ਸੋਸ਼ਲ: ਭਗਤ ਸਿੰਘ ਕਿਸ ਤਰ੍ਹਾਂ ਬਣੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚਾਲੇ ਪਿਆਰ ਦਾ ਪੁੱਲ?

ਭਗਤ ਸਿੰਘ ਨੂੰ ਸਾਲ 1931 ਵਿੱਚ ਫਾਂਸੀ 'ਤੇ ਚੜਾਇਆ ਗਿਆ ਸੀ। ਹਰ ਸਾਲ 23 ਮਾਰਚ ਨੂੰ ਭਾਰਤ ਅਤੇ ਪਾਕਿਸਤਾਨ ਦੇ ਲੋਕ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦਿੰਦੇ ਹਨ।

ਇਸ ਸਾਲ ਵੀ ਦੋਹਾਂ ਮੁਲਕਾਂ ਵਿੱਚ ਵੱਖ ਵੱਖ ਥਾਵਾਂ 'ਤੇ ਸਰਕਾਰੀ ਅਤੇ ਗੈਰ ਸਰਕਾਰੀ ਸ਼ਰਧਾਂਜਲੀ ਸਮਾਗਮ ਕਰਵਾਏ ਗਏ।

ਬੀਬੀਸੀ ਪੰਜਾਬੀ 'ਤੇ ਵਿਖਾਈ ਗਈ ਲਾਹੌਰ ਤੋਂ ਆਈ ਇੱਕ ਵੀਡੀਓ ਨੇ ਕੁਝ ਅਜਿਹਾ ਕੀਤਾ ਜੋ ਦੋਵੇਂ ਮੁਲਕਾਂ ਦੇ ਸੰਦਰਭ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ।

ਲਾਹੌਰ ਦੇ ਸ਼ਦਮਨ ਚੌਂਕ ਵਿੱਚ ਲੋਕਾਂ ਨੇ ਆਪੋ ਆਪਣੇ ਸ਼ਬਦਾਂ ਨਾਲ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਕੁਝ ਨੇ ਇਹ ਵੀ ਕਿਹਾ ਕਿ ਸ਼ਦਮਨ ਚੌਂਕ ਦਾ ਨਾਂ ਬਦਲਕੇ ਭਗਤ ਸਿੰਘ ਚੌਂਕ ਰੱਖ ਦਿੱਤਾ ਜਾਵੇ।

ਇਹ ਵੀ ਮੰਗ ਉੱਠੀ ਕਿ ਲਾਹੌਰ ਵਿੱਚ ਭਗਤ ਸਿੰਘ ਦੇ ਨਾਂ 'ਤੇ ਇੱਕ ਯੂਨੀਵਰਸਿਟੀ ਵੀ ਹੋਵੇ।

ਸੋਸ਼ਲ ਮੀਡੀਆ 'ਤੇ ਆਏ ਕਮੈਂਟਸ ਦਰਸਾਉਂਦੇ ਹਨ ਕਿ ਭਗਤ ਸਿੰਘ ਦਾ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿੱਚ ਕਿੰਨਾ ਮਾਣ ਅਤੇ ਸਤਕਾਰ ਹੈ।

ਜ਼ਿਆਦਾਤਰ ਕਮੈਂਟਸ ਲਾਹੌਰੀਆਂ ਦੀ ਸਿਫ਼ਤ ਕਰਦੇ ਹਨ।

ਜਗਜੀਵਨ ਸਿੰਘ ਮਾਨ ਨੇ ਲਿਖਿਆ, ''ਪਾਕਿਸਤਾਨੀ ਜੋ ਭਗਤ ਸਿੰਘ ਨੂੰ ਪਿਆਰ ਕਰਦੇ ਹਨ, ਉਨ੍ਹਾਂ ਦੀ ਸੋਚ ਨੂੰ ਸਲਾਮ। ਨਵੀਂ ਪੀੜ੍ਹੀ ਨੂੰ ਇਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ।''

ਸੰਧੂ ਜਪਸ ਨੇ ਲਿਖਿਆ, ''ਆਪਣਿਆਂ ਵੱਲੋਂ ਆਪਣਿਆਂ ਨੂੰ ਯਾਦ ਕਰਨਾ ਬਹੁਤ ਵਧੀਆ ਲੱਗਿਆ।''

ਹਾਲਾਂਕਿ ਪੰਜਾਬ ਵਿੱਚ ਸਰਕਾਰ ਵੱਲੋਂ ਭਗਤ ਸਿੰਘ ਦੀ ਬਰਸੀ ਮਨਾਈ ਜਾਂਦੀ ਹੈ। ਪਰ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਣ ਤੇ ਵੱਖ ਵੱਖ ਲੋਕਾਂ ਦੀ ਵੱਖਰੀ ਰਾਇ ਹੈ। ਫੇਸਬੁੱਕ ਯੂਜ਼ਰ ਦੀਪ ਸੰਧੂ ਨੇ ਇਸ 'ਤੇ ਨਾਰਾਜ਼ਗੀ ਵੀ ਜ਼ਾਹਿਰ ਕੀਤੀ।

ਕੁਝ ਲੋਕ ਇਸ ਵੀਡੀਓ ਨੂੰ ਵੇਖ ਕੇ ਕਾਫੀ ਭਾਵੁੱਕ ਵੀ ਹੋ ਗਏ। ਇੱਕ ਯੂਜ਼ਰ ਨੇ ਲਿੱਖਿਆ ਕਿ ਭਗਤ ਸਿੰਘ ਨੂੰ ਕੀ ਪਤਾ ਸੀ ਕਿ ਪਾਕਿਸਤਾਨ ਅਤੇ ਹਿੰਦੁਸਤਾਨ ਵੱਖ ਹੋ ਜਾਣਗੇ।

ਇਸ ਦੇ ਅੱਗੇ ਯੂਜ਼ਰ ਨਛੱਤਰ ਸਿੰਘ ਹੰਸ ਲਿਖਦੇ ਹਨ, ''ਭਗਤ ਸਿੰਘ ਸਭ ਦਾ ਸਾਂਝਾ ਹੈ, ਚਾਹੇ ਪਾਕਿਸਤਾਨ ਹੀ ਕਿਉਂ ਨਾ ਹੋਵੇ।''

ਮਦਨ ਨੇਗੀ ਨੇ ਮੁੜ ਤੋਂ ਇਕੱਠੇ ਹੋਣ ਦੀ ਗੱਲ ਕੀਤੀ। ਉਨ੍ਹਾਂ ਇੱਕ ਕਵਿਤਾ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕੀਤਾ।

ਕੁਝ ਯੂਜ਼ਰਜ਼ ਨੇ ਇਸ ਵੀਡੀਓ ਲਈ ਬੀਬੀਸੀ ਨਿਊਜ਼ ਪੰਜਾਬੀ ਦਾ ਧੰਨਵਾਦ ਵੀ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)