ਪਾਕਿਸਤਾਨੀ ਸਿੱਖਾਂ ਨੂੰ ਇਸਲਾਮ ਕਬੂਲਣ ਲਈ ਕਿਉਂ ਕਿਹਾ ਗਿਆ?

    • ਲੇਖਕ, ਸ਼ੁਮਾਇਲਾ ਜਾਫ਼ਰੀ
    • ਰੋਲ, ਬੀਬੀਸੀ ਪੱਤਰਕਾਰ, ਪਾਕਿਸਤਾਨ

ਪਾਕਿਸਤਾਨ ਦੇ ਉੱਤਰੀ-ਪੱਛਮੀ ਸੂਬੇ ਖ਼ੈਬਰ-ਪਖ਼ਤੂਨਖ਼ਵਾ ਜ਼ਿਲ੍ਹੇ ਦੇ ਇੱਕ ਉੱਚ ਪੱਧਰ ਦੇ ਅਫ਼ਸਰ ਨੂੰ ਸਥਾਨਕ ਸਿੱਖ ਜਥੇਬੰਦੀ ਦੀ ਸ਼ਿਕਾਇਤ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਇਲਜ਼ਾਮ ਹੈ ਕਿ ਅਫ਼ਸਰ ਨੇ ਸਿੱਖ ਭਾਈਚਾਰੇ ਨੂੰ ਇਸਲਾਮ ਅਪਨਾਉਣ ਲਈ ਕਿਹਾ।

ਸ਼ਿਕਾਇਤ ਹੰਗੂ ਜ਼ਿਲ੍ਹੇ ਦੇ ਸਿੱਖ ਭਾਈਚਾਰੇ ਦੇ ਨੁਮਾਇੰਦੇ ਫ਼ਰੀਦ ਚੰਦ ਸਿੰਘ ਨੇ ਟਾਲ ਤਹਿਸੀਲ ਦੇ ਵਧੀਕ ਸਹਾਇਕ ਕਮਿਸ਼ਨਰ ਯਾਕੂਬ ਖਾਨ ਖਿਲਾਫ਼ ਦਰਜ ਕਰਵਾਈ।

ਬੀਬੀਸੀ ਦੀ ਸ਼ੁਮਾਇਲਾ ਜਾਫ਼ਰੀ ਨੂੰ ਫ਼ਰੀਦ ਚੰਦ ਸਿੰਘ ਨੇ ਦੱਸਿਆ ਕਿ ਪਿਛਲੇ ਸ਼ੁੱਕਰਵਾਰ ਸਥਾਨਕ ਸਿੱਖਾਂ ਦਾ ਇੱਕ ਵਫ਼ਦ ਆਪਣੀਆਂ ਕੁਝ ਸਮੱਸਿਆਵਾਂ ਲੈ ਕੇ ਯਾਕੂਬ ਖਾਨ ਕੋਲ ਗਿਆ, ਪਰ ਉਨ੍ਹਾਂ ਕੋਈ ਧਰਵਾਸ ਦੇਣ ਦੀ ਥਾਂ ਵਫ਼ਦ ਨੂੰ ਕਿਹਾ ਕਿ ਆਪਣੀਆਂ ਸਮੱਸਿਆਵਾਂ ਸੁਲਝਾਉਣੀਆਂ ਹਨ ਤਾਂ ਇਸਲਾਮ ਕਬੂਲ ਲਵੋ।

ਉਨ੍ਹਾਂ ਅੱਗੇ ਕਿਹਾ, ''ਇਹ ਸੁਣ ਕੇ ਅਸੀਂ ਹੈਰਾਨ ਹੋ ਗਏ। ਇਹ ਕਿਸੇ ਆਮ ਸ਼ਖਸ ਵੱਲੋਂ ਨਹੀਂ ਸਗੋਂ ਪ੍ਰਸ਼ਾਸਨ ਦੇ ਸੀਨੀਅਰ ਅਫ਼ਸਰ ਵੱਲੋਂ ਕਿਹਾ ਗਿਆ। ਇਹ ਬੇਹੱਦ ਗੰਭੀਰ ਗੱਲ ਸੀ ਇਸ ਲਈ ਅਸੀਂ ਸ਼ਿਕਾਇਤ ਦਰਜ ਕਰਵਾਈ।''

ਆਪਣੀ ਸ਼ਿਕਾਇਤ 'ਚ ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੂੰ ਕਥਿਤ ਤੌਰ 'ਤੇ ਸਰਕਾਰੀ ਅਫ਼ਸਰ ਵੱਲੋਂ 'ਪ੍ਰਤਾੜਿਤ' ਕੀਤਾ ਗਿਆ।

ਉਨ੍ਹਾਂ ਸ਼ਿਕਾਇਤ 'ਚ ਅੱਗੇ ਕਿਹਾ, ''ਪਾਕਿਸਤਾਨੀ ਸਰਕਾਰ ਸਾਨੂੰ ਧਾਰਮਿਕ ਆਜ਼ਾਦੀ ਦਿੰਦੀ ਹੈ, ਜੇਕਰ ਕੋਈ ਸਾਡੀ ਧਾਰਮਿਕ ਸੁਤੰਤਰਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਡੇ ਕੋਲ ਉਸਦੇ ਖ਼ਿਲਾਫ਼ ਕਨੂੰਨੀ ਕਾਰਵਾਈ ਕਰਨ ਦਾ ਹੱਕ ਹੈ।''

