ਪਾਕਿਸਤਾਨ ਨੇ ਕਿਉਂ ਕੀਤੀ ਜਮਾਤ ਉਦ ਦਾਵਾ 'ਤੇ ਕਾਰਵਾਈ?

    • ਲੇਖਕ, ਫ਼ਰਹਤ ਜਾਵੇਦ
    • ਰੋਲ, ਬੀਬੀਸੀ ਉਰਦੂ, ਇਸਲਾਮਾਬਾਦ

ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ੁਰਰਮ ਦਸਤਗੀਰ ਖ਼ਾਨ ਨੇ ਕਿਹਾ ਕਿ ਜਮਾਤ ਉਦ ਦਾਵਾ ਦੇ ਖ਼ਿਲਾਫ਼ ਹਾਲ ਵਿੱਚ ਕੀਤੀ ਗਈ ਕਾਰਵਾਈ ਦਾ ਸਬੰਧ ਅਮਰੀਕਾ ਨਾਲ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਹ 'ਆਪਰੇਸ਼ਨ ਰੱਦ-ਉਲ-ਫਸਾਦ' ਦਾ ਹਿੱਸਾ ਹੈ।

ਲਸ਼ਕਰ-ਏ-ਤੱਇਬਾ ਦੇ ਸੰਸਾਥਪਕ ਹਾਫ਼ਿਜ਼ ਸਈਦ ਜਮਾਤ ਉਦ ਦਾਵਾ ਦੇ ਮੁਖੀ ਹਨ।

ਬੀਬੀਸੀ ਉਰਦੂ ਨੂੰ ਦਿੱਤੇ ਗਏ ਇੱਕ ਇੰਟਰਵਿਊ 'ਚ ਖ਼ੁਰਰਮ ਦਸਤਗੀਰ ਖ਼ਾਨ ਦਾ ਕਹਿਣਾ ਸੀ ਕਿ ਕੌਮਾਂਤਰੀ ਪੱਧਰ 'ਤੇ ਕਈ ਸੰਗਠਨਾਂ 'ਤੇ ਪਾਬੰਧੀ ਲਗਾਈ ਗਈ ਹੈ। ਇਸ ਸਬੰਧੀ ਪਾਕਿਸਤਾਨ ਸੋਚ ਸਮਝ ਕੇ ਕਦਮ ਚੁੱਕ ਰਿਹਾ ਹੈ।

ਰੱਖਿਆ ਮੰਤਰੀ ਦਾ ਕਹਿਣਾ ਸੀ, "ਅਜਿਹਾ ਨਹੀਂ ਹੈ ਕਿ ਅਸੀਂ ਬੰਦੂਕਾਂ ਲੈ ਕੇ ਆਪਣੇ ਹੀ ਦੇਸ 'ਤੇ ਚੜ੍ਹ ਜਾਵਂਗੇ ਬਲਕਿ ਉਹ ਵਕਤ ਲੰਘ ਗਿਆ ਹੈ, ਹੁਣ ਅਸੀਂ ਸਟੀਕ ਅਤੇ ਸੋਚ ਸਮਝ ਕੇ ਫ਼ੈਸਲੇ ਲੈ ਰਹੇ ਹਾਂ।"

ਉਨ੍ਹਾਂ ਨੇ ਕਿਹਾ, "ਜਮਾਤ ਉਦ ਦਾਵਾ ਦੇ ਖ਼ਿਲਾਫ਼ ਕਾਰਵਾਈ ਸੋਚ ਸਮਝ ਕੇ ਕੀਤੀ ਜਾ ਰਹੀ ਹੈ ਤਾਂ ਜੋ ਪਾਕਿਸਤਾਨ ਦਾ ਭਵਿੱਖ ਮਹਿਫੂਜ਼ ਹੋ ਸਕੇ ਅਤੇ ਅੱਗੇ ਤੋਂ ਦਹਿਸ਼ਤਗਰਦ ਵੀ ਕਿਸੇ ਸਕੂਲ 'ਚ ਬੱਚਿਆਂ ਨੂੰ ਗੋਲੀਆਂ ਨਾ ਮਾਰ ਸਕਣ।"

ਟਰੰਪ ਦੀ ਸਖ਼ਤੀ ਕੀ ਕਿਹਾ?

