ਹਿਟਲਰ ਦੀ ਮੌਤ ਬਾਰੇ ਦੁਨੀਆਂ ਨੂੰ ਬੀਬੀਸੀ ਤੋਂ ਕਿਵੇਂ ਪਤਾ ਲੱਗਿਆ?

    • ਲੇਖਕ, ਮਾਰਟਿਨ ਵੇਨਾਰਡ
    • ਰੋਲ, ਬੀਬੀਸੀ ਨਿਊਜ਼

ਇਹ 1 ਮਈ, 1945 ਦੀ ਦੇਰ ਸ਼ਾਮ ਦਾ ਵੇਲਾ ਸੀ ਅਤੇ ਕਾਰਲ ਲੇਹਮਾਨ ਲੰਡਨ ਦੇ ਪੱਛਮ ਵੱਲ ਨੂੰ ਸ਼ਹਿਰ ਤੋਂ ਤਕਰੀਬਨ 65 ਕਿਲੋਮੀਟਰ ਦੂਰ ਦਫ਼ਤਰ 'ਚ ਆਪਣੀ ਸੀਟ 'ਤੇ ਕੰਮ ਕਰ ਰਹੇ ਸਨ।

ਸੋਵੀਅਤ ਫ਼ੌਜਾਂ ਬਰਲਿਨ ਦੇ ਕਰੀਬ ਪਹੁੰਚ ਰਹੀਆਂ ਸਨ ਅਤੇ ਜਰਮਨੀ ਨਾਲ ਜੰਗ ਆਖਰੀ ਪੜਾਅ 'ਤੇ ਪਹੁੰਚ ਚੁੱਕੀ ਸੀ।

24 ਸਾਲਾਂ ਕਾਰਲ ਜਰਮਨੀ ਦਾ ਸਰਕਾਰੀ ਰੇਡੀਓ ਸੁਣ ਕਰ ਰਹੇ ਸਨ ਜਦੋਂ ਸਰੋਤਿਆਂ ਨੂੰ ਇੱਕ ਜ਼ਰੂਰੀ ਘੋਸ਼ਣਾ ਲਈ ਤਿਆਰ ਰਹਿਣ ਨੂੰ ਕਿਹਾ ਗਿਆ।

ਉਹ ਯਾਦ ਕਰਦੇ ਹਨ, ''ਉਨ੍ਹਾਂ ਸੰਜੀਦਾ ਸੰਗੀਤ ਵਜਾਇਆ ਅਤੇ ਫ਼ਿਰ ਕਿਹਾ ਹਿਟਲਰ ਨਹੀਂ ਰਿਹਾ।''

''ਉਨ੍ਹਾਂ ਕਿਹਾ ਕਿ ਹਿਟਲਰ ਦੀ ਮੌਤ ਬੋਲਸ਼ੇਵਿਜ਼ਮ ਨਾਲ ਲੜਦਿਆਂ ਹੋਈ, ਰੇਡੀਓ 'ਤੇ ਇਹ ਘੋਸ਼ਣਾ ਬੜੇ ਨਰਮ ਲਹਿਜ਼ੇ 'ਚ ਕੀਤੀ ਗਈ।''

ਕਾਰਲ ਅਤੇ ਉਨ੍ਹਾਂ ਦੇ ਛੋਟੇ ਭਰਾ ਜੌਰਜ ਨੂੰ ਮਾਪਿਆਂ ਨੇ ਨੌਂ ਸਾਲ ਪਹਿਲਾਂ ਜਰਮਨੀ ਤੋਂ ਬ੍ਰਿਟੇਨ ਭੇਜਿਆ ਤਾਂ ਜੋ ਯਹੂਦੀ ਲੋਕਾਂ ਉੱਤੇ ਨਾਜ਼ੀਆਂ ਦੇ ਵਧ ਰਹੇ ਜ਼ੁਲਮ ਤੋਂ ਬਚਿਆ ਜਾ ਸਕੇ। ਉਨ੍ਹਾਂ ਦੇ ਪਿਤਾ ਇੱਕ ਜਰਮਨ ਯਹੂਦੀ ਸਨ।

