You’re viewing a text-only version of this website that uses less data. View the main version of the website including all images and videos.
ਪੰਜਾਬ 'ਚ ਹਿੰਦੂਆਂ ਤੇ ਸਿੱਖਾਂ ਨੇ ਮਿਲ ਕੇ ਮੁਸਲਮਾਨਾਂ ਲਈ ਬਣਾਈ ਮਸਜਿਦ : BBC Exclusive
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਦੇਸ ਵਿਚ ਆਮ ਤੌਰ 'ਤੇ ਧਾਰਮਿਕ ਸਮੂਹਾਂ ਵਿਚ ਅਕਸਰ ਵਿਵਾਦ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਪੰਜਾਬ ਦੇ ਇੱਕ ਪਿੰਡ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ ਨੇ ਮੁਸਲਿਮ ਭਾਈਚਾਰੇ ਲਈ ਮਸਜਿਦ ਬਣਾ ਕੇ ਆਪਸੀ ਸਦਭਾਵਨਾ ਦੀ ਅਨੋਖੀ ਮਿਸਾਲ ਪੈਦਾ ਕੀਤੀ ਹੈ।
ਜ਼ਿਲ੍ਹਾ ਬਰਨਾਲਾ ਦੇ ਪਿੰਡ ਮੂਮ ਦੇ ਵਾਸੀਆਂ ਨੇ ਧਾਰਮਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਦੀ ਵੱਖਰੀ ਮਿਸਾਲ ਕਾਇਮ ਕੀਤੀ। ਪਿੰਡ ਦੇ ਸਿੱਖ ਅਤੇ ਹਿੰਦੂ ਭਾਈਚਾਰੇ ਨੇ ਮੁਸਲਿਮ ਭਾਈਚਾਰੇ ਨੂੰ ਮਸਜਿਦ ਉਸਾਰ ਕੇ ਦਿੱਤੀ ਹੈ।
ਦੇਸ ਵਿਚ ਧਰਮ ਦੇ ਆਧਾਰ ਉੱਤੇ ਵੰਡ ਪਾਉਂਦੇ ਆ ਰਹੇ ਲੋਕਾਂ ਨੂੰ ਮੂਮ ਪਿੰਡ ਤੋ ਨਸੀਹਤ ਲੈਣ ਦੀ ਲੋੜ ਹੈ।
ਇੱਥੇ ਹਿੰਦੂਆਂ ਦੀ ਜ਼ਮੀਨ ਅਤੇ ਸਿੱਖਾਂ ਵੱਲੋਂ ਲਗਾਈ ਗਈਆਂ ਇੱਟਾਂ ਨਾਲ ਮੁਸਲਿਮ ਭਾਈਚਾਰੇ ਦਾ ਨਮਾਜ਼ ਅਦਾ ਕਰਨ ਲਈ ਸਥਾਨ ਬਣਾਇਆ ਗਿਆ ਹੈ।
ਪਿੰਡ ਦੇ ਮੁਸਲਿਮ ਭਾਈਚਾਰੇ ਸਬੰਧਿਤ ਨਾਜਿਮ ਰਾਜਾ ਖ਼ਾਨ ਨੇ ਦੱਸਿਆ ਕਿ ਪਿੰਡ ਦੇ ਮੁਸਲਿਮ ਭਾਈਚਾਰੇ ਕੋਲ ਨਮਾਜ਼ ਅਦਾ ਕਰਨ ਲਈ ਕੋਈ ਥਾਂ ਨਹੀਂ ਸੀ।
ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਲੋਕ ਮਿਹਨਤ ਮਜ਼ਦੂਰੀ ਕਰਦੇ ਹਨ ਅਤੇ ਆਰਥਿਕ ਪੱਖੋਂ ਕਮਜ਼ੋਰ ਹਨ।
ਨਾਜਿਮ ਰਾਜਾ ਖ਼ਾਨ ਮੁਤਾਬਕ ਮੁਸਲਮਾਨਾਂ ਕੋਲ ਮਸਜਿਦ ਨਹੀਂ ਸੀ। ਮਸਜਿਦ ਸਬੰਧੀ ਮੁਸਲਿਮ ਭਾਈਚਾਰੇ ਵੱਲੋਂ ਪਿੰਡ ਦੇ ਹਿੰਦੂ ਭਾਈਚਾਰੇ ਨੂੰ ਅਪੀਲ ਕੀਤੀ ਗਈ ਸੀ।
ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਰੱਖਦੇ ਹੋਏ ਪਿੰਡ ਦੇ ਹਿੰਦੂ ਭਾਈਚਾਰੇ ਨੇ ਮਸਜਿਦ ਲਈ ਮੁਫ਼ਤ ਵਿਚ ਜ਼ਮੀਨ ਦੇਣ ਦਾ ਤੁਰੰਤ ਫ਼ੈਸਲਾ ਕੀਤਾ। ਰਾਜਾ ਖ਼ਾਨ ਆਖਦਾ ਹੈ ਕਿ ਹਿੰਦੂ ਭਾਈਚਾਰੇ ਦੀ ਇਸ ਪਹਿਲ ਲਈ ਮੇਰੇ ਕੋਲ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ, ਅਸੀਂ ਬਹੁਤ ਖ਼ੁਸ਼ ਹਾਂ।"
ਉਨ੍ਹਾਂ ਦੱਸਿਆ ਕਿ ਹੁਣ ਪਿੰਡ ਵਿਚ ਮੁਸਲਿਮ ਭਾਈਚਾਰੇ ਲਈ ਮਸਜਿਦ ਬਣ ਰਹੀ ਹੈ ਜਿੱਥੇ ਉਹ ਨਮਾਜ਼ ਅਦਾ ਕਰ ਸਕਣਗੇ। ਇਸ ਕੰਮ ਵਿਚ ਪਿੰਡ ਦਾ ਸਿੱਖ ਭਾਈਚਾਰਾ ਵੀ ਪਿੱਛੇ ਨਹੀਂ ਰਿਹਾ। ਹਿੰਦੂਆਂ ਵੱਲੋਂ ਮਸਜਿਦ ਲਈ ਜ਼ਮੀਨ ਦਿੱਤੇ ਜਾਣ ਤੋਂ ਬਾਅਦ ਹੁਣ ਵਾਰੀ ਉਸਾਰੀ ਦੀ ਸੀ, ਇਸ ਕੰਮ ਲਈ ਪਿੰਡ ਦਾ ਸਿੱਖ ਭਾਈਚਾਰਾ ਅੱਗੇ ਆਇਆ ਅਤੇ ਉਸ ਨੇ ਪੈਸੇ ਇਕੱਠੇ ਕੀਤੇ ਅਤੇ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ।
ਐਨਾ ਹੀ ਨਹੀਂ ਜਿਸ ਥਾਂ ਉੱਤੇ ਮਸਜਿਦ ਦੀ ਉਸਾਰੀ ਹੋ ਰਹੀ ਹੈ ਉਸ ਦੀ ਕੰਧ ਗੁਰਦੁਆਰਾ ਸਾਹਿਬ ਨਾਲ ਸਾਂਝੀ ਹੈ। ਦੇਸ ਵਿੱਚ ਤਿੰਨ ਧਰਮਾਂ ਦੀ ਆਪਸੀ ਸਦਭਾਵਨਾ ਦੀ ਇਹ ਉਦਾਹਰਨ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ।
