You’re viewing a text-only version of this website that uses less data. View the main version of the website including all images and videos.
ਬਾਰਡਰ ਤੋਂ ਇੱਕੀਸ ਤੱਕ: ਜੰਗਾਂ 'ਤੇ ਬਣੀਆਂ ਫ਼ਿਲਮਾਂ 'ਚ ਦਿਖਾਏ ਕੁਰਬਾਨੀ ਦੇ ਜਜ਼ਬੇ ਤੇ ਇਨਸਾਨੀ ਜਜ਼ਬਾਤ ਕੀ ਚਰਚਾ ਛੇੜਦੇ ਹਨ
- ਲੇਖਕ, ਵੰਦਨਾ
- ਰੋਲ, ਬੀਬੀਸੀ ਪੱਤਰਕਾਰ
ਜੰਗ 'ਤੇ ਬਣੀਆਂ ਹਿੰਦੀ ਫ਼ਿਲਮਾਂ ਦੀ ਸੂਚੀ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਨਵੀਆਂ ਫ਼ਿਲਮਾਂ ਸ਼ਾਮਲ ਹੋਈਆਂ ਹਨI ਜਿਵੇਂ ਬਾਰਡਰ-2, ਜਿਸ ਵਿੱਚ ਸਨੀ ਦਿਓਲ ਨੇ ਮੇਜਰ ਜਨਰਲ ਹਰਦੇਵ ਸਿੰਘ ਕਲੇਰ, ਵਰੁਣ ਧਵਨ ਨੇ ਮੇਜਰ ਹੋਸ਼ਿਆਰ ਸਿੰਘ ਦਾਹੀਆ ਅਤੇ ਦਿਲਜੀਤ ਦੋਸਾਂਝ ਨੇ ਨਿਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਨਿਭਾਇਆ ਹੈI
ਜਦਕਿ 1971 ਦੀ ਜੰਗ 'ਤੇ ਬਣੀ ਫ਼ਿਲਮ ਇੱਕੀਸ ਵੀ ਰਿਲੀਜ਼ ਹੋਈ ਹੈI
ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਫੌਜ ਦੇ ਇਕੱਲੇ ਪਰਮਵੀਰ ਚੱਕਰ ਜੇਤੂ ਸਨ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਈਸੇਵਾਲ ਪਿੰਡ ਵਿੱਚ ਨਿਰਮਲਜੀਤ ਸਿੰਘ ਸੇਖੋਂ ਦਾ ਜਨਮ ਹੋਇਆI ਉਹ 1971 ਦੀ ਜੰਗ ਦੌਰਾਨ ਸ੍ਰੀਨਗਰ ਵਿੱਚ ਤਾਇਨਾਤ ਸਨ।
ਭਾਰਤੀ ਰੱਖਿਆ ਮੰਤਰਾਲੇ ਦੀ ਵੈਬਸਾਈਟ ਮੁਤਾਬਕ, "ਜਦੋਂ 14 ਦਸੰਬਰ 1971 ਨੂੰ ਪਾਕਿਸਤਾਨ ਤੋਂ ਹਵਾਈ ਹਮਲਾ ਹੋਇਆ ਤਾਂ ਪਾਕਿਸਤਾਨ ਦੇ ਛੇ ਜਹਾਜ਼ ਘੁੰਮ ਰਹੇ ਸਨI ਇਸੀ ਦੌਰਾਨ ਫਲਾਇੰਗ ਅਫ਼ਸਰ ਸੇਖੋਂ ਨੇ ਉਡਾਣ ਭਰੀI ਮੁਕਾਬਲੇ ਤੋਂ ਬਾਅਦ ਪਾਕਿਸਤਾਨੀ ਜਹਾਜ਼ਾਂ ਨੂੰ ਪਿੱਛੇ ਹੱਟਣਾ ਪਿਆ ਅਤੇ ਬੇਸ 'ਤੇ ਹਮਲੇ ਦੀ ਯੋਜਨਾ ਛੱਡਣੀ ਪਈ। ਪਰ ਫਲਾਇੰਗ ਅਫ਼ਸਰ ਸੇਖੋਂ ਦਾ ਜਹਾਜ਼ ਕਰੈਸ਼ ਹੋ ਗਿਆ, ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ।"
ਬਾਰਡਰ ਵਿੱਚ ਅਕਸ਼ੇ ਖੰਨਾ ਦੀ ਮੌਤ, ਪਰ ਅਸਲ ਧਰਮਵੀਰ ਜੰਗ ਤੋਂ ਬਾਅਦ ਵੀ ਜ਼ਿੰਦਾ ਰਹੇ
ਡਾਇਰੈਕਟਰ ਅਨੁਰਾਗ ਸਿੰਘ ਦੀ ਫ਼ਿਲਮ ਬਾਰਡਰ-2 ਵਿੱਚ ਲੁਧਿਆਣਾ ਦੇ ਫਲਾਇੰਗ ਅਫ਼ਸਰ ਸੇਖੋਂ ਦੀ ਕਹਾਣੀ ਹੈ ਤਾਂ ਉਥੇ ਹੀ 1997 'ਚ ਆਈ ਸੁਪਰਹਿੱਟ ਫ਼ਿਲਮ ਬਾਰਡਰ ਵਿੱਚ ਵੀ ਲੁਧਿਆਣਾ ਦੇ ਹੀ ਇੱਕ ਪਿੰਡ ਤੋਂ ਆਏ ਕਰਨਲ ਧਰਮਵੀਰ ਸਿੰਘ ਦਾ ਕਿਰਦਾਰ ਸਨ, ਜਿਨ੍ਹਾਂ ਦਾ ਕਿਰਦਾਰ ਅਕਸ਼ੇ ਖੰਨਾ ਨੇ ਨਿਭਾਇਆ ਸੀI
ਬਾਰਡਰ ਫ਼ਿਲਮ ਵਿੱਚ ਅਕਸ਼ੇ ਖੰਨਾ ਅਤੇ ਸੁਨੀਲ ਸ਼ੈੱਟੀ ਵੱਲੋਂ ਨਿਭਾਏ ਗਏ ਅਸਲੀ ਕਿਰਦਾਰ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਸਨI
ਪਰ ਹਕੀਕਤ ਵਿੱਚ ਲੁਧਿਆਣਾ ਦੇ ਘੁਡਾਣੀ ਕਲਾਂ ਪਿੰਡ ਵਿੱਚ ਜੰਮੇ ਧਰਮਵੀਰ ਸਿੰਘ (ਜਿਨ੍ਹਾਂ ਦਾ ਕਿਰਦਾਰ ਅਕਸ਼ੇ ਖੰਨਾ ਨੇ ਨਿਭਾਇਆ) 1971 ਦੀ ਜੰਗ ਤੋਂ ਬਾਅਦ ਕਰਨਲ ਦੇ ਰੈਂਕ ਤੱਕ ਪਹੁੰਚੇ ਸਨ। ਉਨ੍ਹਾਂ ਦੀ ਮੌਤ 16 ਮਈ 2022 ਨੂੰ ਹੋਈ ਸੀ।
ਕਰਨਲ ਧਰਮਵੀਰ ਸਿੰਘ ਨੇ 2017 ਵਿੱਚ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੰਟਰਵਿਊ 'ਚ ਦਸਿਆ ਸੀ, " ਜਦੋਂ ਬਾਰਡਰ ਰਿਲੀਜ਼ ਹੋਣ ਵਾਲੀ ਸੀ ਤਾਂ ਨਿਰਦੇਸ਼ਕ ਜੇਪੀ ਦੱਤਾ ਨੇ ਕਿਹਾ ਕਿ ਸੈਂਸਰ ਬੋਰਡ ਫ਼ਿਲਮ ਰਿਲੀਜ਼ ਨਹੀਂ ਕਰ ਰਿਹਾ ਕਿਉਂਕਿ ਉਸ ਵਿਚ ਮੇਰੇ ਕਿਰਦਾਰ ਨੂੰ ਸ਼ਹੀਦ ਹੁੰਦੇ ਦਿਖਾਇਆ ਹੈI"
"ਜੇਪੀ ਦੱਤਾ ਨੇ ਕਿਹਾ ਕਿ ਉਨ੍ਹਾਂ ਨੂੰ ਫੈਕਸ ਕਰਨਾ ਪਵੇਗਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੈI ਕਈ ਲੋਕਾਂ ਨੇ ਮੈਨੂੰ ਕਾਰਵਾਈ ਕਰਨ ਨੂੰ ਕਿਹਾ ਪਰ ਮੈਂ ਸਭ ਨੂੰ ਇਹ ਕਿਹਾ ਕਿ ਇਹ ਜੈਂਟਲਮੈਨ ਵਰਗਾ ਵਰਤਾਰਾ ਨਹੀਂ ਹੋਵੇਗਾ।"
