You’re viewing a text-only version of this website that uses less data. View the main version of the website including all images and videos.
ਵਿਦੇਸ਼ ਵਿੱਚ ਕੰਮ ਕਰਨ ਦੇ ਵਿੱਤੀ ਨਫ਼ੇ ਨੁਕਸਾਨ
- ਲੇਖਕ, ਐਲੀਨਾ ਡਿਜ਼ੀਕ
- ਰੋਲ, ਬੀਬੀਸੀ ਲਈ
ਨੌਜਵਾਨਾਂ ਵਿੱਚ ਬਾਹਰ ਜਾਣ ਦੀ ਤਕੜੀ ਲਾਲਸਾ ਹੁੰਦੀ ਹੈ ਜਿਸ ਕਾਰਨ ਉਹ ਬਸ ਉੱਥੇ ਪਹੁੰਚਣਾ ਚਾਹੁੰਦੇ ਹਨ ਅਤੇ ਕਹਿੰਦੇ ਹਨ, 'ਬਾਕੀ ਜਾ ਕੇ ਦੇਖਾਂਗੇ।'
ਕਿਸੇ ਰਿਸ਼ਤੇਦਾਰ ਕੋਲ ਕੁਝ ਦਿਨ ਠਹਿਰਨ ਤੋਂ ਬਾਅਦ ਜਦੋਂ ਕੰਮ ਦੀ ਭਾਲ ਵਿੱਚ ਨਿਕਲਦੇ ਹਨ ਤਾਂ ਆਟੇ ਦਾਲ ਦਾ ਭਾਅ ਪਤਾ ਲਗਦਾ ਹੈ।
ਇਹ ਵੀ ਪੜ੍ਹੋ꞉
ਸਾਡੇ ਵਿੱਚੋਂ ਬਹੁਤੇ ਲੋਕ ਉਸ ਦੇਸ ਬਾਰੇ ਕੋਈ ਖੋਜਬੀਣ ਨਹੀਂ ਕਰਦੇ ਕਿ ਉੱਥੇ ਦਾ ਸਮਾਜ ਕਿਹੋ-ਜਿਹਾ ਹੈ ਲੋਕ ਕਿਹੋ ਜਿਹੇ ਹਨ। ਇੱਕ ਗੱਲ ਹਮੇਸ਼ਾ ਧਿਆਨ ਰੱਖੋ ਕਿ ਵਿਦੇਸ਼ ਵਿੱਚ ਤੁਸੀਂ ਕਮਾਓਗੇ ਉੱਧਰਲੀ ਕਰੰਸੀ ਵਿੱਚ ਅਤੇ ਖਰਚੋਗੇ ਵੀ ਉਸੇ ਕਰੰਸੀ ਵਿੱਚ। ਵਿਸਥਾਰ ਵਿੱਚ ਜਾਣਕਾਰੀ ਲਈ ਅੱਗੇ ਪੜ੍ਹੋ꞉
ਵਿਦੇਸ਼ ਵਿੱਚ ਰਹਿ ਕੇ ਤੁਹਾਡਾ ਕੰਮ ਠੀਕ-ਠਾਕ ਚੱਲ ਰਿਹਾ ਹੈ ਪਰ ਕਰੰਸੀ ਦੀ ਕੀਮਤ ਘਟ ਜਾਣ ਕਰਕੇ ਤੁਹਾਡੀ ਤਨਖ਼ਾਹ ਦੀ ਕੀਮਤ ਘਟ ਜਾਵੇ ਫੇਰ ਤੁਸੀਂ ਆਪਣੀ ਬਚਤ ਨੂੰ ਸੁਰੱਖਿਅਤ ਰੱਖਣ ਲਈ ਕੀ ਕਰੋਗੇ?
