ਸੋਸ਼ਲ: 'ਮੁੱਛਾਂ ਹੋਣ ਤਾਂ ਦਲਿਤਾਂ ਵਰਗੀਆਂ, ਨਹੀਂ ਤਾਂ ਨਾ ਹੋਣ'

ਗੁਜਰਾਤ ਵਿੱਚ ਦਲਿਤਾਂ 'ਤੇ ਮੁੱਛਾਂ ਰੱਖਣ ਕਾਰਨ ਇੱਕ ਹੋਰ ਹਮਲਾ ਹੋਇਆ ਹੈ।

ਤਾਜਾ ਮਾਮਲਾ ਮੰਗਲਵਾਰ ਦਾ ਹੈ, ਜਦੋਂ 17 ਸਾਲਾਂ ਮੁੰਡੇ ਨੂੰ ਗਾਂਧੀ ਨਗਰ ਵਿੱਚ ਦੋ ਅਣਪਛਾਤੇ ਲੋਕਾਂ ਨੇ ਕਥਿਤ ਤੌਰ 'ਤੇ ਬਲੇਡ ਮਾਰ ਕੇ ਜ਼ਖ਼ਮੀ ਕਰ ਦਿੱਤਾ।

ਇਸ ਤੋਂ ਪਹਿਲਾਂ ਵੀ ਇੱਥੇ ਮੁੱਛਾਂ ਰੱਖਣ ਦੇ ਨਾਂ ̓ਤੇ ਦੋ ਦਲਿਤਾਂ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ।

ਐਤਵਾਰ ਨੂੰ ਆਣੰਦ ਜ਼ਿਲੇ ਵਿੱਚ ਗਰਬਾ 'ਚ ਸ਼ਾਮਿਲ ਹੋਣ ਤੋਂ ਬਾਅਦ ਇੱਕ ਦਲਿਤ ਨੂੰ ਕਥਿਤ ਰੂਪ ਵਿੱਚ ਕੁੱਟ-ਕੁੱਟ ਕੇ ਕਤਲ ਕੀਤਾ ਗਿਆ ਸੀ।

ਦਲਿਤਾਂ 'ਤੇ ਵਧ ਰਹੇ ਹਮਲਿਆਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਿਰੋਧ ਸ਼ੁਰੂ ਹੋ ਗਿਆ ਹੈ।

ਫੇਸਬੁੱਕ ਅਤੇ ਟਵਿਟਰ 'ਤੇ ਦਲਿਤ ਘਟਨਾ ਦੇ ਵਿਰੋਧ ਵਿੱਚ ਆਪਣੀਆਂ ਮੁੱਛਾਂ ਵਾਲੀਆਂ ਫੋਟੋਆਂ ਸਾਂਝੀਆਂ ਕਰ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਇਲਾਕੇ ਦੇ ਸੈਂਕੜੇ ਨੌਜਵਾਨਾਂ ਨੇ ਵਿਰੋਧ ਵਿੱਚ ਵਾਟਸ ਐਪ 'ਤੇ ਆਪਣੀ ਡੀਪੀ (ਡਿਸਪਲੇ ਪਿਕਚਰ) ਬਦਲ ਲਿੱਤੀ ਹੈ।

ਫੇਸਬੁੱਕ ਤੇ ਟਵਿੱਟਰ 'ਤੇ ਵੀ #DalitWithMoustache ਹੈਸ਼ ਟੈਗ ਦੇ ਨਾਲ ਪ੍ਰੋਫਾਈਲ ਤਸਵੀਰਾਂ ਬਦਲੀਆਂ ਜਾ ਰਹੀਆਂ ਹਨ।

ਫੈਸੇਬੁੱਕ ਤੇ ਸੁਮਿਤ ਚੌਹਾਨ ਨੇ ਇਸ ਹੈਸ਼ਟੈਗ ਤੋਂ ਭੀਮਰਾਓ ਅੰਬੇਡਕਰ ਦੀ ਮੂਰਤੀ ਨਾਲ ਆਪਣੀ ਸੈਲਫੀ ਸ਼ੇਅਰ ਕੀਤੀ ਹੈ।

ਲਿਖਿਆ ਹੈ,"ਦਲਿਤਾਂ ਦੀਆਂ ਮੁੱਛਾਂ ਤੋਂ ਸੜਨ ਵਾਲਿਓ ਆਹ ਲਓ ਹੋਰ ਸੜੋ! ਮੁੱਛਾਂ ਵੀ ਹਨ ਹੈਟ ਵੀ ਹੈ ਅਤੇ ਸਾਡੇ ਪਿਆਰੇ ਬਾਬਾ ਸਾਹਿਬ ਵੀ! ਜੈ ਭੀਮ"

ਵਿਜੈ ਕੁਮਾਰ ਨੇ ਆਪਣੀ ਤਸਵੀਰ ਪੋਸਟ ਕੀਤੀ ਹੈ ਅਤੇ ਲਿਖਿਆ ਹੈ, "ਇਹ ਜਾਤੀਵਾਦੀ ਸਾਥੋਂ ਡਰਦੇ ਬਹੁਤ ਹਨ... ਹਾਲੇ ਤਾਂ ਬਸ ਸ਼ੁਰੂਆਤ ਹੈ।"

