FIFA WORLD CUP: 5 ਗੱਲਾਂ ਜਿਨ੍ਹਾਂ ਕਰਕੇ ਯਾਦ ਰਹੇਗਾ ਫੀਫਾ ਵਿਸ਼ਵ ਕੱਪ 2018 ਦਾ ਫਾਈਨਲ

ਫੀਫਾ ਵਿਸ਼ਵ ਕੱਪ 2018 ਦੇ ਫਾਈਨਲ ਮੁਕਾਬਲੇ ਤੋਂ ਬਾਅਦ ਇਨਾਮ ਵੰਡ ਸਮਾਗਮ ਵਿੱਚ ਕ੍ਰੋਏਸ਼ੀਆ ਦੀ ਰਾਸ਼ਟਰਪਤੀ ਕੋਲਿੰਦਾ ਗਰਾਬਰ ਕਿਟਾਰੋਵਿਕ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਮੀਂਹ ਵੀ ਪੈਣ ਲੱਗ ਪਿਆ ਸੀ।

ਤੇਜ਼ ਮੀਂਹ ਵਿੱਚ ਵਲਾਦੀਮੀਰ ਪੁਤਿਨ ਨੂੰ ਤਾਂ ਛਤਰੀ ਛੇਤੀ ਮਿਲ ਗਈ ਪਰ ਫਰਾਂਸ ਦੇ ਰਾਸ਼ਟਰਪਤੀ ਇਮੈਨਿਊਲ ਮੈਕਰੋਂ ਫਰਾਂਸ ਦੀ ਜਿੱਤ ਦੀ ਖੁਸ਼ੀ ਅਤੇ ਕ੍ਰੋਏਸ਼ੀਆ ਦੀ ਰਾਸ਼ਟਰਪਤੀ ਆਪਣੀ ਟੀਮ ਦੀ ਹਾਰ ਦੇ ਗਮ ਵਿੱਚ ਭਿੱਜੇ ਹੋਏ ਸਨ।

ਇਸ ਲਈ ਉਨ੍ਹਾਂ ਨੇ ਛਤਰੀ ਲੈਣਾ ਜ਼ਰੂਰੀ ਨਹੀਂ ਸਮਝਿਆ।

ਫਰਾਂਸ ਨੇ ਫੀਫਾ ਵਿਸ਼ਵ ਕੱਪ 2018 ਜਿੱਤ ਲਿਆ ਹੈ। ਇੱਕ ਰੋਮਾਂਚਕ ਮੁਕਾਬਲੇ ਵਿੱਚ ਫਰਾਂਸ ਨੇ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ਖੇਡ ਰਹੀ ਕ੍ਰੋਏਸ਼ੀਆ ਦੀ ਟੀਮ ਨੂੰ 4-2 ਨਾਲ ਮਾਤ ਦਿੱਤੀ।

ਫਰਾਂਸ ਨੇ ਦੂਜੀ ਵਾਰ ਫੁੱਟਬਾਲ ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਪਹਿਲਾਂ 1998 ਵਿੱਚ ਫਰਾਂਸ ਨੇ ਵਿਸ਼ਵ ਕੱਪ ਆਪਣੇ ਨਾਂ ਕੀਤਾ ਸੀ।

ਮੈਚ ਦੌਰਾਨ ਭਾਵੇਂ ਫੁੱਟਬਾਲ 66 ਫੀਸਦੀ ਕ੍ਰੋਏਸ਼ੀਆ ਦੀ ਟੀਮ ਕੋਲ ਰਹੀ ਪਰ ਫਿਰ ਵੀ ਫਰਾਂਸ ਦਾ ਹਮਲਾਵਰ ਰੁਖ ਕ੍ਰੋਏਸ਼ੀਆ 'ਤੇ ਪੂਰੇ ਤਰੀਕੇ ਨਾਲ ਭਾਰੂ ਨਜ਼ਰ ਆਇਆ।

ਸਭ ਤੋਂ ਪਹਿਲਾਂ ਕ੍ਰੋਏਸ਼ੀਆ ਦੇ ਮਾਰੀਓ ਨੇ ਆਪਣੇ ਹੀ ਗੋਲ ਵਿੱਚ ਗੋਲ ਦਾਗ ਕੇ ਫਰਾਂਸ ਨੂੰ ਲੀਡ ਲੈਣ ਵਿੱਚ ਸਹਿਯੋਗ ਕੀਤਾ।

ਕ੍ਰੋਏਸ਼ੀਆ ਨੇ ਵੀ ਵਾਪਸੀ ਕੀਤੀ ਅਤੇ ਇਵਾਨ ਪੈਰਸਿਚ ਨੇ 28ਵੇਂ ਮਿੰਟ ਵਿੱਚ ਸ਼ਾਨਦਾਰ ਸ਼ੌਟ ਨਾਲ ਆਪਣੀ ਟੀਮ ਨੂੰ ਬਰਾਬਰੀ 'ਤੇ ਲੈ ਆਏ ਸਨ ਪਰ ਉਸ ਤੋਂ ਬਾਅਦ ਦਬਦਬਾ ਫਰਾਂਸ ਦਾ ਹੀ ਨਜ਼ਰ ਆਇਆ।

