ਹਿਟਲਰ ਨੇ ਖ਼ੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਕੀ-ਕੀ ਕੀਤਾ ਸੀ?

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

25 ਅਪ੍ਰੈਲ, 1945 ਤੋਂ ਬਾਅਦ ਹਿਟਲਰ ਦੀ ਜ਼ਿੰਦਗੀ ਦਾ ਸਿਰਫ਼ ਇੱਕ ਹੀ ਮਕਸਦ ਸੀ-ਖ਼ੁਦ ਆਪਣੀ ਮੌਤ ਦੀ ਤਿਆਰੀ ਕਰਨਾ।

25 ਅਪ੍ਰੈਲ ਨੂੰ ਹੀ ਉਸ ਨੇ ਆਪਣੀ ਨਿੱਜੀ ਬੌਡੀਗਾਰਡ ਹੀਂਜ਼ ਲਿੰਗੇ ਨੂੰ ਬੁਲਾ ਕੇ ਕਿਹਾ ਸੀ, ''ਜਿਵੇਂ ਹੀ ਮੈਂ ਖ਼ੁਦ ਨੂੰ ਗੋਲੀ ਮਾਰਾਂ ਤਾਂ ਤੂੰ ਮੇਰੇ ਸਰੀਰ ਨੂੰ ਚਾਂਸਲਰੀ ਦੇ ਬਗੀਚੇ ਵਿੱਚ ਲਿਜਾ ਕੇ ਅੱਗ ਲਾ ਦੇਵੀਂ। ਮੇਰੇ ਮੌਤ ਤੋਂ ਬਾਅਦ ਕੋਈ ਮੈਨੂੰ ਦੇਖੇ ਜਾਂ ਨਾ ਹੀ ਪਛਾਣ ਸਕੇ।

ਉਸ ਨੇ ਕਿਹਾ, ''ਇਸ ਤੋਂ ਬਾਅਦ ਤੂੰ ਮੇਰੇ ਕਮਰੇ ਵਿੱਚ ਵਾਪਿਸ ਜਾਵੀਂ ਤੇ ਮੇਰੇ ਵਰਦੀ, ਕਾਗਜ਼ ਅਤੇ ਹਰ ਉਹ ਚੀਜ਼ ਜਿਸ ਨੂੰ ਮੈਂ ਵਰਤਿਆ ਹੈ, ਉਸ ਨੂੰ ਇਕੱਠਾ ਕਰੀਂ ਤੇ ਅੱਗ ਲਗਾ ਦੇਵੀਂ।

''ਸਿਰਫ਼ ਅੰਟਨ ਗਰਾਫ਼ ਦੇ ਬਣਾਏ ਗਏ ਫ਼ਰੈਡਰਿਕ ਮਹੀਨ ਦੇ ਤੈਲ ਚਿੱਤਰ ਨੂੰ ਤੂੰ ਨਾ ਛੂਹੀਂ ਜਿਸ ਨੂੰ ਮੇਰਾ ਡਰਾਇਵਰ ਮੇਰੀ ਮੌਤ ਤੋਂ ਬਾਅਦ ਸੁਰੱਖਿਅਤ ਬਰਲਿਨ ਲੈ ਜਾਵੇਗਾ।''

ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿੱਚ ਹਿਟਲਰ ਜ਼ਮੀਨ ਤੋਂ 50 ਫੁੱਟ ਹੇਠਾਂ ਬਣਾਏ ਗਏ ਬੰਕਰ ਵਿੱਚ ਹੀ ਕੰਮ ਕਰਦੇ ਤੇ ਸੌਂਦੇ ਸੀ।

ਸਿਰਫ਼ ਆਪਣੀ ਚਹੇਤੀ ਕੁੱਤੀ ਬਲਾਂਡੀ ਨੂੰ ਕਸਰਤ ਕਰਵਾਉਣ ਲਈ ਉਹ ਕਦੇ-ਕਦੇ ਚਾਂਸਲਰੀ ਦੇ ਬਗੀਚੇ ਵਿੱਚ ਜਾਂਦੇ ਜਿੱਥੇ ਚਾਰੇ ਪਾਸੇ ਬੰਬਾਂ ਨਾਲ ਢਹੀਆਂ ਇਮਾਰਤਾਂ ਦੇ ਮਲਬੇ ਪਏ ਹੁੰਦੇ।

ਕੌਣ-ਕੌਣ ਸੀ ਹਿਟਲਰ ਕੋਲ?

ਹਿਟਲਰ ਸਵੇਰੇ 5 ਜਾਂ 6 ਵਜੇ ਸੌਣ ਜਾਂਦੇ ਸੀ ਅਤੇ ਦੁਪਹਿਰ ਨੂੰ ਉੱਠਦੇ। ਹਿਟਲਰ ਦੀ ਨਿੱਜੀ ਸਕੱਤਰ ਤਰਾਊਦੀ ਜੂੰਗਾ ਆਖ਼ਰੀ ਸਮੇਂ ਤੱਕ ਉਸ ਬੰਕਰ ਵਿੱਚ ਹਿਟਲਰ ਦੇ ਨਾਲ ਰਹੀ।

