ਗੁਜਰਾਤ: ਚੋਣ ਮੁਹਿੰਮ ਦੌਰਾਨ ਮੁੱਖ ਉਤਰਾਅ-ਚੜ੍ਹਾਅ

ਗੁਜਰਾਤ ਵਿਧਾਨ ਸਭਾ ਚੋਣਾਂ ਦੇ ਸੋਮਵਾਰ ਨੂੰ ਨਤੀਜੇ ਐਲਾਨੇ ਜਾਣਗੇ। ਇਹ ਨਤੀਜੇ ਸਾਫ਼ ਕਰਨਗੇ ਕਿ ਸੱਤਾ ਦੀ ਚਾਬੀ ਇਸ ਵਾਰ ਕਿਹੜੀ ਪਾਰਟੀ ਦੇ ਹੱਥ ਆਉਣ ਵਾਲੀ ਹੈ। ਚੋਣਾਂ ਦੌਰਾਨ 'ਵਿਕਾਸ ਪਾਗਲ ਹੋ ਗਿਆ ਹੈ' ਤੋਂ ਲੈ ਕੇ ਮੋਦੀ ਦਾ ਪਾਕਿਸਤਾਨ ਦੀ ਦਖ਼ਲਅੰਦਾਜ਼ੀ ਦਾ ਇਲਜ਼ਾਮ ਵਰਗੇ ਮੁੱਦੇ ਗਰਮਾਏ ਰਹੇ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਹੀ ਜੱਦੀ ਸੂਬੇ ਵਿੱਚ ਪਾਰਟੀ ਨੂੰ ਜਿਤਾਉਣ ਲਈ ਕਈ ਤਰ੍ਹਾਂ ਦੇ ਦਾਅ-ਪੇਂਚ ਅਪਨਾਉਣੇ ਪਏ।ਕਿਉਕਿ ਇਸ ਵਾਰ ਬੀਜੇਪੀ ਨੂੰ ਕਾਂਗਰਸ ਟੱਕਰ ਦੇ ਰਹੀ ਸੀ।

ਗੁਜਰਾਤ ਚੋਣਾਂ ਲਈ ਪ੍ਰਚਾਰ ਸ਼ੁਰੂ ਹੋਣ ਤੋਂ ਲੈ ਕੇ ਚੋਣਾਂ ਮੁਕਮੰਲ ਹੋਣ ਤੱਕ ਸਿਆਸਤ ਵਿੱਚ ਬਹੁਤ ਕੁਝ ਬਦਲਿਆ। ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਨੂੰ ਜੰਮ ਕੇ ਨਿਸ਼ਾਨੇ 'ਤੇ ਲਿਆ ਗਿਆ।

'ਵਿਕਾਸ ਪਾਗਲ ਹੋ ਗਿਆ ਹੈ'

ਉਹ ਮੁੱਦਾ ਜੋ ਸਭ ਤੋਂ ਵੱਧ ਛਾਇਆ ਰਿਹਾ। 'ਵਿਕਾਸ ਪਾਗਲ ਹੋ ਗਿਆ ਹੈ' ਦੇ ਨਾਅਰੇ ਪੂਰੇ ਗੁਜਰਾਤ ਵਿੱਚ ਗੁੰਜੇ।

ਚੋਣਾਂ ਦੀਆਂ ਤਰੀਕਾਂ ਦਾ ਅਜੇ ਐਲਾਨ ਵੀ ਨਹੀਂ ਸੀ ਹੋਇਆ ਕਿ ਕਾਂਗਰਸ ਨੇ 'ਵਿਕਾਸ ਪਾਗਲ ਹੋ ਗਿਆ ਹੈ' ਮੁਹਿੰਮ ਤਹਿਤ ਬੀਜੇਪੀ ਖ਼ਿਲਾਫ਼ ਮਾਹੌਲ ਬਣਾ ਦਿੱਤਾ।

ਜਦੋਂ ਬੀਜੇਪੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ 'ਮੈਂ ਹਾਂ ਵਿਕਾਸ, ਮੈਂ ਹਾਂ ਗੁਜਰਾਤ' ਅਤੇ 'ਅਡੀਖਮ ਗੁਜਰਾਤ' ਵਰਗੇ ਨਾਅਰਿਆਂ ਨਾਲ ਪ੍ਰਚਾਰ ਵਿੱਚ ਐਂਟਰੀ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਰੈਲੀਆਂ ਵਿੱਚ ਵਾਰ-ਵਾਰ ਵਿਕਾਸ ਦੇ ਕੰਮਾਂ ਨੂੰ ਗਿਣਾਉਂਦੇ ਸੀ।