ਪਾਓਲ ਪੋਗਬਾ ਨੇ ਖੇਡ ਦੇ 59ਵੇਂ ਮਿੰਟ ਵਿੱਚ ਫਰਾਂਸ ਲਈ ਤੀਜਾ ਅਤੇ ਕਾਈਲਨ ਪੋਗਬੇ ਨੇ 65ਵੇਂ ਮਿੰਟ ਵਿੱਚ ਚੌਥਾ ਗੋਲ ਕਰ ਦਿੱਤਾ।

ਕ੍ਰੋਏਸ਼ੀਆ ਦੇ ਮਾਰੀਓ ਮੈਂਡਜੁਕਿਚ ਨੇ 69ਵੇਂ ਮਿੰਟ ਵਿੱਚ ਕਿੱਕ ਲੈਂਦੇ ਗੋਲ ਕੀਪਰ ਤੋਂ ਫੁੱਟਬਾਲ ਖੋਹਦੇਂ ਹੋਏ ਗੋਲ ਕਰ ਦਿੱਤਾ। ਗੋਲ ਦਾ ਫਾਸਲਾ ਘੱਟ ਤਾਂ ਹੋਇਆ ਪਰ ਖ਼ਤਮ ਨਾ ਹੋ ਸਕਿਆ।

2018 ਦੇ ਫਾਈਨਲ ਮੁਕਾਬਲੇ ਦੀਆਂ ਖ਼ਾਸ ਗੱਲਾਂ

1. ਮਾਰੀਓ ਮੈਂਡਜੁਕਿਚ ਮੈਚ ਵਿਸ਼ਵ ਕੱਪ ਦੇ ਫਾਈਨਲ ਵਿੱਚ ਆਪਣੇ ਪਾਲੇ ਵਿੱਚ ਹੀ ਗੋਲ ਕਰਨ ਵਾਲੇ ਪਹਿਲੇ ਖਿਡਾਰੇ ਬਣੇ ਹਨ।

2. ਕ੍ਰੋਏਸ਼ੀਆ ਦੇ ਇਵਾਨ ਪੈਰਸਿਚ ਨੇ ਆਪਣੀ ਟੀਮ ਲਈ ਇੱਕ ਗਲਤੀ ਕੀਤੀ। ਉਨ੍ਹਾਂ ਦਾ ਹੱਥ ਫੁੱਟਬਾਲ ਨੂੰ ਲੱਗ ਗਿਆ। ਫੀਫਾ ਵਿਸ਼ਵ ਕੱਪ ਫਾਈਨਲ ਵਿੱਚ ਪਹਿਲੀ ਵਾਰ VAR ਜ਼ਰੀਏ ਰਿਵੀਊ ਕੀਤਾ ਗਿਆ ਜਿਸ ਨਾਲ ਫਰਾਂਸ ਨੂੰ ਪੈਨਲਟੀ ਮਿਲੀ।

ਫਰਾਂਸ ਦੇ ਐਨਟੋਈਨ ਗ੍ਰਿਜ਼ਮਨ ਨੇ ਪੈਨਲਟੀ ਕਿੱਕ ਲੈਂਦੇ ਹੋਏ ਗੋਲ ਕੀਤਾ ਅਤੇ ਫਰਾਂਸ ਨੂੰ 3-1 ਦੀ ਲੀਡ ਲੈ ਦਿੱਤੀ।

3. ਫਰਾਂਸ ਦੇ ਕੋਚ ਡੀਡੀਏ ਡੇਸ਼ਾਮਪਸ ਤੀਜੇ ਸ਼ਖਸ ਹਨ ਜਿਨ੍ਹਾਂ ਨੇ ਖਿਡਾਰੀ ਅਤੇ ਮੈਨੇਜਰ ਦੇ ਤੌਰ 'ਤੇ ਵਿਸ਼ਵ ਕੱਪ ਜਿੱਤਿਆ ਹੈ।

4. ਫਰਾਂਸ 1970 ਤੋਂ ਬਾਅਦ ਪਹਿਲੀ ਟੀਮ ਬਣੀ ਹੈ ਜਿਸ ਨੇ ਵਿਸ਼ਵ ਕੱਪ ਫਾਈਨਲ ਵਿੱਚ 4 ਗੋਲ ਕੀਤੇ। ਇਸ ਤੋਂ ਪਹਿਲਾਂ ਬ੍ਰਾਜ਼ੀਲ ਨੇ ਇਟਲੀ ਨੂੰ 1970 ਵਿੱਚ 4-1 ਨਾਲ ਹਰਾਇਆ ਸੀ।

5. ਮਬਾਪੇ ਬ੍ਰਾਜ਼ੀਲ ਦੇ ਪੇਲੇ ਤੋਂ ਬਾਅਦ ਦੂਜੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣੇ ਹਨ ਜਿਨ੍ਹਾਂ ਨੇ ਵਿਸ਼ਵ ਕੱਪ ਫਾਈਨਲ ਵਿੱਚ ਗੋਲ ਕੀਤਾ ਹੈ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)