ਮੂਮ ਪਿੰਡ ਦੇ ਵਸਨੀਕ ਪੁਰਸ਼ੋਤਮ ਲਾਲ, ਜੋ ਕਿ ਪਿੰਡ ਦੀ ਮੰਦਿਰ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ ,ਆਖਦੇ ਹਨ ਕਿ " ਪਿੰਡ ਦੇ ਮੁਸਲਿਮ ਭਾਈਚਾਰੇ ਕੋਲ ਮਸਜਿਦ ਨਹੀਂ ਸੀ ਅਤੇ ਇਹ ਇਨ੍ਹਾਂ ਦੀ ਇੱਕ ਸੱਚੀ ਮੰਗ ਵੀ ਸੀ"।
ਉਨ੍ਹਾਂ ਦੱਸਿਆ ਕਿ ਹੁਣ ਪਿੰਡ ਵਿਚ ਮੁਸਲਿਮ ਭਾਈਚਾਰੇ ਲਈ ਮਸਜਿਦ ਬਣ ਰਹੀ ਹੈ, ਜਿੱਥੇ ਉਹ ਨਮਾਜ਼ ਅਦਾ ਕਰ ਸਕਣਗੇ। ਪਿੰਡ ਵਾਸੀ ਪ੍ਰਸ਼ੋਤਮ ਸ਼ਰਮਾ ਜੋ ਕਿ ਮੰਦਿਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ ,ਨੇ ਦੱਸਿਆ ਕਿ ਆਪਸੀ ਵਿਚਾਰ ਕਰਨ ਮਗਰੋਂ ਮੰਦਰ ਦੀ ਜ਼ਮੀਨ ਵਿੱਚੋਂ ਦੋ ਮਰਲੇ ਜ਼ਮੀਨ ਮੁਸਲਮਾਨਾਂ ਨੂੰ ਮਸਜਿਦ ਲਈ ਦੇ ਦਿੱਤੀ ਗਈ ਜਿੱਥੇ ਹੁਣ ਮਸਜਿਦ ਦੀ ਉਸਾਰੀ ਚੱਲ ਰਹੀ ਹੈ।
ਕਹਾਣੀ ਇੱਥੇ ਹੀ ਨਹੀਂ ਖ਼ਤਮ ਹੋਈ,ਪਿੰਡ ਦੇ ਸਿੱਖ ਭਾਈਚਾਰੇ ਨੇ ਮਸਜਿਦ ਦੀ ਉਸਾਰੀ ਲਈ ਫੰਡ ਇਕੱਠਾ ਕਰ ਕੇ ਮੁਸਲਿਮ ਭਾਈਚਾਰੇ ਨੂੰ ਦਿੱਤਾ। ਸਥਾਨਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸੁਰਜੀਤ ਸਿੰਘ ਨੇ ਕਿਹਾ,"ਅਸੀਂ ਇਹ ਮਿਸਾਲ ਕਾਇਮ ਕਰਨਾ ਚਾਹੁੰਦੇ ਹਾਂ, ਤਾਂ ਕਿ ਇਹ ਸਮਾਜ ਵਿਚ ਇਨਸਾਨੀਅਤ ਦਾ ਮੁੱਲ ਸਭ ਨੂੰ ਪਤਾ ਲੱਗੇ।
ਉਨ੍ਹਾਂ ਦੱਸਿਆ ਕਿ ਪਿੰਡ ਵਿਚ ਤਣਾਅ ਦੀ ਕੋਈ ਗੱਲ ਨਹੀਂ ਹੈ ਅਤੇ ਸਾਰੇ ਆਪਸ ਵਿਚ ਮਿਲ ਕੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਹਿੰਦੂ, ਗੁਰੂ ਘਰਾਂ ਵਿਚ ਜਾਂਦੇ ਹਨ ਅਤੇ ਕੁਝ ਸਿੱਖਾਂ ਵਾਂਗ ਦਸਤਾਰ ਵੀ ਸਜਾਉਂਦੇ ਹਨ। ਇਸ ਤੋਂ ਇਲਾਵਾ ਪਿੰਡ ਦਾ ਸਮੂਹ ਭਾਈਚਾਰਾ ਇੱਕ ਦੂਜੇ ਦੇ ਤਿਉਹਾਰਾਂ ਅਤੇ ਵਿਆਹ ਸ਼ਾਦੀਆਂ ਵਿਚ ਸ਼ਾਮਲ ਹੁੰਦੇ ਹਨ।