1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਬੀਐੱਸਐੱਫ਼ ਦੇ ਹੀਰੋ, ਰਿਟਾਇਰਡ ਨਾਇਕ ਭੈਰੋਂ ਸਿੰਘ ਰਾਠੌੜ ਦਾ ਕਿਰਦਾਰ ਬਾਰਡਰ ਵਿੱਚ ਸੁਨੀਲ ਸ਼ੈੱਟੀ ਨੇ ਨਿਭਾਇਆ ਸੀ। ਅਸਲ ਜ਼ਿੰਦਗੀ ਵਿੱਚ ਉਨ੍ਹਾਂ ਦੀ ਮੌਤ 19 ਦਸੰਬਰ 2022 ਨੂੰ ਹੋਈ। ਉਨ੍ਹਾਂ ਨੂੰ 1972 ਵਿੱਚ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਬਾਰਡਰ-2 ਵਿੱਚ ਸੁਨੀਲ ਸ਼ੈੱਟੀ ਦੇ ਪੁੱਤਰ ਅਹਾਨ ਸ਼ੈੱਟੀ ਨੇ ਅਦਾਕਾਰੀ ਕੀਤੀ ਹੈ।
'ਜੰਗ ਦੀ ਫ਼ਿਲਮ ਐਂਟੀ ਵਾਰ ਫ਼ਿਲਮ ਹੁੰਦੀ ਹੈ'
1971 ਦੀ ਜੰਗ 'ਤੇ ਬਣੀ ਫ਼ਿਲਮ ਇੱਕੀਸ ਦੇ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨੇ ਪੱਤਰਕਾਰ ਬਰਦਵਾਜ ਰੰਗਨ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਜੰਗ 'ਤੇ ਬਣੀ ਹਰ ਚੰਗੀ ਫ਼ਿਲਮ ਅਸਲ ਵਿੱਚ 'ਐਂਟੀ ਵਾਰ' ਫ਼ਿਲਮ ਹੁੰਦੀ ਹੈ।
29 ਸਾਲ ਪਹਿਲੇ ਨਿਰਦੇਸ਼ਕ ਜੇਪੀ ਦੱਤਾ ਦੀ ਫ਼ਿਲਮ ਬਾਰਡਰ ਦਾ ਇੱਕ ਦ੍ਰਿਸ਼ ਹੈ, ਜਿਸ ਵਿੱਚ ਸੁਨੀਲ ਸ਼ੈੱਟੀ (ਭੈਰੋਂ ਸਿੰਘ) ਪੁੱਛਦੇ ਹਨ- "ਤੂੰ ਫ਼ੌਜ ਕਿਉਂ ਜੁਆਇਨ ਕੀਤੀ?"
ਅਕਸ਼ੇ ਖੰਨਾ ਜਵਾਬ ਦਿੰਦੇ ਹਨ, "ਪਿਤਾਜੀ ਨੇ ਆਪਣੇ ਪਿਆਰ ਦੀ ਕਸਮ ਦੇ ਕੇ ਵਚਨ ਲਿਆ ਸੀ ਕਿ ਮੈਂ ਫੌਜ ਹੀ ਜੁਆਇਨ ਕਰਾਂਗਾ। ਹੱਥ ਵਿੱਚ ਬੰਦੂਕ ਫੜਾ ਕੇ ਕਿਹਾ ਕਿ ਸਾਹਮਣੇ ਵਾਲੇ ਫੌਜੀ ਨੂੰ ਗੋਲੀ ਮਾਰ ਦੇ। ਉਹ ਫੌਜੀ ਜੋ ਮੇਰੀ ਤਰ੍ਹਾਂ ਕਿਸੇ ਮਾਂ ਦਾ ਪੁੱਤਰ ਹੈ, ਜਿਸ ਨੂੰ ਮੈਂ ਕਦੇ ਜ਼ਿੰਦਗੀ ਵਿੱਚ ਕਦੇ ਨਹੀਂ ਵੇਖਿਆ। ਜਿਸ ਨੇ ਮੇਰਾ ਕੁਝ ਵੀ ਨਹੀਂ ਵਿਗਾੜਿਆ। ਜਿਸਦਾ ਨਾਂ ਤੱਕ ਮੈਂ ਨਹੀਂ ਜਾਣਦਾ। ਆਖ਼ਿਰ ਕਿਉਂ? ਕਿਸ ਲਈ?"
