ਰਮਜ਼ਾਨ ਮੁਸਲਮਾਨਾਂ ਲਈ ਖ਼ਾਸ ਕਿਉਂ ਹੈ? ਜਾਣੋ 10 ਜ਼ਰੂਰੀ ਗੱਲਾਂ

ਹਰ ਸਾਲ ਮੁਸਲਮਾਨ ਭਾਈਚਾਰੇ ਦੇ ਲੋਕ ਰਮਜ਼ਾਨ ਦੇ ਪਾਕ ਮਹੀਨੇ 'ਚ ਰੋਜ਼ੇ ਰੱਖਦੇ ਹਨ। ਪੂਰੀ ਦੁਨੀਆਂ ਵਿੱਚ ਮਾਹ-ਏ-ਰਮਜ਼ਾਨ (ਰਮਦਾਨ) ਦੀ ਸ਼ੁਰੂਆਤ ਹੋ ਗਈ ਹੈ। ਇਸ ਵਾਰ ਰਮਜ਼ਾਨ ਦੇ ਪੂਰੇ ਮਹੀਨੇ ਦੌਰਾਨ ਪੰਜ ਜੁੰਮੇ ਪੈਣਗੇ।

ਪਹਿਲਾ ਜੁੰਮਾ 18 ਮਈ ਹੈ ਅਤੇ ਆਖਰੀ ਜੁੰਮਾ 15 ਜੂਨ ਨੂੰ। ਆਖ਼ਰੀ ਜੁੰਮੇ ਨੂੰ ਅਲਵਿਦਾ ਜੁੰਮਾ ਕਿਹਾ ਜਾਂਦਾ ਹੈ।

ਰਮਜ਼ਾਨ ਦਾ ਪਾਕ ਮਹੀਨਾ ਮੁਸਲਮਾਨਾਂ ਲਈ ਸਭ ਤੋਂ ਖ਼ਾਸ ਹੁੰਦਾ ਹੈ।

ਰੋਜ਼ੇ ਰੱਖਣ ਵਾਲੇ ਮੁਸਲਮਾਨਾਂ ਲਈ ਖ਼ੁਦ ਨੂੰ ਖਾਣ-ਪੀਣ ਦੀਆਂ ਚੀਜ਼ਾਂ ਤੋਂ ਸੂਰਜ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਦੂਰ ਰੱਖਣਾ ਹੁੰਦਾ ਹੈ।

ਇਸ ਤੋਂ ਇਲਾਵਾ ਵੀ ਰੋਜ਼ੇ ਅਤੇ ਰਮਜ਼ਾਨ ਬਾਰੇ ਹੋਰ ਗੱਲਾਂ ਹਨ ਜਿਨ੍ਹਾਂ ਬਾਰੇ ਜਾਣਨਾ ਬੇਹੱਦ ਲਾਜ਼ਮੀ ਹੈ

1. ਰਮਜ਼ਾਨ ਵਿੱਚ ਸਬਾਬ (ਪੁੰਨ) ਦੀ ਪ੍ਰਾਪਤੀ

ਰਮਜ਼ਾਨ ਦਾ ਮਹੀਨਾ ਪੂਰੇ 30 ਦਿਨਾਂ ਦਾ ਹੁੰਦਾ ਹੈ ਅਤੇ ਹਰ ਦਿਨ ਇੱਕ ਰੋਜ਼ਾ ਰੱਖਿਆ ਜਾਂਦਾ ਹੈ।

ਮਾਨਤਾ ਹੈ ਕਿ ਇਸਲਾਮੀ ਕਲੰਡਰ ਦੇ ਮੁਤਾਬਕ ਇਸ ਪਾਕ ਮਹੀਨੇ ਦੌਰਾਨ ਰੋਜ਼ਾਨਾ ਕੁਰਾਨ ਪੜ੍ਹਨ ਨਾਲ ਵੱਧ ਸਬਾਬ (ਪੁੰਨ) ਮਿਲਦਾ ਹੈ।

