You’re viewing a text-only version of this website that uses less data. View the main version of the website including all images and videos.
ਡੌਨਲਡ ਟਰੰਪ ਦੇ ਡਾਕਟਰ ਨੇ ਕਿਹਾ ਕਿ ਟਰੰਪ ਦੀ ਦੇਖਣ, ਸੁਣਨ ਤੇ ਸੋਚਣ ਦੀ ਸ਼ਕਤੀ ਠੀਕ
ਵ੍ਹਾਈਟ ਹਾਊਸ ਦੇ ਡਾਕਟਰ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਸਰੀਰਕ ਜਾਂਚ ਹੋਈ ਹੈ ਅਤੇ ਉਨ੍ਹਾਂ ਦੀ ਸਿਹਤ ਠੀਕ ਹੈ, ਉਨ੍ਹਾਂ 'ਚ ਕਿਸੇ ਤਰ੍ਹਾਂ ਦੇ ਅਜੀਬ ਲੱਛਣ ਨਹੀਂ ਦਿਖਾਈ ਦਿੱਤੇ।
ਮੰਗਲਵਾਰ ਨੂੰ ਡਾਕਟਰ ਰੌਨੀ ਜੈਕਸਨ ਨੇ ਕਿਹਾ, "ਮੈਨੂੰ ਉਨ੍ਹਾਂ ਦੀ ਦੇਖਣ, ਸੁਣਨ ਅਤੇ ਸੋਚਣ ਦੀ ਸ਼ਕਤੀ ਜਾਂ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ।"
ਬੀਤੇ ਹਫ਼ਤੇ 71 ਸਾਲ ਦੇ ਟਰੰਪ ਦਾ ਤਿੰਨ ਘੰਟਿਆਂ ਦਾ ਲੰਬਾ ਮੈਡੀਕਲ ਚੈੱਕਅਪ ਹੋਇਆ ਸੀ।
ਰਾਸ਼ਟਰਪਤੀ ਬਨਣ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦਾ ਚੈੱਕਅਪ ਹੋਇਆ ਸੀ।
ਇਸਤੋਂ ਪਹਿਲਾਂ ਅਮਰੀਕਾ ਵਿੱਚ ਇੱਕ ਕਿਤਾਬ ਰਿਲੀਜ਼ ਹੋਈ ਸੀ ਜਿਸ ਵਿੱਚ ਟਰੰਪ ਦੀ ਮਾਨਸਿਕ ਹਾਲਤ 'ਤੇ ਸਵਾਲ ਚੁੱਕੇ ਗਏ ਸਨ।
ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੰਗਲਵਾਰ ਨੂੰ ਡਾਕਟਰ ਜੈਕਸਨ ਨੇ ਕਿਹਾ ਕਿ ਟਰੰਪ ਦੀ ਸਿਹਤ "ਦਰੂਸਤ" ਹੈ।
ਉਨ੍ਹਾਂ ਕਿਹਾ, "ਜੋ ਅੰਕੜੇ ਇਕੱਠੇ ਕੀਤੇ ਗਏ ਉਸ ਮੁਤਾਬਕ ਆਪਣੇ ਰਾਸ਼ਟਟਰਪਤੀ ਕਾਰਜਕਾਲ ਦੌਰਾਨ ਰਾਸ਼ਟਰਪਤੀ ਦੀ ਸਿਹਤ ਠੀਕ ਰਹੇਗੀ। ਉਨ੍ਹਾਂ ਦਾ ਦਿਲ ਅਤੇ ਸਿਹਤ ਓਨੀ ਹੀ ਠੀਕ ਹੈ ਜਿੰਨੀ ਸ਼ਰਾਬ ਅਤੇ ਤੰਬਾਕੂ ਦਾ ਸੇਵਨ ਨਹੀਂ ਕਰਨ ਵਾਲਿਆਂ ਦੀ ਰਹਿੰਦੀ ਹੈ।"
ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਫਰਾਈਡ ਚਿਕਨ ਅਤੇ ਡਾਈਟ ਕੋਕ 'ਤੇ ਨਿਰਭਰ ਰਹਿਣ ਵਾਲਾ ਇੱਕ ਸ਼ਖਸ ਜੋ ਕਸਰਤ ਨਹੀਂ ਕਰਦਾ ਉਹ ਕਿਵੇਂ ਸਿਹਤਮੰਦ ਰਹਿ ਸਕਦਾ ਹੈ। ਡਾਕਟਰ ਜੈਕਸਨ ਨੇ ਜਵਾਬ ਵਿੱਚ ਕਿਹਾ, "ਇਸ ਨੂੰ ਕਹਿੰਦੇ ਹਨ ਜੈਨੇਟਿਕਸ ...ਉਨ੍ਹਾਂ ਜੀਨਸ ਕਮਾਲ ਦੇ ਹਨ।"