''ਮੈਨੂੰ ਮੁਕੰਮਲ ਸ਼ਾਂਤੀ ਤੇ ਸੁੱਖ ਦਾ ਅਹਿਸਾਸ ਹੋਇਆ ਕਿਉਂਕਿ ਹਿਟਲਰ ਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਸੀ।''

ਕਾਰਲ ਲੇਹਮਾਨ ਬੀਬੀਸੀ ਮੋਨਿੰਟਰਿੰਗ 'ਚ ਕੰਮ ਕਰਦੇ ਸਨ ਅਤੇ ਦੂਜੇ ਵਿਸ਼ਵ ਯੁੱਧ ਦੀ ਸ਼ਾਮ ਕੰਮ 'ਤੇ ਸਨ। ਮੋਨਿਟਰਿੰਗ ਦਾ ਖ਼ਾਸ ਮਕਸਦ ਜਰਮਨੀ ਅਤੇ ਹੋਰ ਦੇਸਾਂ ਤੋਂ ਹੁੰਦੇ ਰੇਡੀਓ ਪ੍ਰਸਾਰਣ ਨੂੰ ਸੁਣਨਾ, ਅਨੁਵਾਦ ਕਰਨਾ ਅਤੇ ਬ੍ਰਿਟਿਸ਼ ਸਰਕਾਰ ਨੂੰ ਜਾਣਕਾਰੀ ਦੇਣਾ।

ਕਾਰਲ ਯਾਦ ਕਰਦੇ ਹਨ, ''ਘੋਸ਼ਣਾ ਸੁਣਨ ਵਾਲੇ ਬ੍ਰਿਟੇਨ ਦੇ ਲੋਕਾਂ ਵਿੱਚੋਂ ਅਸੀਂ ਪਹਿਲੇ ਸੀ।''

''ਪੂਰੇ ਦਫ਼ਤਰ 'ਚ ਖ਼ੁਸ਼ੀ ਦੀ ਲਹਿਰ ਸੀ ਅਤੇ ਸਾਨੂੰ ਅਹਿਸਾਸ ਹੋਇਆ ਕਿ ਇਹ ਕਿੰਨਾ ਜ਼ਰੂਰੀ ਸੀ। ਇਸਦਾ ਮਤਲਬ ਸੀ ਜਰਮਨੀ ਵਿਰੁੱਧ ਜੰਗ ਦਾ ਖ਼ਾਤਮਾ।''

ਇਸ ਤੋਂ ਛੇ ਦਿਨਾਂ ਦੇ ਬਾਅਦ ਜਰਮਨੀ ਨੇ ਅਧਿਕਾਰਤ ਤੌਰ 'ਤੇ ਆਤਮ-ਸਮਰਪਣ ਕਰ ਦਿੱਤਾ।

ਹਾਲਾਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਗਿਆ ਸੀ ਕਿ ਹਿਟਲਰ ਦੀ ਮੌਤ ਹੋ ਗਈ ਹੈ, ਪਰ ਇਹ ਬਾਅਦ ਵਿੱਚ ਸਾਹਮਣੇ ਆਇਆ ਕਿ ਉਸਨੇ ਖ਼ੁਦ ਨੂੰ ਮਾਰਿਆ ਸੀ।

''ਉਨ੍ਹਾਂ ਨਹੀਂ ਮੰਨਿਆਂ ਕਿ ਹਿਟਲਰ ਨੇ ਖ਼ੁਦਕੁਸ਼ੀ ਕੀਤੀ ਹੈ ਅਤੇ ਜਰਮਨੀ ਆਪਣੇ ਰੇਡੀਓ ਸਟੇਸ਼ਨ ਤੇ ਇਹ ਘੋਸ਼ਣਾ ਕਰਵਾਉਂਦਾ ਰਿਹਾ ਕਿ ਹਿਟਲਰ ਮਾਰਿਆ ਗਿਆ ਸੀ।''

