ ਦੇ ਇੱਕ ਦਿਨ ਬਾਅਦ ਮੁੰਬਈ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਵੀ ਪੱਥਰਬਾਜ਼ੀ ਦੇ ਮਾਮਲੇ ਸਾਹਮਣੇ ਆਏ।

ਮੁਜ਼ਾਹਰਾਕਾਰੀ ਮੁੰਬਈ ਵਿੱਚ ਸੜਕਾਂ ਉੱਤੇ ਨਿਤਰੇ। ਮੁੰਬਈ ਦੇ ਪੂਰਬੀ ਅਰਧ-ਸ਼ਹਿਰੀ ਖੇਤਰ ਜ਼ਿਆਦਾਤਰ ਪ੍ਰਭਾਵਿਤ ਹੋਏ।

ਚੇਂਬੂਰ, ਗੋਵੰਡੀ ਦੀਆਂ ਦੁਕਾਨਾਂ ਅਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ।

ਗੋਵੰਡੀ ਨੇੜੇ ਪੱਥਰਬਾਜ਼ੀ ਤੋਂ ਬਾਅਦ ਹਾਰਬਰ ਲਾਈਨ ਉੱਤੇ ਰੇਲ ਸੇਵਾ ਠੱਪ ਹੋ ਗਈ।

ਮੁੰਬਈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੜਬੜੀ ਦੀ ਲੋੜ ਨਹੀਂ ਅਤੇ ਸੋਸ਼ਲ ਮੀਡੀਆ ਉੱਤੇ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਸੁਚੇਤ ਰਹੋ।

ਭਾਰਿਪ ਬਹੁਜਨ ਮਹਾਸੰਘ ਦੇ ਆਗੂ ਪ੍ਰਕਾਸ਼ ਅੰਬੇਡਕਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਦੀਆਂ ਕਾਰਵਾਈਆਂ ਵਿੱਚ ਸ਼ਾਮਿਲ ਹੋਣ ਤੋਂ ਪਰਹੇਜ਼ ਕੀਤਾ ਜਾਵੇ। ਉਨ੍ਹਾਂ ਸੂਬੇ ਭਰ ਵਿੱਚ ਬੁੱਧਵਾਰ ਨੂੰ ਬੰਦ ਦਾ ਐਲਾਨ ਕੀਤਾ ਹੈ।

ਨਿਆਂਇਕ ਜਾਂਚ ਦੇ ਹੁਕਮ

ਉੱਧਰ ਭੀਮਾ ਕੋਰੇਗਾਂਵ ਵਿੱਚ ਹੋਈ ਹਿੰਸਾ ਦੀ ਨਿਆਂਇਕ ਜਾਂਚ ਦੇ ਨਿਰਦੇਸ਼ ਮੁੱਖ ਮੰਤਰੀ ਫਡਨਵੀਸ ਨੇ ਦੇ ਦਿੱਤੇ ਹਨ।

ਦਰਅਸਲ ਭੀਮਾ ਕੋਰੇਗਾਂਵ ਦੀ ਲੜਾਈ ਦੇ 200 ਸਾਲ ਪੂਰੇ ਹੋਣ ਉੱਤੇ ਹਜ਼ਾਰਾਂ ਦਲਿਤ ਸੋਮਵਾਰ ਨੂੰ ਇਕੱਠੇ ਹੋਏ ਸੀ।

ਉਸੇ ਵੇਲੇ ਪੱਥਰਬਾਜ਼ੀ ਦੀ ਘਟਨਾ ਹੋਈ ਜਿਸ ਦੌਰਾਨ ਕੁਝ ਲੋਕ ਜ਼ਖਮੀ ਹੋ ਗਏ। ਕੁਝ ਗੱਡੀਆਂ ਦੀ ਭੰਨਤੋੜ ਵੀ ਹੋਈ।

ਇਸ ਦੌਰਾਨ ਇੱਕ ਸ਼ਖ਼ਸ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਨੇ ਜਾਂਚ ਨੇ ਹੁਕਮ ਦਿੱਤੇ ਹਨ। ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਦੀ ਮਦਦ ਦੇਣ ਦਾ ਐਲਾਨ ਵੀ ਸੀਐੱਮ ਨੇ ਕੀਤਾ ਹੈ।

ਫਡਨਵੀਸ ਨੇ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ਉੱਤੇ ਅਫ਼ਵਾਹਾਂ ਉੱਤੇ ਜਨਤਾ ਧਿਆਨ ਨਾ ਦੇਵੇ ਅਤੇ ਅਫ਼ਵਾਹ ਫੈਲਾਉਣ ਵਾਲਿਆਂ ਉੱਤੇ ਸਖ਼ਤ ਕਾਰਵਾਈ ਹੋਵੇਗੀ।

ਹੋਰ ਥਾਵਾਂ ਉੱਤੇ ਘਟਨਾਵਾਂ

  • ਇਸ ਤੋਂ ਬਾਅਦ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਰਾਹ ਰੋਕੇ ਗਏ।
  • ਔਰੰਗਾਬਾਦ ਵਿੱਚ ਭੀੜ ਇਕੱਠੀ ਕੀਤੀ ਗਈ।
  • ਮੁੰਬਈ ਵਿੱਚ ਚੇਂਬੂਰ ਵਿੱਚ ਰਾਹ ਰੋਕਿਆ ਗਿਆ।
  • ਹਾਰਬਰ ਲਾਈਨ ਸੇਵਾ ਪ੍ਰਭਾਵਿਤ ਹੋਈ।

ਸਿਆਸੀ ਪ੍ਰਤੀਕਰਮ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਭੀਮਾ-ਕੋਰੇਗਾਂਵ ਦਲਿਤ ਪ੍ਰਤੀਰੋਧ ਦਾ ਇੱਕ ਪ੍ਰਤੀਕ ਹੈ।

ਐੱਨਸੀਪੀ ਆਗੂ ਸ਼ਰਦ ਪਵਾਰ ਨੇ ਕਿਹਾ, "ਇਸ ਮਾਮਲੇ ਵਿੱਚ ਸਰਕਾਰ ਨੂੰ ਖਬਰ ਰੱਖਣੀ ਚਾਹੀਦੀ ਸੀ। ਸਿਆਸੀ ਤੇ ਸਮਾਜਿਕ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਘਟਨਾ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ।"

ਕੇਂਦਰੀ ਸਮਾਜਿਕ ਨਿਆਂ ਰਾਜਮੰਤਰੀ ਰਾਮਦਾਸ ਆਠਵਲੇ ਨੇ ਕਿਹਾ, "ਲੋਕਾਂ ਨੂੰ ਸ਼ਾਂਤੀ ਬਰਕਰਾਰ ਰੱਖਣੀ ਚਾਹੀਦੀ ਹੈ ਅਤੇ ਜਿੰਨ੍ਹਾਂ ਨੇ ਹਿੰਸਾ ਭੜਕਾਈ ਹੈ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।"

ਭਾਰਿਪ ਬਹੁਜਨ ਮਹਾਸੰਘ ਦੇ ਆਗੂ ਪ੍ਰਕਾਸ਼ ਅੰਬੇਡਕਰ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ 3 ਜਨਵਰੀ ਨੂੰ ਮਹਾਰਾਸ਼ਟਰ ਬੰਦ ਦੀ ਅਪੀਲ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)