You’re viewing a text-only version of this website that uses less data. View the main version of the website including all images and videos.
ਕਿਹੜੀ ਭਾਰਤੀ ਮਹਿਲਾ ਡਾਕਟਰ ਨੇ ਅਰਬ ਲੋਕਾਂ ਦਾ ਦਿਲ ਜਿੱਤਿਆ?
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਨਾਗਪੁਰ ਦੀ ਇੱਕ ਮਰਾਠੀ ਮਹਿਲਾ ਡਾਕਟਰ ਨੇ ਖਾੜੀ ਦੇਸਾਂ ਵਿੱਚ ਪਹਿਲੀ ਮਹਿਲਾ ਡਾਕਟਰ ਵਜੋਂ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ। ਆਪਣੀ ਕਰੜੀ ਮਿਹਨਤ ਤੇ ਸੇਵਾ ਭਾਵ ਨਾਲ ਅਰਬ ਲੋਕਾਂ ਦਾ ਦਿਲ ਜਿੱਤ ਲਿਆ।
ਹੁਣ ਬਜ਼ੁਰਗ ਉਮਰ ਵਿੱਚ ਉਨ੍ਹਾਂ ਦੀ ਰਫ਼ਤਾਰ ਕੁਝ ਹੌਲੀ ਹੋ ਚੁੱਕੀ ਹੈ ਪਰ ਮਰੀਜ਼ਾਂ ਨਾਲ ਰਿਸ਼ਤਾ ਅਜੇ ਵੀ ਕਾਇਮ ਹੈ।
ਇੰਨੇ ਵਰ੍ਹੇ ਬੀਤ ਜਾਣ ਦੇ ਬਾਵਜੂਦ ਨਾ ਉਹ ਆਪਣੇ ਦੇਸ ਨੂੰ ਭੁੱਲੀ ਹੈ ਤੇ ਨਾ ਹੀ ਆਪਣੇ ਸ਼ਹਿਰ ਨੂੰ। ਹਿੰਦੀ ਹੁਣ ਵੀ ਉਹ ਮਰਾਠੀ ਦੇ ਅੰਦਾਜ਼ ਵਿੱਚ ਹੀ ਬੋਲਦੀ ਹੈ। ਉਨ੍ਹਾਂ ਦਾ ਪਾਸਪੋਰਟ ਅੱਜ ਵੀ ਹਿੰਦੁਸਤਾਨੀ ਹੈ।
ਉਹ ਹਨ 80 ਸਾਲਾ ਜ਼ੁਲੇਖਾ ਦਾਊਦ, ਯੂ.ਏ.ਈ ਵਿੱਚ ਭਾਰਤੀ ਮੂਲ ਦੀ ਸਭ ਤੋਂ ਪਹਿਲੀ ਡਾਕਟਰ।
ਦਾਊਦ ਇੱਕਲੀ ਮਹਿਲਾ ਡਾਕਟਰ ਸੀ
ਅੱਜ ਡਾ. ਦਾਊਦ ਦੇ ਤਿੰਨ ਹਸਪਤਾਲ ਹਨ ਜਿੰਨ੍ਹਾਂ ਚੋਂ ਇੱਕ ਨਾਗਪੁਰ ਵਿੱਚ ਹੈ। ਜਦੋਂ ਉਹ ਪਹਿਲੀ ਵਾਰ ਸ਼ਾਰਜਾ ਆਈ ਸੀ ਤਾਂ ਉੱਥੇ ਇੱਕ ਵੀ ਹਸਪਤਾਲ ਨਹੀਂ ਸੀ।
ਉਹ ਇੱਥੇ ਆਏ ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ ਵਜੋਂ ਸਨ ਪਰ ਡਾਕਟਰਾਂ ਦੀ ਘਾਟ ਕਰਕੇ ਉਨ੍ਹਾਂ ਨੂੰ ਹਰ ਬਿਮਾਰੀ ਦਾ ਇਲਾਜ ਕਰਨਾ ਪਿਆ।
