ਇਜ਼ਰਾਇਲੀ ਪੀਐੱਮ ਬੇਂਜਾਮਿਨ ਨੇਤਨਯਾਹੂ ਨੂੰ ਕਿਸ ਨੇ ਕਿਹਾ 'ਮਸ਼ਹੂਰ ਝੂਠਾ'?

ਇਰਾਨ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਇੱਕ 'ਮਸ਼ਹੂਰ ਝੂਠਾ' ਕਰਾਰ ਦਿੱਤਾ ਹੈ।

ਇਰਾਨ ਨੇ ਅਜਿਹਾ ਇਸ ਲਈ ਕਿਹਾ ਕਿ ਕਿਉਂਕਿ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਰਾਨ 'ਤੇ ਪਰਮਾਣੂ ਹਥਿਆਰਾਂ ਨੂੰ ਲੈ ਕੇ ਹੋਏ ਇੱਕ ਪ੍ਰੋਗਰਾਮ ਕਰਕੇ ਇਲਜ਼ਾਮ ਲਗਾਏ ਸਨ।

ਅਮਰੀਕਾ ਦੇ ਇਰਾਨ ਤੋਂ 2015 ਵਿੱਚ ਹੋਏ ਪਰਮਾਣੂ ਸਮਝੌਤੇ ਨੂੰ ਵਾਪਸ ਲੈਣ ਦੇ ਫ਼ੈਸਲੇ ਤੋਂ ਇੱਕ ਦਿਨ ਪਹਿਲਾਂ ਨੇਤਨਯਾਹੂ ਦੇ ਖ਼ੁਲਾਸੇ ਨੇ ਪੱਛਮੀ ਦੇਸ਼ਾਂ ਨੂੰ ਵੰਡ ਦਿੱਤਾ ਹੈ।

ਫਰਾਂਸ ਨੇ ਕਿਹਾ ਕਿ ਕੁਝ ਜਾਣਕਾਰੀ 2002 ਵਿੱਚ ਨਸ਼ਰ ਕੀਤੀ ਗਈ ਸੀ ਅਤੇ ਫਰਾਂਸ ਨੇ ਇਸ ਸਮਝੌਤੇ ਨੂੰ ਜਾਰੀ ਰੱਖਣ 'ਤੇ ਜ਼ੋਰ ਦਿੱਤਾ।

ਹਾਲਾਂਕਿ, ਅਮਰੀਕਾ ਨੇ ਕਿਹਾ ਇਸ ਗੱਲ ਦਾ ਪ੍ਰਮਾਣ ਹੈ ਕਿ ਇਹ ਸਮਝੌਤਾ ਚੰਗੇ ਵਿਸ਼ਵਾਸ ਦਾ ਆਧਾਰ ਨਹੀਂ ਬਣਿਆ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ, ਜਿਹੜੇ ਇਸ ਸਮਝੌਤੇ ਦਾ ਵਿਰੋਧ ਕਰਦੇ ਹਨ, ਕੋਲ 12 ਮਈ ਤੱਕ ਦਾ ਸਮਾਂ ਹੈ ਕਿ ਉਹ ਇਸ ਸਮਝੌਤੇ ਨੂੰ ਤਿਆਗਣਾ ਚਾਹੁੰਦੇ ਹਨ ਜਾਂ ਨਹੀਂ।

ਇੰਗਲੈਂਡ ਅਤੇ ਫਰਾਂਸ ਸਣੇ ਇਸ ਸੌਦੇ 'ਚ ਸ਼ਾਮਿਲ ਹੋਰਨਾਂ ਦੇਸ਼ਾਂ ਦਾ ਕਹਿਣਾ ਹੈ ਕਿ ਇਰਾਨ ਇਸ 'ਤੇ ਕਾਇਮ ਹੈ ਅਤੇ ਇਸ ਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਹੈ।

ਇਰਾਨ ਕੀ ਕਹਿੰਦਾ ਹੈ?

ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਹਿਰਾਮ ਘਸੇਮੀ ਨੇ ਕਿਹਾ ਕਿ ਨੇਤਨਯਾਹੂ ਵੱਲੋਂ ਲਗਾਏ ਗਏ ਇਲਜ਼ਾਮ ਕਿ ਤਹਿਰਾਨ ਨੇ ਪਰਮਾਣੂ ਮਕਸਦ ਸਬੰਧੀ ਝੂਠ ਬੋਲਿਆ ਹੈ ''ਬੇਫ਼ਜ਼ੂਲ ਅਤੇ ਸ਼ਰਮਨਾਕ ਹਨ।''

ਵਿਦੇਸ਼ ਮੰਤਰੀ ਜਾਵੇਦ ਜ਼ਰੀਫ਼ ਨੇ ਕਿਹਾ ਕਿ ਦਸਤਾਵੇਜ਼ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਵੱਲੋਂ ਪਹਿਲਾਂ ਹੀ ਚੁੱਕੇ ਗਏ ਪੁਰਾਣੇ ਇਲਜ਼ਾਮਾਂ ਦਾ ਨਵਾਂ ਰੂਪ ਹੈ, ਜਿਸ ਨੂੰ ਇਰਾਨ ਦੇ ਪਰਮਾਣੂ ਅਤੀਤ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਹੈ।

IAEA ਦੀ ਕੀ ਹੈ ਪ੍ਰਤੀਕਿਰਿਆ?

ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਸਿੱਧੇ ਤੌਰ 'ਤੇ ਨੇਤਨਯਾਹੂ ਦੇ ਦੋਸ਼ਾਂ ਨੂੰ ਸੰਬੋਧਨ ਕਰਨ ਵਿੱਚ ਅਸਫ਼ਲ ਰਿਹਾ ਪਰ 2015 ਦੀ ਇੱਕ ਏਜੰਸੀ ਦੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ, ਜਿਸ ਵਿੱਚ 2003 'ਚ ਪਰਮਾਣੂ ਵਿਸਫ਼ੋਟਕ ਯੰਤਰ ਦੇ ਵਿਕਾਸ ਨਾਲ ਜੁੜੀਆਂ ਕੁਝ ਸਰਗਰਮੀਆਂ ਮਿਲੀਆਂ ਸਨ।

ਦਸਤਾਵੇਜ਼ਾਂ 'ਚ ਕੀ ਸੀ?

ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਜੋ ਕਿਹਾ ਉਹ ਹਜ਼ਾਰਾਂ ਗੁਪਤ ਪਰਮਾਣੂ ਫ਼ਾਇਲਾਂ ਦਾ ਸਬੂਤ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਰਾਨ ਨੇ ਪਰਮਾਣੂ ਸਮਝੌਤੇ ਬਾਰੇ 2015 ਵਿੱਚ ਸਮਝੌਤੇ 'ਤੇ ਦਸਤਖ਼ਤ ਹੋਣ ਤੋਂ ਪਹਿਲਾਂ ਝੂਠ ਬੋਲਿਆ ਸੀ।

ਉਨ੍ਹਾਂ ਇਰਾਨ 'ਤੇ ਪਰਮਾਣੂ ਹਥਿਆਰਾਂ ਬਾਬਤ ਇੱਕ ਗੁਪਤ ਪ੍ਰੋਗਰਾਮ ਕਰਵਾਉਣ ਦਾ ਦੋਸ਼ ਲਗਾਇਆ। ਇਰਾਨ ਦੀ ਫੌਜ ਦੀ ਸੀਰੀਆ 'ਚ ਮੌਜੂਦਗੀ ਤੋਂ ਬਾਅਦ ਲੰਮੇ ਸਮੇਂ ਤੋਂ ਦੁਸ਼ਮਣਾਂ ਵਿਚਾਲੇ ਤਣਾਅ ਵਧਿਆ ਹੈ।