ਖ਼ੁਰਰਮ ਦਸਤਗੀਰ ਖ਼ਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟਵੀਟ ਅਤੇ ਅਮਰੀਕੀ ਅਧਕਾਰੀਆਂ ਵੱਲੋਂ ਹਾਲ ਵਿੱਚ ਦਿੱਤੇ ਗਏ ਬਿਆਨਾਂ ਨੂੰ 'ਨਜ਼ਰੀਆ' ਕਰਾਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਲੰਘੇ ਕੁਝ ਮਹੀਨਿਆਂ ਦੌਰਾਨ ਅਮਰੀਕੀ ਅਗਵਾਈ ਨਾਲ ਹਾਂਪੱਖੀ ਗੱਲਬਾਤ ਹੁੰਦੀ ਰਹੀ ਪਰ 'ਜਨਤਕ ਪੱਧਰ 'ਤੇ ਨਾਂਪੱਖੀ ਧਾਰਨਾ ਬਣਾਈ ਗਈ।

ਰੱਖਿਆ ਮੰਤਰੀ ਨੇ ਕਿਹਾ, "ਮੌਜੂਦਾ ਪਾਕਿਸਤਾਨ ਆਪਰੇਸ਼ਨ 'ਜ਼ਰਬੇ ਅਜ਼ਬ' ਤੋਂ ਬਾਅਦ ਦਾ ਪਾਕਿਸਤਾਨ ਹੈ, ਜੋ ਸ਼ਹਿਰੀਆਂ, ਨੌਜਵਾਨਾਂ ਅਤੇ ਅਧਿਕਾਰੀਆਂ ਦੀਆਂ ਕੁਰਬਾਨੀਆਂ ਅਤੇ ਕਾਮਯਾਬ ਆਪਰੇਸ਼ਨਾਂ ਤੋਂ ਬਾਅਦ ਹਾਸਿਲ ਹੋਇਆ ਹੈ।''

ਉਨ੍ਹਾਂ ਨੇ ਕਿਹਾ, "ਅਮਰੀਕਾ ਸਾਡੇ ਕੋਲੋਂ ਦਹਿਸ਼ਤਗਰਦੀ ਕਿਵੇਂ ਰੋਕੀ ਜਾਏ, ਇਹ ਸਿੱਖਣ ਦੀ ਬਜਾਇ ਅਜਿਹੀਆਂ ਗੱਲਾਂ ਕਰ ਰਿਹਾ ਹੈ।"

ਰੱਖਿਆ ਮੰਤਰੀ ਖ਼ੁਰਰਮ ਦਸਤਗੀਰ ਨੇ ਦੋਵਾਂ ਦੇਸਾਂ ਦੇ ਸਬੰਧ ਖ਼ਰਾਬ ਹੋਣ ਵਿੱਚ ਭਾਰਤ ਦੀ 'ਅਸਿੱਧੀ ਭੂਮਿਕਾ' ਅਤੇ ਖੇਤਰ ਵਿੱਚ ਮਜ਼ਬੂਤ ਹੁੰਦੀ ਚੀਨ ਅਤੇ ਪਾਕਿਸਤਾਨ ਦੀ ਦੋਸਤੀ ਨੂੰ ਜ਼ਿੰਮੇਦਾਰ ਠਹਿਰਾਇਆ।

ਉਨ੍ਹਾਂ ਕਿਹਾ, "ਭਾਰਤ ਪਾਕਿਸਤਾਨ ਦੇ ਖ਼ਿਲਾਫ਼ ਅਫ਼ਗਾਨਿਸਤਾਨ ਦੀ ਜ਼ਮੀਨ ਵੀ ਵਰਤ ਰਿਹਾ ਹੈ।''

ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਤੇ ਅਮਰੀਕਾ ਦੇ ਸਬੰਧ ਹੁਣ 'ਦੋਸਤੀ ਅਤੇ ਦੁਸ਼ਮਣੀ ਦੇ ਸਬੰਧਾਂ ਤੋਂ ਉੱਤੇ ਹੋ ਗਏ ਹਨ।'

