You’re viewing a text-only version of this website that uses less data. View the main version of the website including all images and videos.
ਅਮਰੀਕਾ ਨੇ ਕੀਤੀ ਰੂਸ ਦੀ ਅੱਤਵਾਦੀ ਹਮਲੇ ਨੂੰ ਰੋਕਣ 'ਚ ਮਦਦ
ਅਮਰੀਕਾ ਅਤੇ ਰੂਸੀ ਨੇਤਾਵਾਂ ਮੁਤਾਬਕ ਸੀਆਈਏ (ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ) ਦੀ ਜਾਣਕਾਰੀ ਦੇ ਅਧਾਰ 'ਤੇ ਰੂਸੀ ਸਰੱਖਿਆ ਏਜੰਸੀਆਂ ਨੇ ਸੈਂਟ ਪੀਟਸਰਸਬਰਗ ਦੇ ਕਜ਼ਾਨ ਕੈਥੇਡਰਲ ਚਰਚ 'ਤੇ ਹਮਲੇ ਨੂੰ ਨਾਕਾਮ ਕੀਤਾ।
ਵ੍ਹਾਈਟ ਹਾਊਸ ਅਤੇ ਕ੍ਰੇਮਲੀਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਫੋਨ ਕਰਕੇ ਸ਼ਕਰੀਆ ਅਦਾ ਵੀ ਕੀਤਾ।
ਵ੍ਹਾਈਟ ਹਾਊਸ ਦੇ ਇੱਕ ਬਿਆਨ ਮੁਤਾਬਕ ਹਮਲੇ ਤੋਂ ਪਹਿਲਾਂ ਹੀ "ਦਹਿਸ਼ਤਗਰਦ" ਫੜ੍ਹੇ ਗਏ ਸਨ "ਜੋ ਵੱਡੀ ਸੰਖਿਆ ਵਿੱਚ ਲੋਕਾਂ ਦੀ ਜਾਨ ਲੈ ਕੇ ਸਕਦੇ ਸਨ"।
ਰੂਸੀ ਸੁਰੱਖਿਆ ਸੇਵਾ ਐੱਫਐਸਬੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਇਸਲਾਮਿਕ ਸਟੇਟ ਦੇ 7 ਮੈਂਬਰਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਅਸਲਾ ਵੀ ਬਰਾਮਦ ਕੀਤਾ ਗਿਆ ਹੈ।
ਐੱਫਐਸਬੀ ਨੇ ਇਹ ਵੀ ਕਿਹਾ ਸੀ ਕਿ ਇਨ੍ਹਾਂ ਨੇ ਸ਼ਨੀਵਾਰ ਨੂੰ ਇੱਕ ਧਾਰਮਿਕ ਥਾਂ 'ਤੇ ਆਤਮਘਆਤੀ ਹਮਲਾ ਕਰਕੇ ਨਾਗਰਿਕਾਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ।
ਉਨ੍ਹਾਂ ਨੇ ਦੱਸਿਆ ਕਿ ਇਹ ਗਰੁੱਪ ਰੂਸ ਦੇ ਦੂਜੇ ਵੱਡੇ ਸ਼ਹਿਰ 'ਚ ਕੈਥਡਰਲ ਅਤੇ ਹੋਰ ਜਨਤਕ ਥਾਵਾਂ 'ਤੇ ਹਮਲੇ ਕਰਨ ਦੀ ਤਿਆਰੀ ਕਰ ਰਿਹਾ ਸੀ।
ਇਸ ਦੇ ਨਾਲ ਰੂਸੀ ਰਾਸ਼ਟਰਪਤੀ ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਕਿਹਾ ਕਿ ਰੂਸੀ ਜਾਂਚ ਏਜੰਸੀਆਂ ਅਮਰੀਕਾ ਨਾਲ ਜੁੜੀ ਖ਼ੁਫ਼ੀਆ ਜਾਣਕਾਰੀ ਮਿਲਣ 'ਤੇ ਉਨ੍ਹਾਂ ਨਾਲ ਸਾਂਝਾ ਕਰੇਗੀ।