ਪਿੰਡ ਦੇ ਇੱਕ ਹੋਰ ਵਸਨੀਕ ਭਰਤ ਰਾਮ ਜੋ ਕਿ ਪੇਸ਼ੇ ਤੋਂ ਅਧਿਆਪਕ ਹਨ, ਦਾ ਕਹਿਣਾ ਹੈ, "ਅਸੀਂ ਖੁਸਕਿਸ਼ਮਤ ਹਾਂ ਸਾਡੇ ਕੋਲ ਅਜਿਹੇ ਆਗੂ ਨਹੀਂ ਜੋ ਆਪਸ ਵਿਚ ਵੰਡੀਆਂ ਪਾਉਣ"। ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਦਾ ਆਪਸੀ ਭਾਈਚਾਰਾ ਸਦੀਆਂ ਤੋ ਚੱਲਿਆ ਆ ਰਿਹਾ ਅਤੇ ਅਸੀਂ ਇਸੇ ਗੱਲ ਨੂੰ ਅੱਗੇ ਲਿਜਾਂਦੇ ਹੋਏ ਮੁਸਲਿਮ ਭਾਈਚਾਰੇ ਨੂੰ ਜ਼ਮੀਨ ਦੇਣ ਦਾ ਫ਼ੈਸਲਾ ਕੀਤਾ ਹੈ"।
ਭਰਤ ਸ਼ਰਮਾ ਕਹਿੰਦੇ ਹਨ, "ਰੱਬ ਹਰ ਥਾਂ ਹੈ ਉਹ ਭਾਵੇਂ ਗੁਰਦੁਆਰਾ ਹੋਵੇ,ਮਸਜਿਦ ਜਾਂ ਫਿਰ ਮੰਦਿਰ।"
ਪਿੰਡ ਦੇ ਆਪਸੀ ਭਾਈਚਾਰਕ ਸਾਂਝ ਦਾ ਵੀ ਇੱਕ ਨਿਯਮ ਹੈ, ਜਿਸ ਦੀ ਕੋਈ ਵੀ ਉਲੰਘਣਾ ਨਹੀਂ ਕਰਨਾ ਚਾਹੁੰਦਾ। ਇਹ ਮਾਮਲਾ ਹੈ ਆਪਸ ਵਿਚ ਵਿਆਹ ਨਾ ਕਰਵਾਉਣ ਦਾ। ਇਸ ਮੁੱਦੇ ਉੱਤੇ ਅਸੀਂ ਪਿੰਡ ਵਾਸੀਆਂ ਨੂੰ ਪੁੱਛਿਆ ਵੀ ਤਾਂ ਸਾਰਿਆਂ ਦਾ ਜਵਾਬ ਨਾਂਹ ਵਿੱਚ ਸੀ।
ਪਿੰਡ ਦੇ ਪੰਚਾਇਤ ਮੈਂਬਰ ਚੂਹੜ ਸਿੰਘ ਇਸ ਮੁੱਦੇ ਉੱਤੇ ਆਖਦੇ ਹਨ ਕਿ "ਆਪਸੀ ਭਾਈਚਾਰਾ ਇੱਕ ਗੱਲ ਹੈ ਪਰ ਕਿਉਂਕਿ ਸਿੱਖ ਅਤੇ ਮੁਸਲਿਮ ਦੋ ਵੱਖੋ ਵੱਖਰੇ ਧਰਮ ਹਨ ਸੋ ਅਜਿਹੇ ਵਿੱਚ ਆਪਸੀ ਵਿਆਹ ਵਾਲੀ ਗੱਲ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।''
ਪੇਸ਼ੇ ਤੋਂ ਅਧਿਆਪਕ ਭਰਤ ਸ਼ਰਮਾ ਦਾ ਵੀ ਕਹਿਣਾ ਹੈ ਕਿ "ਇਹ ਨਾ ਤਾਂ ਪਹਿਲਾਂ ਸੀ ਅਤੇ ਨਾ ਹੀ ਭਵਿੱਖ ਵਿਚ ਹੋਵੇਗਾ"।