ਹੇਮੰਤ ਕੁਮਾਰ ਬੌਧ ਨੇ ਫੇਸਬੁੱਕ 'ਤੇ ਆਪਣੀ ਫੋਟੋ ਸ਼ੇਅਰ ਕਰਦਿਆਂ ਲਿਖਿਆ ਹੈ, "ਅਸੀਂ ਭੀਮਰਾਓ ਅੰਬੇਡਕਰ ਦੇ ਮੰਨਣ ਵਾਲੇ ਹਾਂ। ਦਾੜ੍ਹੀ ਮੁੱਛਾਂ ਵੀ ਰੱਖਦੇ ਹਾਂ ਅਤੇ ਭੀੜ ਤੋਂ ਵੱਖਰੇ ਵੀ ਦਿਖਦੇ ਹਾਂ।"

ਆਪਣੀ ਡੂੰਘੀ ਮੁਸਕਾਨ ਨਾਲ ਫੋਟੋ ਟਵੀਟ ਕਰਦਿਆਂ ਵਿਨੀਤ ਗੌਤਮ ਨੇ ਆਪਣੀ ਮੁੱਛਾਂ ਨੂੰ ਤਾਅ ਦਿੰਦਿਆਂ ਲਿਖਿਆ ਹੈ, "ਮੁੱਛਾਂ ਹੋਣ ਤਾਂ ਦਲਿਤਾਂ ਵਰਗੀਆਂ, ਵਰਨਾ ਨਾ ਹੋਣ।"

ਸੰਦੀਪ ਗੌਤਮ ਨੇ ਮੁੱਛਾਂ ਨਾਲ ਆਪਣੇ ਦੋਸਤਾਂ ਦੀਆਂ ਕਈ ਸੈਲਫੀਆਂ ਇਕੱਠੀਆਂ ਟਵਿੱਟਰ 'ਤੇ ਪੋਸਟ ਕੀਤੀਆਂ ਹਨ ਤੇ ਦਲਿਤਾਂ ਉੱਤੇ ਹੋ ਰਹੇ ਹਮਲੇ ਦੇ ਵਿਰੁੱਧ ਅਭਿਆਨ ਨਾਲ ਜੁੜਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਲਿਖਿਆ ਹੈ, "ਜੇ ਤੁਸੀਂ ਵੀ ਨਾਲ ਹੋਵੋਂ ਤਾਂ ਮੁੱਛਾਂ ਉੱਤੇ ਤਾਅ ਦਿੰਦੀ ਸੈਲਫੀ ਲਾਓ"

ਗੁਜਰਾਤ ਦੇ ਨੌਜਵਾਨ ਵੀ ਗੁਦਰਾਤੀ ਭਾਸ਼ਾ ਵਿੱਚ ਸੋਸ਼ਲ ਮੀਡੀਆ ਉੱਤੇ ਇਸਦਾ ਵਿਰੋਧ ਕਰ ਰਹੇ ਹਨ।

ਵਘੇਲਾ ਰਾਹੁਲ ਨੇ ਟਵਿੱਟਰ 'ਤੇ ਲਿਖਿਆ ਹੈ, "ਜਾਤੀਵਾਦ ਮੈਨੂੰ ਮੁੱਛਾਂ ਰੱਖਣ ਦੀ ਆਜ਼ਾਦੀ ਨਹੀਂ ਦਿੰਦਾ ਹੈ। ਪਰ ਭਾਰਤੀ ਸੰਵਿਧਾਨ ਮੈਨੂੰ ਪੂਰੀ ਆਜ਼ਾਦੀ ਦਿੰਦਾ ਹੈ।"

ਫੇਸਬੁੱਕ 'ਤੇ ਗੱਬਰ ਸਿੰਘ ਨਾਮੀ ਨੌਜਵਾਨ ਨੇ ਮੁੱਛਾਂ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਗੁਜਰਾਤੀ ਵਿੱਚ ਲਿਖਿਆ ਹੈ, " ਕਹਿਣ ਨੂੰ ਤਾਂ ਬਹੁਤ ਕੁੱਝ ਹੈ ਪਰ ਅੱਜ ਸਿਰਫ ਜੈ ਭੀਮ ਹੀ ਕਹਿਣਾ ਹੈ।"

ਗੁਜਰਾਤ ਵਿੱਚ ਦਲਿਤਾਂ ਉੱਤੇ ਹਮਲੇ ਤੋਂ ਬਾਅਦ ਮੁੱਛ ਰੈਲੀ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਕੁੱਝ ਦਲਿਤ ਆਗੂ ਇਸ ਹਫ਼ਤੇ ਅਹਿਮਦਾਬਾਦ ਵਿੱਚ ਰੈਲੀ ਕਰ ਸਕਦੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)