ਜਨਵਰੀ (2015) ਵਿੱਚ ਰਿਬੈਕਾ ਸੈਲਫ ਦੀ ਤਨਖ਼ਾਹ ਰਾਤੋ-ਰਾਤ 30 ਫੀਸਦੀ ਘਟ ਗਈ।
ਇਹ ਉਨ੍ਹਾਂ ਦੀ ਡਿਮੋਸ਼ਨ ਕਰਕੇ ਜਾਂ ਕੰਪਨੀ ਵੱਲੋਂ ਖਰਚਿਆਂ ਵਿੱਚ ਕਮੀ ਕਰਕੇ ਨਹੀਂ ਹੋਇਆ ਸਗੋਂ ਕੌਮਾਂਤਰੀ ਬਾਜ਼ਾਰ ਵਿੱਚ ਹੋਈ ਉਥਲ ਪੁਥਲ ਕਰਕੇ ਹੋਇਆ ਸੀ।
ਇਸ ਤਬਦੀਲੀ ਕਰਕੇ ਵਿਦੇਸ਼ ਵਿੱਚ ਰਹਿ ਕੇ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਪ੍ਰਭਾਵਿਤ ਹੁੰਦੇ ਹਨ।
ਸਵਿਟਜ਼ਰਲੈਂਡ ਦੇ ਸ਼ਹਿਰ ਜ਼ਿਊਰਿਕ ਵਿੱਚ ਲੀਡਰਸ਼ਿੱਪ ਕੰਸਲਟੈਂਟ ਵਜੋਂ ਕੰਮ ਕਰਨ ਵਾਲੇ ਅਮਰੀਕੀ ਹਨ। ਉਨ੍ਹਾਂ ਨੂੰ ਕਈ ਦੇਸਾਂ ਦੀ ਕਰੰਸੀ ਵਿੱਚ ਤਨਖਾਹ ਮਿਲਦੀ ਹੈ।
ਉਨ੍ਹਾਂ ਨੂੰ ਕਤਰ ਦੀ ਇੱਕ ਕੰਪਨੀ ਡਾਲਰ ਵਿੱਚ ਅਤੇ ਇੱਕ ਸਵੀਡਨ ਦੀ ਫਰਮ ਯੂਰੋ ਵਿੱਚ ਭੁਗਤਾਨ ਕਰਦੀ ਹੈ ਜਿਸ ਨੂੰ ਉਹ ਸਵਿਟਜ਼ਰਲੈਂਡ ਦੀ ਕਰੰਸੀ ਫਰੈਂਕ ਵਿੱਚ ਬਦਲਵਾ ਲੈਂਦੇ ਹਨ।
ਕਿਉਂਕਿ ਸੈਲਫ ਦਾ ਕੰਟਰੈਕਟ ਪਹਿਲਾਂ ਤੋਂ ਤੈਅ ਹੁੰਦਾ ਹੈ ਇਸ ਲਈ ਕਰੰਸੀਆਂ ਦੀਆਂ ਕੀਮਤਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਕਰਕੇ ਉਨ੍ਹਾਂ ਦੀ ਆਮਦਨੀ ਕਦੇ ਵਧ ਜਾਂਦੀ ਹੈ ਅਤੇ ਕਦੇ ਘਟ ਜਾਂਦੀ ਹੈ।
ਇਹ ਵੀ ਪੜ੍ਹੋ꞉
ਇਸੇ ਕਰਕੇ ਜਦੋਂ ਸਵਿਸ ਕਰੰਸੀ ਦੀ ਕੀਮਤ ਯੂਰੋ ਦੇ ਮੁਕਾਬਲੇ ਵਧੀ ਤਾਂ ਸੈਲਫ ਦੀ ਆਮਦਨੀ ਵੀ ਘਟ ਗਈ।
