ਵਿਸ਼ਵ ਫੁੱਟਬਾਲ ਕੱਪ 2018: ਜਦੋਂ ਆਪਣੇ ਪਾਲੇ 'ਚ ਗੋਲ ਕਰਨਾ ਬਣਿਆ ਖਿਡਾਰੀ ਲਈ ਮੌਤ ਦਾ ਸਬੱਬ

ਸਕਾਟਲੈਂਡ ਦੇ ਫੁੱਟਬਾਲ ਖਿਡਾਰੀਆਂ ਟੌਮ ਬਾਇਡ, ਬ੍ਰਾਜ਼ੀਲ ਦੇ ਮਾਰਸੈਲੋ ਅਤੇ ਮੋਰੋਕੋ ਦੇ ਅਜ਼ੀਜ਼ ਵਿਚਾਲੇ ਕਿਹੜੀ ਸਾਂਝ ਹੈ ?

ਬਹੁਤ ਸਾਰੀਆਂ ਚੀਜ਼ਾਂ ਤਾਂ ਨਹੀਂ ਹਨ ਪਰ ਅਸਲ ਵਿੱਚ ਇਨ੍ਹਾਂ ਤਿੰਨਾ ਦਾ ਨਾਮ ਉਨ੍ਹਾਂ ਦੀਆਂ ਗਲਤੀਆਂ ਕਾਰਨ ਵਿਸ਼ਵ ਕੱਪ ਇਤਿਹਾਸ ਦੇ ਮਾੜੇ ਰਿਕਾਰਡ ਨਾਲ ਜੁੜ ਗਿਆ ਹੈ।

ਤਿੰਨਾਂ ਨੇ ਹੀ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਹੀ ਮੈਚ ਵਿੱਚ ਆਪਣੇ ਪਾਲੇ ਮਤਲਬ ਕਿ ਆਪਣੀ ਟੀਮ ਦੇ ਖ਼ਿਲਾਫ ਗੋਲ ਕਰਨ ਦਾ ਰਿਕਾਰਡ ਬਣਾਇਆ ਹੈ।

ਇਰਾਨ ਨੂੰ ਜਿਸ ਤਰ੍ਹਾਂ ਸ਼ੁੱਕਰਵਾਰ ਸ਼ਾਮ ਦੇ ਮੈਚ ਵਿੱਚ ਜਿੱਤ ਮਿਲੀ ਉਹ ਵੀ ਹੈਰਾਨ ਕਰਨ ਵਾਲੀ ਸੀ ਕਿਉਂਕਿ ਕਿਉਂਕਿ ਮੋਰੋੱਕੋ ਦੇ ਖਿਡਾਰੀ ਅਜ਼ੀਜ਼ ਬਓਹਾਡੌਜ਼ ਨੇ ਆਪਣੇ ਹੀ ਪਾਲੇ ਵਿੱਚ ਗੋਲ ਦਾਗ ਦਿੱਤਾ।

94ਵੇਂ ਮਿੰਟ ਤੱਕ ਲੱਗ ਰਿਹਾ ਸੀ ਕਿ 0-0 ਨਾਲ ਮੈ ਡਰਾਅ ਹੋਵੇਗਾ ਪਰ ਮੋਰੋੱਕੋ ਦੇ ਖਿਡਾਰੀ ਦੀ ਵਜ੍ਹਾ ਕਰਕੇ ਇਰਾਨ ਨੇ 1-0 ਨਾਲ ਮੈਚ ਜਿੱਤ ਲਿਆ।

ਟੌਮ ਬਾਇਡ ਬਹੁਤ ਪਹਿਲਾਂ ਹੀ ਖੇਡਾਂ ਤੋਂ ਸਨਿਆਸ ਲੈ ਚੁੱਕੇ ਹਨ, ਉੱਥੇ ਹੀ ਬ੍ਰਾਜ਼ੀਲ ਦੇ ਲੈਫਟ ਬੈਕ ਮਾਰਸੈਲੋ ਰੂਸ ਵਿੱਚ ਟੀਮ ਦੇ ਨਾਲ ਹਨ। ਯਕੀਨੀ ਹੀ ਉਹ ਇਸ ਵਾਰ ਪਿਛਲੇ ਵਿਸ਼ਵ ਕੱਪ ਦੀ ਉਹ ਗਲਤੀ ਦੁਹਰਾਉਣਾ ਨਹੀਂ ਚਾਹੁਣਗੇ ਜਦੋਂ ਉਹ ਆਪਣੇ ਪਾਲੇ ਵਿੱਚ ਗੋਲ ਕਰਨ ਵਾਲੇ ਬ੍ਰਾਜ਼ੀਲ ਦੇ ਪਹਿਲੇ ਖਿਡਾਰੀ ਬਣੇ ਸਨ।