ਸੁਨੀਲ ਸ਼ੈੱਟੀ ਨੇ ਕਿਹਾ, "ਕਿਉਂਕਿ ਜੇ ਤੂੰ ਉਸਨੂੰ ਨਹੀਂ ਮਾਰੇਗਾ ਤਾਂ ਉਹ ਤੈਨੂੰ ਜਾਨ ਤੋਂ ਮਾਰ ਦੇਵੇਗਾ।"
ਹਾਲਾਂਕਿ ਆਪਣੇ ਸਵਾਲਾਂ ਦੇ ਬਾਵਜੂਦ ਫ਼ਿਲਮ ਵਿੱਚ ਅਕਸ਼ੇ ਖੰਨਾ ਜੰਗ ਲੜਦੇ ਹਨ ਅਤੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਜਾਂਦੇ ਹਨ। ਇਹੀ ਅਕਸ਼ੇ ਖੰਨਾ ਅੱਜਕੱਲ੍ਹ ਧੁਰੰਧਰ ਫ਼ਿਲਮ ਵਿੱਚ ਰਹਿਮਾਨ ਡਾਕੂ ਦੇ ਕਿਰਦਾਰ ਨਾਲ ਚਰਚਾ ਵਿੱਚ ਹਨ।
'ਜਦੋਂ ਦੋਵੇਂ ਪਾਸਿਆਂ ਦੀਆਂ ਗਲੀਆਂ ਵਿੱਚ ਭੁੱਖੇ ਬੱਚੇ ਰੋਂਦੇ ਹਨ..'
ਬਾਰਡਰ ਵਿੱਚ ਵੱਡੇ ਜੰਗੀ ਦ੍ਰਿਸ਼ ਦਿਖਾਏ ਗਏ ਸਨ। ਫ਼ਿਲਮ ਵਿੱਚ, ਜਿੱਥੇ ਦੇਸ਼ ਲਈ ਕੁਰਬਾਨੀ ਦਾ ਜਜ਼ਬਾ ਨਜ਼ਰ ਆਉਂਦਾ ਹੈ, ਉਹਨਾਂ ਡਾਇਲਾਗਾਂ 'ਤੇ ਥੀਏਟਰਾਂ ਵਿੱਚ ਖੂਬ ਤਾੜੀਆਂ ਵੱਜੀਆਂI
ਜਦੋਂ ਮੇਜਰ ਕੁਲਦੀਪ ਬਣੇ ਸਨੀ ਦਿਓਲ ਨੂੰ ਜੰਗ 'ਤੇ ਜਾਣ ਅਤੇ ਆਪਣੇ ਬੱਚੇ ਲਈ ਟ੍ਰਾਂਸਫ਼ਰ ਰੁਕਵਾਉਣ ਵਿੱਚੋਂ ਇੱਕ ਚੁਣਨਾ ਪਿਆ, ਤਾਂ ਉਹ ਆਪਣੀ ਪਤਨੀ ਨੂੰ ਕਹਿੰਦੇ ਹਨ ਕਿ "ਤੇਰਾ ਕੁਲਦੀਪ ਆਪਣੇ ਬੱਚੇ ਨੂੰ ਵੀ ਦੇਸ਼ ਤੋਂ ਕੁਰਬਾਨ ਕਰ ਸਕਦਾ ਹੈ।"
ਜਾਂ ਜਦੋਂ ਧਰਮਵੀਰ ਸਿੰਘ (ਅਕਸ਼ੇ ਖੰਨਾ) ਨੇ ਜੰਗ ਦੇ ਮੈਦਾਨ ਵਿੱਚ ਦਮ ਤੋੜਿਆ ਅਤੇ ਉਨ੍ਹਾਂ ਨੂੰ ਆਪਣੀ ਅੰਨੀ ਮਾਂ ਦਾ ਚਿਹਰਾ ਦਿੱਸਿਆ, ਜੋ ਉਸ ਲਈ ਸਿਹਰਾ ਬੁਣ ਰਹੀ ਹੁੰਦੀ ਹੈ ਤਾਂ ਉਸ ਸਮੇਂ ਦਰਸ਼ਕਾਂ ਦੀਆਂ ਅੱਖਾਂ ਭਰ ਆਈਆਂ ਸਨ ।
