You’re viewing a text-only version of this website that uses less data. View the main version of the website including all images and videos.
ਯੇਰੋਸ਼ਲਮ ਮਾਮਲਾ: ਇਜ਼ਰਾਇਲ ਦੀ ਹਮਾਸ 'ਤੇ ਜਵਾਬੀ ਕਾਰਵਾਈ
ਅਮਰੀਕਾ ਵੱਲੋਂ ਯੇਰੋਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਐਲਾਨੇ ਜਾਣ ਤੋਂ ਬਾਅਦ ਇਲਜ਼ਰਾਇਲ ਤੇ ਫ਼ਲਸਤੀਨ ਵਿਚਾਲੇ ਕੁੜੱਤਣ ਹੋਰ ਵੱਧ ਗਈ ਹੈ। ਇਜ਼ਰਾਇਲ ਨੇ ਕਿਹਾ ਹੈ ਕਿ ਇਸਲਾਮਿਕ ਸੰਗਠਨ ਹਮਾਸ ਵੱਲੋਂ ਰਾਕੇਟ ਦਾਗੇ ਜਾਣ ਦੇ ਜਵਾਬ 'ਚ ਉਸਨੇ ਗਾਜ਼ਾ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
ਇਜ਼ਰਾਇਲੀ ਫੌਜ ਨੇ ਕਿਹਾ ਕਿ ਸ਼ਨੀਵਾਰ ਸਵੇਰੇ ਤੋਂ ਹੀ ਕਈ ਟਿਕਾਣਿਆਂ 'ਤੇ ਹਮਲਾ ਕੀਤਾ ਗਿਆ। ਗਾਜ਼ਾ ਇਸਲਮਿਕ ਸੰਗਠਲ ਹਮਾਸ ਦਾ ਗੜ੍ਹ ਹੈ। ਗਾਜ਼ਾ ਦੇ ਹਸਪਤਾਲ 'ਚ ਦੋ ਲੋਕਾਂ ਦੀ ਮੌਤ ਵੀ ਹੋ ਗਈ ਹੈ।
ਗਾਜ਼ਾ ਤੋਂ ਸ਼ੁੱਕਰਵਾਰ ਦੇਰ ਸ਼ਾਮ ਇਜ਼ਰਾਈਲ ਵੱਲ ਤਿੰਨ ਰਾਕਟ ਦਾਗੇ ਗਏ।
ਬੁੱਧਵਾਰ ਦੇ ਅਮਰੀਕਾ ਦੇ ਇਸ ਫ਼ੈਸਲੇ ਨਾਲ ਅਮਰੀਕਾ ਦੇ ਮਿੱਤਰ ਮੁਲਕ ਵੀ ਉਸਦੀ ਅਲੋਚਨਾ ਕਰ ਰਹੇ ਹਨ।
ਸੰਯੁਕਤ ਰਾਸ਼ਟਰ 'ਤੇ ਅਮਰੀਕਾ ਦਾ ਇਲਜ਼ਾਮ
ਦੂਜੇ ਪਾਸੇ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਸਫ਼ੀਰ ਨਿੱਕੀ ਹੇਲੀ ਨੇ ਕਿਹਾ ਕਿ ਦੇਸ ਯੇਰੋਸ਼ਲਮ ਨੂੰ ਬਿਲਕੁਲ ਇਜ਼ਰਾਇਲ ਦੀ ਰਾਜਧਾਨੀ ਮੰਨਦਾ ਹੈ ਤੇ ਖਿੱਤੇ ਵਿੱਚ ਚਿਰ ਸਥਾਈ ਸ਼ਾਂਤੀ ਚਾਹੁੰਦਾ ਹੈ।
ਉਨ੍ਹਾਂ ਸੰਯੁਕਤ ਰਾਸ਼ਟਰ ਉੱਪਰ ਪੱਖਪਾਤੀ ਹੋਣ ਦਾ ਇਲਜ਼ਾਮ ਲਾਇਆ ਤੇ ਕਿਹਾ ਕਿ ਇਹ ਇਜ਼ਰਾਇਲ ਖਿਲਾਫ਼ ਨਫ਼ਰਤ ਦਾ ਸਭ ਤੋਂ ਵੱਡਾ ਧੁਰਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਜ਼ਰਾਇਲ ਨੂੰ ਸੰਯੁਕਤ ਰਾਸ਼ਟਰ ਜਾਂ ਉਨ੍ਹਾਂ ਦੇਸਾਂ ਦੁਆਰਾ ਸ਼ਾਂਤੀ ਸਮਝੌਤੇ ਵਿੱਚ ਨਹੀਂ ਘੜੀਸਿਆ ਜਾਣਾ ਚਾਹੀਦਾ ਜੋ ਉਸਦੀ ਸੁਰੱਖਿਆ ਨੂੰ ਲੈ ਕੇ ਸੰਜੀਦਾ ਨਹੀਂ ਸੀ।