ਸਭ ਤੋਂ ਬੁਰਾ ਤਾਂ ਇਹ ਸੀ ਕਿ ਬ੍ਰਾਜ਼ੀਲ ਆਪਣੇ ਹੋਮ ਗ੍ਰਾਊਂਡ 'ਤੇ ਗਰੁੱਪ 'ਏ' ਦੇ ਮੁਕਾਬਲੇ ਵਿੱਚ ਕ੍ਰੋਏਸ਼ੀਆ ਨਾਲ ਖੇਡ ਰਿਹਾ ਸੀ।

ਹਾਲਾਂਕਿ ਇਸ ਸ਼ੁਰੂਆਤੀ ਗੋਲ ਦਾ ਮੈਚ 'ਤੇ ਖ਼ਾਸ ਅਸਰ ਨਹੀਂ ਪਿਆ ਅਤੇ ਬ੍ਰਾਜ਼ੀਲ ਨੇ ਇਸ ਨੂੰ 3-1 ਨਾਲ ਜਿੱਤ ਲਿਆ।

ਰਿਅਲ ਮੈਡ੍ਰਿਡ ਦੇ ਖਿਡਾਰੀ ਮਾਰਸੈਲੋ ਨੇ ਰਾਹਤ ਦਾ ਸਾਹ ਲੈਂਦਿਆਂ ਉਦੋਂ ਕਿਹਾ, "ਮੈਨੂੰ ਸ਼ਾਂਤ ਰਹਿਣਾ ਪਵੇਗਾ। ਇਹ ਕਾਫੀ ਦਰਦਨਾਕ ਹੈ। 11ਵੇਂ ਮਿੰਟ ਵਿੱਚ ਮੈਂ ਆਪਣੀ ਟੀਮ ਲਈ ਹਾਲਾਤ ਖ਼ਰਾਬ ਕਰ ਦਿੱਤੇ ਸਨ। ਦਰਸ਼ਕ ਮੇਰਾ ਨਾਮ ਲੈ ਕੇ ਚੀਕਣ ਲੱਗ ਪਏ ਸਨ।"

ਇਸ ਦੇ ਉਲਟ ਟੌਮ ਬਾਇਡ ਨੂੰ ਆਪਣੇ ਪਾਲੇ ਵਿੱਚ ਗੋਲ ਕਰਨ ਤੋਂ ਬਾਅਦ ਰਾਹਤ ਨਹੀਂ ਮਿਲੀ ਸੀ ਕਿਉਂਕਿ ਉਸ ਕਾਰਨ ਬ੍ਰਾਜ਼ੀਲ ਨੇ ਸਕਾਟਲੈਂਡ ਨੂੰ 2-1 ਨਾਲ ਹਰਾ ਦਿੱਤਾ ਸੀ।

ਫੁੱਟਬਾਲ ਦੇ ਮੈਦਾਨ ਦੀ ਵਿਰਲੀਘਟਨਾ

ਫੀਫਾ ਮੁਤਾਬਕ ਪਹਿਲੇ ਵਿਸ਼ਵ ਕੱਪ 1930 ਤੋਂ ਲੈ ਕੇ 2014 ਤੱਕ 2300 ਗੋਲ ਕੀਤੇ ਗਏ ਹਨ। ਇਨ੍ਹਾਂ ਵਿੱਚ ਆਪਣੇ ਪਾਲੇ ਵਿੱਚ ਗੋਲ ਕਰਨ ਵਾਲਿਆਂ ਦੀ ਗਿਣਤੀ 41 ਹੈ।

