You’re viewing a text-only version of this website that uses less data. View the main version of the website including all images and videos.
2014 ਤੋਂ ਬਾਅਦ ਹਮਾਸ ਖ਼ਿਲਾਫ਼ ਇਸਰਾਇਲ ਦਾ ਸਭ ਤੋਂ ਵੱਡਾ ਹਮਲਾ
ਇਜ਼ਰਾਇਲ ਨੇ ਕਿਹਾ ਹੈ ਕਿ 90 ਤੋਂ ਵੱਧ ਰਾਕੇਟ ਹਮਲਿਆਂ ਦੇ ਜਵਾਬ ਵਿੱਚ ਉਨ੍ਹਾਂ ਨੇ ਉੱਤਰੀ ਗਾਜ਼ਾ ਵਿੱਚ ਹਮਾਸ ਦੇ ਦਰਜਨਾਂ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।
ਫਲਸਤੀਨੀ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਜ਼ਾ ਸ਼ਹਿਰ ਵਿੱਚ ਹੋਏ ਹਵਾਈ ਹਮਲਿਆਂ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਅਤੇ 12 ਜ਼ਖ਼ਮੀ ਹੋਏ ਹਨ।
ਇਸਰਾਇਲੀ ਫੌਜ ਦਾ ਕਹਿਣਾ ਹੈ ਕਿ ਉਸ ਨੇ ਬਟਾਲੀਅਨ ਦੇ ਹੈੱਡਕੁਆਟਰ ਅਤੇ ਹਮਾਸ ਵੱਲੋਂ ਟ੍ਰੇਨਿੰਗ ਲਈ ਵਰਤੀਆਂ ਜਾਣ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ।
ਇਹ ਵੀ ਪੜ੍ਹੋ:
2014 ਵਿੱਚ ਹਮਾਸ ਨਾਲ ਹੋਈ ਲੜਾਈ ਤੋਂ ਬਾਅਦ ਹੁਣ ਤੱਕ ਦੀ ਇਹ ਇਸਰਾਇਲ ਦੀ ਸਭ ਤੋਂ ਵੱਡੀ ਮੁਹਿੰਮ ਹੈ।
ਕਈ ਠਿਕਾਣਿਆਂ 'ਤੇ ਹੋਏ ਹਵਾਈ ਹਮਲੇ
ਇਸਰਾਇਲ ਦੇ ਸੁਰੱਖਿਆ ਬਲਾਂ (ਆਈਡੀਐਫ਼) ਦਾ ਕਹਿਣਾ ਹੈ ਕਿ ਹਮਾਸ ਵੱਲੋਂ ਵਰਤੀਆਂ ਜਾਣ ਵਾਲੀਆਂ ਥਾਵਾਂ, ਬੇਟ ਲਾਹੀਆ ਵਿੱਚ ਬਟਾਲੀਅਨ ਦੇ ਇੱਕ ਹੈੱਡਕੁਆਟਰ, ਉੱਤਰੀ ਗਾਜ਼ਾ ਵਿੱਚ ਇੱਕ ਉੱਚੀ ਇਮਾਰਤ 'ਚ ਬਣੇ ਟ੍ਰੇਨਿੰਗ ਕੈਂਪ, ਹਥਿਆਰ ਭੰਡਾਰਾਂ ਅਤੇ ਰਾਕੇਟ ਲਾਂਚਰਜ਼ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਆਈਡੀਐਫ਼ ਨੇ ਟਵੀਟ ਕਰਕੇ ਲਿਖਿਆ ਹੈ, "ਪਿਛਲੇ ਇੱਕ ਘੰਟੇ ਵਿੱਚ ਆਈਡੀਐਫ਼ ਦੇ ਲੜਾਕੂ ਜਹਾਜ਼ਾਂ ਨੇ ਗਾਜ਼ਾ ਪੱਟੀ ਵਿੱਚ ਹਮਾਸ ਦੇ ਚਾਰ ਫੌਜੀ ਪਰਿਸਰਾਂ 'ਚ ਦਰਜਨਾਂ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਵਾਈ ਹਮਲੇ ਦਾ ਕੇਂਦਰ ਬੇਟ ਲਾਹੀਆ ਵਿੱਚ ਹਮਾਸ ਬਟਾਲੀਅਨ ਦਾ ਹੈੱਡਕੁਆਟਰ ਸੀ।"
ਇੱਕ ਹੋਰ ਟਵੀਟ ਵਿੱਚ ਲਿਖਿਆ ਹੈ, "ਕੁਝ ਹੀ ਦੇਰ ਪਹਿਲਾਂ ਆਈਡੀਐਫ਼ ਦੇ ਲੜਾਕੂ ਜਹਾਜ਼ਾਂ ਨੇ ਉੱਤਰੀ ਗਾਜ਼ਾ ਵਿੱਚ ਅਲ-ਸ਼ਟੀ ਸ਼ਰਨਾਰਥੀ ਕੈਂਪ 'ਚ ਇੱਕ ਬਹੁਮੰਜਿਲਾ ਇਮਾਰਤ 'ਤੇ ਵੀ ਹਮਲਾ ਕੀਤਾ। ਇਸ ਇਮਾਰਤ ਹੇਠਾਂ ਇੱਕ ਸੁਰੰਗ ਬਣਾਈ ਗਈ ਸੀ ਜਿਸ ਨੂੰ ਟ੍ਰੇਨਿੰਗ ਦੇਣ ਵਿੱਚ ਵਰਤਿਆ ਜਾਂਦਾ ਸੀ। ਇਹ ਸੁਰੰਗ ਹਮਾਸ ਦੇ ਅੱਤਵਾਦੀ ਸੁਰੰਗ ਨੈੱਟਵਰਕ ਦਾ ਹਿੱਸਾ ਸੀ।"
ਜਾਰੀ ਰਹਿ ਸਕਦੀ ਹੈ ਮੁਹਿੰਮ
ਇਸਰਾਇਲ ਦੇ ਪ੍ਰਧਾਨ ਮੰਤਰੀ ਬੈਨਿਆਮਿਨ ਨਿਤਨਯਾਹੂ ਨੇ ਕਿਹਾ ਹੈ ਕਿ ਆਪਰੇਸ਼ਨ ਅਜੇ ਵੀ ਜਾਰੀ ਰਹਿ ਸਕਦਾ ਹੈ।
ਉਨ੍ਹਾਂ ਨੇ ਕਿਹਾ, "ਜੇਕਰ ਲੋੜ ਪਵੇਗੀ ਤਾਂ ਹਮਾਸ ਦੇ ਅੱਤਵਾਦੀ ਹਮਲੇ ਦੀ ਪ੍ਰਤੀਕਿਰਿਆ ਦਾ ਖੇਤਰ ਅਸੀਂ ਵਧਾ ਸਕਦੇ ਹਾਂ। ਜੇਕਰ ਹਮਾਸ ਨੂੰ ਅੱਜ ਸਾਡਾ ਸੰਦੇਸ਼ ਨਹੀਂ ਮਿਲਦਾ ਤਾਂ ਕੱਲ੍ਹ ਮਿਲ ਜਾਵੇਗਾ।"
ਚਸ਼ਮਦੀਦਾਂ ਨੇ ਸਮਾਚਾਰ ਏਜੰਸੀ ਰਾਇਟਰਸ ਨੂੰ ਦੱਸਿਆ ਕਿ ਗਾਜ਼ਾ ਸ਼ਹਿਰ ਦੀ ਇੱਕ ਖਾਲੀ ਇਮਾਰਤ ਇਸਰਾਇਲੀ ਹਵਾਈ ਹਮਲੇ ਦਾ ਨਿਸ਼ਾਨਾ ਬਣੀ ਅਤੇ ਨੇੜਿਓਂ ਲੰਘ ਰਹੇ ਲੋਕ ਇਸਦੀ ਲਪੇਟ ਵਿੱਚ ਆ ਗਏ।