ਬੀਬੀਸੀ ਨਾਲ ਇੱਕ ਵਾਰ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ, ''ਆਖ਼ਰੀ 10 ਦਿਨ ਅਸਲ ਵਿੱਚ ਸਾਡੇ ਲਈ ਇੱਕ ਬੁਰੇ ਸੁਫ਼ਨੇ ਦੀ ਤਰ੍ਹਾਂ ਸੀ। ਅਸੀਂ ਬੰਕਰ ਵਿੱਚ ਲੁਕੇ ਬੈਠੇ ਸੀ ਅਤੇ ਰੂਸੀ ਸਾਡੇ ਨੇੜੇ ਆ ਰਹੇ ਸੀ। ਅਸੀਂ ਉਨ੍ਹਾਂ ਦੀ ਗੋਲੀਬਾਰੀ, ਬੰਬਾਂ ਅਤੇ ਗੋਲੀਆਂ ਦੀਆਂ ਆਵਾਜ਼ਾਂ ਸਾਫ਼ ਸੁਣ ਸਕਦੇ ਸੀ।''

ਹਿਟਲਰ ਬੰਕਰ ਵਿੱਚ ਬੈਠ ਕੇ ਉਡੀਕ ਕਰ ਰਹੇ ਸੀ ਕਿ ਕੋਈ ਆ ਕੇ ਉਨ੍ਹਾਂ ਨੂੰ ਬਚਾਏਗਾ ਪਰ ਇੱਕ ਗੱਲ ਉਨ੍ਹਾਂ ਨੇ ਸ਼ੁਰੂ ਤੋਂ ਹੀ ਸਾਫ਼ ਕਰ ਦਿੱਤੀ ਸੀ ਕਿ ਜੇ ਲੜਾਈ ਵਿੱਚ ਉਨ੍ਹਾਂ ਦੀ ਜਿੱਤ ਨਹੀਂ ਹੁੰਦੀ ਹੈ ਤਾਂ ਉਹ ਬਰਲਿਨ ਕਦੇ ਨਹੀਂ ਛੱਡਣਗੇ ਅਤੇ ਖ਼ੁਦ ਦੀ ਜਾਨ ਲੈ ਲੈਣਗੇ। ਇਸ ਲਈ ਸਾਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਕੀ ਹੋਣ ਵਾਲਾ ਹੈ।''

''ਜਦੋਂ 22 ਅਪ੍ਰੈਲ 1945 ਨੂੰ ਹਿਟਲਰ ਨੇ ਸਾਨੂੰ ਸਾਰਿਆਂ ਨੂੰ ਕਿਹਾ ਕਿ ਤੁਸੀਂ ਚਾਹੋ ਤਾਂ ਬਰਲਿਨ ਤੋਂ ਬਾਹਰ ਜਾ ਸਕਦੇ ਹੋ, ਤਾਂ ਉਨ੍ਹਾਂ ਦੀ ਪ੍ਰੇਮਿਕਾ ਈਵਾ ਬਰਾਊਨ ਸਭ ਤੋਂ ਪਹਿਲਾਂ ਬੋਲੀ, ਤੁਸੀਂ ਜਾਣਦੇ ਹੋ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ...ਮੈਂ ਇੱਥੇ ਹੀ ਰਹਾਂਗੀ।''

ਬਦਲ ਗਏ ਸੀ ਹਿਟਲਰ

ਉਸੇ ਦੌਰਾਨ ਹਿਟਲਰ ਦੇ ਯੁੱਧ ਉਤਪਾਦਨ ਮੰਤਰੀ ਅਲਬਰਟ ਸਪੀਅਰ, ਉਨ੍ਹਾਂ ਨੂੰ ਮਿਲਣ ਅਤੇ ਅਲਵਿਦਾ ਕਹਿਣ ਉਨ੍ਹਾਂ ਦੇ ਬੰਕਰ ਆਏ ਸੀ। ਬਾਅਦ ਵਿੱਚ ਸਪੀਅਰ ਨੇ ਯਾਦ ਕੀਤਾ ਕਿ ਉਦੋਂ ਤੱਕ ਹਿਟਲਰ ਦੀ ਸ਼ਖ਼ਸੀਅਤ ਵਿੱਚ ਕਾਫ਼ੀ ਬਦਲਾਅ ਆ ਚੁੱਕਿਆ ਸੀ।

''ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ 'ਚ ਹਿਟਲਰ ਦੀ ਹਾਲਤ ਅਜਿਹੀ ਹੋ ਗਈ ਸੀ ਕਿ ਉਨ੍ਹਾਂ 'ਤੇ ਸਿਰਫ਼ ਤਰਸ ਹੀ ਆਉਂਦਾ ਸੀ। ਉਨ੍ਹਾਂ ਦਾ ਪੂਰਾ ਸਰੀਰ ਹਿੱਲਣ ਲੱਗਾ ਸੀ ਅਤੇ ਉਨ੍ਹਾਂ ਦੇ ਮੋਢੇ ਝੁੱਕ ਗਏ ਸੀ। ਉਨ੍ਹਾਂ ਦੇ ਕੱਪੜੇ ਗੰਦੇ ਸੀ ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੇਰੇ ਪ੍ਰਤੀ ਉਨ੍ਹਾਂ ਦਾ ਵਰਤਾਰਾ ਬਹੁਤ ਨਰਮ ਸੀ।''