ਨਿਊਜ਼ਰੀਡਰ ਨੇ ਇਹ ਵੀ ਕਿਹਾ ਕਿ ਹਿਟਲਰ ਨੇ ਆਪਣੇ ਉੱਤਰਾਅਧਿਕਾਰੀ ਦੇ ਤੌਰ 'ਤੇ ਗ੍ਰੈਂਡ ਐਡਮਿਰਲ ਕਾਰਲ ਡੋਨਿਟਜ਼ ਨੂੰ ਨਿਯੁਕਤ ਕੀਤਾ ਸੀ।

ਹਿਟਲਰ ਦੀ ਬਰਬਾਦੀ

15-16 ਅਪ੍ਰੈਲ - ਬਰਲਿਨ 'ਤੇ ਆਖ਼ਰੀ ਹਮਲਾ ਉਦੋਂ ਰਾਤੋ-ਰਾਤ ਸ਼ੁਰੂ ਹੁੰਦਾ ਹੈ ਜਦੋਂ ਸੋਵੀਅਤ ਫ਼ੌਜਾਂ ਨੇ ਸ਼ਹਿਰ ਦੇ ਪੂਰਬ ਵੱਲ ਜਰਮਨ ਫ਼ੌਜਾਂ ਉੱਤੇ ਇੱਕ ਸ਼ਕਤੀਸ਼ਾਲੀ ਗੋਲੀਬਾਰੀ ਦੀ ਸ਼ੁਰੂਆਤ ਕੀਤੀ।

21 ਅਪ੍ਰੈਲ - ਰੈੱਡ ਫ਼ੌਜ ਬਰਲਿਨ ਦੇ ਬਾਹਰਵਾਰ ਦਾਖਿਲ ਹੋ ਜਾਂਦੀ ਹੈ ਅਤੇ ਬਾਹਰਲੇ ਉੱਪ ਨਗਰਾਂ 'ਤੇ ਕਬਜ਼ਾ ਕਰ ਲੈਂਦੀ ਹੈ।

27 ਅਪ੍ਰੈਲ - ਸੋਵੀਅਤ ਅਤੇ ਅਮਰੀਕੀ ਫ਼ੌਜਾਂ ਜਰਮਨੀ ਦੀ ਏਲਬੇ ਦਰਿਆ 'ਤੇ ਮਿਲਦੀਆਂ ਹਨ ਅਤੇ ਸਫ਼ਲਤਾ ਨਾਲ ਜਰਮਨ ਫ਼ੌਜ ਨੂੰ ਦੋ ਹਿੱਸਿਆਂ 'ਚ ਵੰਡ ਦਿੰਦੀਆਂ ਹਨ।

29 ਅਪ੍ਰੈਲ - ਹਿਟਲਰ ਅਤੇ ਏਵਾ ਬਰਾਊਨ ਰੇਚ ਚਾਂਸਲਰੀ ਹੈੱਡ ਕੁਆਟਰ ਦੇ ਬੰਕਰ ਵਿੱਚ ਵਿਆਹ ਕੀਤਾ।

30 ਅਪ੍ਰੈਲ - ਹਿਟਲਰ ਤੇ ਉਸਦੀ ਨਵੀਂ ਪਤਨੀ ਨੇ ਖ਼ੁਦਕੁਸ਼ੀ ਕਰ ਲਈ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।

1 ਮਈ - ਜਰਮਨੀ ਦੇ ਰੇਡੀਓ 'ਤੇ ਹਿਟਲਰ ਦੀ ਮੌਤ ਦੀ ਸੂਚਨਾ ਦਿੱਤੀ ਗਈ।

7 ਮਈ - ਯੂਰਪ ਨਾਲ ਛੇ ਸਾਲਾਂ ਤੋਂ ਚੱਲ ਰਹੇ ਯੁੱਧ ਸਬੰਧੀ ਜਰਮਨੀ ਨੇ ਬਿਨ੍ਹਾਂ ਕਿਸੇ ਸ਼ਰਤ ਸਮਰਪਣ ਦਾ ਸੰਕੇਤ ਦਿੱਤਾ।

