ਪ੍ਰਦਰਸ਼ਨਕਾਰੀਆਂ ਨੂੰ ਈਰਾਨ ਦੇ ਰਾਸ਼ਟਰਪਤੀ ਦੀ ਚੇਤਾਵਨੀ

ਈਰਾਨ ਵਿੱਚ ਵਿਰੋਧ ਪ੍ਰਦਰਸ਼ਨ 4 ਦਿਨਾਂ ਤੋਂ ਜਾਰੀ ਹੈ। ਇਨ੍ਹਾਂ ਪ੍ਰਦਰਸ਼ਨਾਂ ਵਿਚਾਲੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਪਹਿਲੀ ਵਾਰ ਬਿਆਨ ਜਾਰੀ ਕੀਤਾ।

ਜਿਸ ਵਿੱਚ ਰਾਸ਼ਟਰਪਤੀ ਨੇ ਚੇਤਾਵਨੀ ਦਿੱਤੀ ਕਿ ਤੋੜਭੰਨ ਕਰਕੇ ਸ਼ਾਂਤੀ ਭੰਗ ਕਰਨ ਵਾਲੀਆਂ ਦੀਆਂ ਹਰਕਤਾਂ ਨੂੰ ਸਰਕਾਰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

ਇਰਾਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਈਰਾਨ ਦੇ ਲੋਕਾਂ ਨੂੰ ਵਿਰੋਧ ਕਰਨ ਦਾ ਪੂਰਾ ਅਧਿਕਾਰ ਹੈ ਪਰ ਹਿੰਸਾ ਕਰਨ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ।

ਉਨ੍ਹਾਂ ਨੇ ਕਿਹਾ ਕਿ ਈਰਾਨ ਅੱਜ ਜਿਨਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਇਸ ਲਈ ਕੌਮਾਂਤਰੀ ਪਾਬੰਦੀਆਂ ਜ਼ਿੰਮੇਵਾਰ ਹਨ।

ਮੰਤਰੀ ਮੰਡਲ ਦੀ ਬੈਠਕ 'ਚ ਰਾਸ਼ਟਰਪਤੀ ਰੂਹਾਨੀ ਨੇ ਕਿਹਾ, "ਕੁਝ ਅਰਬ ਦੇਸ ਅਜਿਹੇ ਵੀ ਹਨ ਜੋ ਈਰਾਨ ਦੇ ਦੋਸਤ ਕਦੀ ਨਹੀਂ ਰਹੇ। ਅੱਜਕਲ ਇਹ ਦੇਸ ਬਹੁਤ ਖੁਸ਼ ਹਨ। ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇੱਕ ਕੌਮੀ ਸੁਰੱਖਿਆ ਹੀ ਤਾਂ ਹੈ ਜੋ ਸਾਡੀ ਸਭ ਤੋਂ ਵੱਡੀ ਦੌਲਤ ਹੈ।"

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕੀਤਾ ਸੀ ਕਿ ਈਰਾਨ 'ਚ ਜੋ ਹੋ ਰਿਹਾ ਹੈ, ਸਾਰੀ ਦੁਨੀਆਂ ਦੇਖ ਰਹੀ ਹੈ। ਈਰਾਨ ਦੇ ਰਾਸ਼ਟਰਪਤੀ ਰੂਹਾਨੀ ਨੇ ਆਪਣੇ ਬਿਆਨ ਵਿੱਚ ਇਸ ਦਾ ਵੀ ਜਵਾਬ ਦਿੱਤਾ।

ਉਨ੍ਹਾਂ ਨੇ ਕਿਹਾ, "ਅਮਰੀਕਾ ਵਿੱਚ ਜੋ ਇਹ ਸੱਜਣ ਹਨ, ਜੋ ਅੱਜਕਲ ਸਾਡੇ ਦੇਸ ਨਾਲ ਹਮਦਰਦੀ ਜਤਾ ਰਹੇ ਹਨ। ਅਜਿਹਾ ਲੱਗਦਾ ਹੈ ਕਿ ਇਹ ਗੱਲ ਭੁੱਲ ਗਏ ਹਨ ਕਿ ਕਈ ਮਹੀਨੇ ਪਹਿਲਾਂ ਉਨ੍ਹਾਂ ਨੇ ਹੀ ਈਰਾਨ ਨੂੰ ਕੱਟੜਪੰਥੀ ਦੇਸ ਕਿਹਾ ਸੀ। ਪਰ ਸੱਚ ਤਾਂ ਇਹ ਹੈ ਕਿ ਇਹ ਆਦਮੀ ਸਿਰ ਤੋਂ ਲੈ ਕੇ ਪੈਰ ਤੱਕ ਈਰਾਨ ਦਾ ਦੁਸ਼ਮਣ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)