''ਮੈਂ ਉਨ੍ਹਾਂ ਤੋਂ ਵਿਦਾਈ ਲੈਣ ਆਇਆ ਸੀ। ਉਨ੍ਹਾਂ ਨੂੰ ਪਤਾ ਸੀ ਕਿ ਅਸੀਂ ਆਖ਼ਰੀ ਵਾਰ ਮਿਲ ਰਹੇ ਸੀ ਪਰ ਮੈਨੂੰ ਯਾਦ ਨਹੀਂ ਕਿ ਉਨ੍ਹਾਂ ਨੇ ਮੈਨੂੰ ਕੋਈ ਅਜਿਹੀ ਗੱਲ ਕਹੀ ਹੋਵੇ ਜਿਹੜੀ ਦਿਲ ਨੂੰ ਛੂਹ ਸਕੇ।''

ਹਿਟਲਰ ਦੀ ਉਸ ਸਮੇਂ ਦੀ ਹਾਲਤ ਦਾ ਵਰਨਣ 'ਦਿ ਲਾਈਫ਼ ਐਂਡ ਡੈਥ ਆਫ਼ ਅਡੋਲਫ਼ ਹਿਟਲਰ' ਲਿਖਣ ਵਾਲੇ ਰਾਬਰਟ ਪੈਨ ਨੇ ਵੀ ਕੀਤਾ ਹੈ।

ਪੈਨ ਲਿਖਦੇ ਹਨ, ''ਹਿਟਲਰ ਦਾ ਚਿਹਰਾ ਸੁੱਜ ਗਿਆ ਸੀ ਅਤੇ ਉਸ ਵਿੱਚ ਅਣਗਿਣਤ ਝੁਰੜੀਆਂ ਪੈ ਗਈਆਂ ਸੀ। ਅੱਖਾਂ ਕਮਜ਼ੋਰ ਹੋ ਗਈਆਂ ਸੀ ਤੇ ਹੱਥ ਬੁਰੀ ਤਰ੍ਹਾਂ ਕੰਬਣ ਲੱਗੇ ਸੀ।''

''ਜਿਸ ਤਰ੍ਹਾਂ ਉਹ ਆਪਣੇ ਮੋਢਿਆਂ ਦੇ ਵਿੱਚ ਸਿਰ ਝੁਕਾਉਂਦੇ ਸੀ, ਜਿਹੜਾ ਕਿਸੇ ਬੁੱਢੇ ਗਿੱਦ ਵਾਂਗ ਲਗਦਾ ਸੀ। ਉਨ੍ਹਾਂ ਵਿੱਚ ਸਭ ਤੋਂ ਵੱਧ ਧਿਆਨ ਦੇਣ ਵਾਲੀ ਗੱਲ ਇਹ ਸੀ ਕਿ ਉਨ੍ਹਾਂ ਦੀ ਕਿਸੇ ਸ਼ਰਾਬੀ ਦੀ ਤਰ੍ਹਾਂ ਲੜਖੜਾਂਦੀ ਚਾਲ।''

''ਇਹ ਸ਼ਾਇਦ ਕਿਸੇ ਬੰਬ ਵਿਸਫੋਟ ਵਿੱਚ ਉਨ੍ਹਾਂ ਦੇ ਕੰਨ ਨੂੰ ਹੋਏ ਨੁਕਸਾਨ ਕਰਕੇ ਹੋਇਆ ਸੀ। ਉਹ ਥੋੜ੍ਹੀ ਦੂਰ ਚੱਲਦੇ ਤੇ ਰੁੱਕ ਕੇ ਕਿਸੇ ਮੇਜ਼ ਦਾ ਕੋਨਾ ਫੜ ਲੈਂਦੇ। ਛੇ ਮਹੀਨਿਆਂ ਅੰਦਰ ਉਹ ਦੱਸ ਸਾਲ ਬੁੱਢੇ ਹੋ ਗਏ ਸੀ।''

ਬੰਕਰ ਵਿੱਚ ਆਪਣੀ ਆਖ਼ਰੀ ਦਿਨਾਂ 'ਚ ਹੀ ਹਿਟਲਰ ਨੇ ਤੈਅ ਕਰ ਲਿਆ ਸੀ ਕਿ ਉਹ ਈਵਾ ਬਰਾਊਨ ਨਾਲ ਵਿਆਹ ਕਰਕੇ ਉਸ ਰਿਸ਼ਤੇ ਨੂੰ ਕਾਨੂੰਨੀ ਕਰਾਰ ਦੇਣਗੇ।

ਆਪਣੀ ਕਿਤਾਬ 'ਦਿ ਲਾਈਫ਼ ਐਂਡ ਡੈਥ ਆਫ਼ ਅਡੋਲਫ਼ ਹਿਟਲਰ' ਵਿੱਚ ਰਾਬਰਟ ਪੈਨ ਲਿਖਦੇ ਹਨ, ''ਸਵਾਲ ਉੱਠਿਆ ਕਿ ਵਿਆਹ ਕਰਾਵੇਗਾ ਕੌਣ? ਗੋਏਬੇਲਸ ਨੂੰ ਖ਼ਿਆਲ ਆਇਆ ਕਿ ਕਿੰਨਹੀ ਵਾਲਟਰਵੈਨਗਰ ਨੇ ਉਨ੍ਹਾਂ ਦਾ ਵਿਆਹ ਕਰਵਾਇਆ ਸੀ।''

