ਰਮਜ਼ਾਨ ਦੇ ਰੋਜ਼ਿਆਂ ਨਾਲ ਤੁਹਾਡੇ ਸਰੀਰ 'ਤੇ ਕੀ ਅਸਰ ਪੈਂਦਾ ਹੈ?

ਹਰ ਸਾਲ ਕਰੋੜਾਂ ਮੁਸਲਮਾਨ ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਦੇ ਹਨ।

ਕੀ ਇਹ ਤੁਹਾਡੀ ਸਿਹਤ ਲਈ ਲਾਭਦਾਇਕ ਹੋ ਸਕਦੇ ਹਨ? ਆਓ ਦੇਖੀਏ 30 ਦਿਨਾਂ ਦੇ ਰੋਜ਼ਿਆਂ ਨਾਲ ਤੁਹਾਡੇ ਸਰੀਰ 'ਤੇ ਕੀ ਅਸਰ ਪੈਂਦਾ ਹੈ।

ਸਭ ਤੋਂ ਮੁਸ਼ਕਿਲ꞉ ਪਹਿਲੇ ਕੁਝ ਦਿਨ

ਤਕਨੀਕੀ ਰੂਪ ਵਿੱਚ ਦੇਖੀਏ ਤਾਂ ਸਾਡੇ ਸਰੀਰ ਨੂੰ ਰੋਜ਼ਾ ਰੱਖਣ ਦੀ ਸਥਿਤੀ' ਵਿੱਚ ਆਉਣ ਲਈ ਖਾਣੇ ਤੋਂ ਬਾਅਦ ਅੱਠ ਘੰਟਿਆਂ ਦਾ ਸਮਾਂ ਲੱਗਦਾ ਹੈ। ਇਸ ਸਮੇਂ ਦੌਰਾਨ ਸਰੀਰ ਸਾਡੀ ਖੁਰਾਕ ਵਿੱਚੋਂ ਪੋਸ਼ਕ ਚੂਸ ਕੇ ਵਿਹਲਾ ਹੁੰਦਾ ਹੈ।

ਇਸ ਮਗਰੋਂ ਸਰੀਰ ਜਿਗਰ ਅਤੇ ਮਾਸਪੇਸ਼ੀਆਂ ਵਿੱਚ ਜਮਾਂ ਗੁਲੂਕੋਜ਼ ਦੀ ਵਰਤੋਂ ਕਰਕੇ ਊਰਜਾ ਜੁਟਾਉਣ ਲਗਦਾ ਹੈ। ਜਦੋਂ ਇਹ ਸਰੋਤ ਮੁੱਕ ਜਾਂਦੇ ਹਨ ਤਾਂ ਸਰੀਰ ਅੰਦਰਲੀ ਚਰਬੀ ਦੀ ਵਾਰੀ ਆਉਂਦੀ ਹੈ ਅਤੇ ਇਸ ਨੂੰ ਬਾਲ ਕੇ ਊਰਜਾ ਪੈਦਾ ਕੀਤੀ ਜਾਂਦੀ ਹੈ।

ਜਦੋਂ ਸਰੀਰ ਚਰਬੀ ਖਤਮ ਕਰਨ ਲੱਗਦਾ ਹੈ ਤਾਂ ਇਸ ਨਾਲ ਭਾਰ ਘਟਦਾ ਹੈ, ਕੈਲੇਸਟਰੋਲ ਦੇ ਪੱਧਰਾਂ ਵਿੱਚ ਕਮੀ ਆਉਂਦੀ ਹੈ, ਸ਼ੱਕਰ ਰੋਗ ਦਾ ਖ਼ਤਰਾ ਘਟਦਾ ਹੈ।

ਹਾਂ, ਬਲੱਡ ਸ਼ੂਗਰ ਦੇ ਪੱਧਰ ਡਿੱਗਣ ਨਾਲ ਕਮਜ਼ੋਰੀ ਅਤੇ ਸੁਸਤੀ ਹੋ ਸਕਦੀ ਹੈ।

ਤੁਹਾਨੂੰ ਸਿਰ ਪੀੜ ਹੋ ਸਕਦੀ ਹੈ, ਚੱਕਰ ਆ ਸਕਦੇ ਹਨ, ਦਿਲ ਕੱਚਾ ਹੋ ਸਕਦਾ ਹੈ ਅਤੇ ਸਾਹ ਦੀ ਬਦਬੂ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਸਮੇਂ ਤੁਹਾਡੀ ਭੁੱਖ ਸਿਖਰ 'ਤੇ ਹੁੰਦੀ ਹੈ।

