You’re viewing a text-only version of this website that uses less data. View the main version of the website including all images and videos.
ਨਜ਼ਰੀਆ: ਈਰਾਨ ’ਚ ਆਖ਼ਰ ਕਿਉਂ ਹੋ ਰਹੇ ਹਨ ਮੁਜ਼ਾਹਰੇ?
ਈਰਾਨ 'ਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੇ ਮੁਜ਼ਾਹਰਿਆਂ ਨੇ ਸਾਰੀ ਦੁਨੀਆਂ ਦਾ ਧਿਆਨ ਖਿੱਚਿਆ ਹੈ। ਇਨ੍ਹਾਂ ਮੁਜ਼ਾਹਰਿਆਂ ਦੌਰਾਨ ਹੁਣ ਤੱਕ ਦੋ ਲੋਕਾਂ ਦੇ ਮਰਨ ਦੀ ਖ਼ਬਰ ਸਾਹਮਣੇ ਆਈ ਹੈ। ਆਖ਼ਰ ਈਰਾਨ 'ਚ ਹੋ ਰਹੇ ਇਨ੍ਹਾਂ ਮੁਜ਼ਾਹਰਿਆਂ ਦੇ ਕਾਰਨ ਕੀ ਹਨ ਅਤੇ ਇਸ ਦਾ ਅਸਰ ਕੀ ਹੋਵੇਗਾ?
ਇਸ ਮਸਲੇ 'ਤੇ ਬੀਬੀਸੀ ਪੱਤਰਕਾਰ ਸੰਦੀਪ ਸੋਨੀ ਨੇ ਡੈਲਾਵੇਅਰ ਯੂਨੀਵਰਸਿਟੀ ਦੇ ਪ੍ਰੋ. ਮੁੱਕਤਦਰ ਖ਼ਾਨ ਨਾਲ ਗੱਲ-ਬਾਤ ਕੀਤੀ। ਖ਼ਾਨ ਦੇ ਸ਼ਬਦਾਂ ਵਿੱਚ ਹੀ ਪੜ੍ਹੋ ਇਹ ਵਿਸ਼ਲੇਸ਼ਣ:
ਇਹ ਮੁਜ਼ਾਹਰੇ ਆਰਥਿਕ ਨੀਤੀਆਂ ਦੇ ਵਿਰੁੱਧ ਹੈ। ਬੇਰੁਜ਼ਗਾਰੀ ਅਤੇ ਮਹਿੰਗਾਈ ਵੱਧ ਗਈ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਲੋਕਾਂ 'ਚ ਰੋਸ ਹੈ।
ਲੋਕਾਂ ਨੂੰ ਲੱਗਦਾ ਹੈ ਕਿ ਈਰਾਨ ਸੀਰੀਆ ਅਤੇ ਯਮਨ 'ਚ ਪੈਸੇ ਖ਼ਰਚ ਕਰ ਰਿਹਾ ਹੈ।
ਪਰ ਆਪਣੇ ਹੀ ਘਰ 'ਚ ਵਿਕਾਸ ਦੇ ਕੰਮ ਬੰਦ ਪਏ ਹਨ। ਲੋਕ ਈਰਾਨ-ਫ਼ਸਟ ਦੇ ਨਾਅਰੇ ਵੀ ਲਾ ਰਹੇ ਹਨ।
ਮਾਲੀ ਹਾਲਤ ਦੀ ਸਮੱਸਿਆ ਨਾਲ ਜੁੜੇ ਇਹ ਮੁਜ਼ਾਹਰੇ ਹੁਣ ਸੱਤਾ 'ਚ ਤਬਦੀਲੀ ਦੀ ਮੰਗ ਕਰ ਰਹੇ ਹਨ। ਲੋਕ ਈਰਾਨ ਦੇ ਮੁੱਖ ਧਾਰਮਿਕ ਨੇਤਾ ਖਮੇਨਈ ਦਾ ਵਿਰੋਧ ਕਰ ਰਹੇ ਹਨ।
ਤਕਰੀਬਨ 10 ਤੋਂ 12 ਸ਼ਹਿਰਾਂ ਵਿੱਚ ਵਿਰੋਧ ਦੀ ਅੱਗ ਫੈਲ ਗਈ ਹੈ। ਜਿਨ੍ਹਾਂ ਸ਼ਹਿਰਾਂ ਵਿੱਚ ਮੁਜ਼ਾਹਰੇ ਹੋ ਰਹੇ ਹਨ ਉਹ ਕਾਫ਼ੀ ਧਾਰਮਿਕ ਸ਼ਹਿਰ ਹਨ।