''ਦਿੱਕਤ ਇਹ ਸੀ ਕਿ ਉਨ੍ਹਾਂ ਨੂੰ ਲੱਭਿਆ ਕਿਵੇਂ ਜਾਵੇ? ਉਨ੍ਹਾਂ ਦੇ ਆਖ਼ਰੀ ਪਤੇ 'ਤੇ ਇੱਕ ਸੈਨਿਕ ਨੂੰ ਭੇਜਿਆ ਗਿਆ। ਸ਼ਾਮ ਨੂੰ ਉਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ ਹਿਟਲਰ ਦੇ ਬੰਕਰ ਵਿੱਚ ਲਿਆਂਦਾ ਗਿਆ। ਪਰ ਉਹ ਆਪਣੇ ਨਾਲ ਵਿਆਹ ਦਾ ਸਰਟੀਫਿਕੇਟ ਲਿਆਉਣਾ ਭੁੱਲ ਗਏ।''

ਹਿਟਲਰ ਦਾ ਵਿਆਹ

''ਸਰਟੀਫਿਕੇਟ ਨੂੰ ਲੈਣ ਉਹ ਮੁੜ ਆਪਣੇ ਘਰ ਗਏ। ਰੂਸੀਆਂ ਦੀ ਭਿਆਨਕ ਗੋਲਾਬਾਰੀ ਵਿੱਚ ਮਲਬੇ ਨਾਲ ਲਗਦੀਆਂ ਸੜਕਾਂ ਤੋਂ ਹੁੰਦੇ ਹੋਏ ਵੈਨਗਰ ਵਾਪਿਸ ਹਿਟਲਰ ਦੇ ਬੰਕਰ ਪੁੱਜੇ। ਉਸ ਸਮੇਂ ਵਿਆਹ ਦੀ ਦਾਵਤ ਸ਼ੁਰੂ ਹੋਣ ਵਾਲੀ ਸੀ ਅਤੇ ਹਿਟਲਰ ਤੇ ਈਵਾ ਬਰਾਊਨ ਬਹੁਤ ਬੇਸਬਰੀ ਨਾਲ ਉਨ੍ਹਾਂ ਦੀ ਉਡੀਕ ਕਰ ਰਹੇ ਸੀ। ਹਿਟਲਰ ਨੇ ਗੋਏਬੇਲਸ ਅਤੇ ਬਰਾਊਨ ਨੇ ਬੋਰਮਨ ਨੂੰ ਆਪਣਾ ਗਵਾਹ ਬਣਾਇਆ।''

ਰਾਬਰਟ ਪੈਨ ਅੱਗੇ ਲਿਖਦੇ ਹਨ, ''ਵਿਆਹ ਦੇ ਸਰਟੀਫਿਕੇਟ ਦੇ ਹਿਟਲਰ ਦੇ ਦਸਤਖ਼ਤ ਇੱਕ ਮਰੇ ਹੋਏ ਕੀੜੇ ਵਰਗੇ ਨਜ਼ਰ ਆ ਰਹੇ ਸੀ। ਈਵਾ ਬਰਾਊਨ ਨੇ ਵਿਆਹ ਤੋਂ ਪਹਿਲਾਂ ਵਾਲਾ ਆਪਣਾ ਨਾਂ ਲਿਖਣਾ ਚਾਹਿਆ। ਉਨ੍ਹਾਂ ਨੇ 'ਬੀ' ਲਿਖ ਵੀ ਦਿੱਤਾ। ਪਰ ਫਿਰ ਉਨ੍ਹਾਂ ਨੇ ਉਸ ਨੂੰ ਕੱਟਿਆ ਅਤੇ ਸਾਫ਼ ਸਾਫ਼ ਈਵਾ ਹਿਟਲਰ ਬਰਾਊਨ ਲਿਖ ਦਿੱਤਾ।''

''ਗੋਏਬੇਲਸ ਨੇ ਮੱਕੜੀ ਦੇ ਜਾਲੇ ਨਾਲ ਮਿਲਦੇ-ਜੁਲਦੇ ਦਸਤਖ਼ਤ ਕੀਤੇ ਪਰ ਉਸ ਤੋਂ ਪਹਿਲਾਂ ਉਹ ਡਾਕਟਰ ਲਗਾਉਣਾ ਨਹੀਂ ਭੁੱਲੇ। ਸਰਟੀਫ਼ਿਕੇਟ 'ਤੇ ਤਰੀਕ ਲਿਖੀ ਸੀ 29 ਅਪ੍ਰੈਲ ਜੋ ਕਿ ਗ਼ਲਤ ਸੀ, ਕਿਉਂਕਿ ਵਿਆਹ ਹੁੰਦੇ-ਹੁੰਦੇ ਰਾਤ ਦੇ 12 ਵੱਜ ਕੇ 25 ਮਿੰਟ ਹੋ ਚੁੱਕੇ ਸੀ। ਕਾਇਦੇ ਨਾਲ ਉਸ 'ਤੇ 30 ਅਪ੍ਰੈਲ ਲਿਖਿਆ ਜਾਣਾ ਚਾਹੀਦਾ ਸੀ।''