ਜੇ ਸੈਲਫ ਸਵਿਟਜ਼ਰਲੈਂਡ ਵਿੱਚ ਹੀ ਕੰਮ ਕਰ ਰਹੀ ਹੁੰਦੀ ਤਾਂ ਨਿਸ਼ਚਿਤ ਹੀ ਸੈਲਫ ਨੂੰ ਲਾਭ ਹੁੰਦਾ ਪਰ ਯੂਰੋ ਵਿੱਚ ਭੁਗਤਾਨ ਹੋਣ ਕਰਕੇ ਉਨ੍ਹਾਂ ਦੀ ਆਮਦਨੀ 30 ਫੀਸਦ ਘਟ ਗਈ।
ਉਨ੍ਹਾਂ ਦੱਸਿਆ, "ਤੁਹਾਡੇ ਕੰਪਨਸੇਸ਼ਨ ਰੇਟ ਤੈਅ ਹੁੰਦੇ ਹਨ ਇਸ ਲਈ ਕਿਸੇ ਵੀ ਤਰੀਕੇ ਬਚਿਆ ਨਹੀਂ ਜਾ ਸਕਦਾ।"
ਅਜਿਹੀ ਹਾਲਤ ਵਿੱਚ ਜੇ ਤੁਹਾਡੇ ਵਿਦੇਸ਼ ਰਹਿਣ ਦੌਰਾਨ ਕੋਈ ਕਰੰਸੀ ਕਮਜ਼ੋਰ ਹੁੰਦੀ ਹੈ ਤਾਂ ਇਸ ਨਾਲ ਤੁਹਾਡੇ ਜੀਵਨ ਪੱਧਰ, ਤੁਹਾਡੀਆਂ ਬਚਤਾਂ ਆਦਿ ਵਿੱਚ ਰਾਤੋ-ਰਾਤ ਉਥਲ-ਪੁਥਲ ਹੋ ਜਾਂਦੀ ਹੈ।
ਬ੍ਰੈਕਜ਼ਿਟ ਦੀ ਰਾਇਸ਼ੁਮਾਰੀ ਮਗਰੋਂ ਜਦੋਂ ਪੌਂਡ ਟੁੱਟਿਆ ਤਾਂ ਉੱਥੇ ਰਹਿਣ ਵਾਲੇ ਵਿਦੇਸ਼ੀ ਜੋ ਆਪਣੇ ਦੇਸਾਂ ਨੂੰ ਪੈਸੇ ਭੇਜਦੇ ਸਨ ਉਨ੍ਹਾਂ ਦੀ ਆਮਦਨ ਰਾਤੋ-ਰਾਤ 10 ਫੀਸਦੀ ਘਟ ਗਈ।
ਹੁਣ ਵਿਦੇਸ਼ ਵਿੱਚ ਕੰਮ ਕਰਨ ਦੇ ਇੱਛੁਕ ਬਹੁਤ ਸਾਰੇ ਲੋਕ ਇਸ ਬਾਰੇ ਪੁੱਛਗਿੱਛ ਕਰਨ ਲੱਗ ਪਏ ਹਨ ਕਿ ਕਰੰਸੀ ਦੀਆਂ ਕੀਮਤਾਂ ਵਿੱਚ ਪੈਣ ਵਾਲਾ ਫਰਕ ਉਨ੍ਹਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ।
ਕੁਝ ਕੰਪਨੀਆਂ ਦੀ ਇਸ ਵਰਤਾਰੇ ਬਾਰੇ ਨੀਤੀ ਹੁੰਦੀ ਹੈ। ਜਦੋਂ ਉਨ੍ਹਾਂ ਦੇ ਭੁਗਤਾਨ ਵਾਲੀ ਕਰੰਸੀ ਟੁੱਟਦੀ ਹੈ ਤਾਂ ਉਹ ਮੁਲਾਜ਼ਮਾਂ ਦੀ ਤਨਖਾਹ ਵਧਾ ਦਿੰਦੀਆਂ ਹਨ ਅਤੇ ਜਦੋਂ ਕਰੰਸੀ ਮਜ਼ਬੂਤ ਹੁੰਦੀ ਹੈ ਤਾਂ ਤਨਖਾਹ ਘਟਾ ਦਿੰਦੇ ਹਨ।