2. ਤਕਵਾ ਹਾਸਿਲ ਕਰਨ ਲਈ ਰੱਖੇ ਜਾਂਦੇ ਹਨ ਰੋਜ਼ੇ

ਰਮਜ਼ਾਨ 'ਚ ਰੱਖੇ ਜਾਂਦੇ ਰੋਜ਼ਿਆਂ ਨੂੰ ਇਸਲਾਮ ਦੇ ਪੰਜ ਥੰਮਾਂ ਵਿੱਚੋਂ ਇੱਕ ਮੰਨਿਆ ਗਿਆ ਹੈ।

ਇਸ ਮਹੀਨੇ ਨੂੰ ਮੁਸਲਮਾਨ ਤਕਵਾ ਹਾਸਿਲ ਕਰਨ ਲਈ ਰੱਖਦੇ ਹਨ।

ਤਕਵਾ ਦਾ ਮਤਲਬ ਹੈ ਅੱਲ੍ਹਾ ਨੂੰ ਨਾਪਸੰਦ ਕੰਮ ਨਾ ਕਰਕੇ ਉਨ੍ਹਾਂ ਦੀ ਪਸੰਦ ਦਾ ਕੰਮ ਕਰਨਾ।

3. ਤਿੰਨ ਦੌਰ ਦਾ ਹੁੰਦਾ ਹੈ ਰਮਜ਼ਾਨ

ਰਮਜ਼ਾਨ ਦੇ ਮਹੀਨੇ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਾਂਦਾ ਹੈ।

10 ਦਿਨਾਂ ਦੇ ਪਹਿਲੇ ਹਿੱਸੇ ਨੂੰ 'ਰਹਿਮਤਾਂ ਦਾ ਦੌਰ' ਦੱਸਿਆ ਗਿਆ ਹੈ।

ਦੂਜੇ ਹਿੱਸੇ ਨੂੰ ਮੁਆਫ਼ੀ ਦਾ ਦੌਰ ਕਿਹਾ ਜਾਂਦਾ ਹੈ।

10 ਦਿਨਾਂ ਦੇ ਆਖ਼ਰੀ ਹਿੱਸੇ ਨੂੰ 'ਜਹਨੁੰਮ ਤੋਂ ਬਚਾਉਣ ਦਾ ਦੌਰ' ਕਿਹਾ ਜਾਂਦਾ ਹੈ।

4. ਕਿਹੜੀਆਂ ਚੀਜ਼ਾਂ ਤੋਂ ਰਹਿੰਦੀ ਹੈ ਦੂਰੀ

ਰੋਜ਼ੇ ਦੌਰਾਨ ਮੁਸਲਮਾਨ ਸੂਰਜ ਉੱਗਣ ਤੋਂ ਬਾਅਦ ਅਤੇ ਛਿਪਣ ਤੋਂ ਪਹਿਲਾਂ ਖਾਣ-ਪੀਣ ਤੋਂ ਦੂਰ ਰਹਿੰਦੇ ਹਨ।

ਇਸ ਤੋਂ ਇਲਾਵਾ ਸੈਕਸ ਕਰਨਾ, ਮਾੜੇ ਬੋਲਾਂ ਦਾ ਇਸਤੇਮਾਲ ਅਤੇ ਗੁੱਸਾ ਕਰਨ ਤੋਂ ਪਰਹੇਜ਼ ਕੀਤਾ ਜਾਂਦਾ ਹੈ।

5. ਕੌਣ ਰੱਖਦਾ ਹੈ ਰੋਜ਼ਾ?

ਇਸਲਾਮ ਦੀ ਸਿੱਖਿਆ ਅਨੁਸਾਰ ਰਮਜ਼ਾਨ ਦੇ ਪਾਕ ਮਹੀਨੇ ਦੌਰਾਨ ਸਿਹਤਮੰਦ ਮੁਸਲਿਮ ਮਰਦ ਅਤੇ ਔਰਤਾਂ ਰੋਜ਼ਾ ਰੱਖ ਸਕਦੇ ਹਨ।

6. ਕਿਸ ਨੂੰ ਹੈ ਰੋਜ਼ਾ ਰੱਖਣ ਤੋਂ ਛੋਟ?

ਬੱਚਿਆਂ ਨੂੰ ਰੋਜ਼ੇ ਰੱਖਣ ਤੋਂ ਛੋਟ ਹੈ।

ਉਹ ਲੋਕ ਜਿਹੜੇ ਬਿਮਾਰ ਜਾਂ ਫ਼ਿਰ ਜਿੰਨ੍ਹਾਂ ਨੂੰ ਕੋਈ ਮਾਨਸਿਕ ਬਿਮਾਰੀ ਹੈ।

ਇਸ ਤੋਂ ਇਲਾਵਾ ਬਜ਼ੁਰਗ, ਮੁਸਾਫ਼ਰ, ਔਰਤਾਂ (ਜਿਨ੍ਹਾਂ ਨੂੰ ਪੀਰੀਅਡਜ਼ ਆ ਰਹੇ ਹੋਣ), ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਹੋਣ।

7. ਕੀ ਰੋਜ਼ਾ ਰੱਖਣਾ ਸਿਹਤ ਲਈ ਠੀਕ ਹੈ?

ਮੁਸਲਿਮ ਭਾਈਚਾਰੇ ਦੇ ਲੋਕ ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਖਾਂਦੇ ਹਨ ਅਤੇ ਸੂਰਜ ਦੇ ਡੁੱਬਣ 'ਤੇ ਰੋਜ਼ਾ ਤੋੜਦੇ ਹਨ।

ਜੇ ਰੋਜ਼ੇ ਦੀ ਘੱਟ ਮਿਆਦ ਸਹੀ ਤਰੀਕੇ ਨਾਲ ਕੰਟਰੋਲ ਹੁੰਦੀ ਹੈ ਤਾਂ ਕਈ ਸਿਹਤ ਨਾਲ ਜੁੜੇ ਲਾਭ ਹੋ ਸਕਦੇ ਹਨ, ਨਾਲ ਹੀ ਸੰਭਾਵਿਤ ਤੌਰ 'ਤੇ ਵਾਧੂ ਭਾਰ ਵਾਲੇ ਲੋਕਾਂ ਲਈ ਇਹ ਫਾਇਦੇਮੰਦ ਹੋ ਸਕਦਾ ਹੈ।