''ਵਿਆਹ ਤੋਂ ਬਾਅਦ ਦੇ ਖਾਣੇ ਵਿੱਚ ਬੋਰਮਨ, ਗੋਏਬੇਲਸ, ਮਾਗਦਾ ਗੋਏਬਲਸ, ਜਨਰਲ ਕ੍ਰੇਬਸ, ਜਨਰਲ ਬਰਗਡਾਰਫ਼ , ਹਿਟਲਰ ਦੇ ਦੋ ਨਿੱਜੀ ਸਕੱਤਰ ਅਤੇ ਉਨ੍ਹਾਂ ਦਾ ਸ਼ਾਕਾਹਾਰੀ ਰਸੋਈਆ ਵੀ ਸ਼ਾਮਿਲ ਹੋਇਆ। ਈਵਾ ਹਿਟਲਰ ਦੇ ਕਾਫ਼ੀ ਸ਼ੈਂਪੀਅਨ ਪੀ ਲਈ।''

ਹਿਟਲਰ ਨੇ ਵੀ ਸ਼ੈਂਪੀਅਨ ਦਾ ਇੱਕ ਘੁੱਟ ਲਿਆ ਅਤੇ ਪੁਰਾਣੇ ਦਿਨਾਂ ਬਾਰੇ ਗੱਲਾਂ ਕਰਨ ਲੱਗੇ। ਜਦੋਂ ਉਹ ਗੋਇਲਬੇਲਸ ਦੇ ਵਿਆਹ ਵਿੱਚ ਸ਼ਾਮਲ ਹੋਏ ਸੀ।

ਫਿਰ ਅਚਾਨਕ ਉਨ੍ਹਾਂ ਦਜਾ ਮੂਡ ਬਦਲ ਗਿਆ ਤੇ ਉਹ ਬੋਲੇ,''ਸਭ ਕੁਝ ਖ਼ਤਮ ਹੋ ਗਿਆ, ਮੈਨੂੰ ਹਰ ਇੱਕ ਨੇ ਧੋਖਾ ਦਿੱਤਾ।''

ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨ ਹਿਟਲਰ ਨੇ ਕੁਝ ਘੰਟੇ ਦੀ ਨੀਂਦ ਲਈ ਅਤੇ ਤਰੋਤਾਜ਼ਾ ਹੋ ਗਏ।

ਅਕਸਰ ਇਹ ਦੇਖਿਆ ਗਿਆ ਕਿ ਮੌਤ ਦੀ ਸਜ਼ਾ ਮਿਲਣ ਵਾਲੇ ਕੈਦੀ ਆਪਣੀ ਮੌਤ ਤੋਂ ਪਹਿਲਾਂ ਦੀ ਰਾਤ ਚੈਨ ਨਾਲ ਸੌਂਦੇ ਹਨ।

ਨਹਾਉਣ ਅਤੇ ਸ਼ੇਵ ਕਰਨ ਤੋਂ ਬਾਅਦ ਹਿਟਲਰ ਆਪਣੇ ਜਨਰਲਾਂ ਨੂੰ ਮਿਲਿਆ। ਉਨ੍ਹਾਂ ਨੇ ਕਿਹਾ ਕਿ ਅੰਤ ਨੇੜੇ ਹੈ।

ਸੋਵੀਅਤ ਫੌਜੀ ਕਿਸੇ ਵੀ ਵੇਲੇ ਉਨ੍ਹਾਂ ਦੇ ਬੰਕਰ ਵਿੱਚ ਵੜ ਸਕਦੇ ਹਨ।

ਹਿਟਲਰ ਨੇ ਮਾਰ ਲਈ ਗੋਲੀ

ਰਾਬਰਟ ਪੈਨ ਲਿਖਦੇ ਹਨ, ''ਹਿਟਲਰ ਨੇ ਪ੍ਰੋਫ਼ੈਸਰ ਹਾਸੇ ਨੂੰ ਬੁਲਾ ਕੇ ਪੁੱਛਿਆ ਕਿ ਸਾਈਨਾਈਡ ਦੇ ਕੈਪਸੂਲਾਂ 'ਤੇ ਭਰੋਸਾ ਕੀਤਾ ਜਾ ਸਕਦਾ ਹੈ ਜਾਂ ਨਹੀਂ। ਹਿਟਲਰ ਨੇ ਹੀ ਸਲਾਹ ਦਿੱਤੀ ਕਿ ਉਨ੍ਹਾਂ ਦਾ ਪਰੀਖਣ ਉਨ੍ਹਾਂ ਦੀ ਪਿਆਰੀ ਕੁੱਤੀ ਬਲਾਂਡੀ 'ਤੇ ਕੀਤਾ ਜਾਵੇ। ਪਰੀਖਣ ਤੋਂ ਬਾਅਦ ਹਾਸੇ ਨੇ ਹਿਟਲਰ ਨੂੰ ਰਿਪੋਰਟ ਦਿੱਤੀ, 'ਪਰੀਖਣ ਸਫ਼ਲ ਰਿਹਾ'। ਬਲਾਂਡੀ ਨੂੰ ਮਰਨ ਵਿੱਚ ਕੁਝ ਸੈਕਿੰਡ ਤੋਂ ਵੱਧ ਸਮਾਂ ਨਹੀਂ ਲੱਗਿਆ।''