ਬਾਹਰ ਜਾਣ ਤੋਂ ਪਹਿਲਾਂ ਰਣਨੀਤੀ ਬਣਾਓ
ਜਿਨ੍ਹਾਂ ਨੇ ਹਾਲੇ ਵਿਦੇਸ਼ ਜਾ ਕੇ ਕੰਮ ਕਰਨ ਦੀ ਪੇਸ਼ਕਸ਼ ਸਵੀਕਾਰ ਕਰਨੀ ਹੈ ਉਹ ਹਾਲੇ ਆਪਣੀਆਂ ਕੰਪਨੀਆਂ ਨਾਲ ਗੱਲ ਕਰ ਸਕਦੇ ਹਨ।
ਕੰਪਨੀ ਵੱਲੋਂ ਪੇਸ਼ਕਸ਼ ਕੀਤੇ ਪੈਕੇਜ ਜਿਸ ਵਿੱਚ ਤੁਹਾਨੂੰ ਉੱਥੋਂ ਦੇ ਸਥਾਨਕ ਮੁਲਾਜ਼ਮਾਂ ਵਾਲੇ ਭੱਤੇ ਹੀ ਦਿੱਤੇ ਜਾਣਗੇ ਉੱਥੇ ਤੁਸੀਂ ਅਜਿਹੇ ਕੰਟਰੈਕਟ ਦੀ ਮੰਗ ਕਰ ਸਕਦੇ ਹੋ ਜਿਸ ਵਿੱਚ ਤੁਹਾਡੀ ਘਰੇਲੂ ਕਰੰਸੀ ਅਤੇ ਕੰਮ ਵਾਲੇ ਦੇਸ ਦੀ ਕਰੰਸੀ ਦਾ ਸਮਤੋਲ ਬਣਾ ਕੇ ਤਨਖਾਹ ਮਿਲੇ।
ਦੂਸਰੀ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਟੈਕਸ। ਟੈਕਸ ਇਕੁਲਾਈਜ਼ੇਸ਼ਨ ਪਹੁੰਚ ਰਾਹੀਂ ਤੁਸੀਂ ਵਧ ਦਰਾਂ ਵਿੱਚ ਟੈਕਸ ਦੇਣ ਤੋਂ ਬਚ ਜਾਂਦੇ ਹੋ। ਜ਼ਿਆਦਾਤਰ ਨਵੇਂ ਜੁਆਇਨ ਕਰਨ ਵਾਲਿਆਂ ਨੂੰ ਹੋਸਟ ਪੈਕਜ ਨਾਲ ਹੀ ਸੰਤੋਸ਼ ਕਰਨਾ ਪੈਂਦਾ ਹੈ।
ਦੂਸਰੇ ਮੁਲਕ ਵਿੱਚ ਜਾ ਕੇ ਆਪਣਾ ਕੰਮ ਸ਼ੁਰੂ ਕਰਨ ਵਾਲੇ ਉੱਧਮੀ ਵੀ ਟੈਕਸ ਬਚਾਉਣ ਦੀਆਂ ਜੁਗਤਾਂ ਬਣਾਉਂਦੇ ਹਨ।
27 ਸਾਲਾ ਸਟੀਵੀ ਬਿਨੇਟੀ ਅਤੇ ਉਨ੍ਹਾਂ ਦੇ ਪਤੀ ਡੈਨ ਮਿਲਰ ਨੇ ਫਰਾਂਸ ਤੋਂ ਪੁਰਤਗਾਲ ਦੇ ਸ਼ਹਿਰ ਲਿਜ਼ਬਨ ਵਿੱਚ ਜਾ ਕੇ ਕੰਮ ਸ਼ੁਰੂ ਕੀਤਾ।