ਉਨ੍ਹਾਂ ਮੁਤਾਬਕ ਪਾਕਿਸਤਾਨ ਨੇ ਖੁੱਲ੍ਹ ਕੇ ਅਤੇ ਸਿੱਧਾ ਅਮਰੀਕਾ ਨੂੰ ਦੱਸ ਦਿੱਤਾ ਹੈ ਕਿ ਉਹ ਅਫ਼ਗਾਨਿਸਤਾਨ ਵਿੱਚ ਅਸਫਲਤਾ ਤੋਂ ਬਾਅਦ ਪਾਕਿਸਤਾਨ 'ਤੇ ਇਲਜ਼ਾਮ ਨਾ ਲਗਾਏ।

'ਅਮਰੀਕਾ ਨੇ ਨਹੀਂ ਦਿੱਤੀ ਕੋਈ ਡੈਡਲਾਇਨ'

ਰੱਖਿਆ ਮੰਤਰੀ ਨੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਹੱਕਾਨੀ ਨੈੱਟਵਰਕ ਦੇ ਖ਼ਿਲਾਫ਼ ਕਾਰਵਾਈ ਦੀ ਡੈਡਲਾਇਨ ਦਿੱਤੇ ਜਾਣ ਨਾਲ ਜੁੜੀਆਂ ਖ਼ਬਰਾਂ ਦਾ ਸਖ਼ਤੀ ਨਾਲ ਖੰਡਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਇੱਕ 'ਅਜ਼ਾਦ' ਪਰਮਾਣੂ ਸ਼ਕਤੀ ਹੈ, ਜਿਸ ਨੂੰ ਇਸ ਤਰ੍ਹਾਂ ਦੀ ਡੈਡਲਾਇਨ ਨਹੀਂ ਦਿੱਤੀ ਜਾ ਸਕਦੀ।

ਉਨ੍ਹਾਂ ਦਾ ਕਹਿਣਾ ਸੀ ਕਿ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਉੱਚ ਪੱਧਰੀ ਗੱਲਬਾਤ ਹੁੰਦੀ ਰਹੀ ਹੈ ਪਰ ਦੋਵਾਂ ਦੇਸਾਂ ਵਿਚਾਲੇ ਰਣਨੀਤਕ ਗੱਲਬਾਤ ਅਜੇ ਬਾਕੀ ਹੈ।

ਖ਼ੁਰਰਮ ਦਸਤਗੀਰ ਨੇ ਕਿਹਾ ਕਿ ਸਹਿਯੋਗ ਭਾਵਨਾ ਨਾਲ ਗੱਲਬਾਤ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ, "ਨਾਂਪੱਖੀ ਅਤੇ ਖ਼ਤਰਨਾਕ ਭਾਸ਼ਾ ਇਸਤੇਮਾਲ ਕੀਤੀ ਗਈ ਤਾਂ ਪਾਕਿਸਤਾਨ ਦੀ ਜਨਤਾ ਵੱਲੋਂ ਚੁਣੀ ਗਈ ਸਰਕਾਰ ਅਤੇ ਸੈਨਾ ਸਭ ਤੋਂ ਵੱਧ ਸੰਵੇਦਨਸ਼ੀਲ ਹੈ।"

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਸੋਸ਼ਲ ਨੈੱਟਵਰਕਿੰਗ ਸਾਇਟ ਟਵਿੱਟਰ 'ਤੇ ਪਾਕਿਸਤਾਨ 'ਤੇ ਇਲਜ਼ਾਮ ਲਗਾਇਆ ਸੀ ਕਿ ਬੀਤੇ ਸਾਲਾਂ 'ਚ ਅਰਬਾਂ ਡਾਲਰਾਂ ਦੀ ਮਦਦ ਲੈਣ ਦੇ ਬਾਵਜੂਦ ਪਾਕਿਸਤਾਨ ਨੇ ਅਮਰੀਕਾ ਨੂੰ ਸਿਵਾਏ ਝੂਠ ਅਤੇ ਧੋਖੇ ਦੇ ਕੁਝ ਨਹੀਂ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)