ਫੁੱਟਬਾਲ ਦੇ ਮੈਦਾਨ 'ਤੇ ਇਹ ਵਿਰਲਾ ਹੀ ਵਾਪਰਨ ਵਾਲੀ ਘਟਨਾ ਹੈ ਪਰ ਅਜਿਹਾ ਕਰਨ ਵਾਲੀ ਟੀਮ ਲਈ ਇਹ ਖ਼ਤਰਨਾਕ ਹੈ।

ਵਿਸ਼ਵ ਕੱਪ ਦੇ ਮੈਦਾਨ ਵਿੱਚ ਆਪਣੇ ਹੀ ਪਾਲੇ ਵਿੱਚ ਗੋਲ ਕਰਨ ਵਾਲਿਆਂ ਦੇ ਨਾਲ ਦਰਦਨਾਕ ਘਟਨਾਵਾਂ ਵੀ ਹੋਈਆਂ ਹਨ।

1994 ਵਿੱਚ ਵਿਸ਼ਵ ਕੱਪ ਦੌਰਾਨ ਕੋਲੰਬੀਆ ਦੇ ਡਿਫੈਂਡਰ ਆਂਦਰੇ ਐਸਕੋਬਾਰ ਨੇ ਅਮਰੀਕਾ ਖ਼ਿਲਾਫ਼ ਖੇਡਦੇ ਹੋਏ ਆਪਣੇ ਪਾਲੇ ਵਿੱਚ ਗੋਲ ਕਰ ਦਿੱਤਾ ਸੀ ਜਿਸ ਕਾਰਨ ਉਨ੍ਹਾਂ ਦੀ ਟੀਮ 2-1 ਨਾਲ ਹਾਰ ਗਈ ਸੀ। ਇਸ ਤੋਂ ਇੱਕ ਹਫ਼ਤੇ ਬਾਅਦ ਹੀ ਉਸ ਨੂੰ ਮੈਡੇਲਿਨ ਵਿੱਚ ਨਾਈਟ ਕਲੱਬ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਉਸ ਗੋਲ ਦੇ ਕਾਰਨ ਹੀ ਦੱਖਣੀ ਅਮਰੀਕੀ ਟੀਮ ਉਸ ਟੂਰਨਾਮੈਂਟ ਤੋਂ ਪਹਿਲਾਂ ਹੀ ਬਾਹਰ ਹੋ ਗਈ ਸੀ।

ਐਸਕੋਬਾਰ ਨੂੰ ਕੋਲੰਬੀਆ ਦੇ ਡਰੱਗ ਕਾਰਟੇਲ ਦੇ ਮੈਂਬਰ ਗੈਲੋਨ ਬ੍ਰਦਰਜ਼ ਦੇ ਬਾਡੀਗਾਰਡ ਹਮਬਰਟੇ ਨੇ ਗੋਲੀ ਮਾਰੀ ਸੀ। ਰਿਪੋਰਟਾਂ ਮੁਤਾਬਕ ਵਿਸ਼ਵ ਕੱਪ ਵਿੱਚ ਸਫਲਤਾ ਨੂੰ ਲੈ ਕੇ ਉਨ੍ਹਾਂ ਨੇ ਵੱਡੀ ਰਾਸ਼ੀ ਦਾਅ 'ਤੇ ਲਗਾਈ ਸੀ।

ਇੱਕ ਲੱਖ 20 ਹਜ਼ਾਰ ਤੋਂ ਵਧ ਲੋਕਾਂ ਨੇ ਐਸਕੋਬਾਰ ਦੀ ਅੰਤਿਮ ਯਾਤਰਾ ਵਿੱਚ ਹਿੱਸਾ ਲਿਆ ਸੀ।

ਆਪਣੇ ਪਾਲੇ 'ਚ ਗੋਲ ਦਾ ਰਿਕਾਰਡ ਬੁੱਕ

ਹੁਣ ਤੱਕ ਖੇਡੇ ਗਏ ਸਾਰੇ ਵਿਸ਼ਵ ਕੱਪਾਂ ਵਿਚੋਂ ਕੇਵਲ 1934, 1958, 1962 ਅਤੇ 1990 ਦੇ ਵਿਸ਼ਵ ਕੱਪਾਂ 'ਚ ਆਪਣੇ ਪਾਲੇ ਵਿੱਚ ਕੀਤੇ ਗਏ ਗੋਲ ਨਹੀਂ ਮਿਲੇ।