ਪਰ ਫ਼ਿਲਮ ਦੇ ਅਖ਼ੀਰ ਵਿੱਚ ਜਦੋਂ ਗੀਤ ਵੱਜਿਆ-
"ਮੇਰੇ ਦੁਸ਼ਮਨ ਮੇਰੇ ਹਮਸਾਏ… ਹਮ ਅਪਨੇ ਅਪਨੇ ਖੇਤੋਂ ਮੇਂ, ਗੇਹੂੰ ਕੀ ਜਗ੍ਹਾ ਚਾਵਲ ਕੀ ਜਗ੍ਹਾ ਯੇ ਬੰਦੂਕੇ ਕਿਉਂ ਬੋਤੇ ਹੈਂ, ਜਬ ਦੋਨੋਂ ਹੀ ਕੀ ਗਲੀਓਂ ਮੇਂ, ਕੁਛ ਭੂਖੇ ਬੱਚੇ ਰੋਤੇ ਹੈਂ.. ਆ ਖਾਏਂ ਕਸਮ ਅਬ ਜੰਗ ਨਹੀਂ ਹੋਨੇ ਪਾਏI"
ਤਾਂ ਹਰੇਕ ਦੀ ਅੱਖ ਨਮ ਹੋਈI
ਹਾਲਾਂਕਿ ਬਾਰਡਰ ਤੋਂ ਦੋ ਸਾਲ ਬਾਅਦ ਹੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਾਰਗਿਲ ਦਾ ਯੁੱਧ ਹੋਇਆ ਜਿਸ 'ਤੇ ਸ਼ੇਰਸ਼ਾਹ ਫ਼ਿਲਮ ਬਣਾਈ ਗਈ ਸੀI
‘ਫਿਲਮ ਉਹ ਜੋ ਇਨਸਾਨੀਅਤ ਨੂੰ ਬਚਾਉਣ ਦੀ ਗੱਲ ਕਰੇ’
ਜੰਗ ਜਾਂ ਜਾਸੂਸੀ 'ਤੇ ਬਣੀਆਂ ਫ਼ਿਲਮਾਂ ਵਿੱਚ ਹੀਰੋਇਜ਼ਮ ਇੱਕ ਮਹੱਤਵਪੂਰਨ ਹਿੱਸਾ ਹੁੰਦਾ ਹੈ।
ਧੁਰੰਧਰ ਨੇ ਬਾਕਸ ਆਫ਼ਿਸ 'ਤੇ ਰਿਕਾਰਡ ਤੋੜ ਕਮਾਈ ਕੀਤੀ ਹੈ, ਜਦਕਿ ਇੱਕੀਸ ਨੂੰ ਆਲੋਚਕਾਂ ਦੀ ਕਾਫ਼ੀ ਪ੍ਰਸ਼ੰਸਾ ਮਿਲੀ।
ਸੀਨੀਅਰ ਫ਼ਿਲਮ ਪੱਤਰਕਾਰ ਪੰਕਜ ਸ਼ੁਕਲਾ ਮੰਨਦੇ ਹਨ ਕਿ ਸਿਨੇਮਾ ਉਹ ਹੁੰਦਾ ਹੈ ਜੋ ਕੁਝ ਵੱਖਰਾ ਕਹੇ ਅਤੇ ਇਨਸਾਨੀਅਤ ਨੂੰ ਬਚਾਉਣ ਵਾਲਾ ਨੈਰੇਟਿਵ ਲਿਆਵੇ।
ਦੂਜੇ ਪਾਸੇ, ਭਾਰਤੀ ਫੌਜ ਵਿੱਚ ਕਰਨਲ ਰਹੇ ਅਨੁਰਾਗ ਅਵਸਥੀ ਐਕਸ 'ਤੇ ਲਿਖਦੇ ਹਨ ਕਿ "ਇੱਕੀਸ ਸੈਕੰਡ ਲੈਫ਼ਟਿਨੈਂਟ ਅਰੁਣ ਖੇਤਰਪਾਲ ਦੀ ਸ਼ਹਾਦਤ ਅਤੇ ਵਿਰਾਸਤ ਨੂੰ ਕੇਂਦਰ ਵਿੱਚ ਰੱਖਣ ਦੀ ਬਜਾਏ ਗ਼ੈਰ-ਜ਼ਰੂਰੀ 'ਪੈਸੀਫ਼ਿਸਟ ਸੋਚ' 'ਤੇ ਜ਼ਿਆਦਾ ਧਿਆਨ ਦਿੰਦੀ ਹੈ।"