ਰੋਜ਼ੇ ਦੌਰਾਨ ਸਰੀਰ ਗਲੁਕੋਜ਼ ਦਾ ਇਸਤੇਮਾਲ ਕਰਦਾ ਹੈ ਅਤੇ ਫ਼ਿਰ ਚਰਬੀ ਸਾੜਨ ਲਗਦਾ ਹੈ, ਜਿਹੜਾ ਭਾਰ ਘਟਾਉਣ ਦਾ ਕਾਰਨ ਬਣਦਾ ਹੈ।

8. ਰਮਜ਼ਾਨ ਦੇ ਅਖ਼ੀਰ ਵਿੱਚ ਕੀ ਹੁੰਦਾ ਹੈ?

ਮੁਸਲਮਾਨ ਭਾਈਚਾਰੇ ਦੇ ਲੋਕ ਰਮਜ਼ਾਨ ਦੇ ਅਖ਼ੀਰ ਵਿੱਚ ਈਦ ਮਨਾਉਂਦੇ ਹਨ। ਈਦ ਮਨਾਉਣਾ ਰੋਜ਼ੇ ਤੋੜਨ ਦਾ ਜਸ਼ਨ ਹੈ।

ਪਰੰਪਰਾ ਮੁਤਾਬਕ ਇਸ ਦਿਨ ਨੂੰ ਤੋਹਫ਼ੇ ਦਾ ਦਿਨ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦਿਨ ਰੋਜ਼ਾ ਰੱਖਣ ਵਾਲਿਆਂ ਨੂੰ ਅੱਲ੍ਹਾ ਵੱਲੋਂ ਤੋਹਫ਼ੇ ਮਿਲਦੇ ਹਨ।

9. ਅੱਲ੍ਹਾ ਦੇ ਨੇੜੇ ਹੋਣ ਦਾ ਸਮਾਂ

ਕੁਰਾਨ ਅਨੁਸਾਰ ਰਮਜ਼ਾਨ ਅੱਲ੍ਹਾਂ ਦੇ ਨੇੜੇ ਹੋਣ ਦਾ ਸਮਾਂ ਹੁੰਦਾ ਹੈ। ਇਸ ਦੌਰਾਨ ਦੁਆਵਾਂ ਕੀਤੀਆਂ ਜਾਂਦੀਆਂ ਹਨ।

ਜ਼ਿੰਦਗੀ ਦੇ ਕੁਝ ਮਜ਼ੇ ਵਾਲੇ ਪਲਾਂ ਨੂੰ ਥੋੜ੍ਹੇ ਸਮੇਂ ਲਈ ਛੱਡ ਕੇ ਜ਼ਿੰਦਗੀ ਦੀ ਤਾਰੀਫ਼ ਕਰਨਾ ਸਿੱਖਿਆ ਜਾਂਦਾ ਹੈ।

ਇਸ ਦੌਰਾਨ ਉਨ੍ਹਾਂ ਲੋਕਾਂ ਦਾ ਵੱਧ ਹਮਦਰਦ ਹੋਣ ਦਾ ਮੌਕਾ ਮਿਲਦਾ ਹੈ ਜਿਨ੍ਹਾਂ ਕੋਲ ਦੁਨੀਆਂ ਵਿੱਚ ਪਾਣੀ ਅਤੇ ਭੋਜਨ ਦੀ ਆਸਾਨ ਪਹੁੰਚ ਨਹੀਂ ਹੈ।

10. ਚੈਰਿਟੀ

ਰੋਜ਼ੇ ਰੱਖਣ ਤੋਂ ਪਰੇ ਰਮਜ਼ਾਨ ਉਹ ਸਮਾਂ ਹੁੰਦਾ ਹੈ ਜਦੋਂ ਸਮਾਜ ਨੂੰ ਆਪਣੇ ਵੱਲੋਂ ਕੁਝ ਦਿੱਤਾ ਜਾ ਸਕੇ।

ਚੈਰਿਟੀ ਅਤੇ ਚੈਰਿਟੀ ਨਾਲ ਜੁੜੇ ਕੰਮਾਂ ਦਾ ਅਹਿਮ ਰੋਲ ਹੁੰਦਾ ਹੈ।

ਇਸ ਦੌਰਾਨ ਜ਼ਕਾਤ (ਟੈਕਸ) ਵੀ ਅਦਾ ਕੀਤਾ ਜਾਂਦਾ ਹੈ। ਹਰ ਸਾਲ ਆਪਣੀ ਕਮਾਈ ਦਾ 2.5 ਫੀਸਦੀ ਹਿੱਸਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਵੱਧ ਲੋੜ ਹੁੰਦੀ ਹੈ।

ਰਮਜ਼ਾਨ ਉਹ ਸਮਾਂ ਹੁੰਦਾ ਹੈ ਜਦੋਂ ਆਪਣੇ ਦੋਸਤਾਂ ਤੇ ਪਰਿਵਾਰ ਦੀ ਮਦਦ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)