ਹਮਾਸ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਸਰਹੱਦ 'ਤੇ ਹੋ ਰਹੇ ਪ੍ਰਦਰਸ਼ਨ ਦੌਰਾਨ ਇਸਰਾਇਲ ਫੌਜਾਂ ਦੀ ਗੋਲੀ ਲੱਗਣ ਨਾਲ ਇੱਕ ਫਲਸਤੀਨੀ ਦੀ ਮੌਤ ਹੋ ਗਈ ਹੈ।
'ਦਾਗੇ ਗਏ ਦਰਜਨਾਂ ਰਾਕੇਟ'
ਆਈਡੀਐਫ਼ ਦਾ ਕਹਿਣਾ ਹੈ ਕਿ ਗਾਜ਼ਾ ਤੋਂ ਇਜ਼ਾਰਇਲ ਵੱਲ ਦਰਜਨਾਂ ਰਾਕੇਟ ਦਾਗੇ ਗਏ ਹਨ।
ਇਸਰਾਇਲ ਵਿੱਚ 90 ਤੋਂ ਵੱਧ ਰਾਕੇਟ ਡਿੱਗਣ ਦੀ ਰਿਪੋਰਟ ਹੈ। ਇੱਕ ਰਾਕੇਟ ਸਦੇਰੌਤ ਕਸਬੇ ਵਿੱਚ ਇੱਕ ਘਰ 'ਤੇ ਡਿੱਗਿਆ ਜਿਸ ਨਾਲ ਤਿੰਨ ਲੋਕ ਜ਼ਖ਼ਮੀ ਹੋ ਗਏ।
ਇਹ ਹਮਲੇ ਉਸ ਵੇਲੇ ਹੋਏ ਹਨ ਜਦੋਂ ਪਿਛਲੇ ਕੁਝ ਮਹੀਨਿਆਂ ਤੋਂ ਇਸ ਇਲਾਕੇ ਵਿੱਚ ਹਿੰਸਾ ਵਧੀ ਹੈ।
ਸਰਹੱਦ 'ਤੇ ਵੱਡੇ ਪੱਧਰ ਉੱਤੇ ਪ੍ਰਦਰਸ਼ਨ ਹੋ ਰਹੇ ਹਨ ਅਤੇ ਫਲਸਤੀਨੀ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਸਰਾਇਲ ਵਿੱਚ ਮੌਜੂਦ ਉਨ੍ਹਾਂ ਦੇ ਜੱਦੀ ਘਰ ਵਾਪਿਸ ਜਾਣ ਦਾ ਹੱਕ ਦਿੱਤਾ ਜਾਵੇ।
ਉਹ ਗਾਜ਼ਾ 'ਤੇ ਇਸਰਾਇਲ ਅਤੇ ਮਿਸਰ ਵੱਲੋਂ ਕੀਤੀ ਗਈ ਨਾਕੇਬੰਦੀ ਨੂੰ ਵੀ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ:
ਇਸਰਾਇਲ ਤੇ ਮਿਸਰ ਦਾ ਕਹਿਣਾ ਹੈ ਕਿ ਲੜਾਕਿਆਂ ਨੂੰ ਸੁਰੱਖਿਆ ਦੇ ਲਿਹਾਜ਼ ਤੋਂ ਨਾਕਾਬੰਦੀ ਕਰਨਾ ਜ਼ਰੂਰੀ ਹੈ।
ਗਾਜ਼ਾ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਾਂ ਦੌਰਾਨ ਇਜ਼ਰਾਇਲੀ ਫੌਜ ਹੱਥੋਂ 130 ਤੋਂ ਵੱਧ ਫਲਸਤੀਨੀਆ ਦੀ ਮੌਤ ਹੋ ਚੁੱਕੀ ਹੈ ਅਤੇ 15000 ਤੋਂ ਵੱਧ ਜ਼ਖ਼ਮੀ ਹਨ।