3-7 ਦਿਨ ਪਾਣੀ ਦੀ ਕਮੀ ਤੋਂ ਸੁਚੇਤ ਰਹੋ

ਤੁਹਾਡਾ ਸਰੀਰ ਰੋਜ਼ਿਆਂ ਦੀ ਦਿਨ ਚਰਿਆ ਮੁਤਾਬਕ ਢਲਣ ਲੱਗਦਾ ਹੈ। ਚਰਬੀ ਨੂੰ ਤੋੜ ਕੇ ਬਲੱਡ ਸ਼ੂਗਰ ਵਿੱਚ ਬਦਲਿਆ ਜਾਂਦਾ ਹੈ। ਰੋਜ਼ਿਆਂ ਦੇ ਦੌਰਾਨ ਭਰਪੂਰ ਪਾਣੀ ਪੀਣਾ ਚਾਹੀਦਾ ਹੈ ਨਹੀਂ ਤਾਂ ਬਹੁਤ ਜ਼ਿਆਦਾ ਪਸੀਨੇ ਕਰਕੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ।

ਤੁਹਾਡੇ ਖਾਣੇ ਵਿੱਚ ਢੁਕਵੀਂ ਮਾਤਰਾ ਵਿੱਚ ਊਰਜਾ ਵਾਲੀ ਖੁਰਾਕ ਹੋਣੀ ਚਾਹੀਦੀ ਹੈ। ਜਿਵੇਂ ਕਿ ਕਾਰਬੋਹਾਈਡਰੇਟਸ ਅਤੇ ਕੁਝ ਚਰਬੀ। ਪੋਸ਼ਕਾਂ ਦੀ ਸਹੀ ਮਾਤਰਾ ਹੋਣੀ ਬਹੁਤ ਜ਼ਰੂਰੀ ਹੈ ਜਿਵੇਂ ਪ੍ਰੋਟੀਨ, ਨਮਕ ਅਤੇ ਪਾਣੀ।

8-15 ਦਿਨ ਆਦਤ ਪੈਣੀ

ਤੀਸਰੇ ਪੜਾਅ ਤੱਕ ਤੁਹਾਡੇ ਮੂਡ ਵਿੱਚ ਸੁਧਾਰ ਆਉਂਦਾ ਦੇਖੋਂਗੇ। ਡਾ਼ ਰਜ਼ੀਨ ਮਹਰੂਫ਼ ਜੋ ਕਿ ਕੈਂਬਰਿਜ ਦੇ ਐਡਨਬਰੇਜ਼ ਹਸਪਤਾਲ ਵਿੱਚ ਐਨਸਥੀਸੀਆ ਅਤੇ ਇਨਟੈਨਸਿਵ ਕੇਅਰ ਮੈਡੀਸਨ ਦੇ ਕੰਸਲਟੈਂਟ ਹਨ। ਉਨ੍ਹਾਂ ਮੁਤਾਬਕ ਰੋਜ਼ਿਆਂ ਦੇ ਹੋਰ ਵੀ ਲਾਭ ਹਨ।

"ਰੋਜ਼ਾਨਾ ਦੀ ਸਾਧਾਰਣ ਜ਼ਿੰਦਗੀ ਅਸੀਂ ਬਹੁਤ ਜ਼ਿਆਦਾ ਕੈਲੋਰੀਆਂ ਖਾ ਜਾਂਦੇ ਹਾਂ। ਇਸ ਨਾਲ ਸਰੀਰ ਨੂੰ ਹੋਰ ਕਾਰਜਾਂ ਵਿੱਚ ਰੁਕਾਵਟ ਪੇਸ਼ ਆਉਂਦੀ ਹੈ, ਮਿਸਾਲ ਵਜੋਂ ਆਪਣੀ ਮੁਰੰਮਤ।"