ਉਹ ਉਸ ਵੇਲੇ ਦੇ ਰੂੜੀਵਾਦੀ ਅਰਬ ਸਮਾਜ ਵਿੱਚ ਇੱਕਲੀ ਮਹਿਲਾ ਡਾਕਟਰ ਜ਼ਰੂਰ ਸਨ ਪਰ ਉਨ੍ਹਾਂ ਦੇ ਮੁਤਾਬਕ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇੱਥੇ ਉਨ੍ਹਾਂ ਦੀ ਲੋਕਾਂ ਨੂੰ ਜ਼ਰੂਰਤ ਹੈ।
ਉਨ੍ਹਾਂ ਕਿਹਾ, "ਮੇਰੇ ਮਰੀਜ਼ ਔਰਤਾਂ ਵੀ ਸਨ ਅਤੇ ਮਰਦ ਵੀ।''
ਨਾਗਪੁਰ ਤੋਂ ਉਨ੍ਹਾਂ ਦੇ ਇਸ ਲੰਬੇ ਸਫ਼ਰ ਦੀ ਸ਼ੁਰੂਆਤ ਬਾਰੇ ਦੱਸਦਿਆਂ ਡਾਕਟਰ ਦਾਊਦ ਨੇ ਕਿਹਾ, "ਮੈਂ ਨਾਗਪੁਰ ਤੋਂ ਇੱਥੇ ਇਹ ਸੋਚ ਕੇ ਆਈ ਸੀ ਕਿ ਮੈਨੂੰ ਕੁਵੈਤ ਵਿੱਚ ਨੌਕਰੀ ਮਿਲ ਗਈ।"
"ਮੈਨੂੰ ਕੁਵੈਤ ਵਾਲਿਆਂ ਨੇ ਕਿਹਾ ਕਿ ਸ਼ਾਰਜਾ ਦੇ ਨਿਵਾਸੀਆਂ ਨੂੰ ਤੁਹਾਡੀ ਵੱਧ ਲੋੜ ਹੈ। ਉਹ ਉੱਥੇ ਹਸਪਤਾਲ ਖੋਲ੍ਹ ਰਹੇ ਹਨ। ਫ਼ਿਰ ਉੱਥੇ ਉਨ੍ਹਾਂ ਨੇ ਮੈਨੂੰ ਭੇਜਿਆ।''
'ਮੈਨੂੰ ਹਰ ਇਲਾਜ ਕਰਨਾ ਪਿਆ'
ਉਹ ਕੁਵੈਤ ਵਿੱਚ ਇੱਕ ਅਮਰੀਕੀ ਮਿਸ਼ਨ ਦੇ ਹਸਪਤਾਲ ਵਿੱਚ ਕੰਮ ਕਰਦੀ ਸੀ। ਉਸ ਹਸਪਤਾਲ ਨੇ ਸ਼ਾਰਜਾ ਵਿੱਚ ਇੱਕ ਕਲੀਨਿਕ ਖੋਲ੍ਹਿਆ ਸੀ।
ਉਨ੍ਹਾਂ ਦਿਨਾਂ ਵਿੱਚ ਸ਼ਾਰਜਾ ਅਤੇ ਦੁਬਈ ਇੰਨੇ ਪਛੜੇ ਇਲਾਕੇ ਸੀ ਕਿ ਉੱਥੇ ਕੋਈ ਡਾਕਟਰ ਜਾਣ ਨੂੰ ਤਿਆਰ ਨਹੀਂ ਹੁੰਦਾ ਸੀ।
ਡਾਕਟਰ ਦਾਊਦ ਨੇ ਕਿਹਾ ਉਹ ਉੱਥੇ ਜਾਣਗੇ। ਉਨ੍ਹਾਂ ਕਿਹਾ, "ਮੈਨੂੰ ਸਭ ਕੁਝ ਕਰਨਾ ਪਿਆ। ਡਿਲਵਰੀ, ਛੋਟੇ ਆਪਰੇਸ਼ਨ, ਹੱਡੀਆਂ ਦਾ ਤੇ ਜਲੇ ਹੋਏ ਲੋਕਾਂ ਦਾ ਇਲਾਜ। ਉੱਥੇ ਦੂਜਾ ਕੋਈ ਹੋਰ ਮੌਜੂਦ ਹੀ ਨਹੀਂ ਸੀ।
ਉਸ ਵਕਤ ਡਾਕਟਰ ਦਾਊਦ ਇੱਕ ਨੌਜਵਾਨ ਮਹਿਲਾ ਸੀ ਅਤੇ ਇੱਕ ਭਾਰਤੀ ਡਾਕਟਰ ਨਾਲ ਉਨ੍ਹਾਂ ਦਾ ਵਿਆਹ ਹੋਇਆ ਹੀ ਸੀ। ਉਨ੍ਹਾਂ ਦੀ ਦੁਬਈ ਅਤੇ ਸ਼ਾਰਜਾ ਦੇ ਬਾਰੇ ਜਾਣਕਾਰੀ ਘੱਟ ਸੀ।