ਸਰਕਾਰ ਦੇ ਸਮਰਥਨ ਵਿੱਚ ਵੀ ਲੋਕ ਸੜਕ ਉੱਤੇ ਆ ਰਹੇ ਹਨ। ਹਾਲਾਂਕਿ ਇਹ ਸੁਭਾਵਿਕ ਮੁਜ਼ਾਹਰੇ ਤੋਂ ਜ਼ਿਆਦਾ ਰਣਨੀਤੀਕ ਹੁੰਦੇ ਹਨ।
ਅਜਿਹਾ ਤੁਰਕੀ ਵਿੱਚ ਵੀ ਦੇਖਣ ਨੂੰ ਮਿਲਿਆ ਸੀ। ਅਜਿਹਾ ਕਰ ਕੇ ਕੌਮਾਂਤਰੀ ਪੱਧਰ 'ਤੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਰਕਾਰ ਉੱਤੇ ਲੋਕਾਂ ਦਾ ਭਰੋਸਾ ਬਣਿਆ ਹੋਇਆ ਹੈ।
ਹੁਣ ਤੱਕ ਈਰਾਨ ਵਿੱਚ ਸਰਕਾਰ ਦੇ ਹੱਕ ਵਿੱਚ ਜਿੰਨੇ ਵੀ ਮੁਜ਼ਾਹਰੇ ਹੋਏ ਹਨ ਉਹ ਕਾਫ਼ੀ ਛੋਟੇ ਹਨ।
ਦਿਲਚਸਪ ਇਹ ਹੈ ਕਿ ਜਦੋਂ ਸਰਕਾਰ ਦੇ ਹੱਕ ਵਿੱਚ ਲੋਕ ਸੜਕ 'ਤੇ ਆਏ ਤਾਂ ਸਰਕਾਰ ਵਿਰੋਧੀ ਮੁਜ਼ਾਹਰੇ ਹੋਰ ਤੇਜ਼ ਹੋ ਗਏ।
ਅਸੀਂ ਕਹਿ ਸਕਦੇ ਹਾਂ ਕਿ ਇਹ ਮੁਜ਼ਾਹਰੇ ਕਾਫ਼ੀ ਗੰਭੀਰ ਹੋ ਚੁੱਕੇ ਹਨ। ਈਰਾਨ ਵਿੱਚ ਇਸ ਤਰ੍ਹਾਂ ਦੇ ਮੁਜ਼ਾਹਰੇ ਕੋਈ ਨਵੀਂ ਗੱਲ ਨਹੀਂ ਹੈ।
2008 ਅਤੇ 2009 ਤੋਂ ਇਸ ਤਰ੍ਹਾਂ ਦੇ ਮੁਜ਼ਾਹਰੇ ਸ਼ੁਰੂ ਹੋ ਗਏ ਸਨ।
ਇਨ੍ਹਾਂ ਵਿਰੋਧ-ਪ੍ਰਦਰਸ਼ਨਾਂ ਨੂੰ ਵੇਖੋ ਤਾਂ ਦੋ-ਤਿੰਨ ਚੀਜ਼ਾਂ ਸਾਫ਼ ਨਜ਼ਰ ਆਉਂਦੀਆਂ ਹਨ।
ਈਰਾਨ ਉੱਤੇ ਅਮਰੀਕਾ ਤੋਂ ਇਲਾਵਾ ਕਿਸੇ ਹੋਰ ਦੀ ਪਾਬੰਦੀ ਨਹੀਂ ਹੈ। ਇਸੇ ਕਰ ਕੇ ਈਰਾਨ ਦੇ ਤੇਲ ਦੀ ਦਰਾਮਦੀ ਜ਼ਿਆਦਾ ਹੈ।
ਤੇਲ ਦੀ ਕੀਮਤ ਵੀ 40 ਡਾਲਰ ਪ੍ਰਤੀ ਬੈਰਲ ਤੋਂ 60 ਡਾਲਰ ਪ੍ਰਤੀ ਬੈਰਲ ਹੋ ਗਈ ਹੈ।
ਅਜਿਹੇ ਹਲਾਤਾਂ ਵਿੱਚ ਈਰਾਨੀ ਨਾਗਰਿਕਾਂ ਨੂੰ ਪਤਾ ਹੈ ਕਿ ਸਰਕਾਰ ਕੋਲ ਪੈਸੇ ਆ ਰਹੇ ਹਨ, ਪਰ ਇਨ੍ਹਾਂ ਪੈਸਿਆਂ ਦੀ ਵਰਤੋ ਘਰੇਲੂ ਆਰਥਿਕ ਢਾਂਚੇ ਨੂੰ ਦਰੁਸਤ ਕਰਨ ਲਈ ਨਹੀਂ ਹੋ ਰਹੀ।
ਲੋਕਾਂ ਦੇ ਮਨ ਵਿੱਚ ਇਹ ਗੱਲ ਮਜ਼ਬੂਤੀ ਨਾਲ ਬੈਠ ਗਈ ਹੈ ਕਿ ਉਨ੍ਹਾਂ ਦੀ ਸਰਕਾਰ ਦੇਸ ਦੇ ਵਿਕਾਸ ਵਿੱਚ ਕੰਮ ਕਰਨ ਬਜਾਏ ਸੀਰੀਆ, ਯਮਨ ਅਤੇ ਇਰਾਕ ਵਿੱਚ ਪੈਸੇ ਖ਼ਰਚ ਕਰ ਰਹੀ ਹੈ।
ਈਰਾਨ ਦੇ ਇਲਜ਼ਾਮ ਵਿੱਚ ਕਿੰਨਾ ਦਮ?