ਜਦਕਿ ਸੀਨੀਅਰ ਫ਼ਿਲਮ ਪੱਤਰਕਾਰ ਅਜੇ ਬ੍ਰਹਮਾਤਜ ਕਹਿੰਦੇ ਹਨ," ਇੱਕੀਸ ਅਰੁਣ ਖੇਤਰਪਾਲ ਦੀ ਸ਼ਹਾਦਤ ਦੀ ਕਹਾਣੀ ਤਾਂ ਹੈ ਹੀ, ਪਰ ਨਾਲ ਹੀ ਜੰਗ ਦੀ ਤਬਾਹੀ, ਮਨੁੱਖਤਾ ਅਤੇ ਮਾਫ਼ੀ ਦੀ ਕਹਾਣੀ ਵੀ ਹੈ। ਆਖ਼ਰਕਾਰ ਇਹ ਫ਼ਿਲਮ ਜੰਗ ਦੇ ਖ਼ਿਲਾਫ਼ ਹੀ ਖੜ੍ਹੀ ਹੁੰਦੀ ਹੈ।"
'ਨਾ ਰਿਸ਼ਤਿਆਂ ਦੀ ਕਦਰ ਹੈ ਨਾ ਜਾਨ ਦੀ'
ਇੱਥੇ ਫ਼ਿਲਮ ਰਾਜ਼ੀ ਵੀ ਯਾਦ ਆਉਂਦੀ ਹੈ, ਜਿਸ ਵਿੱਚ ਭਾਰਤ ਦੀ ਸਹਿਮਤ (ਆਲੀਆ ਭੱਟ) ਪਾਕਿਸਤਾਨੀ ਫੌਜੀ ਨਾਲ ਵਿਆਹ ਕਰਕੇ ਭਾਰਤ ਲਈ ਜਾਸੂਸੀ ਕਰਦੀ ਹੈ। ਉਹ ਕਹਿੰਦੀ ਹੈ-
"ਮੁਲਕ ਤੋਂ ਅੱਗੇ ਕੁਝ ਨਹੀਂ, ਆਪ ਵੀ ਨਹੀਂ।"
ਇਹ ਹਰਿੰਦਰ ਸਿੱਕਾ ਦੀ ਕਿਤਾਬ 'ਤੇ ਆਧਾਰਿਤ ਇੱਕ ਅਸਲ ਭਾਰਤੀ ਅੰਡਰਕਵਰ ਮਹਿਲਾ ਏਜੰਟ ਦੀ ਕਹਾਣੀ ਸੀ। ਰਾਜ਼ੀ ਦਾ ਇੱਕ ਦ੍ਰਿਸ਼ ਦਰਸ਼ਕਾਂ ਨੂੰ ਬੇਅਰਾਮ ਕਰ ਦਿੰਦਾ ਹੈ, ਜਦੋਂ ਸਭ ਕੁਝ ਗਵਾ ਕੇ ਸਹਿਮਤ ਸਵਾਲ ਚੁੱਕਦੀ ਹੈ- "ਨਹੀਂ ਸਮਝ ਆਤੀ ਆਪਕੀ ਯੇ ਦੁਨੀਆ, ਨਾ ਰਿਸ਼ਤੋਂ ਕੀ ਕਦਰ ਹੈ ਨਾ ਜਾਨ ਕੀ, ਇਸਸੇ ਪਹਿਲੇ ਮੈਂ ਪੂਰੀ ਤਰਹ ਆਪ ਜੈਸੀ ਬਣ ਜਾਊਂ ਮੁਝੇ ਇਸ ਸਬ ਸੇ ਨਿਕਲਨਾ ਹੈ, ਮੁਝੇ ਅਪਨੇ ਘਰ ਜਾਨਾ ਹੈ।"
ਸੰਦੇਸੇ ਆਤੇ ਹੈਂ: ਜੰਗ ਤੋਂ ਪਰੇ ਸਿਪਾਹੀਆਂ ਦੀ ਜ਼ਿੰਦਗੀ
ਫ਼ਿਲਮ ਬਾਰਡਰ, ਜੰਗ ਅਤੇ ਸਿਪਾਹੀਆਂ ਦੀ ਕਹਾਣੀ ਹੋਣ ਦੇ ਬਾਵਜੂਦ, ਉਨ੍ਹਾਂ ਦੇ ਸੁਪਨਿਆਂ, ਬੈਰਕਾਂ ਵਿਚਕਾਰ ਬਣਦੀਆਂ ਦੋਸਤੀਆਂ ਅਤੇ ਅਧੂਰੀਆਂ ਖ਼ਾਹਿਸ਼ਾਂ ਲਈ ਵੀ ਥਾਂ ਬਣਾਉਂਦੀ ਹੈ।