ਉਹ ਵਕਤ ਨੂੰ ਯਾਦ ਕਰਦੇ ਹੋਏ ਜ਼ੁਲੇਖਾ ਦਾਊਦ ਦੱਸਦੇ ਹਨ, "ਮੈਨੂੰ ਨਹੀਂ ਪਤਾ ਸੀ ਕਿ ਦੁਬਈ ਕਿਹੜੀ ਚੀਜ਼ ਹੈ। ਕੰਮ ਕਰਨਾ ਸੀ ਤਾਂ ਮੈਂ ਆ ਗਈ। ਏਅਰਪੋਰਟ ਨਹੀਂ ਸੀ। ਅਸੀਂ ਰਨਵੇ 'ਤੇ ਉੱਤਰੇ। ਕਾਫ਼ੀ ਗਰਮੀ ਸੀ।''
ਉਨ੍ਹਾਂ ਵੱਲੋਂ ਪਹਿਲਾਂ ਦੁਬਈ ਵਿੱਚ ਕਲੀਨਿਕ ਖੋਲ੍ਹਿਆ ਗਿਆ, ਫ਼ਿਰ ਸ਼ਾਰਜਾ ਵਿੱਚ। ਡਾਕਟਰ ਦਾਊਦ ਕਹਿੰਦੇ ਹਨ, "ਦੁਬਈ ਤੋਂ ਸ਼ਾਰਜਾ ਦੀ ਦੁਰੀ 12 ਕਿਲੋਮੀਟਰ ਹੈ। ਉਸ ਵਕਤ ਪੱਕੀ ਸੜਕ ਤੱਕ ਨਹੀਂ ਸੀ।''
"ਸ਼ਾਰਜਾ ਦਾ ਰਸਤਾ ਰੇਤੀਲਾ ਸੀ। ਗੱਡੀ ਰੇਤ ਵਿੱਚ ਫਸ ਜਾਂਦੀ ਸੀ। ਸਾਨੂੰ ਵੀ ਨਹੀਂ ਪਤਾ ਸੀ ਕਿ ਇੱਥੇ ਇੰਨੀ ਪਰੇਸ਼ਾਨੀਆਂ ਹਨ।''
'ਲੋਕਾਂ ਨੂੰ ਮੇਰੀ ਜ਼ਰੂਰਤ ਸੀ'
ਹਸਪਤਾਲ ਵਿੱਚ ਹੀ ਸਹੂਲਤਾਂ ਘੱਟ ਸੀ। ਉਨ੍ਹਾਂ ਦੱਸਿਆ, "ਮੈਂ ਇੱਥੇ ਆਈ ਤਾਂ ਦੇਖਿਆ ਕਲੀਨਿਕ ਵਿੱਚ ਕੇਵਲ ਦੋ-ਤਿੰਨ ਤਰੀਕੇ ਦੀਆਂ ਦਵਾਈਆਂ ਸਨ। ਨਾ ਤਾਂ ਐਕਸਰੇ ਦੀ ਸਹੂਲਤ ਸੀ ਅਤੇ ਨਾ ਹੀ ਕੋਈ ਪੈਥੋਲੌਜੀ ਵਿਭਾਗ ਸੀ।''
"ਗਰਮੀ ਬਹੁਤ ਸੀ ਦੂਜੇ ਡਾਕਟਰਾਂ ਨੇ ਕਿਹਾ ਉਹ ਇੱਥੇ ਨਹੀਂ ਰਹਿ ਸਕਦੇ। ਮੈਂ ਕਿਹਾ ਮੈਂ ਇੱਥੇ ਇਲਾਜ ਕਰਨ ਆਈ ਹਾਂ। ਲੋਕਾਂ ਨੂੰ ਮੇਰੀ ਜ਼ਰੂਰਤ ਸੀ। ਮੈਂ ਉੱਥੇ ਰਹਿ ਗਈ।''
ਡਾਕਟਰ ਦਾਊਦ ਇੱਥੋਂ ਦੀ ਇੱਕ ਮਸ਼ਹੂਰ ਡਾਕਟਰ ਹਨ। ਸ਼ਾਰਜਾ ਅਤੇ ਦੁਬਈ ਵਿੱਚ ਉਨ੍ਹਾਂ ਦੀ ਨਿਗਰਾਨੀ ਵਿੱਚ 15,000 ਤੋਂ ਵੱਧ ਬੱਚੇ ਪੈਦਾ ਹੋਏ ਜਿਨ੍ਹਾਂ ਵਿੱਚ ਸ਼ਾਹੀ ਪਰਿਵਾਰ ਦੇ ਕਈ ਲੋਕ ਸ਼ਾਮਲ ਹਨ।
