ਨਗਰ ਨਿਗਮ ਤੇ ਕੌਂਸਲ ਦੀਆਂ ਚੋਣਾਂ 'ਚ ਕਾਂਗਰਸ ਦੀ ਵੱਡੀ ਜਿੱਤ

ਪੰਜਾਬ 'ਚ ਨਗਰ ਨਿਗਮ, ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੌਣਾ 'ਚ ਕਾਂਗਰਸ ਨੂੰ ਵੱਡੀ ਜਿੱਤ ਹਾਸਲ ਹੋਈ ਹੈ।

ਤਿੰਨੇ ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ 'ਚ ਕੁੱਲ 925 ਉਮੀਦਵਾਰ ਚੋਣਾ ਲੜ ਰਹੇ ਸਨ। ਇਸ ਤੋਂ ਇਲਾਵਾ 29 ਹੋਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਚੋਣਾਂ ਹੋਈਆਂ।

ਜਲੰਧਰ ਨਗਰ ਨਿਗਮ

  • ਨਗਰ ਨਿਗਮ ਜਲੰਧਰ ਵਿੱਚ ਕਾਂਗਰਸ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ।
  • ਜਲੰਧਰ ਨਗਰ ਨਿਗਮ ਵਿੱਚ ਕੁੱਲ 80 ਵਾਰਡਾਂ ਹਨ।
  • ਕਾਂਗਰਸ ਦੇ ਖਾਤੇ 66, ਭਾਜਪਾ 8, ਸ਼੍ਰੋਮਣੀ ਅਕਾਲੀ ਦਲ 4, ਤੇ ਆਜ਼ਾਦ ਉਮੀਦਵਾਰ 2 ਵਾਰਡਾਂ 'ਚ ਜੇਤੂ ਰਹੇ।
  • ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਆਮ ਆਦਮੀ ਪਾਰਟੀ ਆਪਣਾ ਖਾਤਾ ਖੋਲ੍ਹਣ 'ਚ ਅਸਫਲ ਰਹੀ।
  • ਜਲੰਧਰ ਦੇ ਕਸਬੇ ਸ਼ਾਹਕੋਟ ਵਿੱਚ ਦਿਲਚਸਪ ਗੱਲ ਇਹ ਰਹੀ ਕਿ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਸੰਦੀਪ ਕੁਮਾਰ ਸਿਰਫ਼ 1 ਵੋਟ ਹੀ ਹਾਸਿਲ ਕਰ ਸਕੇ।

ਅੰਮ੍ਰਿਤਸਰ ਨਗਰ ਨਿਗਮ

  • ਨਗਰ ਨਿਗਮ ਅੰਮ੍ਰਿਤਸਰ ਦੇ ਕੁੱਲ 85 ਵਾਰਡ ਹਨ।
  • ਕਾਂਗਰਸ ਨੇ 64, ਭਾਜਪਾ ਅਕਾਲੀ ਦਲ ਗੱਠਜੋੜ ਦੇ ਉਮੀਦਵਾਰਾਂ ਨੇ 13 'ਤੇ ਜਿੱਤ ਹਾਸਿਲ ਕੀਤੀ।
  • ਆਜ਼ਾਦ ਉਮੀਦਵਾਰ 8 ਵਾਰਡਾਂ 'ਚ ਜੇਤੂ ਰਹੇ।
  • ਆਮ ਆਦਮੀ ਪਾਰਟੀ ਦਾ ਇੱਥੇ ਵੀ ਖਾਤਾ ਨਹੀਂ ਖੁੱਲ੍ਹਿਆ।