ਕਥਿਤ ਸੈਕਸ ਸੀਡੀ

ਹੁਣ ਗੱਲ ਚੋਣਾਂ ਵਿੱਚ ਪਹਿਲੀ ਵਾਰ ਸਰਗਰਮ ਹਾਰਦਿਕ ਪਟੇਲ ਦੀ ਜੋ ਪਾਟੀਦਾਰਾਂ ਅਤੇ ਪਟੇਲਾਂ ਦੇ ਸਭ ਤੋਂ ਵੱਡੇ ਚਿਹਰੇ ਬਣ ਕੇ ਉਭਰੇ ਹਨ।

ਕਾਰੋਬਾਰੀ ਦੇ ਮੁੰਡੇ ਹਾਰਦਿਕ ਪਟੇਲ ਪੂਰੀ ਤਰ੍ਹਾਂ ਮੱਧ ਵਰਗੀ ਹਨ। ਉਨ੍ਹਾਂ ਦੀ 24 ਸਾਲ ਦੀ ਉਮਰ ਭਾਰਤੀ ਨਿਯਮਾਂ ਦੇ ਅਨੁਸਾਰ ਚੋਣ ਲੜਨ ਲਈ ਕਾਫ਼ੀ ਨਹੀਂ ਹੈ।

ਫਿਰ ਵੀ ਉਹ 2 ਸਾਲ ਤੋਂ ਘੱਟ ਸਮੇਂ ਵਿੱਚ ਹੀ ਮੋਦੀ ਦੀ ਚਿੰਤਾ ਦਾ ਸਭ ਤੋਂ ਵੱਡਾ ਕਾਰਨ ਬਣ ਗਏ ਹਨ।ਸਿਆਸਤ ਵਿੱਚ ਹਾਰਦਿਕ ਪਟੇਲ ਵੀ ਰਗੜੇ ਗਏ।

ਇੱਕ ਕਥਿਤ ਸੈਕਸ ਸੀਡੀ ਜਾਰੀ ਹੋਈ, ਇਲਜ਼ਾਮ ਲੱਗੇ ਕਿ ਇਹ ਵੀਡੀਓ ਪਾਟੀਦਾਰ ਆਗੂ ਹਾਰਦਿਕ ਪਟੇਲ ਦੀ ਹੈ। ਵੀਡੀਓ ਵਿੱਚ ਦਿਖ ਰਿਹਾ ਸੀ ਕਿ 'ਹਾਰਦਿਕ' ਇੱਕ ਕੁੜੀ ਨਾਲ ਕਮਰੇ ਵਿੱਚ ਹਨ।

ਇਸ 'ਤੇ ਹਾਰਦਿਕ ਨੇ ਕਿਹਾ, "ਮੈਂ ਵੀਡੀਓ ਵਿੱਚ ਨਹੀਂ ਹਾਂ। ਬੀਜੇਪੀ ਗੰਦੀ ਸਿਆਸਤ ਦੇ ਤਹਿਤ ਔਰਤ ਦਾ ਇਸਤੇਮਾਲ ਕਰ ਰਹੀ ਹੈ।"

ਸਿਆਸੀ ਤਿਕੜੀ

ਸਿਆਸੀ ਤੰਜ ਇੱਥੇ ਹੀ ਨਹੀਂ ਰੁਕੇ। ਕਾਂਗਰਸ ਦੇ ਲੀਡਰ ਨੇ ਤਾਂ ਮੋਦੀ ਦੀ ਫੇਅਰਨੈਸ ਦੀ ਗੱਲ ਹੀ ਕਰ ਦਿੱਤੀ। ਅਲਪੇਸ਼ ਠਾਕੁਰ, ਜਿਨ੍ਹਾਂ ਨੂੰ ਕਾਂਗਰਸ ਵਿੱਚ ਆਏ ਥੋੜਾ ਸਮਾਂ ਹੀ ਹੋਇਆ ਹੈ।

ਉਨ੍ਹਾਂ ਕਿਹਾ, ''4 ਲੱਖ ਰੁਪਏ ਦਾ ਤਾਇਵਾਨੀ ਮਸ਼ਰੂਮ ਖਾ ਕੇ ਮੋਦੀ ਜੀ ਗੋਰੇ ਹੋ ਗਏ।''

ਰਾਹੁਲ ਦੀ 'ਭਗਤੀ'