"ਇਹ ਕੰਮ ਰੋਜ਼ੇ ਦੌਰਾਨ ਠੀਕ ਹੋ ਜਾਂਦਾ ਹੈ। ਇਸ ਨਾਲ ਸਰੀਰ ਹੋਰ ਕਾਰਜਾਂ ਵੱਲ ਧਿਆਨ ਦੇ ਪਾਉਂਦਾ ਹੈ। ਇਸ ਪ੍ਰਕਾਰ ਰੋਜ਼ਿਆਂ ਨਾਲ ਸਿਹਤਯਾਬੀ ਵਿੱਚ ਮਦਦ ਮਿਲਦੀ ਹੈ ਅਤੇ ਇਨਫੈਕਸ਼ਨ ਤੋਂ ਬਚਾਅ ਹੁੰਦਾ ਹੈ।"

ਸਫ਼ਾਈ- 16 ਵੇਂ ਦਿਨ ਤੋਂ 30 ਵੇਂ ਦਿਨ

ਰਮਜ਼ਾਨ ਦੇ ਆਖ਼ਰੀ ਪੰਦਰਵਾੜੇ ਵਿੱਚ, ਸਰੀਰ ਨੂੰ ਰੋਜ਼ਿਆਂ ਦੀ ਪੂਰੀ ਤਰ੍ਹਾਂ ਆਦਤ ਪੈ ਜਾਂਦੀ ਹੈ। ਤੁਹਾਡੀ ਆਂਦਰ, ਜਿਗਰ, ਗੁਰਦੇ ਅਤੇ ਚਮੜੀ ਦੀ ਸਫ਼ਾਈ ਹੋ ਰਹੀ ਹੋਵੇਗੀ।

ਡਾ਼ ਮਹਰੂਫ਼ ਮੁਤਾਬਕ, "ਇਸ ਪੜਾਅ 'ਤੇ ਸਰੀਰਕ ਅੰਗ ਆਪਣੀ ਬਿਹਤਰੀਨ ਸਮੱਰਥਾ ਮੁਤਾਬਕ ਕੰਮ ਕਰਨ ਲੱਗਦੇ ਹਨ। ਤੁਹਾਡੇ ਚੇਤੇ ਅਤੇ ਇਕਾਗਰਤਾ ਵਿੱਚ ਸੁਧਾਰ ਹੋਵੇਗਾ ਅਤੇ ਊਰਜਾ ਮਹਿਸੂਸ ਹੋਵੇਗੀ।"

"ਤੁਹਾਡੇ ਸਰੀਰ ਨੂੰ ਊਰਜਾ ਲਈ ਪ੍ਰੋਟੀਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।" ਇਹ ਉਸ ਸਮੇਂ ਹੁੰਦਾ ਹੈ, ਜਦੋਂ ਸਰੀਰ ਭੁੱਖਮਰੀ ਦਾ ਹਾਲਤ ਵਿੱਚ ਦਾਖਲ ਹੁੰਦਾ ਹੈ ਅਤੇ ਆਪਣੀ ਊਰਜਾ ਦੀ ਜ਼ਰੂਰਤ ਪੂਰੀ ਕਰਨ ਲਈ ਮਾਸਪੇਸ਼ੀਆਂ ਨੂੰ ਖਾਂਦਾ ਹੈ। ਅਜਿਹਾ ਕਈ ਦਿਨਾਂ ਜਾਂ ਹਫ਼ਤਿਆਂ ਦੇ ਰੋਜ਼ਿਆ ਕਰਕੇ ਹੁੰਦਾ ਹੈ।"

ਕਿਉਂਕਿ ਰਮਜ਼ਾਨ ਦੇ ਰੋਜ਼ੇ ਸਵੇਰੇ ਤੜਕੇ ਤੋਂ ਸ਼ਾਮ ਤੱਕ ਹੀ ਹੁੰਦੇ ਹਨ। ਇਸ ਲਈ ਸਾਡੇ ਕੋਲ ਮੁੜ ਊਰਜਾ ਭਰਪੂਰ ਖੁਰਾਕ ਅਤੇ ਤਰਲ ਹਾਸਲ ਕਰਨ ਦੇ ਕਾਫੀ ਮੌਕੇ ਹੁੰਦੇ ਹਨ। ਇਸ ਨਾਲ ਮਾਸਪੇਸ਼ੀਆਂ ਵੀ ਬਚ ਜਾਂਦੀਆਂ ਹਨ ਅਤੇ ਭਾਰ ਵੀ ਘਟ ਜਾਂਦਾ ਹੈ।"

ਤਾਂ ਕੀ ਰੋਜ਼ੇ ਸਿਹਤ ਲਈ ਲਾਭਦਾਇਕ ਹਨ?