ਜਰਮਨੀ ਵੱਲੋਂ ਹਿਟਲਰ ਦੀ ਮੌਤ ਦੀ ਸੂਚਨਾ ਦਾ ਅਨੁਵਾਦ ਤੁਰੰਤ ਅਰਨਸਟ ਗੋਂਬਰਿਚ ਨੇ ਕੀਤਾ, ਜਿਹੜੇ ਕਿ ਜਰਮਨ ਨਿਗਰਾਨ ਟੀਮ ਵਿੱਚ ਨਿਗਰਾਨ ਦੇ ਤੌਰ 'ਤੇ ਤਾਇਨਾਤ ਸਨ ਅਤੇ ਬਾਅਦ ਵਿੱਚ ਇੱਕ ਮਕਬੂਲ ਕਲਾ ਇਤਿਹਾਸਕਾਰ ਬਣੇ।

ਉਨ੍ਹਾਂ ਦੇ ਪੁਰਾਣੇ ਸਾਥੀ ਨੇ ਕਿਹਾ, ''ਉਨ੍ਹਾਂ ਕਾਗਜ਼ ਦੇ ਟੁਕੜਿਆਂ 'ਤੇ ਲਿਖਿਆ, ਜਿਹੜਾ ਕਿ ਸਹੀ ਨਹੀਂ ਸੀ ਕਿਉਂਕਿ ਉਹ ਉਨ੍ਹਾਂ ਨੂੰ ਉਲਝਣ ਵਿੱਚ ਪਾ ਸਕਦਾ ਸੀ ਅਤੇ ਉਨ੍ਹਾਂ ਦੀ ਹੱਥ-ਲੇਖਣੀ ਬਹੁਤ ਬੁਰੀ ਸੀ।''

''ਉਨ੍ਹਾਂ ਇਹ ਅਨੁਵਾਦ ਜਲਦੀ ਵਿੱਚ ਕੀਤਾ ਸੀ ਕਿਉਂਕਿ ਅਕਸਰ ਅਸੀਂ ਟਾਈਪਿੰਗ ਕਰਦੇ ਹਾਂ ਜਾਂ ਸਫ਼ਾਈ ਨਾਲ ਲਿਖਦੇ ਹਾਂ।''

ਹਿਟਲਰ ਦੀ ਮੌਤ ਦੀ ਖ਼ਬਰ ਬਾਬਤ ਅਰਨਸਟ ਗੋਂਬਰਿਚ ਨੇ ਲੰਡਨ ਵਿੱਚ ਕੈਬਨਿਟ ਦਫ਼ਤਰ 'ਚ ਫ਼ੋਨ ਕੀਤਾ ਅਤੇ ਸਰਕਾਰ ਨੂੰ ਖ਼ਬਰ ਬਾਰੇ ਦੱਸਿਆ। ਬੀਬੀਸੀ ਦੇ ਨਿਊਜ਼ਰੂਮਜ਼ ਵਿੱਚ ਵੀ ਇਹ ਜਾਣਕਾਰੀ ਦਿੱਤੀ ਗਈ ਅਤੇ ਮੁਲਕ ਦੇ ਨਾਲ-ਨਾਲ ਦੁਨੀਆਂ ਨੂੰ ਇਸ ਖ਼ਬਰ ਬਾਰੇ ਦੱਸਿਆ ਗਿਆ।

ਹੁਣ 97 ਸਾਲਾਂ ਦੇ ਕਾਰਲ ਲੇਹਮਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਯਾਦ ਹੈ ਜਦੋਂ ਇਸ ਖ਼ਬਰ ਨੂੰ ਸੁਣ ਕੇ ਪੂਰੇ ਮੁਲਕ 'ਚ ਖੁਸ਼ੀ ਸੀ।