ਉਹ ਅਰਬ ਦੀਆਂ ਤਿੰਨ ਪੀੜ੍ਹੀਆਂ ਦਾ ਇਲਾਜ ਕਰ ਚੁੱਕੇ ਹਨ। ਵੱਧਦੀ ਉਮਰ ਦੇ ਬਾਵਜੂਦ ਉਹ ਹੁਣ ਵੀ ਹਸਪਤਾਲ ਵਿੱਚ ਜਾ ਕੇ ਮਰੀਜ਼ਾਂ ਨੂੰ ਮਿਲਦੇ ਹਨ।
ਡਾਕਟਰ ਦਾਊਦ ਦੇ ਮੁਤਾਬਕ ਅੰਗ੍ਰੇਜ਼ਾਂ ਤੋਂ ਅਜ਼ਾਦੀ ਹਾਸਲ ਕਰਨ ਦੇ ਬਾਅਦ ਵੀ ਇਲਾਕੇ ਵਿੱਚ ਤਰੱਕੀ ਸ਼ੁਰੂ ਹੋਈ।
ਉਹ ਕਹਿੰਦੇ ਹਨ, "ਅੰਗ੍ਰੇਜ਼ਾਂ ਤੋਂ ਅਜ਼ਾਦੀ ਮਿਲਣ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਬਣਿਆ। ਇਨ੍ਹਾਂ ਸਾਰਿਆਂ ਨੇ ਮਿਲ ਕੇ ਵਿਕਾਸ ਕਰਨਾ ਸ਼ੁਰੂ ਕੀਤਾ ਜੋ ਕਾਫ਼ੀ ਤੇਜ਼ੀ ਨਾਲ ਹੋਇਆ।
'ਭਾਰਤ ਨੇ ਬਹੁਤ ਕੁਝ ਦਿੱਤਾ'
ਡਾਕਟਰ ਦਾਊਦ ਨੇ ਵੀ 1992 ਵਿੱਚ ਇੱਥੇ ਇੱਕ ਹਸਪਤਾਲ ਖੋਲ੍ਹਿਆ। ਉਨ੍ਹਾਂ ਨੂੰ ਲੱਗਿਆ ਕਿ ਹੁਣ ਇਹੀ ਉਨ੍ਹਾਂ ਦਾ ਘਰ ਹੈ।
ਨਾਗਪੁਰ ਦੀ ਰਹਿਣ ਵਾਲੀ, ਅਨਪੜ੍ਹ ਮਾਪਿਆਂ ਦੀ ਧੀ, ਡਾਕਟਰ ਦਾਊਦ ਹੌਲੀ-ਹੌਲੀ ਇੱਥੋਂ ਦੀ ਹੋ ਕੇ ਰਹਿ ਗਈ।
ਕੀ ਨਾਗਪੁਰ ਦੀ ਆਮ ਮਰਾਠੀ ਮਹਿਲਾ ਨੇ ਕਦੇ ਘਰ ਵਾਪਸ ਜਾਣ ਬਾਰੇ ਨਹੀਂ ਸੋਚਿਆ? ਕੀ ਉਹ ਆਪਣੇ ਦੇਸ ਨੂੰ ਭੁੱਲ ਚੁੱਕੀ ਹਨ?
ਇਸ ਬਾਰੇ ਉਨ੍ਹਾਂ ਕਿਹਾ, "ਮੇਰੇ ਦੇਸ ਨੇ ਸਾਨੂੰ ਸਭ ਕੁਝ ਦਿੱਤਾ ਤਾਂ ਸਾਨੂੰ ਵੀ ਕੁਝ ਕਰਨਾ ਚਾਹੀਦਾ ਹੈ। ਮੈਂ ਪੈਦਾ ਤਾਂ ਉੱਥੇ ਹੀ ਹੋਈ ਹਾਂ, ਲੋਕ ਤਾਂ ਮੇਰੇ ਉੱਥੇ ਹਨ।''
ਸ਼ਾਇਦ ਇਸੇ ਕਰਕੇ ਉਨ੍ਹਾਂ ਨੇ ਆਪਣੇ ਸ਼ਹਿਰ ਨਾਗਪੁਰ ਵਿੱਚ ਇੱਕ ਕੈਂਸਰ ਹਸਪਤਾਲ ਖੋਲ੍ਹਿਆ ਹੈ ਅਤੇ ਸ਼ਾਇਦ ਇਸੇ ਕਰਕੇ ਅਮੀਰਾਤ ਵੱਲੋਂ ਨਾਗਰਿਕਤਾ ਦੇ ਆਫਰ ਦੇ ਬਾਵਜੂਦ ਉਹ ਅੱਜ ਵੀ ਭਾਰਤੀ ਨਾਗਰਿਕ ਹਨ।
ਅਮੀਰਾਤ ਵਿੱਚ ਉਹ ਇੱਕ ਕਾਮਯਾਬ ਡਾਕਟਰ ਅਤੇ ਕਾਰੋਬਾਰੀ ਕਿਵੇਂ ਬਣ ਗਈ?