ਦੇਵੀ ਦੇਵਤਿਆਂ ਦੇ ਮਾਮਲੇ ਵਿੱਚ ਰਾਹੁਲ ਗਾਂਧੀ ਨੇ ਮੋਦੀ ਨੂੰ ਵੀ ਟੱਕਰ ਦੇ ਦਿੱਤੀ। ਰਾਹੁਲ ਗਾਂਧੀ ਦੇ ਮੰਦਿਰ ਜਾਣ 'ਤੇ ਬੀਜੇਪੀ ਦੇ ਲੀਡਰਾਂ ਨੇ ਚੁਟਕੀ ਲਈ।

ਰਾਹੁਲ ਗਾਂਧੀ ਹਰ ਸ਼ਹਿਰ ਵਿੱਚ ਮੰਦਿਰ ਦਰਸ਼ਨ ਤੋਂ ਬਾਅਦ ਚੁਣਾਵੀ ਪ੍ਰੋਗ੍ਰਾਮ ਸ਼ੁਰੂ ਕਰਦੇ ਸੀ। ਇਨ੍ਹਾਂ ਚੋਣਾਂ ਦੌਰਾਨ ਰਾਹੁਲ ਨੇ ਕੁੱਲ 12 ਮੰਦਿਰਾਂ ਦੇ ਦਰਸ਼ਨ ਕੀਤੇ।

ਹੁਣ ਰਾਹੁਲ ਦੇ ਮੰਦਿਰਾਂ ਦੇ ਦਰਸ਼ਨ ਕਰਨ 'ਤੇ ਵੀ ਸਿਆਸਤ ਸ਼ੁਰੂ ਹੋ ਗਈ। ਬੀਜੇਪੀ ਨੇ ਕਿਹਾ ਕਿ ਰਾਹੁਲ ਨੇ ਸੋਮਨਾਥ ਮੰਦਿਰ ਵਿੱਚ ਗੈਰ ਹਿੰਦੂ ਲੋਕਾਂ ਲਈ ਰੱਖੇ ਗਏ ਰਜਿਸਟਰ ਵਿੱਚ ਆਪਣਾ ਨਾਂ ਲਿਖਿਆ।

ਇਸਦੇ ਜਵਾਬ ਵਿੱਚ ਕਾਂਗਰਸ ਨੇ 2 ਘੰਟੇ ਦੇ ਅੰਦਰ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਰਾਹੁਲ ਗਾਂਧੀ ਜੇਨਊਧਾਰੀ ਹਿੰਦੂ ਹਨ।

'ਪਾਕਿਸਤਾਨ ਦੀ ਦਿਲਚਸਪੀ'

ਸਭ ਤੋਂ ਵੱਧ ਬਵਾਲ ਉਦੋਂ ਹੋਇਆ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਚੋਣਾਂ ਵਿੱਚ ਪਾਕਿਸਤਾਨ ਦੀ ਦਖ਼ਲਅੰਦਾਜ਼ੀ ਦੱਸੀ।

ਪੀਐਮ ਮੋਦੀ ਨੇ ਇਲਜ਼ਾਮ ਲਾਇਆ ਕਿ ਮਣੀਸ਼ੰਕਰ ਅਈਅਰ ਦੇ ਘਰ ਗੁਪਤ ਬੈਠਕ ਹੋਈ ਸੀ

ਉਨ੍ਹਾਂ ਕਿਹਾ, ''ਬੈਠਕ ਵਿੱਚ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਮਹਿਮੂਦ ਕਸੂਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸ਼ਾਮਲ ਸੀ।''ਗੁਜਰਾਤ ਦੇ ਉਹ ਪਿੰਡ ਜਿੱਥੇ ਸਾਰੇ ਕਰੋੜਪਤੀ ਹਨ

ਮੋਦੀ ਨੇ ਇਸ ਬੈਠਕ ਵਿੱਚ ਅਹਿਮਦ ਪਟੇਲ ਨੂੰ ਗੁਜਰਾਤ ਦਾ ਮੁੱਖ ਮੰਤਰੀ ਬਣਾਉਣ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਾਏ।

ਮਾਮਲਾ ਤੂਲ ਫੜ ਗਿਆ। ਸਾਬਕਾ ਪੀਐਮ ਮਨਮੋਹਨ ਸਿੰਘ ਨੂੰ ਬੋਲਣਾ ਪਿਆ। ਉਨ੍ਹਾਂ ਨੇ ਕਿਹਾ ਮੋਦੀ ਮਾਫ਼ੀ ਮੰਗਣ।

ਗੁਜਰਾਤ ਦੀ ਸਿਆਸਤ 'ਚ 'ਨੀਚ'