ਉਨ੍ਹਾਂ ਲਈ ਨਿੱਜੀ ਤੌਰ 'ਤੇ ਇਸ ਦਾ ਮਤਲਬ ਸੀ ਕਿ ਉਹ ਆਪਣੇ ਮਾਪਿਆਂ ਨੂੰ ਦੁਬਾਰਾ ਦੇਖ ਸਕਦੇ ਸਨ।

ਉਨ੍ਹਾਂ ਦੇ ਪਿਤਾ, ਵਾਲਟਰ, ਕੋਲੋਨ ਵਿੱਚ ਟੋਪੀਆਂ ਵੇਚਣ ਦਾ ਥੋਕ ਕਾਰੋਬਾਰ ਕਰਦੇ ਸਨ ਅਤੇ ਉਸ ਕਾਰੋਬਾਰ ਨੂੰ ਨਾਜ਼ੀਆਂ ਨੇ ਵੇਚਣ ਲਈ ਮਜਬੂਰ ਕਰ ਦਿੱਤਾ। ਉਹ ਅਤੇ ਉਨ੍ਹਾਂ ਦੀ ਪਤਨੀ ਐਡੀਥ ਜਰਮਨੀ ਨੂੰ ਭੱਜ ਗਏ ਅਤੇ ਫ਼ਿਰ ਅਮਰੀਕਾ ਪਹੁੰਚੇ।

ਹਿਟਲਰ ਦੀ ਮੌਤ ਸਮੇਂ ਹਜ਼ਾਰਾਂ ਲੋਕ ਕਵਰਸ਼ੈਮ ਪਾਰਕ ਵਿਖੇ ਬੀਬੀਸੀ ਮੋਨਿਟਰਿੰਗ (ਨਿਗਰਾਨ ਟੀਮ) ਵਿੱਚ ਕੰਮ ਕਰ ਰਹੇ ਸਨ। ਉਨ੍ਹਾਂ ਵਿੱਚ ਇੱਕ ਸੀਨੀਅਰ ਇਤਾਲਵੀ ਨਿਗਰਾਨ, ਡੋਰੀਸ ਪੈਨੀ ਵੀ ਸੀ, ਜੋ ਕਾਰਲ ਦੀ ਪਹਿਲੀ ਪਤਨੀ ਬਣੇ।

ਜਰਮਨ ਟੀਮ ਦੇ 40 ਲੋਕਾਂ ਵਿੱਚ ਬਹੁਤੇ ਯਹੂਦੀ, ਸੋਸ਼ਲਿਸਟ ਅਤੇ ਟ੍ਰੇਡ ਯੂਨੀਅਨਵਾਦੀ ਸਨ ਜਿਹੜੇ ਨਾਜ਼ੀਆਂ ਦੇ ਜ਼ੁਲਮਾਂ ਕਰਕੇ ਭੱਜ ਗਏ ਸਨ।

ਕਾਰਲ ਕਹਿੰਦੇ ਹਨ, ''ਉਹ ਹਿਟਲਰ ਦੀ ਮੌਤ ਤੋਂ ਖੁਸ਼ ਸਨ ਕਿਉਂਕਿ ਉਸ ਕਰਕੇ ਉਨ੍ਹਾਂ ਨੂੰ ਪਰਵਾਸ ਕਰਨਾ ਪਿਆ ਸੀ।''

ਕਾਰਲ ਯਾਦ ਕਰਦੇ ਹਨ, ''ਹਿਟਲਰ ਦੇ ਭਾਸ਼ਣਾਂ ਨੂੰ ਅਨੁਵਾਦ ਕਰਨਾਂ ਔਖਾ ਸੀ।''

''ਉਹ ਬੜਾ ਖ਼ਰਾਬ ਲੇਖਕ ਸੀ। ਉਸਦੇ ਭਾਸ਼ਣ ਪੜ੍ਹਨ 'ਚ ਪਰਭਾਵਸ਼ਾਲੀ ਨਹੀਂ ਸਨ। ਉਹ ਆਪਣੇ ਬੋਲਣ ਦੇ ਅੰਦਾਜ਼ 'ਤੇ ਨਿਰਭਰ ਕਰਦਾ ਸੀ। ਉਸ ਦੀ ਮੌਤ ਦਾ ਮਤਲਬ ਸੀ ਸਾਨੂੰ ਉਸ ਨੂੰ ਅਨੁਵਾਦ ਕਰਨ ਦੀ ਲੋੜ ਨਹੀਂ ਪਵੇਗੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)