ਇਸ ਬਾਰੇ ਉਨ੍ਹਾਂ ਕਿਹਾ, "ਮੈਨੂੰ ਨਹੀਂ ਪਤਾ ਸੀ ਕਿ ਮੈਂ ਇੰਨਾ ਸਫ਼ਰ ਤੈਅ ਕਰਾਂਗੀ ਪਰ ਮੈਂ ਹਾਲਾਤ ਤੇ ਵਕਤ ਦੇਖ ਕੇ ਕੰਮ ਕਰਦੀ ਰਹੀ।
ਉਨ੍ਹਾਂ ਅੱਗੇ ਕਿਹਾ, "ਲੋਕਾਂ ਨੂੰ ਮਦਦ ਕਰਨ ਦਾ ਜਜ਼ਬਾ ਮੇਰੇ ਅੰਦਰ ਬਹੁਤ ਸੀ। ਉਹ (ਅਰਬ) ਆਉਂਦੇ ਸੀ ਮੇਰੇ ਕੋਲ। ਉਨ੍ਹਾਂ ਨੇ ਹੀ ਮੈਨੂੰ ਅੱਗੇ ਵੱਧਣ ਵਿੱਚ ਮਦਦ ਕੀਤੀ।''
ਹੁਕਮਰਾਨਾਂ ਦੀ ਮਦਦ ਮਿਲੀ
ਉਨ੍ਹਾਂ ਦੀ ਧੀ ਅਤੇ ਦਾਮਾਦ ਅੱਜ ਉਨ੍ਹਾਂ ਦੇ ਹਸਪਤਾਲ ਦੇ ਕੰਮ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦੇ ਹਨ।
ਡਾਕਟਰ ਦਾਊਦ ਨੇ ਕੰਮ ਅਤੇ ਪਰਿਵਾਰ ਦੇ ਵਿਚਾਲੇ ਤਾਲਮੇਲ ਬਣਾਏ ਰੱਖਿਆ ਹੈ। ਉਨ੍ਹਾਂ ਦੀ ਧੀ ਜੇਨੋਬੀਆ ਕਹਿੰਦੀ ਹੈ, "ਉਹ ਇੱਕ ਕਾਮਯਾਬ ਡਾਕਟਰ ਤੇ ਕਾਰੋਬਾਰੀ ਹਨ।''
ਪਰ ਕੀ ਜੇ ਡਾਕਟਰ ਦਾਊਦ ਨੇ ਇਹ ਸ਼ੋਹਰਤ ਵਿਦੇਸ਼ ਦੀ ਬਜਾਏ ਆਪਣੇ ਦੇਸ ਦੇ ਅੰਦਰ ਕਮਾਈ ਹੁੰਦੀ ਤਾਂ ਉਨ੍ਹਾਂ ਨੂੰ ਜ਼ਿਆਦਾ ਸੰਤੁਸ਼ਟੀ ਮਿਲਦੀ?
ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ ਕਿ ਭਾਰਤ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਪਰ ਉਨ੍ਹਾਂ ਦੀ ਇੱਥੋਂ ਦੇ ਸ਼ਾਹੀ ਪਰਿਵਾਰ ਨੇ ਵੀ ਬਹੁਤ ਮਦਦ ਕੀਤੀ।
ਅੱਜ ਜੇ ਉਹ ਕਾਮਯਾਬ ਹਨ ਤਾਂ ਉਨ੍ਹਾਂ ਮੁਤਾਬਕ ਇਸਦਾ ਸਿਹਰਾ ਇੱਥੋਂ ਦੇ ਹੁਕਮਰਾਨਾਂ ਦੇ ਸਿਰ ਹੈ। ਉਹ ਦੋਹਾਂ ਦੇਸਾਂ ਦੇ ਕਰੀਬ ਹਨ।