ਪਟਿਆਲਾ ਨਗਰ ਨਿਗਮ

  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿੱਚ ਕਾਂਗਰਰਸ ਨੇ ਕਲੀਨ ਸਵੀਪ ਕੀਤਾ।
  • ਪਟਿਆਲਾ ਵਿੱਚ ਕੁੱਲ 60 ਵਾਰਡ ਹਨ।
  • ਕਾਂਗਰਸ ਨੇ 59 ਸੀਟਾਂ ਜਿੱਤੀਆਂ। ਜਦਕਿ ਵਾਰਡ ਨੰਬਰ 37 ਦੇ ਇੱਕ ਬੂਥ 'ਚ ਦੁਬਾਰਾ ਵੋਟਿੰਗ ਹੋਵੇਗੀ।
  • ਬਾਕੀ ਪਾਰਟੀਆਂ ਤੇ ਆਜ਼ਾਦ ਉਮੀਦਵਾਰ ਖਾਤਾ ਵੀ ਨਾ ਖੋਲ੍ਹ ਸਕੇ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਰਾਹੀਂ ਕਾਂਗਰਸ ਦੀ ਹੂੰਝਾ ਫੇਰ ਜਿੱਤ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।

ਚੋਣਾਂ ਦੌਰਾਨ ਝੜਪਾਂ

ਪਟਿਆਲਾ ਨਗਰ ਨਿਗਮ ਚੋਣਾਂ ਦੌਰਾਨ ਕਈ ਥਾਵਾਂ 'ਤੇ ਝੜਪਾਂ ਵੀ ਹੋਇਆਂ। ਇਨ੍ਹਾਂ ਝੜਪਾਂ ਵਿੱਚ ਕਈ ਅਕਾਲੀ ਤੇ ਕਾਂਗਰਸੀ ਵਰਕਰ ਜ਼ਖ਼ਮੀ ਹੋਏ।

ਇਸ ਤੋਂ ਬਾਅਦ ਅਕਾਲੀ ਦਲ ਦੇ ਕਾਰਕੁੰਨਾਂ ਨੇ ਪਟਿਆਲਾ ਦੇ ਵਾਈਪੀਐੱਸ ਚੌਕ 'ਤੇ ਧਾਰਨਾ ਵੀ ਦਿੱਤਾ।

ਲੁਧਿਆਣਾ ਦੇ ਮੁੱਲਾਂਪੁਰ ਨਗਰ ਪੰਚਾਇਤ ਚੋਣਾਂ ਦੌਰਾਨ ਵੀ ਅਕਾਲੀ ਤੇ ਕਾਂਗਰਸੀ ਆਪਸ ਵਿੱਚ ਭਿੜੇ। ਝੜਪ 'ਚ ਤਿੰਨ ਲੋਕ ਜ਼ਖਮੀ ਹੋਏ।

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ 'ਚ ਝੜਪ ਤੋਂ ਬਾਅਦ ਕਾਂਗਰਸ 'ਤੇ ਹਮਲਾ ਕੀਤਾ।

ਕਾਂਗਰਸ, ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਆਪੋ ਆਪਣੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਲੜ ਰਹੀਆਂ ਸਨ।

ਟਵਿੱਟਰ ਰਾਹੀਂ ਉਨ੍ਹਾਂ ਕਾਂਗਰਸ 'ਤੇ ਜ਼ੁਲਮ ਅਤੇ ਜਬਰ ਦੇ ਇਲਜ਼ਾਮ ਵੀ ਲਾਏ ਹਨ। ਉਨ੍ਹਾਂ ਇਹਨਾਂ ਚੋਣਾਂ ਨੂੰ ਜਮਹੂਰੀਅਤ ਦਾ ਕਤਲ ਦੱਸਿਆ।

ਕਿਹੜੇ-ਕਿਹੜੇ ਸਨ ਮੁੱਦੇ?

  • ਪਾਣੀ ਦੀ ਸਪਲਾਈ ਤੇ ਸਥਾਨਕ ਪਾਰਕਾਂ ਦੀ ਹਾਲਤ
  • ਸੜਕਾਂ ਦੀ ਖਸਤਾ ਹਾਲਤ ਅਤੇ ਸਫਾਈ ਵਿਵਸਥਾ
  • ਕਮੇਟੀਆਂ ਵਿੱਚ ਭ੍ਰਿਸ਼ਟਾਚਾਰ ਅਤੇ ਸਟ੍ਰੀਟ ਲਾਈਟਾਂ ਦੀ ਘਾਟ
  • ਅਵਾਰਾ ਪਸ਼ੂਆਂ ਦਾ ਮਸਲਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)