You’re viewing a text-only version of this website that uses less data. View the main version of the website including all images and videos.
ਮਿਜ਼ਾਈਲ ਹਮਲੇ ਦੀ ਚੇਤਾਵਨੀ: ਝੂਠੇ ਅਲਾਰਮ ਨੇ ਅਮਰੀਕਾ 'ਚ ਮਚਾਈ ਹਾਹਾਕਾਰ
ਅਮਰੀਕਾ ਦੇ ਸੂਬੇ ਹਵਾਈ 'ਚ ਇੱਕ ਮਿਜ਼ਾਈਲ ਹਮਲੇ ਦੀ ਝੂਠੀ ਚੇਤਾਵਨੀ ਨੇ ਸ਼ਨੀਵਾਰ ਸਵੇਰ ਨੂੰ ਲੋਕਾਂ ਵਿੱਚ ਦਹਿਸ਼ਤ ਮਚਾ ਦਿੱਤੀ ਪਰ ਬਾਅਦ ਵਿੱਚ ਇਸ ਨੂੰ ਝੂਠੀ ਚੇਤਾਵਨੀ ਐਲਾਨਿਆ ਗਿਆ।
ਲੋਕਾਂ ਦੇ ਮੋਬਾਈਲਾਂ ਵਿੱਚ ਇੱਕ ਸੰਦੇਸ਼ ਆਇਆ, ਜਿਸ ਵਿੱਚ ਕਿਹਾ ਗਿਆ, "ਹਵਾਈ ਵਿੱਚ ਬੈਲਿਸਟਿਕ ਮਿਜ਼ਾਈਲ ਹਮਲੇ ਦਾ ਖ਼ਤਰਾ ਹੈ। ਤੁਰੰਤ ਪਨਾਹ ਲਈ ਟਿਕਾਣਾ ਲੱਭੋ। ਇਹ ਕੋਈ ਫ਼ੌਜੀ ਮਸ਼ਕ ਨਹੀਂ ਹੈ।"
ਅਮਰੀਕੀ ਸਰਕਾਰ ਨੇ ਕਿਹਾ ਕਿ ਇਸ ਮੁੱਦੇ 'ਤੇ ਜਾਂਚ ਕੀਤੀ ਜਾਵੇਗੀ।
'ਹਵਾਈ' ਸੂਬੇ ਦੀ ਉੱਤਰੀ ਕੋਰੀਆ ਨਾਲ ਨੇੜਤਾ ਹੋਣ ਕਰਕੇ ਚੇਤਾਵਨੀ ਵਾਲੇ ਸਿਸਟਮ ਸਹੀ ਚੱਲ ਰਹੇ ਹਨ।
ਇਸ ਸੂਬੇ ਵਿੱਚ ਦਸੰਬਰ ਦੇ ਮਹੀਨੇ ਵਿੱਚ ਸੀਤ-ਜੰਗ ਤੋਂ ਬਾਅਦ ਪਹਿਲੀ ਬਾਰ ਪਰਮਾਣੂ ਬੰਬ ਦੇ ਖ਼ਤਰੇ ਦੇ ਘੁੱਗੂ ਦਾ ਪਰੀਖਣ ਕੀਤਾ ਗਿਆ ਸੀ।
ਇਹ ਚੇਤਾਵਨੀ ਕਿਸ ਤਰ੍ਹਾਂ ਹੋਈ?
ਝੂਠੀ ਚੇਤਾਵਨੀ ਦਾ ਸੰਦੇਸ਼ ਲੋਕਾਂ ਦੇ ਮੋਬਾਈਲ ਫੋਨਾਂ 'ਤੇ ਆਇਆ। ਇਸ ਤੋਂ ਬਾਅਦ ਇਸ ਸੰਦੇਸ਼ ਨੂੰ ਟੀਵੀ ਅਤੇ ਰੇਡੀਓ 'ਤੇ ਵੀ ਦਿੱਤਾ ਗਿਆ।
ਮੋਬਾਈਲ ਫੋਨਾਂ 'ਤੇ ਇਹ ਸੰਦੇਸ਼ ਸਥਾਨਕ ਸਮੇਂ ਮੁਤਾਬਕ ਸਵੇਰੇ 8:07 ਵਜੇ ਆਇਆ।
ਇਸ ਸੰਦੇਸ਼ ਨੂੰ 18 ਮਿੰਟਾਂ ਬਾਅਦ ਇੱਕ ਈ-ਮੇਲ ਜਰੀਏ ਝੂਠਾ ਕਰਾਰ ਦਿੱਤਾ ਗਿਆ ਪਰ ਫਿਰ ਵੀ ਅਗਲੇ 38 ਮਿੰਟਾਂ ਤਕ ਸਹੀ ਜਾਣਕਾਰੀ ਦਾ ਸੰਦੇਸ਼ ਮੋਬਾਈਲ ਫੋਨਾਂ 'ਤੇ ਨਹੀਂ ਆਇਆ।
ਈਐੱਮਏ ਦੇ ਪ੍ਰਸ਼ਾਸਕ ਵਰਨ ਮਿਆਗੀ ਨੇ ਕਿਹਾ, "ਇਹ ਇੱਕ ਅਣਭੋਲ ਗ਼ਲਤੀ ਸੀ,ਇਹ ਨਹੀਂ ਹੋਣਾ ਚਾਹੀਦਾ ਸੀ, ਇਸ 'ਤੇ ਕਾਰਵਾਈ ਹੋਵੇਗੀ।"
ਗਵਰਨਰ ਲਗੇ ਨੇ ਕਿਹਾ, "ਇਹ ਘਟਨਾ ਸ਼ਿਫ਼ਟ ਬਦਲਣ ਵੇਲੇ ਹੋਈ ਕਿਉਂਕਿ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸਿਸਟਮ ਸਹੀ ਕੰਮ ਕਰ ਰਿਹਾ ਹੈ।"
ਹਵਾਈ ਦਾ ਪ੍ਰਤੀਕਰਮ ਕਿਸ ਤਰ੍ਹਾਂ ਸੀ?