ਇੱਕ ਵੰਡਿਆ ਹੋਇਆ ਸ਼ਹਿਰ
ਯੇਰੋਸ਼ਲਮ ਦੁਨੀਆਂ ਦੇ ਸਭ ਤੋਂ ਪੁਰਾਣੇ ਸ਼ਹਿਰਾਂ 'ਚੋਂ ਇੱਕ ਹੈ। ਸਾਲ 1948 'ਚ ਅਰਬ-ਇਜ਼ਰਾਇਲ ਵਿਚਾਲੇ ਹੋਈ ਜੰਗ ਤੋਂ ਬਾਅਦ ਇਸ ਨੂੰ ਪੂਰਬੀ ਅਤੇ ਪੱਛਮੀ ਹਿੱਸਿਆਂ 'ਚ ਵੰਡ ਦਿੱਤਾ ਗਿਆ।
ਯੇਰੋਸ਼ਲਮ ਦੇ ਦੋ ਟੁਕੜੇ ਕਰਨ ਲਈ ਹਰੀ ਲਕੀਰ ਖਿੱਚ ਦਿੱਤੀ ਗਈ, ਜੋ ਦੋਵੇਂ ਪਾਸਿਆਂ ਦੀ ਫੌਜ ਨੂੰ ਦੂਰ ਰੱਖਣ ਲਈ ਸੀ।
ਯਹੂਦੀਆਂ ਦੀ ਵਧੇਰੇ ਤਾਦਾਦ ਵਾਲਾ ਇਲਾਕਾ ਇਜ਼ਰਾਇਲ ਅਧੀਨ ਆ ਗਿਆ। ਜਦ ਕਿ ਫ਼ਲਸਤੀਨੀ, ਮੁਸਲਿਮ ਅਤੇ ਈਸਾਈ ਅਬਾਦੀ ਵਾਲਾ ਪੂਰਬੀ ਇਲਾਕਾ ਜਾਰਡਨ ਦੇ ਕੰਟਰੋਲ ਹੇਠ ਆ ਗਿਆ।
ਇਸ ਦੋਂ ਬਾਅਦ ਪੱਛਮੀ ਇਲਾਕੇ ਦੇ ਨੇੜੇ ਰਹਿਣ ਵਾਲੇ ਅਰਬੀਆਂ ਨੂੰ ਆਪਣੀ ਥਾਂ ਛੱਡ ਕੇ ਪੂਰਬੀ ਹਿੱਸੇ 'ਚ ਜਾਣਾ ਪਿਆ।
ਉੱਥੇ ਪੂਰਬੀ ਇਲਾਕੇ 'ਚ ਰਹਿਣ ਵਾਲੇ ਯਹੂਦੀਆਂ ਨੂੰ ਪੱਛਮੀ ਯੇਰੋਸ਼ਲਮ 'ਚ ਵੱਸਣਾ ਪਿਆ।
ਸਾਲ 1949 ਤੋਂ 1967 ਵਿਚਾਲੇ ਪੱਛਮੀ ਇਲਾਕੇ 'ਤੇ ਇਜ਼ਰਾਇਲ ਦਾ ਅਤੇ ਪੂਰਬੀ ਇਲਾਕੇ 'ਤੇ ਜਾਰਡਨ ਦਾ ਕੰਟਰੋਲ ਰਿਹਾ।
ਪੂਰਬੀ ਇਲਾਕੇ 'ਚ ਯੇਰੋਸ਼ਲਮ ਦਾ ਪੁਰਾਣਾ ਸ਼ਹਿਰ ਵੀ ਸੀ, ਜਿੱਥੇ ਇਸਲਾਮ, ਯਹੂਦੀ ਅਤੇ ਈਸਾਈ ਧਰਮ ਦੇ ਬੇਹੱਦ ਅਹਿਮ ਸਥਾਨ ਹਨ।
ਪਰ ਸਾਲ 1967 'ਚ ਛੇ ਦਿਨਾਂ ਦੀ ਜੰਗ ਦੌਰਾਨ ਇਜ਼ਰਾਇਲ ਨੇ ਪੂਰਬੀ ਇਲਾਕੇ 'ਤੇ ਕਬਜ਼ਾ ਕਰ ਰਿਹਾ।
ਸਾਲ 1980 'ਚ ਇਜ਼ਰਾਇਲ ਨੇ ਇੱਕ ਕਨੂੰਨ ਪਾਸ ਕਰਕੇ ਕਿਹਾ, "ਯੇਰੋਸ਼ਲਮ ਇਜ਼ਰਾਇਲ ਦਾ ਅਨਿੱਖੜਵਾਂ ਅੰਗ ਹੈ ਅਤੇ ਚਿਰੋਕਣੀ ਰਾਜਧਾਨੀ ਸੀ।"
ਪਰ ਇਸ ਤੋਂ ਬਾਅਦ ਵੀ ਯੇਰੋਸ਼ਲਮ 'ਤੇ ਵਿਵਾਦ ਰਿਹਾ, ਕਿਉਂਕਿ ਕੌਮਾਂਤਰੀ ਪੱਧਰ 'ਤੇ ਇਸ ਨੂੰ ਇਜ਼ਰਾਇਲ ਦੀ ਰਾਜਧਾਨੀ ਵਜੋਂ ਮਾਨਤਾ ਨਹੀਂ ਮਿਲੀ ਅਤੇ ਇਸ ਨੂੰ ਗ਼ੈਰਕਨੂੰਨੀ ਮੰਨਿਆ ਗਿਆ।
ਇਸ ਕਾਰਨ ਵੀ ਇਜ਼ਰਾਇਲ ਅਤੇ ਫ਼ਲਸਤੀਨੀਆਂ ਵਿਚਾਲੇ ਵਿਵਾਦ ਚੱਲਦਾ ਰਿਹਾ।
ਸਿਆਸੀ ਤੌਰ 'ਤੇ ਦੇਖਿਆ ਜਾਵੇ ਤਾਂ ਇਜ਼ਰਾਇਲ ਦੀ ਸੰਸਦ, ਪ੍ਰਧਾਨ ਮੰਤਰੀ ਦਾ ਦਫ਼ਤਰ ਅਤੇ ਇਜ਼ਰਾਇਲ ਦਾ ਸੁਪਰੀਮ ਕੋਰਟ ਪੱਛਮੀ ਯੇਰੋਸ਼ਲਮ ਵਿੱਚ ਹੈ।