ਫਰਾਂਸ ਵਿੱਚ ਖੇਡੇ ਗਏ 1998 ਦੇ ਵਿਸ਼ਵ ਕੱਪ ਵਿੱਚ ਸਭ ਤੋਂ ਵਧ 6 ਆਪਣੇ ਪਾਲੇ ਵਿੱਚ ਗੋਲ ਕਰਨ ਦੀਆਂ ਘਟਨਾਵਾਂ ਵਾਪਰੀਆਂ। ਇਸ ਵਿੱਚ ਬ੍ਰਾਜ਼ੀਲ ਦੇ ਖ਼ਿਲਾਫ਼ ਮੈਚ ਵਿੱਚ ਕੀਤਾ ਗਿਆ ਬਾਇਡ ਦਾ ਗੋਲ ਵੀ ਸ਼ਾਮਿਲ ਹੈ।

2014 ਦੇ ਵਿਸ਼ਵ ਕੱਪ ਮੁਕਾਬਲੇ ਵਿੱਚ ਵੀ 5 ਗੋਲ ਦਾਗੇ ਗਏ, ਇਨ੍ਹਾਂ ਵਿਚੋਂ ਦੋ ਗੋਲ ਤਾਂ ਫਰਾਂਸ ਦੇ ਦੋ ਵੱਖ-ਵੱਖ ਮੈਚਾਂ ਦੌਰਾਨ ਕੀਤੇ ਗਏ ਅਤੇ ਹੋਂਡੁਰਾਮ ਅਤੇ ਨਾਈਜੀਰੀਆ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਿਆ।

ਹੁਣ ਕੀ ਰੂਸ ਵਿੱਚ (1998 ਦੀ) ਫਰਾਂਸ ਦਾ ਉਹ ਰਿਕਾਰਡ ਟੁੱਟ ਸਕਦਾ ਹੈ, ਇਹ ਤਾਂ ਆਉਣ ਵਾਲਾ ਵੇਲਾ ਹੀ ਦੱਸੇਗਾ।

ਇੱਕ ਮਜ਼ੇਦਾਰ ਅੰਕੜਾ ਇਹ ਵੀ ਹੈ ਕਿ ਫਰਾਂਸ ਹੀ ਇੱਕ ਅਜਿਹੀ ਵਿਸ਼ਵ ਕੱਪ ਜੇਤੂ ਟੀਮ ਹੈ ਜਿਸ ਨੇ ਵਿਸ਼ਵ ਕੱਪ ਦੌਰਾਨ ਕਦੇ ਆਪਣੇ ਪਾਲੇ ਵਿੱਚ ਗੋਲ ਨਹੀਂ ਕੀਤਾ।

ਇੰਨਾ ਹੀ ਨਹੀਂ ਇਟਲੀ ਅਤੇ ਜਰਮਨੀ ਦੇ ਨਾਲ ਹੀ ਫਰਾਂਸ ਨੂੰ ਵਿਸ਼ਵ ਕੱਪ ਦੌਰਾਨ ਆਪਣੇ ਪਾਲੇ ਵਿੱਚ ਗੋਲ ਦਾ ਸਭ ਤੋਂ ਵਧ ਚਾਰ ਵਾਰ ਲਾਭ ਵੀ ਮਿਲਿਆ ਹੈ।

ਬੁਲਗਾਰੀਆ ਦੇ ਨਾਮ ਦੋ ਰਿਕਾਰਡ ਹਨ

  • ਇੱਕ ਹੀ ਟੂਰਨਾਮੈਂਟ (1996) 'ਚ ਆਪਣੇ ਪਾਲੇ 'ਚ ਦੋ ਗੋਲ ਅਤੇ
  • ਮੈਕਸੀਕੋ ਅਤੇ ਸਪੇਨ ਦੇ ਨਾਲ ਹੀ ਆਪਣੇ ਪਾਲੇ 'ਚ ਤਿੰਨ ਗੋਲ ਕਰਨ ਦਾ ਰਿਕਾਰਡ

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।