''ਹਿਟਲਰ ਦੀ ਖ਼ੁਦ ਇਸ ਦ੍ਰਿਸ਼ ਨੂੰ ਦੇਖਣ ਦੀ ਹਿੰਮਤ ਨਹੀਂ ਸੀ। ਮਰਨ ਤੋਂ ਬਾਅਦ ਬਲਾਂਡੀ ਅਤੇ ਉਸਦੇ ਛੇ ਪਿੱਲਿਆ ਨੂੰ ਬਕਸੇ ਵਿੱਚ ਰੱਖ ਕੇ ਚਾਂਸਲਰੀ ਦੇ ਬਗੀਚੇ ਵਿੱਚ ਲਿਆਂਦਾ ਗਿਆ। ਪਿੱਲੇ ਅਜੇ ਤੱਕ ਆਪਣੀ ਮਾਂ ਨਾਲ ਹੀ ਚਿੰਬੜੇ ਹੋਏ ਸੀ। ਉਦੋਂ ਹੀ ਓਟੋ ਗਵੇਂਸ਼ੇ ਨੇ ਉਨ੍ਹਾਂ ਨੂੰ ਇੱਕ-ਇੱਕ ਕਰਕੇ ਗੋਲੀ ਮਾਰ ਦਿੱਤੀ ਅਤੇ ਬਕਸੇ ਨੂੰ ਬਗੀਚੇ ਵਿੱਚ ਹੀ ਦਫ਼ਨਾ ਦਿੱਤਾ।''

ਢਾਈ ਵਜੇ ਹਿਟਲਰ ਆਪਣਾ ਆਖ਼ਰੀ ਭੋਜਨ ਕਰਨ ਲਈ ਬੈਠੇ। ਓਟੋ ਗਵੇਂਸ਼ੇ ਨੂੰ ਹੁਕਮ ਮਿਲਿਆ ਕਿ 200 ਲੀਟਰ ਪੈਟਰੋਲ ਦਾ ਇੰਤਜ਼ਾਮ ਕਰੇ ਅਤੇ ਉਸ ਨੂੰ ਜੇਰੀ ਕੈਨਾਂ ਵਿੱਚ ਭਰ ਕੇ ਬੰਕਰ ਦੇ ਬਾਹਰੀ ਦਰਵਾਜ਼ਿਆਂ ਤੱਕ ਪਹੁੰਚਾਏ।

ਹਿਟਲਰ ਦੇ ਜੀਵਨੀਕਾਰ ਇਆਨ ਕਰਸ਼ਾਂ ਲਿਖਦੇ ਹਨ, ''ਗਵੇਂਸ਼ੇ ਨੇ ਜਦੋਂ ਹਿਟਲਰ ਦੇ ਸ਼ੋਫ਼ਰ ਏਰਿਕ ਕੈਂਪਕਾ ਨੂੰ ਇਸ ਬਾਰੇ ਫ਼ੋਨ ਕੀਤਾ ਤਾਂ ਕੈਂਪਕਾ ਹੱਸਣ ਲੱਗਾ। ਉਨ੍ਹਾਂ ਨੂੰ ਪਤਾ ਸੀ ਕਿ ਚਾਂਸਲਰੀ ਵਿੱਚ ਪੈਟਰੋਲ ਦੀ ਕਿੰਨੀ ਕਿੱਲਤ ਹੈ।

ਉਨ੍ਹਾਂ ਨੇ ਕਿਹਾ, ''ਕਿਸੇ ਨੂੰ 200 ਲੀਟਰ ਪੈਟਰੋਲ ਦੀ ਲੋੜ ਕਿਉਂ ਹੋ ਸਕਦੀ ਹੈ? ਕੈਂਪਕਾ ਨੇ ਬੜੀ ਮੁਸ਼ਕਿਲ ਨਾਲ 180 ਲੀਟਰ ਦਾ ਪੈਟਰੋਲ ਦਾ ਇੰਤਜ਼ਾਮ ਕੀਤਾ।''

ਖਾਣੇ ਤੋਂ ਬਾਅਦ ਹਿਟਲਰ ਆਖ਼ਰੀ ਵਾਰ ਆਪਣੇ ਸਾਥੀਆਂ ਨੂੰ ਮਿਲਣ ਆਏ। ਉਨ੍ਹਾਂ ਨੇ ਬਿਨਾਂ ਉਨ੍ਹਾਂ ਦੇ ਮੂੰਹ ਦੇਖੇ ਉਨ੍ਹਾਂ ਨਾਲ ਹੱਥ ਮਿਲਾਏ। ਉਨ੍ਹਾਂ ਦੀ ਪਤਨੀ ਈਵਾ ਵੀ ਨਾਲ ਸੀ।

ਫਿਰ ਉਹ ਦੋਵੇਂ ਆਪਣੇ ਕਮਰੇ ਅੰਦਰ ਚਲੇ ਗਏ। ਉਦੋਂ ਇੱਕਦਮ ਆਵਾਜ਼ ਆਈ। ਮਾਗਦਾ ਗੋਏਬੇਲਸ ਦਰਵਾਜ਼ੇ ਤੱਕ ਚੀਕਦੀ ਹੋਈ ਆਈ ਕਿ ਨਹੀਂ ਹਿਟਲਰ ਨੂੰ ਆਤਮ-ਹੱਤਿਆ ਨਹੀਂ ਕਰਨੀ ਚਾਹੀਦੀ। ਜੇਕਰ ਉਨ੍ਹਾਂ ਨੂੰ ਹਿਟਲਰ ਨਾਲ ਗੱਲ ਕਰਨ ਦਿੱਤੀ ਜਾਵੇ ਤਾਂ ਉਹ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਮਨਾ ਸਕਦੀ ਹੈ।