ਡਾ਼ ਮਾਹਰੂਫ ਮੁਤਾਬਕ ਰੋਜ਼ੇ ਸਿਹਤ ਲਈ ਲਾਭਦਾਇਕ ਹਨ ਪਰ ਇਸ ਦੀ ਇੱਕ ਸ਼ਰਤ ਹੈ।

"ਰੋਜ਼ੇ ਸਾਡੀ ਸਿਹਤ ਲਈ ਲਾਭਦਾਇਕ ਹਨ ਕਿਉਂਕਿ ਇਸ ਨਾਲ ਸਾਨੂੰ ਸਾਡੀ ਖੁਰਾਕ ਅਤੇ ਖਾਣ ਦੇ ਸਮੇਂ 'ਤੇ ਧਿਆਨ ਦੇਣ ਵਿੱਚ ਮਦਦ ਕਰਦੇ ਹਨ। ਇੱਕ ਮਹੀਨੇ ਦੇ ਰੋਜ਼ੇ ਤਾਂ ਸਿਹਤ ਲਈ ਲਾਭਦਾਇਕ ਹੋ ਸਕਦੇ ਹਨ ਪਰ ਲਗਾਤਾਰ ਭੁੱਖੇ ਰਹਿਣ ਦੀ ਸਿਫਾਰਸ਼ ਨਹੀਂ ਕੀਤੀ ਜਾ ਸਕਦੀ।"

" ਲਗਾਤਾਰ ਭੁੱਖੇ ਰਹਿਣਾ ਭਾਰ ਘਟਾਉਣ ਦਾ ਵਧੀਆ ਢੰਗ ਨਹੀਂ ਹੈ, ਕਿਉਂਕਿ ਇਸ ਨਾਲ ਸਰੀਰ ਚਰਬੀ ਨੂੰ ਊਰਜਾ ਵਿੱਚ ਬਦਲਣਾ ਬੰਦ ਕਰ ਦੇਵੇਗਾ ਅਤੇ ਮਾਸਪੇਸ਼ੀਆਂ ਖਾਣ ਲੱਗ ਜਾਵੇਗਾ। ਇਹ ਠੀਕ ਨਹੀਂ ਹੈ ਇਸ ਦਾ ਅਰਥ ਹੈ ਕਿ ਸਰੀਰ ਭੁੱਖਮਰੀ ਵਾਲੀ ਸਥਿਤੀ ਵਿੱਚ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਰਮਜ਼ਾਨ ਤੋਂ ਬਿਨਾਂ ਹਫ਼ਤੇ ਵਿੱਚ ਲੜੀਵਾਰ ਰੂਪ ਵਿੱਚ ਭੁੱਖਿਆਂ ਰਹਿਣਾ ਜਿਵੇਂ ਪੋਸ਼ਕ ਖੁਰਾਕ ਨਾਲ ਹਫ਼ਤੇ ਵਿੱਚ ਦੋ ਦਿਨ (5꞉2) ਰੋਜ਼ਾ ਰੱਖਣਾ, ਸਿਹਤ ਲਈ ਲਗਾਤਾਰ ਕਈ ਮਹੀਨੇ ਭੁੱਖੇ ਰਹਿਣ ਨਾਲੋਂ ਵਧੇਰੇ ਲਾਭਦਾਇਕ ਹੈ।

"ਰਮਜ਼ਾਨ ਦੇ ਰੋਜ਼ੇ ਜੇ ਸਹੀ ਢੰਗ ਨਾਲ ਰੱਖੇ ਜਾਣ ਤਾਂ ਇਹ ਤੁਹਾਡੇ ਸਰੀਰ ਦੀਆਂ ਊਰਜਾਂ ਜ਼ਰੂਰਤਾਂ ਨੂੰ ਹਰ ਦਿਨ ਪੂਰੇ ਕਰਨ ਦਾ ਮੌਕਾ ਦੇਣਗੇ। ਜਿਸ ਦਾ ਅਰਥ ਹੈ ਕਿ ਤੁਸੀਂ ਆਪਣੀਆਂ ਮੁੱਲਵਾਨ ਮਾਸਪੇਸ਼ੀਆਂ ਖਤਮ ਕੀਤੇ ਬਿਨਾਂ ਭਾਰ ਘਟਾ ਲਵੋਂਗੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)