You’re viewing a text-only version of this website that uses less data. View the main version of the website including all images and videos.
ਟਰੰਪ-ਪੁਤਿਨ ਦੀ ਮਿਲਣੀ ਕਿਉਂ ਮਹੱਤਵਪੂਰਨ ਹੈ?
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉਨ੍ਹਾਂ ਦੇ ਰੂਸੀ ਹਮਰਪਤਬਾ ਵਲਾਦੀਮੀਰ ਪੁਤਿਨ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਬੈਠਕ ਕਰ ਰਹੇ ਹਨ। ਪਰ ਇਸ ਤੋਂ ਗਰਮਜੋਸ਼ੀ ਵਾਲੀਆਂ ਆਸਾਂ ਕਿਉਂ ਰੱਖੀਆਂ ਜਾ ਰਹੀਆਂ ਹਨ।
ਅਮਰੀਕਾ ਅਤੇ ਰੂਸ ਲੰਬੇ ਸਮੇਂ ਤੋਂ ਵਿਰੋਧੀ ਰਹੇ ਹਨ ਪਰ ਤਾਜ਼ਾ ਇਲਜ਼ਾਮ ਹੈ ਕਿ ਮਾਸਕੋ ਨੇ 2016 ਵਿੱਚ ਅਮਰੀਕੀ ਚੋਣਾਂ ਵਿੱਚ ਦਖ਼ਲਅੰਦਾਜ਼ੀ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ:
ਕਿਉਂ ਹੈ ਅਮਰੀਕਾ-ਰੂਸ 'ਚ ਤਣਾਅ?
ਇਨ੍ਹਾਂ ਦੋਵਾਂ ਵਿਚਾਲੇ ਤਣਾਅ ਸ਼ੀਤ ਯੁੱਧ (1945 ਤੋਂ 1989) ਤੋਂ ਸ਼ੁਰੂ ਹੋਇਆ ਅਤੇ ਜਦੋਂ ਅਮਰੀਕਾ ਅਤੇ ਸੋਵੀਅਤ ਸੰਘ ਵਿਚਾਲੇ ਵਿਰੋਧਤਾ ਸੀ।
2014 ਵਿੱਚ ਰੂਸ ਦੇ ਕ੍ਰੀਮੀਆ ਨੂੰ ਯੂਕ੍ਰੈਨ ਤੋਂ ਵੱਖ ਕਰ ਲੈਣ ਤੋਂ ਬਾਅਦ ਦੋਵਾਂ ਦੇਸਾਂ ਦੇ ਦੁਵੱਲੇ ਸੰਬੰਧਾਂ ਵਿੱਚ ਹੋਰ ਗਿਰਾਵਟ ਆ ਗਈ।
ਇਸ ਤੋਂ ਬਾਅਦ ਅਮਰੀਕਾ ਅਤੇ ਕਈ ਹੋਰ ਦੇਸਾਂ ਨੇ ਰੂਸ 'ਤੇ ਕਈ ਸਖ਼ਤ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ।
ਬੈਠਕ ਮਹੱਤਵਪੂਰਨ ਕਿਉਂ ਹੈ?