ਆਪਣੇ ਕੱਚੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਉਹ ਇੰਟਰਨੈੱਟ ਕਰੰਸੀ ਟਰੇਡਰ, ਟਰਾਸਫਰਵਾਈਜ਼ ਦੀ ਵਰਤੋਂ ਕਰਦੇ ਹਨ। ਜਿਸ ਨਾਲ ਕਰੰਸੀ ਦੀ ਮੌਜੂਦਾ ਦਰ ਨਾਲ ਭੁਗਤਾਨ ਹੁੰਦਾ ਹੈ।
ਇਹ ਵੀ ਪੜ੍ਹੋ꞉
ਅਮਰੀਕਾ ਵਿੱਚ ਇੱਕ ਵਰਚੂਅਲ ਪਤੇ ਉੱਪਰ ਉਨ੍ਹਾਂ ਦੇ ਚੈਕ ਪਹੁੰਚਦੇ ਹਨ ਅਤੇ ਟਰੇਡਰ ਵੱਲੋਂ ਬਣਦੇ ਡਾਲਰ ਉਨ੍ਹਾਂ ਦੇ ਖਾਤੇ ਵਿੱਚ ਜਮਾਂ ਕਰਾ ਦਿੱਤੇ ਜਾਂਦੇ ਹਨ।
ਡੈਨ ਮਿਲਰ ਆਪਣਾ ਬਹੁਤਾ ਸਮਾਂ ਵਿਦੇਸ਼ ਵਿੱਚ ਰਹਿ ਕੇ ਆਪਣੇ ਵਿੱਤ ਦੀ ਸੰਭਾਲ ਕਰਦੇ ਹਨ ਅਤੇ ਨਵਾਂ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਕਰੰਸੀਆਂ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਵਾਧੇ-ਘਾਟੇ ਨੂੰ ਸਮਝਦੇ ਹਨ।
ਬੈਂਕਿੰਗ ਵਿਕਲਪਾਂ ਬਾਰੇ ਪਤਾ ਕਰੋ
ਵਿਦੇਸ਼ ਵਿੱਚ ਰਹਿ ਕੇ ਕੰਮ ਕਰਨ ਵਾਲਿਆਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਆਮਦਨ ਕਿੱਥੋਂ ਅਤੇ ਕਿਵੇਂ ਹੋਣੀ ਹੈ।
ਇਸ ਮਗਰੋਂ ਹੀ ਉਨ੍ਹਾਂ ਨੂੰ ਕਿਤੇ ਨਿਵੇਸ਼ ਕਰਨਾ ਚਾਹੀਦਾ ਹੈ ਤਾਂ ਕਿ ਇੱਕ ਕਰੰਸੀ ਤੋਂ ਦੂਜੀ ਕਰੰਸੀ ਵਿੱਚ ਹੋਣ ਵਾਲੇ ਵਟਾਂਦਰੇ ਸਮੇਂ ਪੈਣ ਵਾਲੇ ਘਾਟੇ ਨੂੰ ਘਟਾਇਆ ਜਾ ਸਕੇ।
ਕੁਝ ਬੈਂਕ ਵੀ ਵਿਦੇਸ਼ਾਂ ਵਿੱਚ ਕੰਮ ਕਰਨ ਵਾਲਿਆਂ ਲਈ ਆਪਣੇ ਪੈਸੇ ਦੀ ਮੈਨੇਜਮੈਂਟ ਵਿੱਚ ਕਾਊਂਸਲਿੰਗ ਦਿੰਦੇ ਹਨ। ਮਿਸਾਲ ਵਜੋਂ ਇਸ ਵਿੱਚ ਇੱਕ ਤੋਂ ਵਧੇਰੇ ਕਰੰਸੀਆਂ ਵਾਲਾ ਬਚਤ ਖਾਤਾ ਹੋ ਸਕਦਾ ਹੈ ਜਾਂ ਦੋਹਰੀ-ਕਰੰਸੀ ਵਾਲਾ ਜਮਾਂ ਖਾਤਾ।