ਕਾਂਗਰਸ ਦੇ ਸੀਨੀਅਰ ਲੀਡਰ ਮਣੀਸ਼ੰਕਰ ਆਈਅਰ ਪ੍ਰਧਾਨ ਮੰਤਰੀ ਬਾਰੇ ਬੋਲ ਕੇ ਬੁਰੇ ਫਸੇ। ਮਣੀਸ਼ੰਕਰ ਆਈਅਰ ਨੇ ਮੋਦੀ ਨੂੰ ਨੀਚ ਆਦਮੀ ਤੱਕ ਕਹਿ ਦਿੱਤਾ।

ਮਾਫ਼ੀ ਮੰਗਣ ਦੇ ਬਾਵਜੂਦ ਵੀ ਅਈਅਰ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ।

ਮੋਦੀ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਇਲਜ਼ਾਮ

ਵੋਟਿੰਗ ਵਾਲੇ ਦਿਨ ਵੀ ਮੋਦੀ ਸਵਾਲਾਂ ਦੇ ਘੇਰੇ ਵਿੱਚ ਆ ਗਏ। ਅਹਿਮਦਾਬਾਦ ਵਿੱਚ ਇੱਕ ਬੂਥ 'ਤੇ ਵੋਟ ਪਾਉਣ ਮਗਰੋਂ ਪ੍ਰਧਾਨ ਮੰਤਰੀ ਜਿਹੜੇ ਕਾਫ਼ਲੇ ਨਾਲ ਰਵਾਨਾ ਹੋਏ ਸਨ, ਉਸ ਬਾਰੇ ਇੱਕ ਵਿਵਾਦ ਖੜ੍ਹਾ ਹੋ ਗਿਆ।

ਗੁਜਰਾਤ ਦੇ ਮੁੱਖ ਚੋਣ ਅਫ਼ਸਰ ਬੀ ਬੀ ਸਵੇਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਕਾਫ਼ਲਾ ਜਾਂਚ ਦੇ ਘੇਰੇ ਵਿੱਚ ਹੈ।ਕਾਂਗਰਸ ਨੇ ਇਸ ਪੂਰੇ ਕਾਫ਼ਲੇ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੱਸਿਆ।

ਕਾਂਗਰਸ ਨੇ ਇਲਜ਼ਾਮ ਲਾਇਆ ਹੈ ਕਿ ਚੋਣ ਕਮਿਸ਼ਨ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਦਫ਼ਤਰ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ।

ਚੋਣ ਕਮਿਸ਼ਨ ਨੇ ਰਾਹੁਲ ਤੋਂ ਵੀ ਮੰਗਿਆ ਜਵਾਬ

ਚੋਣ ਕਮਿਸ਼ਨ ਨੇ ਸਥਾਨਕ ਟੀਵੀ ਚੈਨਲਾਂ 'ਤੇ ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਰਾਹੁਲ ਗਾਂਧੀ ਦੀ ਇੰਟਰਵਿਊ ਦਿਖਾਉਣ ਦੀ ਮਨਾਹੀ ਕਰ ਦਿੱਤੀ ਸੀ।

ਚੋਣ ਕਮਿਸ਼ਨ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਇੰਟਰਵਿਊ ਦਾ ਪ੍ਰਸਾਰਨ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਜਾਵੇਗਾ।

ਕਮਿਸ਼ਨ ਨੇ ਇੰਟਰਵਿਊ ਦਿਖਾਉਣ ਵਾਲੇ ਚੈਨਲ ਦੇ ਖਿਲਾਫ਼ ਇੱਕ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਵੀ ਦਿੱਤੇ। ਇਸ 'ਤੇ ਰਾਹੁਲ ਨੂੰ ਜਵਾਬ ਦੇਣ ਲਈ ਵੀ ਕਿਹਾ ਗਿਆ। ਹਾਲਾਂਕਿ ਬਾਅਦ 'ਚ ਨੋਟਿਸ ਵਾਪਸ ਲੈ ਲਿਆ ਗਿਆ।

ਗੁਜਰਾਤ ਦੀਆਂ ਚੋਣਾਂ ਦਾ ਸਫ਼ਰ ਇਨ੍ਹਾਂ ਮੁੱਦਿਆਂ ਨਾਲ ਅੱਗੇ ਵੱਧਦਾ ਗਿਆ ਪਰ ਹੁਣ ਇੰਤਜ਼ਾਰ ਹੈ ਚੋਣ ਨਤੀਜਿਆ ਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)