ਜਦੋਂ ਇੱਕ ਮਾਂ ਨੇ ਪੁੱਤ ਤੋਂ ਪੜ੍ਹਾਈ ਦੀ ਫ਼ੀਸ ਬਦਲੇ ਮੰਗੇ ਪੈਸੇ

ਤਾਈਵਾਨ ਅਦਾਲਤ ਨੇ ਇੱਕ ਸ਼ਖ਼ਸ ਨੂੰ ਹੁਕਮ ਦਿੱਤੇ ਹਨ ਕਿ ਉਹ ਪਾਲਣ-ਪੋਸ਼ਨ ਅਤੇ ਦੰਦਾਂ ਦੇ ਡਾਕਟਰ ਦੀ ਪੜ੍ਹਾਈ ਲਈ ਕੀਤੇ ਖਰਚੇ ਲਈ ਆਪਣੀ ਮਾਂ ਨੂੰ 10 ਲੱਖ ਡਾਲਰ ਦੀ ਅਦਾਇਗੀ ਕਰੇ।

ਮਾਂ ਨੇ 1997 ਵਿੱਚ ਆਪਣੇ ਬੇਟੇ ਤੋਂ ਇੱਕ ਇਕਰਾਰਨਾਮੇ ਉੱਤੇ ਦਸਤਖ਼ਤ ਕਰਵਾਏ ਸਨ, ਜਦੋਂ ਉਹ 20 ਸਾਲ ਦਾ ਸੀ।

ਇਸ ਦਸਤਾਵੇਜ਼ ਵਿੱਚ ਲਿਖਿਆ ਗਿਆ ਸੀ ਕਿ ਉਹ ਆਪਣੀ ਕਮਾਈ ਦਾ 60% ਹਿੱਸਾ ਹਰ ਮਹੀਨੇ ਆਪਣੀ ਮਾਂ ਨੂੰ ਦੇਵੇਗਾ।

ਕਈ ਸਾਲਾਂ ਤੱਕ ਪੈਸੇ ਨਾ ਦੇਣ ਉੱਤੇ ਮਾਂ ਆਪਣੇ ਪੁੱਤ ਨੂੰ ਅਦਾਲਤ ਦੀਆਂ ਬਰੂਹਾਂ ਤੱਕ ਲੈ ਗਈ।

ਪੁੱਤ ਨੇ ਦਲੀਲ ਦਿੱਤੀ ਕਿ ਆਪਣੇ ਬੇਟੇ ਨੂੰ ਪਾਲਣ ਬਦਲੇ ਵਿੱਤੀ ਮੰਗ ਕਰਨਾ ਜਾਇਜ਼ ਨਹੀਂ ਹੈ, ਪਰ ਅਦਾਲਤ ਨੇ ਇਸ ਇਕਰਾਰਨਾਮੇ ਨੂੰ ਵਾਜਿਬ ਠਹਿਰਾਇਆ ਹੈ।

ਉਸ ਨੂੰ ਹੁਕਮ ਦਿੱਤੇ ਗਏ ਹਨ ਕਿ ਆਪਣੀ ਮਾਂ ਨੂੰ ਵਿਆਜ਼ ਸਣੇ ਸਾਰੀ ਅਦਾਇਗੀ ਕਰੇ।

ਇਕਰਾਰਨਾਮੇ ਵਿੱਚ ਕੀ ਲਿਖਿਆ ਸੀ?

ਪਤੀ ਨਾਲ ਤਲਾਕ ਤੋਂ ਬਾਅਦ ਲੁਓ ਨੇ ਆਪਣੇ ਦੋਹਾਂ ਬੇਟਿਆਂ ਨੂੰ ਪਾਲਿਆ।

ਲੁਓ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਦੋਹਾਂ ਬੇਟਿਆਂ ਨੂੰ ਦੰਦਾਂ ਦਾ ਡਾਕਟਰ ਬਣਾਉਣ ਲਈ ਹਜ਼ਾਰਾਂ ਡਾਲਰ ਖਰਚੇ ਹਨ, ਪਰ ਉਨ੍ਹਾਂ ਨੂੰ ਚਿੰਤਾ ਸੀ ਕਿ ਉਹ ਬੁਢਾਪੇ ਵਿੱਚ ਉਨ੍ਹਾਂ ਦੀ ਦੇਖਭਾਲ ਕਰਨਗੇ ਜਾਂ ਨਹੀਂ।

ਇਸ ਲਈ ਉਨ੍ਹਾਂ ਨੇ ਇੱਕ ਇਕਰਾਰਨਾਮੇ ਉੱਤੇ ਦੋਹਾਂ ਪੁੱਤਾਂ ਤੋਂ ਦਸਤਖ਼ਤ ਕਰਵਾ ਲਏ ਜਿਸ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਸਕੂਲ ਫੀਸ ਦੀ ਅਦਾਇਗੀ ਦੇ ਰੂਪ ਵਿੱਚ ਉਹ ਆਪਣੀ ਕਮਾਈ ਦਾ ਇੱਕ ਹਿੱਸਾ ਆਪਣੀ ਮਾਂ ਨੂੰ ਦੇਣਗੇ। ਯਾਨਿ ਕਿ ਕੁੱਲ 17 ਲੱਖ ਡਾਲਰ ਦੇਣੇ ਪੈਣਗੇ।

