You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਅਹਿਮਦ ਪਟੇਲ ਨੂੰ ਗੁਜਰਾਤ ਦਾ ਸੀਐੱਮ ਕਿਉਂ ਬਣਾਉਣਾ ਚਾਹੁੰਦ ਹੈ- ਮੋਦੀ
ਗੁਜਰਾਤ ਦੇ ਚੋਣ ਘਮਸਾਣ ਦੇ ਵਿਚਾਲੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਖ਼ਿਲਾਫ਼ ਇੱਕ ਵੱਡਾ ਬਿਆਨ ਦਿੱਤਾ ਹੈ।ਉਨ੍ਹਾਂ ਨੇ ਗੁਜਰਾਤ ਚੋਣਾਂ 'ਚ ਪਾਕਿਸਤਾਨ ਦੇ ਦਖਲ ਦੀ ਗੱਲ ਕਹੀ ਹੈ।
ਐਤਵਾਰ ਨੂੰ ਬਨਾਸਕਾਂਠਾ ਦੇ ਪਾਲਨਪੁਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਇਲਜ਼ਾਮ ਲਾਇਆ ਕਿ ਗੁਜਰਾਤ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਸਰਹੱਦ ਪਾਰ ਤੋਂ ਮਦਦ ਲੈ ਰਹੇ ਹਨ।
ਮੋਦੀ ਨੇ ਇਸ ਮਾਮਲੇ ਵਿੱਚ ਕਾਂਗਰਸ ਤੋਂ ਜਵਾਬ ਮੰਗਿਆ ਹੈ।
ਕਾਂਗਰਸ 'ਤੇ ਹਮਲੇ ਦੇ ਨਾਲ ਹੀ ਮੋਦੀ ਨੇ ਸਵਾਲ ਪੁੱਛਿਆ ਕਿ ਆਖਿਰ ਪਾਕਿਸਤਾਨ ਵਿੱਛ ਫੌਜ ਅਤੇ ਇੰਟੈਲੀਜੈਂਸ ਵਿੱਚ ਉੱਚੇ ਅਹੁਦਿਆਂ 'ਤੇ ਰਹੇ ਲੋਕ ਗੁਜਰਾਤ ਵਿੱਚ ਅਹਿਮਦ ਪਟੇਲ ਨੂੰ ਸੀਐਮ ਬਣਾਉਣ ਦੀ ਮਦਦ ਦੀ ਗੱਲ ਕਿਉਂ ਕਰ ਰਹੇ ਹਨ? ਮੋਦੀ ਨੇ ਪੁੱਛਿਆ ਕਿ ਆਖਿਰ ਇਸ ਦੇ ਕੀ ਮਾਇਨੇ ਹਨ?
'ਪਾਕ ਫੌਜ ਅਹਿਮਦ ਨੂੰ ਬਣਾਉਣਾ ਚਾਹੁੰਦੀ ਹੈ ਸੀਐਮ'
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਮੋਦੀ ਨੇ ਕਿਹਾ ਕਿ ਪਾਕਿਸਤਾਨੀ ਫੌਜ ਦੇ ਸਾਬਕਾ ਡਾਇਰੈਕਟਰ ਜਨਰਲ ਸਰਦਾਰ ਅਰਸ਼ਦ ਰਫ਼ੀਕ਼ ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਨੂੰ ਗੁਜਰਾਤ ਦਾ ਮੁੱਖ ਮੰਤਰੀ ਬਣਦੇ ਦੇਖਣਾ ਚਾਹੁੰਦੇ ਹਨ।
ਇਸਦੇ ਨਾਲ ਹੀ ਮੋਦੀ ਨੇ ਮਣੀਸ਼ੰਕਰ ਅੱਯਰ ਦੇ 'ਨੀਚ' ਸ਼ਬਦ ਵਾਲੇ ਬਿਆਨ 'ਤੇ ਇੱਕ ਵਾਰ ਫ਼ਿਰ ਹਮਲਾ ਕੀਤਾ ਅਤੇ ਕਿਹਾ, ''ਪਾਕਿਸਤਾਨ ਦੇ ਹਾਈ ਕਮਿਸ਼ਨਰ ਦੇ ਨਾਲ ਬੈਠਕ ਕਰਨ ਤੋਂ ਬਾਅਦ ਮੈਨੂੰ ਨੀਚ ਕਹਿੰਦੇ ਹਨ।''
ਮੋਦੀ ਨੇ ਕਿਹਾ, ''ਮੀਡੀਆ ਵਿੱਚ ਅਜਿਹਿਆਂ ਖ਼ਬਰਾਂ ਸਨ ਕਿ ਮਣੀਸ਼ੰਕਰ ਅੱਯਰ ਦੇ ਘਰ ਇੱਕ ਗੁਪਤ ਬੈਠਕ ਸੱਦੀ ਗਈ ਜਿਸ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸਮੇਤ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ, ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਅਤੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਸ਼ਾਮਿਲ ਹੋਏ।''