ਕਿਸੇ ਨਾਲ ਨਹੀਂ ਮਿਲੇ ਹਿਟਲਰ

ਗਰਹਾਰਡ ਬੋਲਟ ਆਪਣੀ ਕਿਤਾਬ 'ਇਨ ਦਿ ਸ਼ੈਲਟਰ ਵਿਦ ਹਿਟਲਰ' ਵਿੱਚ ਲਿਖਦੇ ਹਨ, ''ਹਿਟਲਰ ਦਾ ਬੌਡੀਗਾਰਡ ਗਵੇਂਸ਼ੇ ਛੇ ਫੁੱਟ ਦੋ ਇੰਚ ਲੰਬਾ ਸੀ ਅਤੇ ਬਿਲਕੁਲ ਗੋਰੀਲਾ ਵਰਗਾ ਲਗਦਾ ਸੀ। ਮਾਗਦਾ ਐਨਾ ਜ਼ੋਰ ਦੇ ਰਹੇ ਸੀ ਕਿ ਗਵੇਂਸ਼ੇ ਨੇ ਕਮਰਾ ਖੋਲਣ ਦਾ ਫ਼ੈਸਲਾ ਲੈ ਲਿਆ। ਦਰਵਾਜ਼ਾ ਅੰਦਰ ਤੋਂ ਬੰਦ ਨਹੀਂ ਸੀ। ਗਵੇਂਸ਼ੇ ਨੇ ਹਿਟਲਰ ਨੂੰ ਕਿਹਾ ਕੀ ਤੁਸੀਂ ਮਾਗਦਾ ਨੂੰ ਮਿਲਣਾ ਪਸੰਦ ਕਰੋਗੇ ਉਨ੍ਹਾਂ ਨੇ ਕਿਹਾ ਮੈਂ ਕਿਸੇ ਨੂੰ ਨਹੀਂ ਮਿਲਣਾ ਚਾਹੁੰਦਾ ਉਸ ਤੋਂ ਬਾਅਦ ਉਨ੍ਹਾਂ ਨੇ ਦਰਵਾਜ਼ਾ ਬੰਦ ਕਰ ਲਿਆ।''

ਦਰਵਾਜ਼ੇ ਬਾਹਰ ਖੜ੍ਹੇ ਹੇਜ਼ ਲਿੰਗੇ ਨੂੰ ਪਤਾ ਨਹੀਂ ਚੱਲਿਆ ਕਦੋਂ ਉਨ੍ਹਾਂ ਨੇ ਖ਼ੁਦ ਨੂੰ ਗੋਲੀ ਮਾਰ ਲਈ। ਜਦੋਂ ਉਸ ਨੂੰ ਹਲਕੀ ਬਾਰੂਦ ਦੀ ਮੁਸ਼ਕ ਆਈ ਤਾਂ ਉਸ ਨੂੰ ਪਤਾ ਲੱਗਿਆ।

ਰੋਸ ਮਿਸਚ ਹਿਟਲਰ ਦੇ ਬੰਕਰ ਵਿੱਚ ਟੈਲੀਫ਼ੋਨ ਆਪਰੇਟਰ ਸੀ।

ਕੁਝ ਸਾਲਾਂ ਪਹਿਲਾਂ ਉਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਿਹਾ ਸੀ, ''ਅਚਾਨਕ ਮੈਂ ਸੁਣਿਆ ਕਿ ਕੋਈ ਹਿਟਲਰ ਦੇ ਅਟੈਂਡਟ ਤੋਂ ਚੀਕ ਚੀਕ ਕੇ ਕਹਿ ਰਿਹਾ ਸੀ,ਲਿੰਗੇ! ਲਿੰਗੇ! ਸ਼ਾਇਦ ਹਿਟਲਰ ਨਹੀਂ ਰਹੇ।''

''ਬੋਰਮੈਨ ਨੇ ਹਿਟਲਰ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦਾ ਹੁਕਮ ਦਿੱਤਾ। ਮੈਂ ਦੇਖਿਆ ਹਿਟਲਰ ਦਾ ਸਿਰ ਮੇਜ਼ 'ਤੇ ਲੁੜਕਿਆ ਹੋਇਆ ਸੀ। ਈਵਾ ਬਰਾਊਨ ਸੋਫ਼ੇ 'ਤੇ ਲੰਮੀ ਪਈ ਹੋਈ ਸੀ ਅਤੇ ਉਨ੍ਹਾਂ ਦੇ ਗੋਢੇ ਛਾਤੀ ਤੱਕ ਮੁੜੇ ਹੋਏ ਸੀ।''