ਆਲਮੀ ਮਾਮਲਿਆਂ ਵਿੱਚ ਇਨ੍ਹਾਂ ਦੋਵਾਂ ਨੇਤਾਵਾਂ ਦੇ ਰਿਸ਼ਤਿਆਂ 'ਤੇ ਦੁਨੀਆਂ ਦੀਆਂ ਸਭ ਤੋਂ ਵੱਧ ਨਜ਼ਰਾਂ ਟਿਕੀਆਂ ਰਹਿੰਦੀਆਂ ਹਨ ਕਿਉਂਕਿ ਸਾਲ 2016 ਵਿੱਚ ਅਮਰੀਕੀ ਚੋਣਾਂ ਵਿੱਚ ਰੂਸ ਦੇ ਕਥਿਤ ਪ੍ਰਭਾਵ ਦੇ ਦਾਅਵੇ ਕੀਤਾ ਜਾਂਦੇ ਹਨ ਹਾਲਾਂਕਿ ਮਾਸਕੋ ਇਸ ਤੋਂ ਇਨਕਾਰ ਕਰਦਾ ਹੈ।
ਅਮਰੀਕੀ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਰੂਸ ਨੇ ਚੋਣਾਂ ਨੂੰ ਟਰੰਪ ਦੇ ਪੱਖ ਵਿੱਚ ਕਰਨ ਲਈ ਕੰਮ ਕੀਤਾ।
ਅਮਰੀਕਾ ਵਿੱਚ ਸਪੈਸ਼ਲ ਕਾਉਂਸਲ ਰੋਬਰਟ ਮਿਊਲਰ ਦੀ ਅਗਵਾਈ ਵਿੱਚ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਰੂਸ ਦੇ ਦਖ਼ਲ ਦੀ ਜਾਂਚ ਚੱਲ ਰਹੀ ਹੈ। ਰਾਸ਼ਟਰਪਤੀ ਟਰੰਪ ਇਸ ਨੂੰ ਸਿਆਸੀ ਸਾਜਿਸ਼ ਦੱਸ ਕੇ ਖਾਰਿਜ ਵੀ ਕਰਦੇ ਰਹੇ ਹਨ।
ਕੀ ਰਹੇਗਾ ਗੱਲਬਾਤ ਦਾ ਮੁੱਦਾ
ਦੋਵਾਂ ਨੇਤਾਵਾਂ ਵਿਚਾਲੇ ਹੋਣ ਜਾ ਰਹੀ ਗੱਲਬਾਤ ਬਾਰੇ ਅਧਿਕਾਰਤ ਬਿਆਨਾਂ ਵਿੱਚ ਬਹੁਤ ਕੁਝ ਨਹੀਂ ਕਿਹਾ ਗਿਆ ਪਰ ਉਹ ਇਨ੍ਹਾਂ ਮੁੱਦਿਆਂ 'ਤੇ ਵਿਚਾਰ ਕਰ ਸਕਦੇ ਹਨ:
ਹਥਿਆਰਾਂ 'ਤੇ ਕਾਬੂ
ਅਮਰੀਕਾ ਅਤੇ ਰੂਸ ਵਿਚਾਲੇ 'ਨਵੀਂ ਸ਼ੁਰੂਆਤ' ਨਾਮ ਦਾ ਇੱਕ ਸਮਝੌਤਾ ਹੈ ਜਿਸ ਦਾ ਉਦੇਸ਼ ਦੋਵਾਂ ਦੇਸਾਂ ਦੇ ਪਰਮਾਣੂ ਹਥਿਆਰਾਂ ਦੀ ਸਮਰੱਥਾਂ ਅਤੇ ਗਿਣਤੀ ਨੂੰ ਸੀਮਤ ਰੱਖਣਾ ਹੈ।
ਇਹ ਸਮਝੌਤਾ 2021 ਤੱਕ ਅਸਰਦਾਰ ਰਹੇਗਾ। ਜੇਕਰ ਇਸ ਨੂੰ ਅੱਗੇ ਵਧਾਉਣ ਨੂੰ ਲੈ ਕੇ ਕੁਝ ਹੁੰਦਾ ਹੈ ਤਾਂ ਇਸ ਨੂੰ ਚੰਗਾ ਸੰਕੇਤ ਮੰਨਿਆ ਜਾਵੇਗਾ।
ਅਮਰੀਕੀ ਪਾਬੰਦੀਆਂ
ਰੂਸ ਦੇ ਕ੍ਰੀਮੀਆ 'ਤੇ ਕਬਜ਼ਾ ਕਰਨ ਅਤੇ ਪੂਰਬੀ ਯੂਕਰੇਨ ਤੋਂ ਵੱਖਵਾਦੀਆਂ ਦਾ ਸਮਰਥਨ ਕਰਨ ਤੋਂ ਬਾਅਦ ਰੂਸੀ ਕੰਪਨੀਆਂ ਅਤੇ ਵਿਅਕਤੀਆਂ 'ਤੇ ਕਈ ਤਰ੍ਹਾਂ ਦੀਆਂ ਆਰਥਿਕ ਪਾਬੰਦੀਆਂ ਲਗਾਈਆਂ ਗਈਆਂ ਸਨ।