ਮੋਦੀ ਦੇ ਮੁਤਾਬਕ ਇਹ ਮੀਟਿੰਗ ਲਗਭਗ ਤਿੰਨ ਘੰਟੇ ਚੱਲੀ। ਉਨ੍ਹਾਂ ਕਿਹਾ, ''ਇਸ ਬੈਠਕ ਦੇ ਅਗਲੇ ਦਿਨ ਹੀ ਮਣੀਸ਼ੰਕਰ ਅੱਯਰ ਨੇ ਮੈਨੂੰ 'ਨੀਚ' ਕਿਹਾ, ਇਹ ਬੇਹੱਦ ਗੰਭੀਰ ਮਾਮਲਾ ਹੈ।''
ਆਪਣੇ ਭਾਸ਼ਣ ਵਿੱਚ ਮੋਦੀ ਨੇ ਇਹ ਵੀ ਕਿਹਾ ਕਿ ਰਫ਼ੀਕ਼ ਗੁਜਰਾਤ ਦੇ ਅਗਲੇ ਮੁੱਖ ਮੰਤਰੀ ਦੇ ਰੂਪ ਵਿੱਚ ਅਹਿਮਦ ਪਟੇਲ ਨੂੰ ਦੇਖਣਾ ਚਾਹੁੰਦੇ ਹਨ।
ਮੋਦੀ ਨੇ ਕਿਹਾ, ''ਇੱਕ ਪਾਸੇ ਤਾਂ ਪਾਕਿਸਤਾਨੀ ਫੌਜ ਦੇ ਸਾਬਕਾ ਡੀਜੀ ਗੁਜਰਾਤ ਚੋਣ ਵਿੱਚ ਦਖਲ ਦੇ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਦੇ ਲੋਕ ਮਣੀਸ਼ੰਕਰ ਅੱਯਰ ਦੇ ਘਰ ਬੈਠਕ ਵੀ ਕਰ ਰਹੇ ਹਨ। ਇਸ ਬੈਠਕ ਦੇ ਤੁਰੰਤ ਬਾਅਦ ਕਾਂਗਰਸੀ ਗੁਜਰਾਤ ਦੇ ਆਣ ਲੋਕਾਂ ਦੀ, ਇੱਥੇ ਦੀ ਪੱਛੜੀ ਅਬਾਦੀ ਦੀ, ਗਰੀਬ ਲੋਕਾਂ ਅਤੇ ਮੋਦੀ ਦੀ ਬੇਇੱਜ਼ਤੀ ਕਰਦੇ ਹਨ, ਕੀ ਤੁਹਾਨੂੰ ਨਹੀਂ ਲੱਗਦਾ ਇਨ੍ਹਾਂ ਸ਼ੱਕ ਕੀਤਾ ਜਾਣਾ ਚਾਹੀਦਾ ਹੈ।''
'ਮੀਟਿੰਗ ਦਾ ਸੱਚ ਸਾਹਮਣੇ ਆਵੇ'
ਮੋਦੀ ਨੇ ਕਿਹਾ ਕਿ ਕਾਂਗਰਸ ਨੂੰ ਇਸ ਬੈਠਕ ਦਾ ਸੱਚ ਭਾਰਤ ਦੀ ਆਮ ਜਨਤਾ ਦੇ ਸਾਹਮਣੇ ਰੱਖਣਾ ਚਾਹੀਦਾ ਹੈ।
ਕੁਝ ਦਿਨ ਪਹਿਲਾਂ ਮਣੀਸ਼ੰਕਰ ਅੱਯਰ ਨੇ ਪੀਐੱਮ ਮੋਦੀ ਲਈ 'ਨੀਚ ਕਿਸਮ' ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ। ਪੀਐੱਮ ਮੋਦੀ ਨੇ ਇਸ ਸ਼ਬਦ ਨੂੰ ਚੁਣਾਵੀ ਮੁੱਦਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ।
ਹਾਲਾਂਕਿ ਬਾਅਦ ਵਿੱਚ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ ਮਣੀਸ਼ੰਕਰ ਅੱਯਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਸੀ।
ਦੱਖਣੀ ਗੁਜਰਾਤ ਵਿੱਚ ਸ਼ਨੀਵਾਰ ਨੂੰ ਪਹਿਲੇ ਗੇੜ ਲਈ ਵੋਟਾਂ ਪਈਆਂ। ਦੂਜੇ ਗੇੜ ਵਿੱਚ 14 ਦਸੰਬਰ ਨੂੰ ਮੱਧ ਗੁਜਰਾਤ ਵਿੱਚ ਚੋਣਾਂ ਹੋਣੀਆਂ ਹਨ। ਨਤੀਜੇ 18 ਦਸੰਬਰ ਨੂੰ ਐਲਾਨੇ ਜਾਣਗੇ।