ਇਸ ਨਾਲ ਵਿਅਕਤੀ ਦੋਹਾਂ ਕਰੰਸੀਆਂ ਵਿੱਚ ਬਚਤ ਕਰ ਸਕਦੇ ਹਨ ਅਤੇ ਕਰੰਸੀ ਬਾਜ਼ਾਰ ਦੇ ਵਧਣ ਘਟਣ ਨਾਲ ਵੀ ਸੁਰੱਖਿਅਤ ਰਹਿ ਸਕਦੇ ਹਨ।
ਕਈ ਬਹੁਕੌਮੀ ਕੰਪਨੀਆਂ ਵੀ ਆਪਣੇ ਕੰਮ ਕਾਜ ਵਿੱਚ ਬਦਲਾਅ ਕਰ ਰਹੀਆਂ ਹਨ। ਹੁਣ ਕੰਪਨੀਆਂ ਆਪਣੇ ਮੁਲਾਜ਼ਮਾਂ ਨੂੰ ਬੈਲੰਸ ਸ਼ੀਟ ਪਹੁੰਚ ਮੁਤਾਬਕ ਨੌਕਰੀ 'ਤੇ ਰਖਦੀਆਂ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਸਲਾਹ ਵੀ ਦਿੰਦੀਆਂ ਹਨ ਕਿ ਉਹ ਆਪਣੀ ਤਨਖਾਹ ਦੋ ਕਰੰਸੀਆਂ ਵਿੱਚ ਕਿਹੜੇ ਅਨੁਪਾਤ ਵਿੱਚ ਵੰਡਣ।
ਅਖ਼ੀਰ ਵਿੱਚ ਇਹ ਜ਼ਰੂਰੀ ਹੈ ਕਿ ਤਨਖਾਹ ਦੇ ਪੈਕੇਜ ਨੂੰ ਤੁਸੀਂ ਵਿਅਕਤੀਗਤ ਤੌਰ 'ਤੇ ਸਮਝੋਂ ਅਤੇ ਫਿਰ ਹੀ ਬਚਤ ਜਾਂ ਕਿਸੇ ਕਿਸਮ ਦੇ ਨਿਵੇਸ਼ ਦਾ ਫੈਸਲਾ ਲਵੋ।
ਬਹੁਕੌਮੀ ਕੰਪਨੀਆਂ ਨੂੰ ਗਲੋਬਲ ਮੌਬਿਲੀਟੀ ਬਾਰੇ ਸਲਾਹਕਾਰੀ ਦੇਣ ਵਾਲੇ ਗਿਨੀ ਮਾਰਟਿਨਜ਼ ਮੁਤਾਬਕ ਤੁਹਾਨੂੰ ਬਿਨਾਂ ਕਿਸੇ ਪੱਖਪਾਤ ਦੇ ਵਿਦੇਸ਼ ਵਿੱਚ ਆਪਣੇ ਕੰਮ ਕਰਨ ਦੀ ਨੀਤੀ ਦੀ ਨਜ਼ਰਸਾਨੀ ਕਰਨੀ ਚਾਹੀਦੀ ਹੈ। ਸਭ ਤੋਂ ਵੱਡੀ ਗੱਲ, ਕੀ ਤੁਹਾਡੇ ਵਿਦੇਸ਼ ਜਾਣ ਨਾਲ ਤੁਹਾਨੂੰ ਉਹ ਲਾਭ ਹੋਵੇਗਾ ਜੋ ਤੁਸੀਂ ਚਾਹੁੰਦੇ ਹੋ।
(ਇਸਦਾ ਮੂਲ ਲੇਖ 2016 ਵਿੱਚ ਬੀਬੀਸੀ 'ਤੇ ਛਪਿਆ ਸੀ)
ਇਹ ਵੀ ਪੜ੍ਹੋ꞉