ਇਰਾਨ ਨੇ ਹਮੇਸ਼ਾ ਪਰਮਾਣੂ ਹਥਿਆਰਾਂ ਦੀ ਮੰਗ ਤੋਂ ਇਨਕਾਰ ਕੀਤਾ ਹੈ ਅਤੇ ਤਿੰਨ ਸਾਲ ਪਹਿਲਾਂ ਪਾਬੰਦੀਆਂ ਨੂੰ ਹਟਾਉਣ ਲਈ ਆਪਣੇ ਪਰਮਾਣੂ ਊਰਜਾ ਪ੍ਰੋਗਰਾਮ ਨੂੰ ਰੋਕਣ ਲਈ ਸਹਿਮਤੀ ਜਤਾਈ ਸੀ।

ਅਮਰੀਕਾ ਕੀ ਕਹਿੰਦਾ ਹੈ?

ਵ੍ਹਾਈਟ ਹਾਊਸ ਨੇ ਸ਼ੁਰੂਆਤ ਵਿੱਚ ਨੇਤਨਯਾਹੂ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਆਪਣੀ ਸਮਝ ਨਾਲ ਇੱਕਸਾਰ ਸਨ ਕਿ ਇਰਾਨ ਕੋਲ ਇੱਕ ''ਮਜ਼ਬੂਤ ਪਰਮਾਣੂ ਪ੍ਰੋਗਰਾਮ'' ਹੈ।

ਹਾਲਾਂਕਿ ਬਾਅਦ ਵਿੱਚ ਬਿਆਨ ਨੂੰ ਬਦਲਦਿਆਂ ਇਸ ਨੂੰ ਇੱਕ ''ਕਲੈਰੀਕਲ ਗ਼ਲਤੀ'' ਦੱਸਿਆ ਗਿਆ।

ਅਮਰੀਕੀ ਨੈਸ਼ਨਲ ਸਿਕਓਰਿਟੀ ਕਾਊਂਸਲ ਦੇ ਬੁਲਾਰੇ ਨੇ ਕਿਹਾ, ''ਇਰਾਨ ਦੇ ਪੀਐੱਮ ਨੇਤਨਯਾਹੂ ਵੱਲੋਂ ਦਿੱਤੀ ਗਈ ਜਾਣਕਾਰੀ ਨੇ ਇਨ੍ਹਾਂ ਯਤਨਾਂ ਦੇ ਨਵੇਂ ਅਤੇ ਪ੍ਰਭਾਵਸ਼ਾਲੀ ਵੇਰਵੇ ਪੇਸ਼ ਕੀਤੇ ਹਨ।''

ਨਵੇਂ ਅਮਰੀਕੀ ਸਕੱਤਰ ਮਾਈਕ ਪੋਂਪੀਓ ਨੇ ਕਿਹਾ ਕਿ ਦਸਤਾਵੇਜ਼ ''ਕਿਸੇ ਵੀ ਸ਼ੱਕ ਤੋਂ ਪਰੇ'' ਸਾਬਿਤ ਹੁੰਦੇ ਹਨ ਕਿ ''ਇਰਾਨੀ ਸਰਕਾਰ ਸੱਚ ਨਹੀਂ ਦੱਸ ਰਹੀ'' ਅਤੇ ਉਸ ਨੇ ''ਦੁਨੀਆਂ ਅਤੇ IAEA ਤੋਂ ਵਿਸ਼ਾਲ ਪੁਰਾਣੇ ਪਰਮਾਣੂ ਦਸਤਾਵੇਜ਼'' ਲੁਕਾਏ ਹਨ।

ਉਧਰ ਓਬਾਮਾ ਪ੍ਰਸ਼ਾਸਨ ਸਮੇਂ ਇਰਾਨ ਦੀ ਗੱਲਬਾਤ ਦੌਰਾਨ ਟੀਮ ਮੈਂਬਰ ਰਹੇ ਰੌਬ ਮਲੀ ਨੇ ਇਜ਼ਾਰਾਈਲ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ''ਇਨ੍ਹਾਂ ਵਿੱਚ ਕੁਝ ਨਵਾਂ ਨਹੀਂ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)