ਸੀਰੀਆ ਦੀ ਜੰਗ ਵਿੱਚ ਰੂਸ ਦੀ ਭੂਮਿਕਾ ਅਤੇ ਅਮਰੀਕੀ ਚੋਣਾਂ ਵਿੱਚ ਦਖ਼ਲ ਨੂੰ ਲੈ ਕੇ ਵੀ ਰੂਸ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ।
ਜੇਕਰ ਰਾਸ਼ਟਰਪਤੀ ਟਰੰਪ ਇਨ੍ਹਾਂ ਪਾਬੰਦੀਆਂ ਵਿੱਚ ਕਿਸੇ ਛੋਟ ਦਾ ਫ਼ੈਸਲਾ ਕਰਦੇ ਹਨ ਤਾਂ ਕਾਂਗਰਸ ਦੀ ਸਹਿਮਤੀ ਜ਼ਰੂਰੀ ਹੈ। ਹਾਲਾਂਕਿ ਜੇਕਰ ਉਹ ਪਾਬੰਦੀਆਂ ਹੋਰ ਨਹੀਂ ਵਧਾਉਂਦੇ ਤਾਂ ਵੀ ਰੂਸ ਇਸ ਦਾ ਸੁਆਗਤ ਕਰੇਗਾ।
ਯੂਕਰੇਨ
ਅਮਰੀਕਾ ਨੇ ਯੂਕਰੇਨ ਨੂੰ ਫੌਜ ਦੀ ਮਦਦ ਦਿੱਤੀ ਹੈ। ਜੇਕਰ ਰਾਸ਼ਟਰਪਤੀ ਟਰੰਪ ਇਸ ਨੂੰ ਰੋਕ ਦਿੰਦੇ ਹਨ ਤਾਂ ਪੁਤਿਨ ਜ਼ਰੂਰ ਖ਼ੁਸ਼ ਹੋਣਗੇ।
ਹਾਲਾਂਕਿ ਅਜਿਹਾ ਹੋਣਾ ਅਤੇ ਕ੍ਰੀਮੀਆ 'ਤੇ ਰੂਸ ਦੇ ਕਬਜ਼ੇ ਨੂੰ ਅਮਰੀਕੀ ਮਾਨਤਾ ਮਿਲਣਾ ਮੁਸ਼ਕਿਲ ਹੈ।
ਸੀਰੀਆ
ਅਮਰੀਕਾ ਦਾ ਅਹਿਮ ਸਹਿਯੋਗੀ ਇਜ਼ਰਾਈਲ ਈਰਾਨੀ ਅਤੇ ਈਰਾਨ ਸਮਰਥਕ ਬਲਾਂ ਨੂੰ ਦੱਖਣੀ-ਪੱਛਮੀ ਸੀਰੀਆ ਕੋਲੋਂ ਦੂਰੀ ਚਾਹੁੰਦਾ ਹੈ। ਇਹ ਇਲਾਕਾ ਇਜ਼ਰਾਈਲ ਦੀ ਸੀਮਾ ਨਾਲ ਲਗਦਾ ਹੈ।
ਟਰੰਪ-ਪੁਤਿਨ ਦੇ ਨਾਲ ਗੱਲਬਾਤ ਵਿੱਚ ਇਹ ਮੁੱਦਾ ਚੁੱਕ ਸਕਦੇ ਹਨ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਪੁਤਿਨ ਸ਼ਾਇਦ ਹੀ ਕੋਈ ਅਜਿਹਾ ਪ੍ਰਸਤਾਵ ਦੇਣ, ਜਿਸ ਨਾਲ ਸੀਰੀਆ ਵਿੱਚ ਈਰਾਨ ਦੀ ਭੂਮਿਕਾ ਨੂੰ ਸੀਮਤ ਕਰਨ ਦੀ ਗੱਲ ਹੋਵੇ।
ਟਰੰਪ ਦੇ ਸਹਿਯੋਗੀਆਂ ਦੀ ਚਿੰਤਾ
ਬੀਤੇ ਹਫ਼ਤੇ ਨੈਟੋ ਦੇ ਸੰਮੇਲਨ ਵਿੱਚ ਟਰੰਪ ਨੇ 'ਰੂਸੀ ਗੁੱਸੇ' ਦੀ ਆਲੋਚਨਾ ਕਰਦੇ ਹੋਏ ਸਾਂਝੇ ਬਿਆਨ 'ਤੇ ਹਸਤਾਖ਼ਰ ਕੀਤੇ ਸੀ।
ਹੁਣ ਬਹੁਤ ਸਾਰੇ ਲੋਕ ਸਵਾਲ ਚੁੱਕ ਰਹੇ ਹਨ ਕਿ ਕੀ ਟਰੰਪ ਆਪਣੇ ਪੱਛਮੀ ਸਹਿਯੋਗੀ ਦੇਸਾਂ ਦੀਆਂ ਚਿੰਤਾਵਾਂ ਨੂੰ ਸਿੱਧੇ ਤੌਰ 'ਤੇ ਪੁਤਿਨ ਸਾਹਮਣੇ ਚੁੱਕਣਗੇ?
ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਹੇਲਸਿੰਕੀ ਵਿੱਚ ਪੁਤਿਨ ਨਾਲ ਕਿਹੜੇ ਮੁੱਦਿਆਂ 'ਤੇ ਗੱਲਬਾਤ ਕਰਨਗੇ, ਇਸ ਬਾਰੇ ਯੂਰਪੀ ਸਹਿਯੋਗੀ ਦੇਸਾਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਡਰ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਯੂਰਪ ਦੀ ਉਤਾਰ-ਚੜ੍ਹਾਅ ਭਰੀ ਯਾਤਰਾ ਤੋਂ ਬਾਅਦ ਟਰੰਪ ਪੁਤਿਨ ਨਾਲ ਗਰਮਜੋਸ਼ੀ ਦਿਖਾ ਸਕਦੇ ਹਨ।
ਮੁਲਾਕਾਤ ਤੋਂ ਉਮੀਦਾਂ
ਇਹ ਕਹਿਣਾ ਮੁਸ਼ਕਲ ਹੈ, ਅਜਿਹੀਆਂ ਮੁਲਾਕਾਤਾਂ ਪ੍ਰਤੀ ਟਰੰਪ ਦੇ ਗ਼ੈਰ-ਰਵਾਇਤੀ ਰਵੱਈਏ ਕਾਰਨ ਕੋਈ ਵੀ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਹਾਲਾਂਕਿ ਅਮਰੀਕੀ ਸਲਾਹਕਾਰਾਂ ਨੇ ਸੰਕੇਤ ਦਿੱਤੇ ਹਨ ਕਿ ਇਸ ਦੌਰਾਨ ਕੋਈ ਵੱਡਾ ਐਲਾਨ ਨਹੀਂ ਕੀਤਾ ਜਾਵੇਗਾ।
ਦੋਵੇਂ ਨੇਤਾ ਇਕੱਲਿਆਂ ਗੱਲ ਕਰਨਗੇ। ਮੁਲਾਕਾਤ ਦੌਰਾਨ ਪੁਤਿਨ ਅਤੇ ਟਰੰਪ ਦੇ ਨਾਲ ਸਿਰਫ਼ ਦੁਭਾਸ਼ੀਏ ਹੀ ਮੌਜੂਦ ਹੋਣਗੇ। ਇਸ ਨਾਲ ਭੇਤ ਹੋਰ ਡੂੰਘਾ ਹੋ ਗਿਆ ਹੈ।
ਦੁਨੀਆਂ ਲਈ ਇਸ ਦੇ ਮਾਅਨੇ
ਆਲਮੀ ਪ੍ਰਭਾਵ ਵਾਲੇ ਕਈ ਮੁੱਦਿਆਂ 'ਤੇ ਰੂਸ ਅਤੇ ਅਮਰੀਕਾ ਵੱਖ-ਵੱਖ ਅਤੇ ਕਈ ਵਾਰ ਵਿਰੋਧੀ ਵੀ ਰਹੇ ਹਨ। ਮਿਸਾਲ ਵਜੋਂ ਸੀਰੀਆ, ਯੂਕਰੇਨ, ਕ੍ਰੀਮੀਆ ਸੰਘਰਸ਼ ਬਾਰੇ।
ਰਾਸ਼ਟਰਪਤੀ ਪੁਤਿਨ ਕਹਿੰਦੇ ਹਨ ਕਿ ਰੂਸ 'ਤੇ ਪੱਛਮੀ ਦੇਸਾਂ ਦੀਆਂ ਪਾਬੰਦੀਆਂ 'ਸਾਰਿਆਂ ਲਈ ਨੁਕਸਾਨਦਾਇਕ' ਹਨ।
ਹਾਲਾਂਕਿ ਬਾਕੀ ਦੇਸਾਂ ਦੇ ਮੁਕਾਬਲੇ ਪੱਛਮੀ ਯੂਰਪ ਦੇਸ ਇਸ ਗੱਲਬਾਤ 'ਤੇ ਵਧੇਰੇ ਨਜ਼ਰ ਰੱਖਣਗੇ।
ਉਹ ਇੱਕ ਅਸਹਿਜ ਸਥਿਤੀ ਵਿੱਚ ਹਨ ਕਿਉਂਕਿ ਉਨ੍ਹਾਂ ਨੂੰ ਰੂਸ ਦੇ ਖ਼ਤਰੇ ਦਾ ਡਰ ਵੀ ਹੈ ਅਤੇ ਕੁਝ ਹੱਦ ਤੱਕ ਰੂਸ ਦੀ ਊਰਜਾ ਸਪਲਾਈ 'ਤੇ ਨਿਰਭਰ ਵੀ ਹਨ।