ਦੁਨੀਆਂ ਵਿੱਚ ਕਿਤੇ ਵੀ ਮੁਜ਼ਾਹਰਾ ਹੁੰਦਾ ਹੈ ਤਾਂ ਉੱਥੇ ਦੀ ਸਰਕਾਰ ਬੜੀ ਸੌਖ ਨਾਲ ਕਹਿ ਦਿੰਦੀ ਹੈ ਕਿ ਵਿਦੇਸ਼ੀ ਤਾਕਤਾਂ ਇਸ ਦੇ ਪਿੱਛੇ ਹਨ।
ਈਰਾਨ ਦੀ ਰਾਜਨੀਤੀ ਵਿੱਚ ਵਿਦੇਸ਼ੀ ਤਾਕਤਾਂ ਤਾਂ ਹਮੇਸ਼ਾ ਤੋਂ ਰਹੀਆਂ ਹਨ। ਅਮਰੀਕਾ ਦੀਆਂ ਈਰਾਨ ਉੱਤੇ ਪਾਬੰਦੀਆਂ ਕੋਈ ਨਵੀਂ ਗੱਲ ਨਹੀਂ ਹੈ।
1980 ਤੋਂ ਹੀ ਅਸੀਂ ਇਸ ਨੂੰ ਵੇਖ ਸਕਦੇ ਹਾਂ। 2009 ਅਤੇ 2012 ਦੇ ਅੰਦੋਲਨਾਂ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਈਰਾਨ ਵਿੱਚ ਸੱਤਾ ਤਬਦੀਲੀ ਨੂੰ ਲੈ ਕੇ ਅਮਰੀਕਾ ਕਿੰਨਾ ਉਤਸ਼ਾਹਿਤ ਰਿਹਾ ਹੈ।
2009 ਵਿੱਚ ਟਵਿੱਟਰ ਕੁਝ ਰੀਸੇਟ ਕਰਨ ਵਾਲਾ ਹੀ ਸੀ ਤਾਂ ਹਿਲੇਰੀ ਕਲਿੰਟਨ ਨੇ ਟਵਿੱਟਰ ਨੂੰ ਕਿਹਾ ਸੀ ਕਿ ਈਰਾਨ ਦੇ ਮੁਜ਼ਾਹਰਿਆਂ ਤੱਕ ਰੀਸੇਟ ਰੋਕ ਕੇ ਰੱਖੋ।
ਸਾਫ਼ ਹੈ ਈਰਾਨ ਵਿੱਚ ਸਰਕਾਰ ਵਿਰੋਧੀ ਕੋਈ ਵੀ ਮੁਜ਼ਾਹਰਾ ਹੋਵੇ ਤਾਂ ਇਜ਼ਰਾਈਲ ਅਤੇ ਅਮਰੀਕਾ ਉਸ ਨੂੰ ਉਕਸਾਏਗਾ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਵਿੱਚ ਵਿਰੋਧ-ਪ੍ਰਦਰਸ਼ਨਾਂ ਨੂੰ ਲੈ ਕੇ ਟਵੀਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਜੇਕਰ ਟਰੰਪ ਈਰਾਨ ਦੇ ਵਿਰੋਧੀ ਪੱਖ ਦਾ ਸ਼ਰੇਆਮ ਸਮਰਥਨ ਕਰਨਾ ਸ਼ੁਰੂ ਕਰੇਗਾ ਤਾਂ ਉੱਥੇ ਉਸ ਦੀ ਕਦਰ ਘੱਟ ਜਾਵੇਗੀ।
ਇਸ ਲਈ ਬਿਹਤਰ ਹੋਵੇਗਾ ਕਿ ਟਰੰਪ ਇਸ ਤੋਂ ਦੂਰ ਰਹੇ ਅਤੇ ਸਮਰਥਨ ਵੀ ਘੱਟ ਕਰੇ। ਉਹ ਦੁਨੀਆਂ ਦੇ ਹੋਰ ਆਗੂਆਂ ਨੂੰ ਵੀ ਬੋਲਣ ਦੇਵੇ ਤਾਂ ਜ਼ਿਆਦਾ ਵਧੀਆ ਹੋਵੇਗਾ।
ਕੀ ਅਮਰੀਕਾ ਫ਼ਾਇਦਾ ਲੈ ਸਕੇਗਾ?