ਸਥਾਨਕ ਮੀਡੀਆ ਰਿਪੋਰਟ ਮੁਤਾਬਕ ਵੱਡੇ ਪੁੱਤਰ ਨੇ ਆਪਣੀ ਮਾਂ ਨਾਲ ਸਮਝੌਤਾ ਕਰ ਲਿਆ ਅਤੇ ਥੋੜੇ ਘੱਟ ਪੈਸਿਆਂ ਉੱਤੇ ਫ਼ੈਸਲਾ ਨਿਬੜ ਗਿਆ।

ਬੇਟੇ ਦੀ ਦਲੀਲ-ਮੈਂ ਉਦੋਂ ਛੋਟਾ ਸੀ

ਹਾਲਾਂਕਿ ਛੋਟੇ ਬੇਟੇ ਚੂ ਨੇ ਦਲੀਲ ਦਿੱਤੀ ਕਿ ਜਦੋਂ ਉਸ ਨੇ ਸਮਝੌਤੇ ਉੱਤੇ ਦਸਤਖ਼ਤ ਕੀਤੇ ਉਦੋਂ ਉਹ ਬਹੁਤ ਛੋਟਾ ਸੀ ਅਤੇ ਇਸ ਇਕਰਾਰਨਾਮੇ ਨੂੰ ਗ਼ਲਤ ਕਰਾਰ ਦਿੱਤਾ ਜਾਣਾ ਚਾਹੀਦਾ ਹੈ।

ਚੂ ਨੇ ਇਹ ਵੀ ਕਿਹਾ ਕਿ ਉਸ ਨੇ ਪੜ੍ਹਾਈ ਤੋਂ ਬਾਅਦ ਆਪਣੀ ਮਾਂ ਦੇ ਦੰਦਾਂ ਦੀ ਕਲੀਨਿਕ ਵਿੱਚ ਕਈ ਸਾਲਾਂ ਤੱਕ ਕੰਮ ਕੀਤਾ ਅਤੇ ਜੋ ਰਕਮ ਉਸ ਨੇ ਹੁਣ ਅਦਾ ਕਰਨੀ ਹੈ ਉਸ ਤੋਂ ਜ਼ਿਆਦਾ ਦੀ ਕਮਾਈ ਕਰਨ ਵਿੱਚ ਮਦਦ ਕੀਤੀ।

'ਦੇਖਭਾਲ ਦੀ ਜ਼ਿੰਮੇਵਾਰੀ ਵੱਡੇ ਬੱਚੇ ਦੀ'

ਸੁਪਰੀਮ ਕੋਰਟ ਦੀ ਇੱਕ ਮਹਿਲਾ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਜੱਜ ਇਸ ਫ਼ੈਸਲੇ ਉੱਤੇ ਤਾਂ ਪਹੁੰਚੇ ਕਿਉਂਕਿ ਜਦੋਂ ਪੁੱਤ ਨੇ ਇਕਰਾਰਨਾਮੇ ਉੱਤੇ ਦਸਤਖ਼ਤ ਕੀਤੇ ਸਨ ਤਾਂ ਉਹ ਬਾਲਗ ਸੀ ਅਤੇ ਉਸ ਨਾਲ ਕਿਸੇ ਤਰ੍ਹਾਂ ਦੀ ਕੋਈ ਜ਼ਬਰਦਸਤੀ ਨਹੀਂ ਕੀਤੀ ਗਈ ਸੀ।

ਟਾਈਪੇਅ ਵਿੱਚ ਬੀਬੀਸੀ ਦੀ ਪੱਤਰਕਾਰ ਸਿੰਡੀ ਸੁਈ ਮੁਤਾਬਕ ਤਾਈਵਾਨ ਸਿਵਲ ਕੋਡ ਮੁਤਾਬਕ, ਵੱਡੇ ਬੱਚੇ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਮਾਪਿਆਂ ਦਾ ਖਿਆਲ ਰੱਖੇ।

ਹਾਲਾਂਕਿ ਜੇ ਬੱਚੇ ਮਾਪਿਆਂ ਦਾ ਧਿਆਨ ਨਹੀਂ ਰੱਖਦੇ ਤਾਂ ਜ਼ਿਆਦਾਤਰ ਮਾਪੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਨਹੀਂ ਕਰਵਾਉਂਦੇ।

ਹਾਲਾਂਕਿ ਇਹ ਮਾਮਲਾ ਥੋੜਾ ਵੱਖਰਾ ਹੈ ਕਿਉਂਕਿ ਇਸ ਵਿੱਚ ਮਾਪੇ ਤੇ ਬੱਚੇ ਵਿਚਾਲੇ ਇਕਰਾਰਨਾਮਾ ਸ਼ਾਮਿਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)