ਇਸ ਸੂਬੇ ਦੇ ਲੋਕ ਇਸ ਮੌਕੇ ਦੌਰਾਨ ਫੈਲੀ ਦਹਿਸ਼ਤ ਦੀਆਂ ਕਹਾਣੀਆਂ ਸਾਂਝੀਆਂ ਕਰ ਰਹੇ ਸਨ।
ਸੋਸ਼ਲ ਮੀਡੀਆ ਤੇ ਪੋਸਟ ਕੀਤੇ ਗਏ ਵੀਡੀਓ ਤੋਂ ਪਤਾ ਲੱਗਦਾ ਹੈ ਕੇ ਹਵਾਈ ਯੂਨੀਵਰਸਿਟੀ ਦੇ ਵਿਦਿਆਰਥੀ ਪਨਾਹ ਲਈ ਇੱਧਰ-ਉੱਧਰ ਭੱਜ ਰਹੇ ਸਨ।
ਹਵਾਈ ਸੂਬੇ ਦੀ ਵਿਧਾਨ ਸਭਾ ਦੇ ਮੈਂਬਰ ਮੈਟ ਲੋਪਰੇਸਤੀ ਨੇ ਦੱਸਿਆ ਕਿ ਮੋਬਾਈਲ 'ਤੇ ਸੰਦੇਸ਼ ਤੋਂ ਬਾਅਦ ਕਿਸ ਤਰ੍ਹਾਂ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਬਾਥਰੂਮ ਦੇ ਟੱਬ ਵਿੱਚ ਪਨਾਹ ਲਈ।
ਅਗਾਂਹ ਤੋਂ ਇਸ ਤਰ੍ਹਾਂ ਦੀ ਘਟਨਾ ਨੂੰ ਰੋਕਣ ਲਈ ਉਪਰਾਲੇ
ਅਜੀਤ ਪਾਈ ਜੋ ਅਮਰੀਕਾ ਦੇ ਫੈਡਰਲ ਸੰਚਾਰ ਕਮਿਸ਼ਨ ਦੇ ਚੇਅਰਮੈਨ ਹਨ, ਨੇ ਟਵਿੱਟਰ ਜ਼ਰੀਏ ਇਸ ਮਾਮਲੇ ਦੀ ਜਾਂਚ ਦਾ ਐਲਾਨ ਕੀਤਾ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਜੋ ਕਿ ਉਸ ਸਮੇਂ ਫਲੋਰੀਡਾ ਵਿੱਚ ਸਨ. ਨੂੰ ਵੀ ਇਸ ਘਟਨਾ ਬਾਰੇ ਦੱਸਿਆ ਗਿਆ।
ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਮਾਜ਼ੀਏ ਹਿਰੋਨੋ ਨੇ ਟਵੀਟ ਕੀਤਾ, "ਅੱਜ ਦੀ ਚੇਤਾਵਨੀ ਝੂਠੀ ਸੀ। ਇਸ ਤਰ੍ਹਾਂ ਦੇ ਤਣਾਅ ਵਾਲੇ ਮਾਹੌਲ ਵਿੱਚ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚੇ।"
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਉੱਤਰੀ ਕੋਰੀਆ ਦੇ ਮਿਜ਼ਾਈਲ ਅਤੇ ਪਰਮਾਣੂ ਪ੍ਰੋਗਰਾਮ ਨੂੰ ਅਮਰੀਕਾ ਵਿੱਚ ਖ਼ਤਰੇ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਅਮਰੀਕਾ ਦਾ ਸੂਬਾ ਹਵਾਈ ਉੱਤਰੀ ਕੋਰੀਆ ਦੇ ਨੇੜਲੇ ਸੂਬਿਆਂ 'ਚੋ ਇੱਕ ਹੈ।