ਮਾਰੂਥਲ ਵਿੱਚ ਜਦੋਂ ਸਿਪਾਹੀਆਂ ਦੀ ਚਿੱਠੀ ਆਉਂਦੀ ਹੈ, ਤਾਂ ਨੌਂ ਮਿੰਟ ਲੰਬਾ ਗੀਤ 'ਸੰਦੇਸੇ ਆਤੇ ਹੈਂ' ਹਰ ਫੌਜੀ ਦੀ ਕਹਾਣੀ ਬੁਣ ਦਿੰਦਾ ਹੈ।
ਇੱਥੇ ਬਾਰਡਰ ਦਾ ਉਹ ਦ੍ਰਿਸ਼ ਯਾਦ ਆਉਂਦਾ ਹੈ, ਜੋ ਲੰਬਾ ਹੋਣ ਕਾਰਨ ਫ਼ਿਲਮ ਤੋਂ ਕੱਟ ਦਿੱਤਾ ਗਿਆ ਸੀ। ਸਨੀ ਦਿਓਲ ਨੇ ਰਣਬੀਰ ਅਲਾਹਾਬਾਦੀਆ ਦੇ ਪੌਡਕਾਸਟ ਵਿੱਚ ਦੱਸਿਆ ਸੀ,
"ਜੰਗ ਖ਼ਤਮ ਹੋਣ ਤੋਂ ਬਾਅਦ ਮੈਂ ਉੱਥੇ ਬਣੇ ਮੰਦਰ ਵਿੱਚ ਜਾਂਦਾ ਹਾਂ। ਪਿੱਛੇ ਟੁੱਟਿਆ ਹੋਇਆ ਟੈਂਕ ਹੁੰਦਾ ਹੈ। ਮੈਨੂੰ ਉਹ ਸਾਰੇ ਸਿਪਾਹੀ ਬੈਠੇ ਦਿੱਸਦੇ ਹਨ ਜੋ ਮਾਰੇ ਗਏ ਸਨ। ਮੈਂ ਉਨ੍ਹਾਂ ਨੂੰ ਕਹਿੰਦਾ ਹਾਂ- ਤੁਸੀਂ ਹੁਣ ਜਿਸ ਦੁਨੀਆ ਵਿੱਚ ਹੋ, ਉਹ ਜੰਨਤ ਹੈ, ਉੱਥੇ ਕੋਈ ਜੰਗ ਨਹੀਂ ਹੁੰਦੀ।"
ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਫ਼ਿਲਮਾਂ ਨੂੰ ਲੈ ਕੇ ਚੱਲ ਰਹੀ ਬਹਿਸ ਬਾਰੇ ਸੀਨੀਅਰ ਪੱਤਰਕਾਰ ਪੰਕਜ ਸ਼ੁਕਲਾ ਕਹਿੰਦੇ ਹਨ, "ਧੁਰੰਧਰ ਜੀਓ ਸਟੂਡੀਓਜ਼ ਨੇ ਬਣਾਈ ਹੈ ਅਤੇ 'ਇੱਕੀਸ' ਨੂੰ ਵੀ ਜੀਓ ਸਟੂਡੀਓਜ਼ ਨੇ ਹੀ ਡਿਸਟ੍ਰਿਬਿਊਟ ਕੀਤਾ ਹੈ। ਦੋਹਾਂ ਦਾ ਨਫ਼ਾ-ਨੁਕਸਾਨ ਇੱਕੋ ਕੰਪਨੀ ਦਾ ਹੈ। ਇਸ ਲਈ ਦੋਹਾਂ ਫ਼ਿਲਮਾਂ ਦੀ ਤੁਲਨਾ ਕਰਕੇ ਸੋਸ਼ਲ ਮੀਡੀਆ 'ਤੇ ਆਪਸ ਵਿੱਚ ਨਾ ਲੜੋ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