ਸਥਾਨਕ ਪ੍ਰਸ਼ਾਸ਼ਨ ਨੇ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕੀਤੀ। ਯਾਕੂਬ ਖਾਨ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਖ਼ਿਲਾਫ਼ ਜਾਂਚ ਅਰੰਭ ਦਿੱਤੀ ਗਈ ਹੈ। ਯਾਕੂਬ ਖਾਨ ਨੇ ਮਾਫ਼ੀ ਵੀ ਮੰਗ ਲਈ ਹੈ।

ਐਤਵਾਰ ਨੂੰ ਹੰਗੂ ਦੇ ਡਿਪਟੀ ਕਮਿਸ਼ਨਰ ਸ਼ਾਹਿਜ ਮਹਿਮੂਦ ਨੇ ਜਿਰਗਾ ਸੱਦੀ। ਜਿਰਗਾ ਸਥਾਨਕ ਭਾਈਚਾਰੇ ਦੀ ਅਜਿਹੀ ਮੀਟਿੰਗ ਹੁੰਦੀ ਹੈ ਜੋ ਮੁੱਦਿਆਂ ਦੇ ਹੱਲ ਲਈ ਸੱਦੀ ਜਾਂਦੀ ਹੈ।

ਸਿੱਖ, ਈਸਾਈ ਤੇ ਹਿੰਦੂ ਭਾਈਚਾਰੇ ਦੇ ਨੁਮਾਇੰਦੇ ਇਸ ਵਿੱਚ ਸ਼ਾਮਲ ਹੁੰਦੇ ਹਨ।

ਸ਼ਾਹਿਦ ਮਹਿਮੂਦ ਨੇ ਬੀਬੀਸੀ ਨੂੰ ਦੱਸਿਆ ਕਿ ਜਿਰਗਾ ਨੂੰ ਭਰੋਸਾ ਦੁਆਇਆ ਗਿਆ ਕਿ ਘੱਟ ਗਿਣਤੀ ਭਾਈਚਾਰੇ ਉਹ ਸਾਰੀ ਆਜ਼ਾਦੀ ਮਾਣਨ ਦੇ ਹੱਕਦਾਰ ਹਨ ਜੋ ਮੁਸਲਿਮ ਭਾਈਚਾਰੇ ਨੂੰ ਮਿਲਦੀਆਂ ਹਨ, ਸਰਕਾਰ ਇਸ ਗੱਲ ਦਾ ਧਿਆਨ ਰੱਖੇਗੀ ਕਿ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਕੋਈ ਢਾਹ ਨਾ ਲੱਗੇ।

ਜਿਰਗਾ ਨੇ ਘਟਨਾ ਦੀ ਨਿੰਦਾ ਕੀਤੀ ਅਤੇ ਇੱਕ ਕਾਗਜ਼ 'ਤੇ ਦਸਤਖ਼ਤ ਕੀਤੇ ਕਿ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇਗੀ ਅਤੇ ਤਾਜ਼ਾ ਮਸਲੇ ਨੂੰ ਹੱਲ ਕੀਤਾ ਜਾਵੇ।

ਫ਼ਰੀਦ ਚੰਦ ਸਿੰਘ ਨੇ ਬੀਬੀਸੀ ਨੂੰ ਕਿਹਾ ਕਿ ਪਸ਼ਤੋ ਬੋਲਣ ਵਾਲੇ ਸਿੱਖ ਇਸ ਇਲਾਕੇ ਵਿੱਚ ਸਦੀਆਂ ਤੋਂ ਰਹਿੰਦੇ ਰਹੇ ਹਨ, ਅਤੇ ਉਨ੍ਹਾਂ ਨੂੰ ਧਾਰਮਿਕ ਅਧਾਰ 'ਤੇ ਕਦੇ ਵੀ ਨਿਸ਼ਾਨਾ ਨਹੀਂ ਬਣਾਇਆ ਗਿਆ।

ਪਾਕਿਸਤਾਨ ਦਾ ਉੱਤਰ-ਪੱਛਮੀ ਇਲਾਕਾ ਅੱਤਵਾਦ ਪ੍ਰਭਾਵਿਤ ਹੈ, ਪਰ ਸਿੱਖਾਂ ਨੂੰ ਪਸ਼ਤੂਨ ਸਮਾਜ ਦਾ ਹਿੱਸਾ ਮੰਨਿਆ ਜਾਂਦਾ ਹੈ। ਸਿੱਖਾਂ ਨੂੰ ਸਾਲ 2009 ਵਿੱਚ ਉਸ ਵੇਲੇ ਵੀ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਸੀ ਜਦੋਂ ਪਾਕਿਸਤਾਨ ਤਾਲੀਬਾਨ ਵੱਲੋਂ ਸਵਾਤ ਘਾਟੀ 'ਤੇ ਕਬਜ਼ਾ ਕਰ ਲਿਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)