ਹਾਲਾਂਕਿ ਡਾਕਟਰ ਜੈਕਸਨ ਨੇ ਕਿਹਾ ਕਿ ਟਰੰਪ ਨੂੰ ਤੇਲ ਵਾਲੇ ਪਦਾਰਥ ਘੱਟ ਖਾਣ ਅਤੇ ਵੱਧ ਕਸਰਤ ਕਰਨ ਨਾਲ ਲਾਭ ਹੋਵੇਗਾ।
ਬੀਤੇ ਸ਼ੁੱਕਰਵਾਰ ਨੂੰ ਫੌਜ ਦੇ ਡਾਕਟਰਾਂ ਨੇ ਮੇਰੀਲੈਂਡ ਦੇ ਬੇਸ਼ੇਜ਼ਦਾ ਦੇ ਵਾਲਟਰ ਰੀਡ ਮੈਡੀਕਲ ਸੈਂਟਰ ਵਿੱਚ ਰਾਸ਼ਟਰਪਤੀ ਦੀ ਸਿਹਤ ਦੀ ਜਾਂਚ ਕੀਤੀ ਸੀ।
ਜਾਂਚ ਮਗਰੋਂ ਉਨ੍ਹਾਂ ਕਿਹਾ ਸੀ ਕਿ ਜਾਂਚ ਬਿਹਤਰ ਤਰੀਕੇ ਨਾਲ ਹੋਈ।
ਜਾਂਚ ਕਰਨ ਵਾਲਿਆਂ ਵਿੱਚ ਡਾਕਟਰ ਜੈਕਸਨ ਵੀ ਸ਼ਾਮਲ ਸਨ ਜੋ ਕਿ ਰਾਸ਼ਟਰਪਤੀ ਦੇ ਅਧਾਕਾਰਤ ਡਾਕਟਰ ਹਨ।
ਜੈਕਸਨ ਅਮਰੀਕੀ ਨੇਵੀ ਵਿੱਚ ਰੀਅਰ ਏਡਮਿਰਲ ਸਨ ਅਤੇ ਉਹ ਬਰਾਕ ਓਬਾਮਾ ਦੇ ਅਧਿਕਾਰਤ ਡਾਕਟਰ ਵੀ ਰਹਿ ਚੁੱਕੇ ਹਨ।
ਟਰੰਪ ਦੀ ਜਾਂਚ ਲਈ ਅਮਰੀਕਾ ਦੇ ਸਾਬਕਾ ਸੈਨਿਕ ਮਾਮਲਿਆਂ ਦੇ ਵਿਭਾਗ ਨੇ 'ਮੌਂਟ੍ਰਿਅਲ ਕੌਗਨਿਟਿਵ ਐਸੈਸਮੈਂਟ' ਨਿਊਰੋਸਾਈਕਾਲੌਜੀਕਲ ਟੈਸਟ ਦੀ ਵਰਤੋਂ ਕੀਤੀ ਸੀ।
ਇਸ ਟੈਸਟ ਜ਼ਰੀਏ ਕਿਸੇ ਸ਼ਖਸ ਦੀ ਕਿਸੇ ਕੰਮ 'ਤੇ ਧਿਆਨ ਦੇਣਾ, ਉਸਦੀ ਯਾਦ ਸ਼ਕਤੀ, ਭਾਸ਼ਾ, ਸੋਚਣ ਦੀ ਸਮਰੱਥਾ, ਹਿਸਾਬ ਕਰਨ ਦੀ ਸਮਰੱਥਾ ਅਤੇ ਹੋਰ ਸਿਹਤ ਸੰਬੰਧੀ ਸਮਰੱਥਾ ਦਾ ਟੈਸਟ ਕੀਤਾ ਜਾਂਦਾ ਹੈ।
ਕਿਤਾਬ 'ਫ਼ਾਇਰ ਐਂਡ ਫਿਊਰੀ: ਇਨਸਾਈਡ ਦਿ ਟਰੰਪ ਵ੍ਹਾਈਟ ਹਾਊਸ' ਦੇ ਲੇਖਕ ਮਾਈਕਲ ਵੁਲਫ਼ ਨੇ ਲਿਖਿਆ ਹੈ ਕਿ ਵਾਈਟ ਹਾਊਸ ਦੇ ਮੁਲਾਜ਼ਮ ਟਰੰਪ ਨੂੰ 'ਬੱਚੇ' ਵਾਂਗ ਦੇਖਦੇ ਹਨ ਜਿਸਨੂੰ 'ਤੁਰੰਤ ਸ਼ਾਂਤ ਕਰਨਾ' ਬੇਹੱਦ ਜ਼ਰੂਰੀ ਹੈ।
ਟਰੰਪ ਨੇ ਮਾਈਕਲ ਵੂਲਫ਼ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਅਤੇ ਇਸ ਕਿਤਾਬ ਨੂੰ 'ਝੂਠ ਦੀ ਪੁਲੰਦਾ' ਕਿਹਾ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਵੀ ਰਾਸ਼ਟਰਪਤੀ ਦੀ ਮਾਨਸਿਕ ਸਿਹਤ ਸੰਬੰਧੀ ਇਲਜ਼ਾਮਾਂ ਨੂੰ ਮੁੱਢੋਂ ਤੋਂ ਖਾਰਿਜ ਕਰ ਦਿੱਤਾ ਹੈ।
ਦਸੰਬਰ 2015 ਵਿੱਚ ਟਰੰਪ ਦੇ ਨਿੱਜੀ ਡਾਕਟਰ ਹੈਰਲਡ ਬਾਰਨਸਟੀਨ ਨੇ ਚੋਣਾਂ ਤੋਂ ਪਹਿਲਾਂ ਹੋਈ ਇੱਕ ਜਾਂਚ ਤੋਂ ਬਾਅਦ ਕਿਹਾ ਸੀ "ਰਾਸ਼ਟਰਪਤੀ ਬਨਣ ਵਾਲੇ ਟਰੰਪ ਹੁਣ ਤੱਕ ਦੇ ਸਭ ਤੋਂ ਸਿਹਤਮੰਦ ਰਾਸ਼ਟਰਪਤੀ ਹੋਣਗੇ।"