ਇਸ ਤੋਂ ਬਾਅਦ ਲਿੰਗੇ ਨੇ ਹਿਟਲਰ ਦੀ ਮ੍ਰਿਤਕ ਦੇਹ ਨੂੰ ਕੰਬਲ ਵਿੱਚ ਲਪੇਟ ਦਿੱਤਾ ਅਤੇ ਉਹ ਉਸ ਨੂੰ ਲੈ ਕੇ ਐਮਰਜੈਂਸੀ ਦਰਵਾਜ਼ੇ ਤੋਂ ਉੱਪਰ ਚਾਂਸਲਰੀ ਦੇ ਬਗੀਚੇ ਵਿੱਚ ਲੈ ਗਏ। ਬੋਰਮੈਨ ਨੇ ਈਵਾ ਦੀ ਦੇਹ ਨੂੰ ਆਪਣੇ ਹੱਥਾਂ ਨਾਲ ਚੁੱਕਿਆ।

ਰੋਕਸ ਮਿਸਚ ਯਾਦ ਕਰਦੇ ਹਨ, ''ਜਦੋਂ ਉਹ ਹਿਟਲਰ ਦੀ ਦੇਹ ਨੂੰ ਲੈ ਕੇ ਮੇਰੇ ਨੇੜਿਓਂ ਲੰਘੇ ਤਾਂ ਉਨ੍ਹਾਂ ਦੇ ਪੈਰ ਥੱਲ੍ਹੇ ਲਟਕ ਰਹੇ ਸੀ। ਕਿਸੇ ਨੇ ਮੈਨੂੰ ਚੀਕ ਕੇ ਕਿਹਾ, 'ਜਲਦੀ ਉੱਪਰ ਆਓ ਉਹ ਲੋਕ ਬੌਸ ਨੂੰ ਸਾੜ ਰਹੇ ਹਨ।''

ਹਿਟਲਰ ਦੇ ਜੀਵਨੀਕਾਰ ਈਆਨ ਕਰਸ਼ਾਂ ਲਿਖਦੇ ਹਨ, ''ਇਸ ਦ੍ਰਿਸ਼ ਨੂੰ ਹਿਟਲਰ ਆਖ਼ਰੀ ਦਿਨਾਂ ਦੇ ਸਾਰੇ ਸਾਥੀ ਬੰਕਰ ਦੇ ਦਰਵਾਜ਼ੇ ਤੋਂ ਦੇਖ ਰਹੇ ਸੀ। ਜਿਵੇਂ ਹੀ ਉਨ੍ਹਾਂ ਦੀਆਂ ਦੇਹਾਂ ਨੂੰ ਅੱਗ ਲਗਾਈ ਤਾਂ ਸਾਰਿਆਂ ਨੇ ਹੱਥ ਉੱਪਰ ਕਰਕੇ 'ਹੇਲ ਹਿਟਲਰ' ਕਿਹਾ ਅਤੇ ਵਾਪਿਸ ਬੰਕਰ ਵਿੱਚ ਚਲੇ ਗਏ। ਉਸ ਸਮੇਂ ਤੇਜ਼ ਹਵਾ ਚੱਲ ਰਹੀ ਸੀ।''

''ਜਦੋਂ ਲਪਟਾਂ ਘੱਟ ਹੋਈਆਂ ਤਾਂ ਉਨ੍ਹਾਂ 'ਤੇ ਹੋਰ ਪੈਟਰੋਲ ਪਾਇਆ ਗਿਆ। ਢਾਈ ਘੰਟਿਆਂ ਤੱਕ ਲਪਟਾਂ ਭਖਦੀਆਂ ਰਹੀਆਂ। ਰਾਤ 11 ਵਜੇ ਗਵੇਂਸ਼ੇ ਨੇ ਐਸਐਸ ਜਵਾਨਾਂ ਨੂੰ ਉਨ੍ਹਾਂ ਸੜੇ ਹੋਏ ਸਰੀਰਾਂ ਨੂੰ ਦਫਨਾਉਣ ਲਈ ਭੇਜਿਆ।''

''ਕੁਝ ਦਿਨਾਂ ਬਾਅਦ ਜਦੋਂ ਸੋਵੀਅਤ ਜਾਂਚਕਰਤਾਵਾਂ ਨੇ ਹਿਟਲਰ ਅਤੇ ਉਨ੍ਹਾਂ ਦੀ ਪਤਨੀ ਦੀਆਂ ਅਸਥੀਆਂ ਨੂੰ ਬਾਹਰ ਕੱਢਿਆ ਤਾਂ ਸਾਰਾ ਕੁਝ ਖ਼ਤਮ ਹੋ ਗਿਆ। ਉੱਥੇ ਇੱਕ ਡੈਂਟਲ ਬ੍ਰਿਜ ਜ਼ਰੂਰ ਮਿਲਿਆ। 1938 ਤੋਂ ਹਿਟਲਰ ਦੇ ਦੰਦਾਂ ਦੇ ਇਲਾਜ ਕਰਨ ਵਾਲੇ ਡਾਕਟਰ ਲਈ ਕੰਮ ਕਰਨ ਵਾਲੇ ਇੱਕ ਸ਼ਖ਼ਸ ਨੇ ਪੁਸ਼ਟੀ ਕੀਤੀ ਕਿ ਉਹ ਡੈਂਟਲ ਬ੍ਰਿਜ ਹਿਟਲਰ ਦੇ ਹੀ ਸੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)