ਈਰਾਨ ਦੇ ਰਾਸ਼ਟਰਪਤੀ ਰੂਹਾਨੀ ਨੂੰ ਕੱਟੜ ਨਹੀਂ ਮੰਨਿਆ ਜਾਂਦਾ। ਉਨ੍ਹਾਂ ਨੂੰ ਚੋਣਾ ਵਿੱਚ ਰੂੜ੍ਹੀਵਾਦੀ ਆਗੂਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਈਰਾਨ ਵਿੱਚ ਜਮਹੂਰੀਅਤ ਹੈ, ਪਰ ਇਸ ਦੀਆਂ ਜੜਾਂ ਜ਼ਿਆਦਾ ਮਜ਼ਬੂਤ ਨਹੀਂ ਹਨ।
ਅਜਿਹੀ ਜਮਹੂਰੀਅਤ ਵਿੱਚ ਰੂਹਾਨੀ ਲੋਕਾਂ ਜ਼ਿਆਦਾ ਆਜ਼ਾਦੀ ਦੇਣ ਦੀ ਗੱਲ ਕਰਦੇ ਹਨ।
ਰੂਹਾਨੀ ਨੇ ਖ਼ਮੇਨਈ ਦੀ ਸਹਿਮਤੀ ਤੋਂ ਬਿਨਾਂ ਓਬਾਮਾ ਨਾਲ ਪ੍ਰਮਾਣੂ ਸਮਝੌਤਾ ਕੀਤਾ। ਅਜਿਹੇ ਵਿੱਚ ਈਰਾਨ ਵਿੱਚ ਮੁਜ਼ਾਹਰਿਆਂ ਦੇ ਦੋ ਅਰਥ ਹੋ ਸਕਦੇ ਹਨ।
ਪਹਿਲਾ ਇਹ ਕਿ ਉੱਥੇ ਦਾ ਰੂੜ੍ਹੀਵਾਦੀ ਤਬਕਾ ਲੋਕਾਂ ਨੂੰ ਰੂਹਾਨੀ ਦੇ ਖ਼ਿਲਾਫ਼ ਭੜਕਾ ਰਿਹਾ ਹੈ, ਪਰ ਮੁਜ਼ਾਹਰਿਆਂ ਵਿੱਚ ਰੂੜ੍ਹੀਵਾਦੀ ਸ਼ਾਮਿਲ ਹੁੰਦੇ ਤਾਂ ਨਾਅਰੇ ਰੂਹਾਨੀ ਦੇ ਖ਼ਿਲਾਫ਼ ਲੱਗਣੇ ਸਨ।
ਪਰ ਇੱਥੇ ਨਾਅਰੇ ਖ਼ਮੇਨਈ ਦੇ ਖ਼ਿਲਾਫ਼ ਲੱਗ ਰਹੇ ਹਨ।
ਈਰਾਨ ਦਾ ਸਮਾਜਕ ਢਾਂਚਾ ਕਾਫ਼ੀ ਸਮਝਦਾਰ ਹੈ। ਉਹ ਦੁਨੀਆਂ ਨੂੰ ਸਮਝਦੇ ਹਨ। ਉਹ ਦੁਨੀਆਂ ਦੇ ਗਲੋਬਲ ਟਰੇਂਡ ਨੂੰ ਵੀ ਸਮਝਦੇ ਹਨ।
ਹਾਲ ਹੀ ਵਿੱਚ ਈਰਾਨ ਵਿੱਚ ਚੋਣਾ ਹੋਈਆਂ ਹਨ ਇਸ ਲਈ ਦੁਬਾਰਾ ਚੋਣਾ ਦੀ ਗੁੰਜਾਇਸ਼ ਨਹੀਂ ਹੈ।
ਅਜਿਹਾ ਵੀ ਨਹੀਂ ਲੱਗ ਰਿਹਾ ਕਿ ਇਹ ਮੁਜ਼ਾਹਰੇ ਅਰਬ ਸਪ੍ਰਿੰਗ ਵੱਲ ਵੱਧ ਰਹੇ ਹੋਣ।
ਇਨ੍ਹਾਂ ਮੁਜ਼ਾਹਰਿਆਂ ਦਾ ਅਸਰ ਇਹ ਹੋ ਸਕਦਾ ਹੈ ਕਿ ਰੂਹਾਨੀ ਹੋਰ ਜ਼ਿਆਦਾ ਉਦਾਰੀਕਰਨ ਲੈ ਕੇ ਆਉਣ।